ਲੈਵਲ-5 ਦੇ ਵਧੀਆ ਨੇਤਾ ਹਨ ਨਰਿੰਦਰ ਮੋਦੀ

09/16/2019 2:16:57 AM

ਪ੍ਰਕਾਸ਼ ਜਾਵਡੇਕਰ

ਲੈਵਲ-5 ਲੀਡਰਸ਼ਿਪ, ਈਮਾਨਦਾਰੀ ਅਤੇ ਨਿਸ਼ਠਾ, ਸਮਰਪਣ ਅਤੇ ਜਨੂੰਨ, ਫੈਸਲਾਕੁੰਨ ਸਮਰੱਥਾ ਅਤੇ ਜ਼ਿੰਮੇਵਾਰੀ ਦਾ ਸੂਚਕ ਹੈ। ਕੁਲ ਮਿਲਾ ਕੇ ਉਸ ਨੂੰ ਇਕ ਚੰਗਾ ਕਮਿਊਨੀਕੇਟਰ ਅਤੇ ਰਚਨਾਤਮਕ ਅਤੇ ਨਵ-ਪਰਿਵਰਤਨਵਾਦੀ ਹੋਣਾ ਚਾਹੀਦਾ, ਜੋ ਤਾਕਤਾਂ ਦਾ ਤਬਾਦਲਾ ਕਰਦਾ ਹੋਵੇ ਅਤੇ ਇਕ ਪ੍ਰੇਰਣਾਦਾਇਕ ਨੇਤਾ ਹੋਵੇ। ਇਨ੍ਹਾਂ ਸਾਰੇ ਮਾਪਦੰਡਾਂ ’ਤੇ ਨਰਿੰਦਰ ਮੋਦੀ ਬਿਲਕੁਲ ਖਰੇ ਉਤਰਦੇ ਹਨ।

ਉਨ੍ਹਾਂ ਦੀ ਈਮਾਨਦਾਰੀ ਅਤੇ ਨਿਸ਼ਠਾ ਸ਼ੱਕ ਤੋਂ ਪਰ੍ਹੇ ਹੈ। ਉਨ੍ਹਾਂ ਲਈ ਰਾਸ਼ਟਰੀ ਹਿੱਤ ਹੀ ਇਕੋ-ਇਕ ਹਿੱਤ ਹੈ। 12 ਸਾਲਾਂ ਤਕ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਉਨ੍ਹਾਂ ਦੀ ਇਸ ਦਿੱਖ ਨੂੰ ਵਿਆਪਕ ਮਨਜ਼ੂਰੀ ਮਿਲੀ। 2004 ਤੋਂ 2014 ਤਕ ਇਕ ਅਜਿਹੇ ਮਾਹੌਲ ’ਚ, ਜਿਸ ਵਿਚ ਨੀਤੀ ਦਾ ਸੰਕਟ ਸੀ, ਭ੍ਰਿਸ਼ਟਾਚਾਰ ਤੋਂ ਇਲਾਵਾ ਮਜ਼ਬੂਤ ਲੀਡਰਸ਼ਿਪ ਦੀ ਘਾਟ ਸੀ, ਉਨ੍ਹਾਂ ਦਾ ਇਹ ਗੁਣ ਵੱਖਰੇ ਤੌਰ ’ਤੇ ਨਜ਼ਰ ਆਇਆ। ਇਸ ਲਈ ਲੋਕ ਉਨ੍ਹਾਂ ਨੂੰ ਪਿਆਰ ਕਰਦੇ ਹਨ। ਗਰੀਬ ਤੋਂ ਗਰੀਬ ਆਦਮੀ ਵੀ ਉਨ੍ਹਾਂ ਦੀ ਈਮਾਨਦਾਰੀ ਅਤੇ ਨਿਸ਼ਠਾ ਨੂੰ ਲੈ ਕੇ ਆਸਵੰਦ ਹੈ। ਇਹ ਮੰਨੀ ਹੋਈ ਗੱਲ ਹੈ ਕਿ ਕਈ ਵਾਰ ਅਨਪੜ੍ਹ ਲੋਕਾਂ ਦੀ ਸਮਝ ਪੜ੍ਹੇ-ਲਿਖੇ ਅਸਮਰੱਥ ਲੋਕਾਂ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ। ਪਿਛਲੇ 5 ਸਾਲਾਂ ਤੋਂ ਮੋਦੀ ਸਰਕਾਰ ਦੇ ਵਿਰੁੱਧ ਇਕ ਵੀ ਦੋਸ਼ ਨਹੀਂ ਹੈ।

