ਭਾਰਤੀ ਸਿਆਸਤ ’ਚ ਨਵਾਂ ਟ੍ਰੈਂਡ
Monday, Nov 30, 2020 - 03:41 AM (IST)

ਰਾਹਿਲ ਨੋਰਾ ਚੋਪੜਾ
ਬਿਹਾਰ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਲਾਨ ਕੀਤਾ ਸੀ ਕਿ ਇਹ ਉਨ੍ਹਾਂ ਦੀ ਆਖਰੀ ਚੋਣ ਹੋਵੇਗੀ। ਹੁਣ ਉਸੇ ਤਰਜ਼ ’ਤੇ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਨੇ ਐਲਾਨ ਕੀਤਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ਉਨ੍ਹਾਂ ਦੀਆਂ ਆਖਰੀ ਚੋਣਾ ਹੋਣਗੀਆਂ ਕਿਉਂਕਿ ਉਹ ਆਸ ਕਰਦੇ ਹਨ ਕਿ 2024 ’ਚ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਬਣ ਜਾਣਗੇ। ਉਨ੍ਹਾਂ ਨੇ ਇਹ ਵੀ ਇਸ਼ਾਰਾ ਕੀਤਾ ਕਿ ਉਹ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਸਰਗਰਮ ਰਹਿਣਗੇ।
ਉੱਤਰਾਖੰਡ ਦੇ ਕਾਂਗਰਸੀ ਨੇਤਾ ਇਸ ਗੱਲ ਤੋਂ ਖੁਸ਼ ਸਨ ਕਿ ਏ. ਆਈ. ਸੀ. ਸੀ. ਦਾ ਜਨਰਲ ਸਕੱਤਰ ਬਣਨ ਦੇ ਬਾਅਦ ਹਰੀਸ਼ ਰਾਵਤ ਸੂਬੇ ਦੀ ਸਿਆਸਤ ਤੋਂ ਬਾਹਰ ਹਨ। ਬਹੁਤ ਸਾਰੇ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਹਰੀਸ਼ ਰਾਵਤ ਦੀ ਰਾਜਨੀਤੀ ਕਾਰਨ ਕਾਂਗਰਸ ਛੱਡ ਕੇ ਭਾਜਪਾ ਜੁਆਇਨ ਕਰ ਲਈ ਸੀ। ਵਰਤਮਾਨ ’ਚ ਪ੍ਰਦੇਸ਼ ਕਾਂਗਰਸ ਪ੍ਰਧਾਨ ਪ੍ਰੀਤਮ ਸਿੰਘ ਅਤੇ ਵਿਧਾਨ ਸਭਾ ’ਚ ਪਾਰਟੀ ਦੇ ਨੇਤਾ ਇੰਦਰਾ ਹਿਰਦੇਸ਼ ਹਰੀਸ਼ ਰਾਵਤ ਨਾਲ ਟੱਕਰ ਲੈਣ ਦੀ ਸਥਿਤੀ ’ਚ ਨਹੀਂ ਹਨ ਪਰ ਸਿਆਸੀ ਸੂਤਰਾਂ ਦਾ ਕਹਿਣਾ ਹੈ ਕਿ ਵਿਜੇ ਬਹੁਗੁਣਾ, ਯਸ਼ਪਾਲ ਆਰੀਆ, ਹਰਕ ਸਿੰਘ ਰਾਵਤ, ਸੁਬੋਧ ਉਨਿਆਲ ਅਤੇ ਸਤਪਾਲ ਮਹਾਰਾਜ ਕਾਂਗਰਸ ’ਚ ਵਾਪਸ ਆ ਰਹੇ ਹਨ ਜੋ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਿਆਸੀ ਮੁਕਾਬਲੇ ਨੂੰ ਆਕਰਸ਼ਕ ਬਣਾ ਦੇਣਗੇ।
ਸਥਾਨਕ ਸਰਕਾਰਾਂ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੀ ਭਾਜਪਾ
