...ਹੁਣ ਮੋਹਾਲੀ ’ਚ ਇੰਟੈਲੀਜੈਂਸ ਵਿੰਗ ’ਤੇ ਹਮਲਾ, ਪੰਜਾਬ ਵਿਰੋਧੀ ਤੱਤਾਂ ’ਤੇ ਸਮਾਂ ਰਹਿੰਦੇ ਕਾਬੂ ਪਾਉਣਾ ਜ਼ਰੂਰੀ

05/11/2022 2:35:10 AM

-ਵਿਜੇ ਕੁਮਾਰ

ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਲਗਾਤਾਰ ਸ਼ਰਾਰਤਾਂ ’ਤੇ ਉਤਾਰੂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਪਿਛਲੇ 6 ਮਹੀਨਿਆਂ ਦੌਰਾਨ ਪੰਜਾਬ ’ਚ ਸੁਰੱਖਿਆ ਸੰਸਥਾਨਾਂ ’ਤੇ 4 ਹਮਲੇ ਕੀਤੇ ਜਾ ਚੁੱਕੇ ਹਨ :-
* 7 ਨਵੰਬਰ, 2021 ਨੂੰ ਨਵਾਂਸ਼ਹਿਰ ਸਥਿਤ ਸੀ. ਆਈ. ਏ. ਦਫਤਰ ’ਤੇ ਕੀਤੇ ਗਏ ਗ੍ਰੇਨੇਡ ਹਮਲੇ ’ਚ ਕਈ ਪੁਲਸ ਅਧਿਕਾਰੀ ਵਾਲ-ਵਾਲ ਬਚੇ।
* 22 ਨਵੰਬਰ, 2021 ਨੂੰ ਸਵੇਰ ਦੇ ਸਮੇਂ ਪਠਾਨਕੋਟ ’ਚ ਤ੍ਰਿਵੇਣੀ ਗੇਟ ਦੇ ਨੇੜੇ ਫੌਜੀ ਛਾਉਣੀ ’ਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਨੇ ਗ੍ਰੇਨੇਡ ਸੁੱਟਿਆ।
* 9 ਮਾਰਚ, 2022 ਨੂੰ ਰੋਪੜ ’ਚ ਕਲਮਾ ਮੋੜ ਸਥਿਤ ਪੁਲਸ ਚੌਕੀ ’ਤੇ ਹਮਲਾ ਕੀਤਾ ਗਿਆ ਸੀ ਜਿਸ ਨਾਲ ਚੌਕੀ ਦੀ ਕੰਧ ਟੁੱਟ ਗਈ। ਇਨ੍ਹਾਂ ਤਿੰਨਾਂ ਹਮਲਿਆਂ ’ਚ ਵੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ ਨਾ ਹੀ ਕੋਈ ਅਪਰਾਧੀ ਫੜਿਆ ਜਾ ਸਕਿਆ ਹੈ।
ਅਤੇ ਹੁਣ 9 ਮਈ, 2022 ਨੂੰ ਦੇਸ਼ ਵਿਰੋਧੀ ਤੱਤਾਂ ਨੇ ਚੌਥਾ ਹਮਲਾ ਪੰਜਾਬ ਪੁਲਸ ਦੇ ਮੋਹਾਲੀ ਸਥਿਤ ਇੰਟੈਲੀਜੈਂਸ ਹੈੱਡਕੁਆਰਟਰ ਦੀ ਇਮਾਰਤ ’ਤੇ ਦੇਰ ਸ਼ਾਮ ਰਾਕੇਟ ਪ੍ਰੋਪੇਲਡ ਗ੍ਰੇਨੇਡ (ਆਰ. ਪੀ. ਜੀ.) ਦੁਆਰਾ ਧਮਾਕਾ ਕਰ ਕੇ ਕੀਤਾ ਜਿਸ ਦੇ ਨਤੀਜੇ ਵਜੋਂ ਇਮਾਰਤ ਦੀ ਚੌਥੀ ਮੰਜ਼ਿਲ ਦੇ ਇਕ ਹਿੱਸੇ ਦੀਆਂ ਖਿੜਕੀਆਂ ਤੇ ਸ਼ੀਸ਼ੇ ਟੁੱਟ ਗਏ।
ਧਮਾਕਾ ਇਮਾਰਤ ਦੇ ਬਿਲਕੁਲ ਸਾਹਮਣੇ ਤੋਂ ਕੀਤਾ ਗਿਆ। ਜਦੋਂ ਇਹ ਹਮਲਾ ਹੋਇਆ ਉਸ ਸਮੇਂ ਤੱਕ ਦਫਤਰ ’ਚ ਛੁੱਟੀ ਹੋ ਜਾਣ ਦੇ ਕਾਰਨ ਉੱਥੋਂ ਅਧਿਕਾਰੀ ਅਤੇ ਕਰਮਚਾਰੀ ਜਾ ਚੁੱਕੇ ਸਨ ਅਤੇ ਸਿਰਫ ਨਾਈਟ ਡਿਊਟੀ ਵਾਲੀ ਟੀਮ ਹੀ ਮੌਜੂਦ ਸੀ। ਜੇਕਰ ਦਿਨ ’ਚ ਹਮਲਾ ਹੁੰਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ।