ਪ੍ਰੇਰਣਾਸ੍ਰੋਤ ਸ਼ਖ਼ਸੀਅਤ

ਉਨ੍ਹਾਂ ਦੀ ਸੰਵੇਦਨਸ਼ੀਲ ਸ਼ਖ਼ਸੀਅਤ ਇਕ ਵਾਰ ਫਿਰ ਉਸ ਸਮੇਂ ਉਜਾਗਰ ਹੋਈ, ਜਦੋਂ ਚੰਦਰਯਾਨ-2 ਦਾ ਸੰਪਰਕ ਟੁੱਟਣ ’ਤੇ ਉਨ੍ਹਾਂ ਨੇ ਇਸਰੋ ’ਚ ਵਿਗਿਆਨੀਆਂ ਦੀ ਹਿੰਮਤ ਵਧਾਈ। ਉਸ ਸਮੇਂ ਉਨ੍ਹਾਂ ਨੇ ਇਸਰੋ ਦੇ ਵਿਗਿਆਨੀਆਂ ਅਤੇ ਇੰਜੀਨੀਅਰਾਂ ਨੂੰ ਇਕ ਵਧੀਆ ਪ੍ਰੇਰਣਾਦਾਇਕ ਭਾਸ਼ਣ ਦਿੱਤਾ।

2014 ’ਚ ਸੱਤਾ ਵਿਚ ਆਉਣ ’ਤੇ ਉਨ੍ਹਾਂ ਨੇ ਸੰਸਦ ਦੀ ਦਹਿਲੀਜ਼ ’ਤੇ ਸੀਸ ਝੁਕਾਇਆ। ਭਾਰਤੀ ਸੰਵਿਧਾਨ ਪ੍ਰਤੀ ਨਤਮਸਤਕ ਹੁੰਦੇ ਹੋਏ ਉਨ੍ਹਾਂ ਦੀ ਸਰਕਾਰ ਨੇ ਗਰੀਬ ਐੱਸ. ਸੀ./ਐੱਸ. ਟੀਜ਼, ਦਲਿਤਾਂ ਅਤੇ ਵਾਂਝਿਆਂ ਲਈ ਕੰਮ ਕੀਤਾ, ਜੋ ਹੁਣ ਤਕ ਅਣਗੌਲੇ ਸਨ। ਉਨ੍ਹਾਂ ਨੇ ‘ਸਬਕਾ ਸਾਥ, ਸਬਕਾ ਵਿਕਾਸ’ ਦਾ ਨਾਅਰਾ ਦਿੱਤਾ। ਇਸ ਸਾਲ ਉਨ੍ਹਾਂ ਨੇ ਇਸ ਵਿਚ ‘ਸਬਕਾ ਵਿਸ਼ਵਾਸ’ ਵੀ ਜੋੜ ਦਿੱਤਾ, ਜੋ ਉਨ੍ਹਾਂ ਦੇ ਇਰਾਦਿਆਂ ਨੂੰ ਦਰਸਾਉਂਦਾ ਹੈ।

