ਕੋਰੋਨਾ ਵਾਇਰਸ ਨਾਲ ਨਜਿੱਠਣ ਦੀ ਇਸ ਸਮੇਂ ਮੁਸਲਮਾਨਾਂ ਦੀ ਨਾ ਸਿਰਫ ਸਮਾਜਿਕ, ਸਗੋਂ ਧਾਰਮਿਕ ਜ਼ਿੰਮੇਵਾਰੀ ਵੀ ਹੈ

04/09/2020 2:21:39 AM

ਕੇ. ਤਾਰਿਕ ਅਹਿਮਦ 

ਅੱਜ ਜਦਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਮਹਾਮਾਰੀ ਦੀ ਚੁਣੌਤੀ ਨਾਲ ਨਜਿੱਠਣ ਲਈ ਮਿਹਨਤ ਕਰ ਰਹੀ ਹੈ, ਵੱਖ-ਵੱਖ ਸਰਕਾਰੀ ਅਤੇ ਨਿੱਜੀ ਅਦਾਰੇ ਇਸ ਸਮੇਂ ਬਚਾਅ ਦੇ ਵੱਖ-ਵੱਖ ਤਰੀਕੇ ਅਪਣਾ ਰਹੇ ਹਨ ਅਤੇ ਕੇਂਦਰ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਇਸ ਆਫਤ ਨਾਲ ਨਜਿੱਠਣ ਲਈ ਵਿਉਂਤਬੰਦੀ ਕਰ ਰਹੀਆਂ ਹਨ। ਡਾਕਟਰ, ਨਰਸਾਂ ਅਤੇ ਡਾਕਟਰੀ ਸੇਵਾਵਾਂ ਨਾਲ ਜੁੜੇ ਲੋਕ, ਪੁਲਸ ਅਤੇ ਵੱਖ-ਵੱਖ ਸਰਕਾਰੀ ਮਹਿਕਮੇ ਇਸ ਨਾਲ ਨਜਿੱਠਣ ਲਈ ਪੂਰੀ ਕੋਸ਼ਿਸ਼ ਕਰ ਰਹੇ ਹਨ ਤਾਂ ਦੂਜੇ ਪਾਸੇ ਭਾਰਤ ਵਿਚ ਹੋਈਆਂ ਕੁਝ ਘਟਨਾਵਾਂ ਦੇ ਨਤੀਜਿਆਂ ਵਿਚ ਆਫਤ ਦੇ ਇਸ ਗੰਭੀਰ ਸਮੇਂ ’ਚ ਇਸ ਬੀਮਾਰੀ ਦੇ ਫੈਲਾਉਣ ਦੇ ਹਵਾਲੇ ਨਾਲ ਇਸਲਾਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਅਧਿਕਾਰੀਆਂ ਦੇ ਹੁਕਮਾਂ ਦੀ ਪਾਲਣਾ ਕਰਨੀ ਇਕ ਮੁਸਲਮਾਨ ਦਾ ਫਰਜ਼