ਧਮਾਕਾ ਘੱਟ ਸਮਰੱਥਾ ਦਾ ਸੀ, ਪਰ ਇਸ ਦੇ ਲਈ ਜੋ ਬੰਬ ਸ਼ੈਲ ਵਰਤਿਆ ਗਿਆ ਉਹ ਵੱਡਾ ਧਮਾਕਾ ਵੀ ਕਰ ਸਕਦਾ ਸੀ! ਇਸ ਮਾਮਲੇ ’ਚ ਪੰਜਾਬ ਪੁਲਸ ਹੁਣ ਤੱਕ ਲਗਭਗ ਇਕ ਦਰਜਨ ਲੋਕਾਂ ਨੂੰ ਹਿਰਾਸਤ ’ਚ ਰਾਊਂਡਅਪ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕਰ ਰਹੀ ਹੈ। ਅੰਬਾਲਾ ਤੋਂ ਵੀ ਇਕ ਸ਼ੱਕੀ ਨੂੰ ਹਿਰਾਸਤ ’ਚ ਲਿਆ ਗਿਆ ਹੈ।
ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ’ਚ ਧਮਾਕੇ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਨੇ ਸਥਿਤੀ ਦਾ ਜਾਇਜ਼ਾ ਲੈਣ ਲਈ 10 ਮਈ ਨੂੰ ਉੱਚ ਪੁਲਸ ਅਧਿਕਾਰੀਆਂ ਦੀ ਐਮਰਜੈਂਸੀ ਮੀਟਿੰਗ ’ਚ ਡੀ. ਜੀ. ਪੀ. ਭਾਵਰਾ ਨੂੰ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਹੁਕਮ ਦਿੰਦੇ ਹੋਏ ਕਿਹਾ ਕਿ ਕੁਝ ਦੁਸ਼ਮਣ ਤਾਕਤਾਂ ਸੂਬੇ ’ਚ ਅਸ਼ਾਂਤੀ ਪੈਦਾ ਕਰਨ ਲਈ ਲਗਾਤਾਰ ਯਤਨਸ਼ੀਲ ਹਨ ਪਰ ਕਿਸੇ ਨੂੰ ਵੀ ਸੂਬੇ ਦਾ ਸ਼ਾਂਤੀਪੂਰਨ ਮਾਹੌਲ ਖਰਾਬ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਡੀ. ਜੀ. ਪੀ. ਦੇ ਅਨੁਸਾਰ ਇਸ ਹਮਲੇ ’ਚ ਸ਼ਾਇਦ ਧਮਾਕੇ ਦੇ ਤੌਰ ’ਤੇ ‘ਟ੍ਰਾਈ ਨਾਈਟ੍ਰੋ ਟਾਲਯੂਨ’ (ਟੀ. ਐੱਨ. ਟੀ.) ਦੀ ਵਰਤੋਂ ਕੀਤੀ ਗਈ ਹੈ। ਇਸ ਮਾਮਲੇ ’ਚ ਅੱਤਵਾਦੀ ਹਮਲੇ ਦੇ ਐਂਗਲ ’ਤੇ ਡੀ. ਜੀ. ਪੀ. ਨੇ ਕਿਹਾ ਕਿ ਇਹ ਘਟਨਾ ਪੰਜਾਬ ਪੁਲਸ ਲਈ ਇਕ ਚੁਣੌਤੀ ਹੈ ਜਿਸ ਨੂੰ ਜਲਦੀ ਹੀ ਸੁਲਝਾ ਲਿਆ ਜਾਵੇਗਾ। ਪੁਲਸ ਨੂੰ ਇਸ ਮਾਮਲੇ ’ਚ ਵੱਡੀ ਲੀਡ ਮਿਲੀ ਹੈ।
ਅੱਤਵਾਦ ਦਾ ਪਰਛਾਵਾਂ ਪੰਜਾਬ ’ਚ ਲਗਾਤਾਰ ਵਧ ਰਿਹਾ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ’ਚ ਖਾਲਿਸਤਾਨੀ ਸਮਰਥਕ ਅੱਤਵਾਦੀ ਫਿਰ ਸਰਗਰਮ ਹੋਏ ਲੱਗਦੇ ਹਨ। ਹਾਲ ਹੀ ’ਚ ਹਿਮਾਚਲ ’ਚ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਗੁਰਪਤਵੰਤ ਸਿੰਘ ਪੰਨੂੰ ਨੇ ਕਿਹਾ ਕਿ ਉਸ ਦੇ ਸੰਗਠਨ ਨੇ ਮੋਹਾਲੀ ’ਚ ਹਮਲਾ ਕੀਤਾ ਹੈ ਅਤੇ ਅੱਗੇ ਹਿਮਾਚਲ ’ਚ ਵੀ ਕਰੇਗਾ।