ਮੋਦੀ ਵੱਖਰੀ ਤਰ੍ਹਾਂ ਸੋਚਦੇ ਅਤੇ ਵੱਖਰੀ ਤਰ੍ਹਾਂ ਕੰਮ ਕਰਦੇ ਹਨ। ਨੌਕਰਸ਼ਾਹੀ ਨੂੰ ਪ੍ਰੇਰਿਤ ਕਰਨ ਅਤੇ ਉਨ੍ਹਾਂ ਦਾ ਪੂਰਾ ਸਹਿਯੋਗ ਹਾਸਿਲ ਕਰਨ ਲਈ ਉਨ੍ਹਾਂ ਨੇ ਸਕੱਤਰਾਂ ਦੇ 10 ਸਮੂਹਾਂ ਦਾ ਗਠਨ ਕੀਤਾ ਤਾਂ ਕਿ ਉਹ ਸਰਕਾਰ ਲਈ 10 ਵੱਖ-ਵੱਖ ਖੇਤਰਾਂ ਲਈ ਵਿਕਾਸ ਦਾ ਰੋਡਮੈਪ ਬਣਾ ਸਕਣ। ਇਨ੍ਹਾਂ ਸਾਰੇ ਸਮੂਹਾਂ ਨੇ ਆਪੋ-ਆਪਣੀ ਪ੍ਰੈਜ਼ੈਂਟੇਸ਼ਨ ਦਿੱਤੀ ਅਤੇ ਕਾਫੀ ਮਿਹਨਤ ਤੋਂ ਬਾਅਦ ਉਨ੍ਹਾਂ ਨੇ ਇਨ੍ਹਾਂ ਸਮੂਹਾਂ ਨੂੰ ਇਨ੍ਹਾਂ ਟੀਚਿਆਂ ਨੂੰ ਹਾਸਿਲ ਕਰਨ ਲਈ ਕਿਹਾ। ਅਗਲੇ ਸਾਲ ਉਨ੍ਹਾਂ ਨੇ ਇਨ੍ਹਾਂ ਸਮੂਹਾਂ ਨੂੰ ਫਿਰ ਤੋਂ ਆਪਣੀ ਤਰੱਕੀ ਰਿਪੋਰਟ ਪੇਸ਼ ਕਰਨ ਲਈ ਕਿਹਾ।

ਵਿਦਿਆਰਥੀਆਂ ਲਈ ਲਿਖੀ ਕਿਤਾਬ

ਸ਼ਾਇਦ ਉਹ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੇ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ ਭਰਨ ਲਈ ਅਤੇ ਪ੍ਰੀਖਿਆ ਤੇ ਜੀਵਨ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਟਿਪਸ ਦੇਣ ਲਈ ਇਕ ਕਿਤਾਬ ਲਿਖੀ। ਇਸ ਕਿਤਾਬ ਦਾ ਨਾਂ ‘ਐਗਜ਼ਾਮ ਵਾਰੀਅਰਜ਼’ ਰੱਖਿਆ ਗਿਆ ਹੈ। ਦੋ ਸਾਲ ਲਗਾਤਾਰ ਉਨ੍ਹਾਂ ਨੇ 100 ਮਿਲੀਅਨ ਵਿਦਿਆਰਥੀਆਂ ਅਤੇ ਸਰਪ੍ਰਸਤਾਂ ਨੂੰ ਸੰਬੋਧਨ ਕੀਤਾ। ਵਿਦਿਆਰਥੀਆਂ ਨਾਲ ਸੰਵਾਦ ਦੌਰਾਨ ਉਨ੍ਹਾਂ ਨੇ ਪਬ-ਜੀ ਦੀ ਵੀ ਚਰਚਾ ਕੀਤੀ, ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਆਪਣੇ ਆਸ-ਪਾਸ ਹੋ ਰਹੀਆਂ ਚੀਜ਼ਾਂ ਪ੍ਰਤੀ ਕਿੰਨੇ ਅਪਡੇਟ ਹਨ।