ਮੁਸਲਿਮ ਜਮਾਤ ਅਹਿਮਦੀਆ ਭਾਰਤ ਸਭ ਤੋਂ ਪਹਿਲਾਂ ਕੇਂਦਰ ਅਤੇ ਸੂਬਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕਰਦੀ ਹੈ ਕਿ ਉਨ੍ਹਾਂ ਨੇ ਇਸ ਬੀਮਾਰੀ ਨੂੰ ਕੰਟਰੋਲ ਕਰਨ ਅਤੇ ਲੋਕਾਂ ਦੀ ਭਲਾਈ ਲਈ ਜੋ ਚੌਕਸੀ ਭਰੇ ਕਦਮ ਚੁੱਕੇ ਹਨ, ਉਹ ਲੋਕਾਂ ਦੀ ਭਲਾਈ ਲਈ ਵਧੀਆ ਹਨ। ਇਸ ਲਈ ਸਰਕਾਰੀ ਹੁਕਮਾਂ ਨੂੰ ਮੰਨਣਾ ਹਰ ਮੁਸਲਮਾਨ ਦਾ ਦੀਨੀ ਫਰਜ਼ ਹੈ। ਇਸਲਾਮੀ ਸਿੱਖਿਆਵਾਂ ਦੀ ਰੌਸ਼ਨੀ ਵਿਚ ਸਰਕਾਰ ਦੀਆਂ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਨਾਲ ਨਾ ਸਿਰਫ ਇਕ ਮੁਸਲਮਾਨ ਆਪਣੇ ਆਪ ਨੂੰ ਬਚਾ ਸਕਦਾ ਹੈ ਸਗੋਂ ਇਹ ਇਕ ਮੁਸਲਮਾਨ ਦੀ ਸਮਾਜਿਕ ਜ਼ਿੰਮੇਵਾਰੀ ਹੈ ਅਤੇ ਮਨੁੱਖੀ ਜਾਤੀ ਨਾਲ ਹਮਦਰਦੀ ਦਾ ਪ੍ਰਗਟਾਵਾ ਵੀ ਹੈ, ਜੋ ਅਸਲ ’ਚ ਸਿੱਖਿਆਵਾਂ ਦਾ ਮੂਲ ਵੀ ਹੈ।

ਇਨਫੈਕਸ਼ਨ ਰੋਗ ਨਾਲ ਨਜਿੱਠਣ ਲਈ ਇਸਲਾਮੀ ਸਾਵਧਾਨੀਆਂ

ਇਸਲਾਮ ਨੇ ਹਮੇਸ਼ਾ ਬੀਮਾਰੀਆਂ ਨਾਲ ਨਜਿੱਠਣ ਲਈ ਜਿਥੇ ਦੁਆਵਾਂ ’ਤੇ ਜ਼ੋਰ ਦਿੱਤਾ ਹੈ, ਉੱਥੇ ਹੀ ਬਚਾਅ ਦੇ ਅਸੂਲਾਂ ਨੂੰ ਮੰਨਣ ਦੀ ਵੀ ਸਿੱਖਿਆ ਦਿੱਤੀ ਹੈ ਕਿਉਂਕਿ ਦਵਾ ਦੇ ਨਾਲ ਕੀਤਾ ਗਿਆ ਕਾਰਜ ਹੀ ਸਫਲ ਹੋ ਸਕਦਾ ਹੈ। ਇਸਲਾਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ-ਵ-ਸੱਲਮ ਨੇ ਮਹਾਮਾਰੀ ਰੋਗਾਂ ਦੀ ਰੋਕਥਾਮ ਲਈ ਵੀ ਸਿੱਖਿਆਵਾਂ ਦਿੱਤੀਆਂ ਹਨ। ਉਨ੍ਹਾਂ ਫਰਮਾਇਆ ਹੈ ਕਿ ਜੇਕਰ ਕਿਸੇ ਜ਼ਮੀਨ ’ਤੇ ਬੀਮਾਰੀ ਦੇ ਫੈਲਣ ਦੀ ਤੁਹਾਨੂੰ ਖਬਰ ਮਿਲੇ ਤਾਂ ਉਸ ਜਗ੍ਹਾ ’ਤੇ ਨਹੀਂ ਜਾਣਾ ਅਤੇ ਜੇਕਰ ਤੁਸੀਂ ਉਸ ਜਗ੍ਹਾ ’ਤੇ ਮੌਜੂਦ ਹੋਵੋ ਤਾਂ ਬਾਹਰ ਨਹੀਂ ਨਿਕਲਣਾ। ਸਰਕਾਰ ਵਲੋਂ ਸਫਰ ਦੀਆਂ ਜੋ ਪਾਬੰਦੀਆਂ ਅਤੇ ਘਰ ਰਹਿਣ ਦੀ ਹਦਾਇਤ ਦਿੱਤੀ ਜਾ ਰਹੀ ਹੈ, ਉਹ ਬਿਲਕੁਲ ਸਿੱਖਿਆ ਦੇ ਮੁਤਾਬਕ ਹੈ।

