ਨਿਤਿਨ ਗਡਕਰੀ ਘੱਟ ਬੋਲਦੇ ਹਨ ਪਰ ਸਲਾਹ ਚੰਗੀ ਦਿੰਦੇ ਹਨ
Friday, Sep 06, 2024 - 03:16 AM (IST)
ਭਾਜਪਾ ਦੇ ਸੀਨੀਅਰ ਆਗੂ ਅਤੇ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਆਪਣੀ ਸਪੱਸ਼ਟਤਾ ਲਈ ਪ੍ਰਸਿੱਧ ਹਨ। ਉਹ ਆਪਣੀ ਹੀ ਪਾਰਟੀ ਅਤੇ ਸਰਕਾਰ ਨੂੰ ਵੀ ਨਿਰਪੱਖ ਸਲਾਹ ਦੇਣ ’ਚ ਸੰਕੋਚ ਨਹੀਂ ਕਰਦੇ।
ਮਹਾਰਾਸ਼ਟਰ ਦੇ ‘ਸਿੰਧੂਦੁਰਗ’ ਜ਼ਿਲੇ ਦੇ ਰਾਜਕੋਟ ਕਿਲ੍ਹੇ ’ਚ 2.4 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਮਰਾਠਾ ਰਾਜ ਦੇ ਸੰਸਥਾਪਕ ‘ਛਤਰਪਤੀ ਸ਼ਿਵਾਜੀ ਮਹਾਰਾਜ’ ਦਾ ਬੁੱਤ ਇਸੇ ਸਾਲ 26 ਅਗਸਤ ਨੂੰ ਟੁੱਟ ਕੇ ਡਿੱਗ ਜਾਣ ਕਾਰਨ ਇਨ੍ਹੀਂ ਦਿਨੀਂ ਮਹਾਰਾਸ਼ਟਰ ਦੀ ਸਿਆਸਤ ’ਚ ਹੰਗਾਮਾ ਮਚਿਆ ਹੋਇਆ ਹੈ ਜਦ ਕਿ ਸੂਬੇ ’ਚ ਇਸੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਵੀ ਹੋਣ ਵਾਲੀਆਂ ਹਨ।
‘ਛਤਰਪਤੀ ਸ਼ਿਵਾਜੀ ਮਹਾਰਾਜ’ ਦੀ ਵਿਰਾਸਤ ਦਾ ਸਨਮਾਨ ਕਰਨ ਦੇ ਮੰਤਵ ਨਾਲ ਲਾਏ ਗਏ ਇਸ ਬੁੱਤ ਤੋਂ ਪਰਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜੇ ਪਿਛਲੇ ਹੀ ਸਾਲ 4 ਦਸੰਬਰ ਨੂੰ ਸਮੁੰਦਰੀ ਫੌਜ ਦਿਵਸ ਦੇ ਮੌਕੇ ’ਤੇ ਚੁੱਕਿਆ ਸੀ।
ਬੁੱਤ ਡਿੱਗਣ ਨੂੰ ਲੈ ਕੇ ਸੂਬੇ ਦੀ ਸ਼ਿਵ ਸੈਨਾ (ਏਕਨਾਥ ਸ਼ਿੰਦੇ) ਅਤੇ ਭਾਜਪਾ ਦੀ ਗੱਠਜੋੜ ਸਰਕਾਰ ’ਤੇ ਵਿਰੋਧੀ ਪਾਰਟੀਆਂ ਹਮਲਾਵਰ ਹਨ। ਕਾਂਗਰਸ, ਰਾਕਾਂਪਾ ਅਤੇ ਸ਼ਿਵ ਸੈਨਾ (ਊਧਵ ਬਾਲਾ ਸਾਹਿਬ ਠਾਕਰੇ) ਨੇ ਇਸ ਮੁੱਦੇ ਨੂੰ ਲੈ ਕੇ 1 ਸਤੰਬਰ ਨੂੰ ਮੁੰਬਈ ’ਚ ਪ੍ਰਦਰਸ਼ਨ ਵੀ ਕੀਤਾ ਜਿਸ ਨੂੰ ਉਨ੍ਹਾਂ ਨੇ ‘ਜੋੜੇ ਮਾਰੋ’ (ਜੁੱਤੇ ਮਾਰੋ) ਨਾਂ ਦਿੱਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਤ ਡਿੱਗਣ ਲਈ ਮੁਆਫੀ ਵੀ ਮੰਗੀ ਹੈ ਅਤੇ ਇਸ ਦੇ ਡਿੱਗਣ ਦੇ ਕੁਝ ਹੀ ਦਿਨ ਪਹਿਲਾਂ 20 ਅਗਸਤ, 2024 ਨੂੰ ‘ਰਾਜ ਲੋਕ ਨਿਰਮਾਣ ਵਿਭਾਗ’ (ਐੱਸ. ਪੀ. ਡਬਲਯੂ. ਡੀ.) ਦੇ ਇਕ ਸਹਾਇਕ ਇੰਜੀਨੀਅਰ ਨੇ ਬੁੱਤ ਦੀ ਖਸਤਾਹਾਲ ਵੱਲ ਧਿਆਨ ਦਿਵਾਉਂਦੇ ਹੋਏ ਸਮੁੰਦਰੀ ਫੌਜ ਦੇ ਅਧਿਕਾਰੀਆਂ ਨੂੰ ਇਕ ਪੱਤਰ ਲਿਖ ਕੇ ਸੂਚਿਤ ਕੀਤਾ ਸੀ ਕਿ ਇਸ ਬੁੱਤ ਨੂੰ ਜੋੜਨ ਲਈ ਜ਼ੰਗ ਲੱਗੇ ਨਟ ਅਤੇ ਬੋਲਟ ਵਰਤੇ ਗਏ ਹਨ।
ਸ਼੍ਰੀ ਨਿਤਿਨ ਗਡਕਰੀ ਨੇ ਇਸ ਸਬੰਧ ’ਚ ਟਿੱਪਣੀ ਕਰਦਿਆਂ ਕਿਹਾ ਹੈ ਕਿ ‘ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ’ ਦੇ ਨਿਰਮਾਣ ’ਚ ਜੇ ਸਟੇਨਲੈੱਸ ਸਟੀਲ ਦੀ ਵਰਤੋਂ ਕੀਤੀ ਗਈ ਹੁੰਦੀ ਤਾਂ ਇਹ ਨਾ ਡਿੱਗਦਾ। ਇਸ ਦੇ ਨਾਲ ਹੀ ਉਨ੍ਹਾਂ ਨੇ ਤੱਟਵਰਤੀ ਖੇਤਰਾਂ ’ਚ ਕੀਤੇ ਜਾਣ ਵਾਲੇ ਨਿਰਮਾਣਾਂ ’ਤੇ ਜ਼ੰਗਰੋਧੀ ਉਤਪਾਦਾਂ ਦੀ ਵਰਤੋਂ ’ਤੇ ਵੀ ਜ਼ੋਰ ਦਿੱਤਾ ਹੈ।
ਉਨ੍ਹਾਂ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਸਮੁੰਦਰ ਦੇ 30 ਕਿਲੋਮੀਟਰ ਦੇ ਦਾਇਰੇ ’ਚ ਪੁਲਾਂ ਆਦਿ ਦੇ ਨਿਰਮਾਣ ’ਚ ਸਟੇਨਲੈੱਸ ਸਟੀਲ ਦੀ ਵਰਤੋਂ ਹੀ ਕੀਤੀ ਜਾਣੀ ਚਾਹੀਦੀ ਹੈ। ਮੈਂ ਪਿਛਲੇ 3 ਸਾਲਾਂ ਤੋਂ ਇਸ ਗੱਲ ਲਈ ਦਬਾਅ ਬਣਾ ਰਿਹਾ ਹਾਂ।’’
ਇਸ ਘਟਨਾ ਦੇ ਸਬੰਧ ’ਚ ਸਿੰਧੂਦੁਰਗ ਪੁਲਸ ਨੇ ਸਟਰੱਕਚਰਲ ਕੰਸਲਟੈਂਟ ‘ਚੇਤਨ ਪਾਟਿਲ’ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਅਤੇ ਹੁਣ 4 ਸਤੰਬਰ ਨੂੰ ‘ਛਤਰਪਤੀ ਸ਼ਿਵਾਜੀ ਮਹਾਰਾਜ’ ਦਾ ਬੁੱਤ ਬਣਾਉਣ ਵਾਲੇ ‘ਜੈਦੀਪ ਆਪਟੇ’ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ।