ਸੋਸ਼ਲ ਮੀਡੀਆ ਦੀ ਵਰਤੋਂ

ਉਹ ਸ਼ਾਇਦ ਪਹਿਲੇ ਭਾਰਤੀ ਸਿਆਸਤਦਾਨ ਹਨ, ਜਿਨ੍ਹਾਂ ਨੇ ਸੋਸ਼ਲ ਮੀਡੀਆ ਦੀ ਤਾਕਤ ਨੂੰ ਸਮਝਿਆ ਅਤੇ ਨੌਜਵਾਨਾਂ ਨਾਲ ਜੁੜਨ ਲਈ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ।

ਉਹ ਇਕ ਅਨੋਖੇ ਪੇਸ਼ਕਾਰ ਹਨ, ਜਿਨ੍ਹਾਂ ਦੀ ਤੁਲਨਾ ਕਿਸੇ ਨਾਲ ਨਹੀਂ ਕੀਤੀ ਜਾ ਸਕਦੀ। ਉਹ ਲੋਕਾਂ ਨਾਲ ਸਿੱਧੀ ਗੱਲ ਕਰਦੇ ਹਨ। ਉਨ੍ਹਾਂ ਨਾਲ ਮੇਲ-ਜੋਲ ਸਥਾਪਿਤ ਕਰਦੇ ਹਨ ਅਤੇ ਉਨ੍ਹਾਂ ’ਚ ਵਿਸ਼ਵਾਸ ਭਰਦੇ ਹਨ। ਲੋਕਾਂ ’ਤੇ ਉਨ੍ਹਾਂ ਦੀ ਗੱਲ ਦਾ ਅਸਰ ਹੁੰਦਾ ਹੈ, ਭਾਵੇਂ ਉਨ੍ਹਾਂ ਨੂੰ ਗੈਸ ਸਬਸਿਡੀ ਜਾਂ ਯਾਤਰਾ ਰਿਆਇਤ ਵਰਗੀਆਂ ਕੁਝ ਚੀਜ਼ਾਂ ਦਾ ਤਿਆਗ ਹੀ ਕਿਉਂ ਨਾ ਕਰਨਾ ਪਵੇ। ਆਪਣੀ ਬਿਹਤਰ ਸੰਵਾਦ ਸ਼ੈਲੀ ਨਾਲ ਉਹ ਲੋਕਾਂ ਨੂੰ ਪ੍ਰੇਰਣਾ ਦਿੰਦੇ ਹਨ।

ਜੀ. ਐੱਸ. ਟੀ. ’ਤੇ ਫੈਸਲਾ, ਨੋਟਬੰਦੀ, ਸਰਜੀਕਲ ਸਟ੍ਰਾਈਕ, ਬਾਲਾਕੋਟ ਏਅਰ ਸਟ੍ਰਾਈਕ ਅਤੇ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ, ਧਾਰਾ-370 ਦੀਆਂ ਵਿਵਸਥਾਵਾਂ ਨੂੰ ਹਟਾਉਣਾ, ਤਿੰਨ ਤਲਾਕ ’ਤੇ ਪਾਬੰਦੀ ਦਾ ਕਾਨੂੰਨ ਆਦਿ ਉਨ੍ਹਾਂ ਦੀ ਫੈਸਲਾਕੁੰਨ ਲੀਡਰਸ਼ਿਪ ਦੀ ਉਦਾਹਰਣ ਹੈ।