ਇਸਲਾਮ ਮਹਾਮਾਰੀ ਸਮੇਂ ਸਮਾਜਿਕ ਦੂਰੀ ਬਣਾਈ ਰੱਖਣ ਦੀ ਸਿੱਖਿਆ ਦਿੰਦੈ

ਹਜ਼ਰਤ ਨਬੀ ਮੁਹੰਮਦ ਸੱਲੱਲਾਹੁ ਅਲੈਹਿ-ਵ-ਸੱਲਮ ਇਸਲਾਮ ਨੇ ਬੀਮਾਰਾਂ ਲਈ ਇਕ-ਦੂਸਰੇ ਤੋਂ ਦੂਰੀ ਬਣਾਈ ਰੱਖਣ ਦੇ ਹੁਕਮ ਦਿੱਤੇ ਹਨ। ਇਕ ਵਿਅਕਤੀ, ਜਿਸ ਨੂੰ ਕੋਹੜ ਰੋਗ ਸੀ, ਜਦੋਂ ਉਸ ਨੇ ਇਸਲਾਮ ਵਿਚ ਸ਼ਾਮਲ ਹੋਣ ਲਈ ਬੈਅਤ (ਹੱਥ ਫੜ ਕੇ ਨਿਸ਼ਠਾ ਦਾ ਇਜ਼ਹਾਰ) ਕਰਨ ਦੀ ਇੱਛਾ ਪ੍ਰਗਟ ਕੀਤੀ ਤਾਂ ਆਪ ਨੇ ਫਰਮਾਇਆ ਕਿ ਉਸ ਦੀ ਨਿਸ਼ਠਾ ਪ੍ਰਵਾਨ ਕਰ ਲਈ ਗਈ ਹੈ ਪਰ ਉਸ ਵਿਅਕਤੀ ਨੂੰ ਆਪਣੇ ਘਰ ਵਾਪਸ ਚਲੇ ਜਾਣਾ ਚਾਹੀਦਾ ਹੈ। ਇਕ ਹੋਰ ਮੌਕੇ ’ਤੇ ਆਪ ਸੱਲੱਲਾਹੁ ਅਲੈਹਿ-ਵ-ਸੱਲਮ ਨੇ ਫਰਮਾਇਆ ਕਿ ਇਕ ਬੀਮਾਰ ਵਿਅਕਤੀ ਨੂੰ ਇਕ ਤੰਦਰੁਸਤ ਵਿਅਕਤੀ ਨਹੀਂ ਮਿਲਣਾ ਚਾਹੀਦਾ, ਜਿਸ ਦੇ ਨਤੀਜੇ ਵਜੋਂ ਇਕ ਤੰਦਰੁਸਤ ਵਿਅਕਤੀ ਵੀ ਬੀਮਾਰੀ ਨਾਲ ਪ੍ਰਭਾਵਿਤ ਹੋ ਜਾਵੇ। ਇਹ ਸਿੱਖਿਆਵਾਂ ਸਿਰਫ ਇਨਸਾਨ ਲਈ ਹੀ ਨਹੀਂ ਸਗੋਂ ਆਪ ਸੱਲੱਲਾਹੁ ਅਲੈਹਿ-ਵ-ਸੱਲਮ ਨੇ ਜਾਨਵਰਾਂ ਲਈ ਵੀ ਦਿੱਤੀਆਂ ਹਨ। ਅੱਜ ਕੁਝ ਮੁਸਲਮਾਨਾਂ ਨੂੰ ਕੁਆਰੰਟਾਈਨ ਅਤੇ ਸਮਾਜਿਕ ਦੂਰੀ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਕਰਨੀ ਮੁਸ਼ਕਿਲ ਲੱਗ ਰਹੀ ਹੈ, ਜਦਕਿ ਸੱਲੱਲਾਹੁ ਅਲੈਹਿ-ਵ-ਸੱਲਮ ਨੇ ਇਸ ਨੂੰ ਧਾਰਮਿਕ ਜ਼ਿੰਮੇਵਾਰੀ ਦੱਸਿਆ ਹੈ।