ਮੋਹਾਲੀ ’ਚ ਪੁਲਸ ਇੰਟੈਲੀਜੈਂਸ ਦਫਤਰ ’ਤੇ ਹਮਲੇ ਦੇ ਬਾਅਦ ਇਹ ਚਰਚਾ ਹੈ ਕਿ ਇਸ ਹਮਲੇ ’ਚ ਵਰਤਿਆ ਰਾਕੇਟ ਰੂਸ ’ਚ ਬਣਿਆ ਹੋ ਸਕਦਾ ਹੈ ਕਿਉਂਕਿ ਉੱਥੋਂ ਅਜਿਹੇ ਹੀ ਹਥਿਆਰ ਦੀਆਂ ਤਸਵੀਰਾਂ 2016 ’ਚ ਸਾਹਮਣੇ ਆਈਆਂ ਸਨ ਅਤੇ ਦੋਵਾਂ ਦੀ ਮਾਰਕਿੰਗ ਵੀ ਇਕੋ ਜਿਹੀ ਹੈ। ਚਰਚਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਨੇ ਪੰਜਾਬ ’ਚ ਅੱਤਵਾਦੀ ਘਟਨਾਵਾਂ ਕਰਨ ਲਈ ‘ਲਸ਼ਕਰ-ਏ-ਖਾਲਸਾ’ ਨਾਂ ਦਾ ਇਕ ਨਵਾਂ ਅੱਤਵਾਦੀ ਗਿਰੋਹ ਬਣਾਇਆ ਹੈ ਜਿਸ ਦੇ ਮੈਂਬਰਾਂ ਨੂੰ ਅਫਗਾਨਿਸਤਾਨ ਦੇ ਲੜਾਕੇ ਟ੍ਰੇਨਿੰਗ ਦੇ ਰਹੇ ਹਨ।
ਇਸ ’ਚ ਅਫਗਾਨਿਸਤਾਨੀ ਅੱਤਵਾਦੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਡਰੱਗਜ਼ ਤੋਂ ਹੋਣ ਵਾਲੀ ਕਮਾਈ ਦਾ ਲਾਲਚ ਦਿੱਤਾ ਗਿਆ ਹੈ। ਇਸ ’ਚ ਸਥਾਨਕ ਅਪਰਾਧੀਆਂ ਨੂੰ ਸ਼ਾਮਲ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਗਿਰੋਹ ਵੱਲੋਂ ਜੰਮੂ-ਕਸ਼ਮੀਰ ’ਚ ਹਮਲੇ ਕਰਨ ਦੀ ਸਾਜ਼ਿਸ਼ ਦਾ ਵੀ ਪਤਾ ਲੱਗਾ ਹੈ।
ਕੁਲ ਮਿਲਾ ਕੇ ਇਸ ਹਮਲੇ ਨੇ ਸੂਬੇ ’ਚ ਅਰਾਜਕ ਤੱਤਾਂ ਦੇ ਉਭਾਰ ਦੀ ਇਕ ਹੋਰ ਚਿਤਾਵਨੀ ਦਿੱਤੀ ਹੈ, ਜੋ ਇਸ ਵਾਰ ਇਸ ਲਈ ਵੀ ਵੱਧ ਗੰਭੀਰ ਹੈ ਕਿਉਂਕਿ ਹਮਲਾ ਇੰਟੈਲੀਜੈਂਸ ਵਿੰਗ ’ਤੇ ਹੋਇਆ ਹੈ। ਜੇਕਰ ਇੰਟੈਲੀਜੈਂਸ ਵਿੰਗ ਹੀ ਸੁਰੱਖਿਅਤ ਨਹੀਂ ਹੈ ਤਾਂ ਫਿਰ ਦੂਜਿਆਂ ਦੇ ਬਾਰੇ ’ਚ ਤਾਂ ਕੁਝ ਕਹਿਣਾ ਹੀ ਵਿਅਰਥ ਹੈ। ਇਸ ਮਾਮਲੇ ’ਚ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੁਰੱਖਿਆ ਪ੍ਰਬੰਧਾਂ ਨੂੰ ਬਹੁਤ ਜ਼ਿਆਦਾ ਚਾਕ-ਚੌਬੰਦ ਅਤੇ ਮਜ਼ਬੂਤ ਕਰਨ ਦੀ ਲੋੜ ਹੈ ਤਾਂ ਕਿ ਪੰਜਾਬ ਕਿਤੇ ਇਕ ਵਾਰ ਫਿਰ 1980 ਦੇ ਦਹਾਕੇ ਦੇ ਅੰਧਕਾਰਮਈ ਦੌਰ ’ਚ ਨਾ ਪਰਤ ਜਾਵੇ।
 


Gurdeep Singh

Content Editor

Related News