ਗਰੀਬਾਂ ਦਾ ਸਸ਼ਕਤੀਕਰਨ

ਆਰਥਿਕ ਤੌਰ ’ਤੇ ਕਮਜ਼ੋਰ ਲੋਕਾਂ ਦੀ 10 ਫੀਸਦੀ ਰਿਜ਼ਰਵੇਸ਼ਨ, ਉਜਵਲਾ ਗੈਸ ਯੋਜਨਾ, ਪ੍ਰਧਾਨ ਮੰਤਰੀ ਆਵਾਸ, ਉਜਾਲਾ ਐੱਲ. ਈ. ਡੀ., ਮੁਦਰਾ, ਸਕਿੱਲ ਇੰਡੀਆ, ਆਯੁਸ਼ਮਾਨ ਭਾਰਤ, ਕਿਸਾਨ ਸਨਮਾਨ, ਗੈਰ-ਸੰਗਠਿਤ ਮਜ਼ਦੂਰਾਂ ਨੂੰ ਪੈਨਸ਼ਨ, 95 ਮਿਲੀਅਨ ਟਾਇਲਟਸ ਗਰੀਬ ਲੋਕਾਂ ਦੇ ਸਸ਼ਕਤੀਕਰਨ ਦੀਆਂ ਉਦਾਹਰਣਾਂ ਹਨ।

ਜੀ. ਐੱਸ. ਟੀ. ਉਨ੍ਹਾਂ ਦੇ ਸਹਿਯੋਗੀ ਸੰਘਵਾਦ ਦੀ ਵਧੀਆ ਉਦਾਹਰਣ ਹੈ। ਜੀ. ਐੱਸ. ਟੀ. ਦੇ ਸਬੰਧ ਵਿਚ ਹਰ ਫੈਸਲਾ ਸਰਬਸੰਮਤੀ ਨਾਲ ਲਿਆ ਜਾਂਦਾ ਹੈ, ਹਾਲਾਂਕਿ ਇਸ ਵਿਚ ਵੋਟਿੰਗ ਦੀ ਵਿਵਸਥਾ ਹੈ। ਸੂਬਿਆਂ ਦਾ ਹਿੱਸਾ 32 ਫੀਸਦੀ ਤੋਂ ਵਧਾ ਕੇ 49.5 ਫੀਸਦੀ ਕਰਨਾ ਸੰਘੀ ਢਾਂਚੇ ਵਿਚ ਉਨ੍ਹਾਂ ਦੇ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਆਪਣੇ ਦੂਜੇ ਕਾਰਜਕਾਲ ਲਈ ਉਨ੍ਹਾਂ ਨੇ ਨਵੇਂ ਟੀਚੇ ਨਿਰਧਾਰਿਤ ਕੀਤੇ ਹਨ। ਪੰਜ ਟ੍ਰਿਲੀਅਨ ਡਾਲਰ ਇਕਾਨੋਮੀ, ਹਰ ਘਰ ਨੂੰ ਪਾਣੀ ਦੀ ਸਪਲਾਈ ਯਕੀਨੀ ਕਰਨਾ, ਸਾਰੇ ਜ਼ਰੂਰੀ ਖੇਤਰਾਂ ਨੂੰ ਸਮਾਜਿਕ ਸੁਰੱਖਿਆ ਦੀ ਵਿਵਸਥਾ ਅਤੇ ਸਭ ਤੋਂ ਉਪਰ ਹੈ ‘ਸਬਕਾ ਵਿਸ਼ਵਾਸ’।