ਇਸਲਾਮ ਅਤੇ ਸਵੱਛਤਾ

ਇਸਲਾਮ ਸਾਨੂੰ ਖੁਦ ਨੂੰ ਸਾਫ-ਸੁਥਰਾ ਰੱਖਣ ਦੀ ਪ੍ਰੇਰਨਾ ਦਿੰਦਾ ਹੈ ਅਤੇ ਸਵੱਛਤਾ ਨੂੰ ਈਮਾਨ (ਆਸਥਾ) ਦਾ ਹਿੱਸਾ ਕਰਾਰ ਦਿੰਦਾ ਹੈ। 5 ਸਮੇਂ ਵਜ਼ੂ ਦੇ ਦੌਰਾਨ ਇਕ ਵਿਅਕਤੀ ਹੱਥ, ਪੈਰ ਅਤੇ ਨੱਕ ਸਾਫ ਕਰਦਾ ਹੈ। ਹਜ਼ੂਰ ਸੱਲੱਲਾਹੁ ਅਲੈਹਿ-ਵ-ਸੱਲਮ ਦਾ ਇਹ ਆਦਰਸ਼ ਹੈ ਕਿ ਜਦੋਂ ਛਿੱਕ ਮਾਰਦੇ ਸੀ ਤਾਂ ਆਪਣਾ ਚਿਹਰਾ ਢਕ ਲੈਂਦੇ ਸੀ। ਇਹ ਕਿਰਿਆਵਾਂ ਇਨ੍ਹੀਂ ਦਿਨੀਂ ਇਸ ਮਹਾਮਾਰੀ ਨੂੰ ਖੁਦ ਤੋਂ ਬਚਾਉਣ ਲਈ ਜ਼ਰੂਰੀ ਮੈਡੀਕਲ ਉਪਾਅ ਬਣ ਗਈਅਾਂ ਹਨ ਇਸਲਾਮ ਦੁਆ (ਪ੍ਰਾਰਥਨਾ) ਦੇ ਨਾਲ-ਨਾਲ ਡਾਕਟਰੀ ਇਲਾਜ ਦੀ ਸਲਾਹ ਦਿੰਦਾ ਹੈ। ਇਸਲਾਮ ਨੇ ਹਮੇਸ਼ਾ ਬੀਮਾਰੀ ਦੇ ਇਲਾਜ ਲਈ ਦੁਆ ਦੇ ਨਾਲ-ਨਾਲ ਦਵਾਈਆਂ ਦੀ ਵਰਤੋਂ ਦਾ ਸੱਦਾ ਦਿੱਤਾ ਹੈ। ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ-ਵ-ਸੱਲਮ ਨੇ ਕਿਹਾ ਕਿ ਹਰ ਬੀਮਾਰੀ ਦੀ ਇਕ ਦਵਾਈ ਹੁੰਦੀ ਹੈ। ਜੇਕਰ ਉਸ ਦੁਆ ਦੇ ਨਾਲ ਦਵਾਈ ਦੀ ਵਰਤੋਂ ਕੀਤੀ ਜਾਵੇ ਤਾਂ ਅੱਲ੍ਹਾ ਉਸ ਨੂੰ ਠੀਕ ਕਰ ਦਿੰਦਾ ਹੈ। ਇਸਲਾਮ ਅਜਿਹੇ ਮੌਕਿਆਂ ’ਤੇ ਮੁਸਲਮਾਨਾਂ ਨੂੰ ਬਿਨਾਂ ਧਾਰਮਿਕ ਅਤੇ ਕੌਮੀ ਵਿਤਕਰੇ ਦੇ ਮਨੁੱਖ ਜਾਤੀ ਦੀ ਸੇਵਾ ਵੱਲ ਵੀ ਧਿਆਨ ਦਿਵਾਉਂਦਾ ਹੈ ਅਤੇ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਦਾ ਹੁਕਮ ਦਿੰਦਾ ਹੈ। ਹਜ਼ਰਤ ਉਮਰ ਜਦੋਂ ਇਕ ਅਜਿਹੇ ਇਲਾਕੇ ’ਚੋਂ ਲੰਘੇ, ਜਿਥੇ ਕੁਝ ਈਸਾਈ ਕੋਹੜ ਰੋਗ ਤੋਂ ਪੀੜਤ ਸਨ ਤਾਂ ਉਨ੍ਹਾਂ ਤੁਰੰਤ ਉਨ੍ਹਾਂ ਨੂੰ ਡਾਕਟਰੀ ਸਹੂਲਤ ਮੁਹੱਈਆ ਕਰਨ ਦਾ ਹੁਕਮ ਦਿੱਤਾ। ਇਹ ਹਨ ਇਸਲਾਮ ਦੀਆਂ ਸਰਵਉੱਚ ਸਿੱਖਿਆਵਾਂ, ਜੋ ਮੁਕੰਮਲ ਮਨੁੱਖੀ ਸੁਭਾਅ ਦੇ ਅਨੁਸਾਰ ਹਨ। ਇਨਫੈਕਸ਼ਨ ਮਹਾਮਾਰੀਆਂ ’ਚ ਜੋ ਸਾਵਧਾਨੀਆਂ ਅਪਣਾਉਣ ਦੀ ਲੋੜ ਹੈ ਅਤੇ ਜਿਹੜੇ ਮੈਡੀਕਲ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਜ਼ਰੂਰੀ ਹੈ, ਇਸਲਾਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ-ਵ-ਸੱਲਮ ਨੇ ਬੜੇ ਸਪੱਸ਼ਟ ਰੂਪ ’ਚ ਉਨ੍ਹਾਂ ਦਾ ਵਰਣਨ ਕੀਤਾ ਹੈ ਪਰ ਅੱਜਕਲ ਕੁਝ ਮੁਸਲਮਾਨ ਕਿਉਂਕਿ ਇਸਲਾਮ ਦੀਆਂ ਇਨ੍ਹਾਂ ਅਸਲੀ ਸਿੱਖਿਆਵਾਂ ਨੂੰ ਭੁੱਲ ਗਏ ਹਨ, ਇਸ ਲਈ ਉਨ੍ਹਾਂ ਨੂੰ ਮਹਾਮਾਰੀ ਦੇ ਮੌਕੇ ’ਤੇ ਆਪਣੀਆਂ ਸਮਾਜਿਕ ਅਤੇ ਧਾਰਮਿਕ ਜ਼ਿੰਮੇਵਾਰੀਆਂ ਦਾ ਅਹਿਸਾਸ ਨਹੀਂ ਹੈ। ਮੁਸਲਿਮ ਨਿਯਮਿਤ ਤੌਰ ’ਤੇ 5 ਨਮਾਜ਼ਾਂ ਅਤੇ ਜੁੰਮੇ ਦੀ ਨਮਾਜ਼ ਆਪਣੇ ਘਰਾਂ ’ਚ ਆਪਣੇ ਪਰਿਵਾਰਾਂ ਨਾਲ ਅਦਾ ਕਰਨ ਅਤੇ ਸਰਕਾਰ ਦੇ ਨਿਯਮਾਂ ਦੇ ਅਨੁਸਾਰ ਘਰ ’ਚ ਹੀ ਰਹਿਣ ਅਤੇ ਇਨ੍ਹੀਂ ਦਿਨੀਂ ਆਪਣੇ ਗਿਆਨ ਨੂੰ ਵਧਾਉਣ ਦਾ ਯਤਨ ਕਰਨ।