‘ਮਹਾਰਾਸ਼ਟਰ ਆਰਟ ਡਾਇਰੈਕਟੋਰੇਟ’ ਦੇ ਡਾਇਰੈਕਟਰ ਰਾਜੀਵ ਮਿਸ਼ਰਾ ਅਨੁਸਾਰ ਉਨ੍ਹਾਂ ਨੇ ਸਿਰਫ 6 ਫੁੱਟ ਦਾ ਬੁੱਤ ਬਣਾਉਣ ਲਈ ਆਗਿਆ ਦਿੱਤੀ ਸੀ ਪਰ ਸਮੁੰਦਰੀ ਫੌਜ ਨੇ ਬਿਨਾਂ ਦੱਸਿਆਂ ਬੁੱਤ ਦੀ ਉਚਾਈ 35 ਫੁੱਟ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਹਾਲ ਹੀ ’ਚ ਜਦੋਂ ਸ਼੍ਰੀ ਨਿਤਿਨ ਗਡਕਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਜੀਵਨ ਬੀਮਾ ਅਤੇ ਮੈਡੀਕਲ ਬੀਮਾ ’ਤੇ ਜੀ. ਐੱਸ. ਟੀ. ਵਾਪਸ ਲੈਣ ਦੀ ਬੇਨਤੀ ਕੀਤੀ ਸੀ ਉਸ ਵੇਲੇ ਵੀ ਸਿਆਸੀ ਹਲਕਿਆਂ ’ਚ ਵਿਵਾਦ ਪੈਦਾ ਹੋ ਗਿਆ ਸੀ।
ਸੀਨੀਅਰ ਵਿਰੋਧੀ ਧਿਰ ਆਗੂ ਸ਼ਰਦ ਪਵਾਰ ਨੇ ‘ਛਤਰਪਤੀ ਸ਼ਿਵਾਜੀ ਮਹਾਰਾਜ’ ਦਾ ਬੁੱਤ ਡਿੱਗਣ ਨੂੰ ਲੈ ਕੇ ਨਿਤਿਨ ਗਡਕਰੀ ਦੀ ਟਿੱਪਣੀ ਦਾ ਸਵਾਗਤ ਕੀਤਾ ਹੈ।
ਇਹੀ ਨਹੀਂ, ਸ਼੍ਰੀ ਨਿਤਿਨ ਗਡਕਰੀ ਨੇ 4 ਸਤੰਬਰ ਨੂੰ ਹੀ ਇਕ ਹੋਰ ਅਹਿਮ ਟਿੱਪਣੀ ਕਰਦਿਆਂ ਦੋਪਹੀਆ ਵਾਹਨ ਨਿਰਮਾਤਾਵਾਂ ਨੂੰ ਵਾਹਨ ਖਰੀਦਦਾਰਾਂ ਨੂੰ ਰਿਆਇਤੀ ਦਰ ’ਤੇ ਹੈਲਮੇਟ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ।
ਸ਼੍ਰੀ ਗਡਕਰੀ ਨੇ ਕਿਹਾ ਕਿ ਕਈ ਲੋਕ ਹੈਲਮੇਟ ਨਾ ਪਹਿਨਣ ਕਾਰਨ ਸੜਕ ਹਾਦਸਿਆਂ ’ਚ ਆਪਣੀ ਜਾਨ ਗੁਆ ਦਿੰਦੇ ਹਨ। ਸਾਲ 2022 ’ਚ ਹੋਏ ਸੜਕ ਹਾਦਸਿਆਂ ’ਚ 50,029 ਲੋਕਾਂ ਦੀ ਮੌਤ ਹੈਲਮੇਟ ਨਾ ਪਹਿਨਣ ਦੇ ਨਤੀਜੇ ਵਜੋਂ ਹੋਈ ਸੀ।
ਉਨ੍ਹਾਂ ਨੇ ਕਿਹਾ, ‘‘ਜੇ ਦੋਪਹੀਆ ਵਾਹਨ ਨਿਰਮਾਤਾ ਵਾਹਨ ਖਰੀਦਣ ਵਾਲਿਆਂ ਨੂੰ ਹੈਲਮੇਟ ’ਤੇ ਕੁਝ ਜਾਇਜ਼ ਛੋਟ ਦੇ ਸਕਣ ਤਾਂ ਅਸੀਂ ਕਈ ਲੋਕਾਂ ਦੀ ਜਾਨ ਬਚਾ ਸਕਦੇ ਹਾਂ।’’
‘ਛਤਰਪਤੀ ਸ਼ਿਵਾਜੀ ਮਹਾਰਾਜ’ ਦਾ ਬੁੱਤ ਟੁੱਟਣ ਦੇ ਸਬੰਧ ’ਚ ਸ਼੍ਰੀ ਨਿਤਿਨ ਗਡਕਰੀ ਦੇ ਵਿਚਾਰ ਅਤੇ ਦੋਪਹੀਆ ਵਾਹਨ ਨਿਰਮਾਤਾਵਾਂ ਨੂੰ ਖਰੀਦਦਾਰਾਂ ਨੂੰ ਸਸਤੀ ਰਿਆਇਤੀ ਦਰ ’ਤੇ ਹੈਲਮੇਟ ਮੁਹੱਈਆ ਕਰਵਾਉਣ ਦੀ ਉਨ੍ਹਾਂ ਦੀ ਸਲਾਹ ਬਿਲਕੁਲ ਸਹੀ ਹੈ ਜਿਸ ’ਤੇ ਅਮਲ ਕਰਨ ਦੀ ਤੁਰੰਤ ਲੋੜ ਹੈ।
-ਵਿਜੇ ਕੁਮਾਰ