ਉਹ ਰਚਨਾਤਮਕ ਹਨ। ਉਹ ਜਾਣਦੇ ਹਨ ਕਿ ਖੋਜ ਅਤੇ ਨਵੋਨਮੇਸ਼ ਹੀ ਭਾਰਤ ਨੂੰ ਅੱਗੇ ਲਿਜਾ ਸਕਦੇ ਹਨ। ਇਸ ਲਈ ਉਨ੍ਹਾਂ ਨੇ ਲੱਗਭਗ 3000 ਸਕੂਲਾਂ ਵਿਚ ਅਟਲ ਟੈਕਨਾਲੋਜੀ ਪ੍ਰਯੋਗਸ਼ਾਲਾਵਾਂ ਸ਼ੁਰੂ ਕੀਤੀਆਂ ਹਨ, ਜਿਥੇ ਰੋਬੋਟਿਕਸ, 3-ਡੀ ਪ੍ਰਿੰਟਿੰਗ ਅਤੇ ਹੋਰ ਐਡਵਾਂਸ ਸਮੱਗਰੀ ਉਪਲੱਬਧ ਹੈ। ਵਿਦਿਆਰਥੀ ਇਨ੍ਹਾਂ ਆਧੁਨਿਕ ਗੈਜੇਟਸ ਦਾ ਪ੍ਰਯੋਗ ਕਰ ਕੇ ਨਵੇਂ ਆਈਡੀਆਜ਼ ਸਿੱਖਦੇ ਹਨ। ਇਨ੍ਹਾਂ ਦਾ ਜਾਇਜ਼ਾ ਲੈਣ ਲਈ ਓਲੰਪੀਆਡ ਦਾ ਆਯੋਜਨ ਕੀਤਾ ਜਾਂਦਾ ਹੈ। ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ ਉਨ੍ਹਾਂ ਨੇ ‘ਸਮਾਰਟ ਇੰਡੀਆ ਹੈਕਾਥਾਨ’ ਪ੍ਰਮੋਟ ਕੀਤਾ ਹੈ, ਜਿਥੇ ਵਿਦਿਆਰਥੀ ਕੁਝ ਪ੍ਰਾਬਲਮਜ਼ ਸਟੇਟਮੈਂਟਸ ’ਤੇ ਕੰਮ ਕਰ ਕੇ ਉਨ੍ਹਾਂ ਦਾ ਹੱਲ ਕੱਢਦੇ ਹਨ। ਇਸ ਦਾ ਫਾਈਨਲ ਰਾਊਂਡ 25 ਕੇਂਦਰਾਂ ’ਤੇ ਆਯੋਜਿਤ ਹੁੰਦਾ ਹੈ, ਜਿਨ੍ਹਾਂ ’ਚ 10 ਹਜ਼ਾਰ ਵਿਦਿਆਰਥੀ ਲਗਾਤਾਰ 36 ਘੰਟਿਆਂ ਤਕ ਕੰਮ ਕਰਦੇ ਹਨ। ਮੋਦੀ ਹਰ ਸਾਲ ਇਨ੍ਹਾਂ ਵਿਦਿਆਰਥੀਆਂ ਨਾਲ ਗੱਲ ਕਰ ਕੇ ਉਨ੍ਹਾਂ ਨੂੰ ਪ੍ਰੇਰਿਤ ਕਰਦੇ ਹਨ।

ਉਨ੍ਹਾਂ ਨੇ ਵੱਖ-ਵੱਖ ਆਈ. ਆਈ. ਟੀਜ਼/ਐੱਨ. ਆਈ. ਟੀਜ਼ ਵਿਚ ਅਟਲ ਇਨਕਿਊਬੇਸ਼ਨ ਸੈਂਟਰ ਯਕੀਨੀ ਕੀਤੇ ਹਨ। ਇਸ ਬਜਟ ਵਿਚ ਉਹ ਨੈਸ਼ਨਲ ਰਿਸਰਚ ਫੰਡ ਯੋਜਨਾ ਲੈ ਕੇ ਆਏ ਹਨ। ਉਨ੍ਹਾਂ ਨੇ ‘ਪ੍ਰਧਾਨ ਮੰਤਰੀ ਵਜ਼ੀਫੇ’ ਨੂੰ ਵੀ ਮਨਜ਼ੂਰੀ ਦਿੱਤੀ ਹੈ ਤਾਂ ਕਿ ਅਗਲੀ ਖੋਜ ਨੂੰ ਉਤਸ਼ਾਹ ਦਿੱਤਾ ਜਾ ਸਕੇ। ਉਹ ਲਗਾਤਾਰ ਸਟਾਰਟਅੱਪਸ ਨਾਲ ਸੰਵਾਦ ਕਰਦੇ ਹਨ ਅਤੇ ਨਵੇਂ-ਨਵੇਂ ਵਿਚਾਰਾਂ ਨਾਲ ਆਏ ਨੌਜਵਾਨਾਂ ਨੂੰ ਮਿਲਦੇ ਹਨ।


Bharat Thapa

Content Editor

Related News