ਲਾਕਡਾਊਨ ਦੀ ਪਾਲਣਾ ਕਰਨ ’ਚ ਅਹਿਮਦੀ ਲੋਕ ਸਭ ਤੋਂ ਅੱਗੇ

ਕਾਦੀਆਂ, ਜੋ ਅਹਿਮਦੀਆ ਮੁਸਲਿਮ ਜਮਾਤ ਭਾਰਤ ਦਾ ਹੈੱਡਕੁਆਰਟਰ ਹੈ, ਇਥੇ ਵੀ ਸਰਕਾਰੀ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾ ਰਹੀ ਹੈ। ਅਹਿਮਦੀ ਮੁਸਲਮਾਨ ਆਪਣੇ ਘਰਾਂ ’ਚ ਵੀ ਨਮਾਜ਼ਾਂ ਪੜ੍ਹ ਰਹੇ ਹਨ। ਜ਼ਿਲੇ ’ਚ ਚੋਟੀ ਦੇ ਪੁਲਸ ਅਧਿਕਾਰੀ ਨੇ ਮੀਡੀਆ ’ਚ ਬਿਆਨ ਦਿੱਤਾ ਕਿ ਕਾਦੀਆਂ ਜ਼ਿਲੇ ਭਰ ’ਚ ਲਾਕਡਾਊਨ ਹੁਕਮਾਂ ਦੀ ਪਾਲਣਾ ਕਰਨ ’ਚ ਸਭ ਤੋਂ ਅੱਗੇ ਹਨ। ਕੁਲਗਾਮ (ਜੰਮੂ-ਕਸ਼ਮੀਰ) ਦੇ ਇਕ ਸੀਨੀਅਰ ਪੁੁਲਸ ਅਧਿਕਾਰੀ ਨੇ ਇਕ ਅਹਿਮਦੀ ਦੇ ਜਨਾਜ਼ੇ ਮੌਕੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟ ਕਰਦਿਆਂ ਕਿਹਾ ਕਿ ਅਹਿਮਦੀਆ ਜਮਾਤ ਦੇ ਲੋਕਾਂ ਨੇ ਲਾਕਡਾਊਨ ਦੌਰਾਨ ਕਾਨੂੰਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਹੈ, ਜਦਕਿ ਮੇਰੇ ਵਲੋਂ ਕੋਈ ਆਦੇਸ਼ ਨਹੀਂ ਦਿੱਤੇ ਗਏ ਸਗੋਂ ਿੲਨ੍ਹਾਂ ਨੇ ਿੲਹ ਸਾਰੇ ਪ੍ਰਬੰਧ ਆਪ ਕੀਤੇ। ਅਹਿਮਦੀਆ ਮੁਸਲਿਮ ਜਮਾਤ ਵਲੋਂ ਪਿੰਡਾਂ ਵਿਚ ਜਾ ਕੇ ਹਜ਼ਾਰਾਂ ਦੀ ਗਿਣਤੀ ਵਿਚ ਮਾਸਕ ਅਤੇ ਸੈਨੇਟਾਈਜ਼ਰ ਵੀ ਵੰਡੇ ਗਏ ਅਤੇ 15,000 ਤੋਂ ਵੱਧ ਪਰਿਵਾਰਾਂ ਨੂੰ ਦੋ ਹਫਤਿਆਂ ਦਾ ਰਾਸ਼ਨ ਸਰਕਾਰੀ ਮਹਿਕਮਿਆਂ ਦੀ ਇਜਾਜ਼ਤ ਨਾਲ ਵੰਡਿਆ ਅਤੇ ਹਜ਼ਾਰਾਂ ਲੋਕਾਂ ਨੂੰ ਖਾਣਾ ਵੀ ਖੁਆਇਆ ਹੈ। ਅੱਜ ਲੋੜ ਇਸ ਗੱਲ ਦੀ ਹੈ ਕਿ ਕੋਰੋਨਾ ਵਾਇਰਸ ਦੀ ਆਫਤ ਨਾਲ ਨਜਿੱਠਣ ਲਈ ਅਸੀਂ ਸਾਰੇ ਖੁਦਾ ਦੇ ਅੱਗੇ ਵੱਧ ਤੋਂ ਵੱਧ ਦੁਆ ਕਰੀਏ ਅਤੇ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰੀਏ ਅਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਮਹਾਮਾਰੀ ਨਾਲ ਨਜਿੱਠਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅੱਲ੍ਹਾ ਤਾਲਾ ਦੁਨੀਆ ਨੂੰ ਇਸ ਮੁਸੀਬਤ ਤੋਂ ਛੇਤੀ ਛੁਟਕਾਰਾ ਦਿਵਾਏ।


Bharat Thapa

Content Editor

Related News