ਭਾਜਪਾ ਅੱਜਕਲ ਸਥਾਨਕ ਸਰਕਾਰਾਂ ਦੀਆਂ ਚੋਣਾਂ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਉਹ ਸੂਬਾਵਾਰ ਰਣਨੀਤੀ ਬਣਾ ਰਹੀ ਹੈ। ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ’ਚ ਭਾਜਪਾ ਹਿੰਦੂਤਵ ਕਾਰਡ ਖੇਡ ਰਹੀ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਐਲਾਨ ਕੀਤਾ ਹੈ ਕਿ ਜੇਕਰ ਅਸੀਂ ਜਿੱਤਦੇ ਹਾਂ ਤਾਂ ਅਸੀਂ ਹੈਦਰਾਬਾਦ ਨੂੰ ਭਾਗਿਆ ਨਗਰ ’ਚ ਬਦਲ ਦੇਵਾਗੇ।
ਰਾਜਸਥਾਨ, ਜਿਥੇ 3 ਸ਼ਹਿਰਾਂ ਜੈਪੁਰ, ਜੋਧਪੁਰ ਅਤੇ ਕੋਟਾ ’ਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ, ’ਚ ਭਾਜਪਾ ਨੇ ਲਗਭਗ 50 ਮੁਸਲਿਮ ਉਮੀਦਵਾਰਾਂ ਨੂੰ ਖੜ੍ਹਾ ਕੀਤਾ ਹੈ ਅਤੇ ਉਹ ਇਹ ਮੁੱਦਾ ਉਠਾ ਰਹੀ ਹੈ ਕਿ ਗਹਿਲੋਤ ਸਰਕਾਰ ਦੀਅਾਂ ਨੀਤੀਆਂ ਮੁਸਲਿਮ ਵਿਰੋਧੀ ਹਨ।
ਵਿਰੋਧੀ ਧਿਰ ਦੀ ਅਪੀਲ ’ਚੋਂ ਕਾਂਗਰਸ ਨਦਾਰਦ
ਸ਼ਨੀਵਾਰ ਨੂੰ 8 ਵਿਰੋਧੀ ਪਾਰਟੀਆਂ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਜਿਸ ’ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਕਿਸਾਨਾਂ ਵਿਰੁੱਧ ਹੰਝੂ ਗੈਸ, ਵਾਟਰ ਕੈਨਨ ਆਦਿ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਲੋਕਤੰਤਰਿਕ ਢੰਗ ਨਾਲ ਰੋਸ ਵਿਖਾਵਾ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਇਸ ਬਿਆਨ ’ਤੇ ਐੱਨ. ਸੀ. ਪੀ. ਦੇ ਮੁਖੀ ਸ਼ਰਦ ਪਵਾਰ, ਡੀ. ਐੱਮ. ਕੇ. ਦੇ ਨੇਤਾ ਟੀ. ਆਰ. ਬਾਲੂ, ਸੀ. ਪੀ. ਆਈ. (ਐੱਮ.) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸੀ. ਪੀ. ਆਈ. ਨੇਤਾ ਡੀ. ਰਾਜਾ, ਰਾਜਦ ਦੇ ਮਨੋਜ ਕੁਮਾਰ ਝਾ, ਸੀ. ਪੀ. ਆਈ. ਐੱਮ. ਐੱਲ. ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਆਰ. ਐੱਸ. ਪੀ. ਦੇ ਜਨਰਲ ਸਕੱਤਰ ਮਨੋਜ ਭੱਟਾਚਾਰੀਆ ਅਤੇ ਫਾਰਵਰਡ ਬਲਾਕ ਦੇ ਜਨਰਲ ਸਕੱਤਰ ਦੇਵਬ੍ਰਤ ਬਿਸਵਾਸ ਦੇ ਦਸਤਖਤ ਹਨ। ਇਹ ਹੈਰਾਨੀਜਨਕ ਹੈ ਕਿ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਕਾਂਗਰਸ ਇਸ ਬਿਆਨ ਦਾ ਹਿੱਸਾ ਨਹੀਂ ਹੈ ਜਦਕਿ ਬਿਹਾਰ ’ਚ ਇਹ ਪਾਰਟੀਅਾਂ ਮਹਾਗਠਜੋੜ ਦਾ ਹਿੱਸਾ ਸਨ।