ਮੁਲਾਇਮ ਸਿੰਘ ਨੇ ਸਮਾਜਵਾਦ ਦੀ ਚਾਦਰ ਨੂੰ ਨਹੀਂ ਛੱਡਿਆ

Thursday, Oct 13, 2022 - 01:22 PM (IST)

ਨਿਰਮਾਣ ਅਤੇ ਨਿਰਮਾਤਾ ਦੀ ਭੂਮਿਕਾ ਵੱਖ ਰਹਿੰਦੀ ਹੈ। ਭਾਰਤ ਨੇ ਹਮੇਸ਼ਾ ਉਸ ਨੂੰ ਸਨਮਾਨ ਦਿੱਤਾ ਹੈ ਜਿਸ ਨੇ ਕਿਸੇ ਵੀ ਕੰਮ ਦੇ ਨਿਰਮਾਣ ’ਚ ਆਪਣੀ ਦੇਹ ਗਾਲੀ ਹੈ। ਡਾ. ਰਾਮ ਮਨੋਹਰ ਲੋਹੀਆ ਅਤੇ ਨੇਤਾਜੀ ਰਾਜ ਨਾਰਾਇਣ ਦੇ ਬਾਅਦ ਸਮਾਜਵਾਦੀਆਂ ’ਚ ਜੇਕਰ ਕਿਸੇ ਨੂੰ ਨੇਤਾਜੀ ਕਿਹਾ ਗਿਆ ਤਾਂ ਉਨ੍ਹਾਂ ਦਾ ਨਾਂ ਮੁਲਾਇਮ ਸਿੰਘ ਯਾਦਵ ਹੈ। ਲੋਕਤੰਤਰ ’ਚ ਕਿਸਮਤ, ਭਵਿੱਖ ਅਤੇ ਰੱਬ ਜਿਸ ਦੇ ਨਾਲ ਹੁੰਦਾ ਹੈ ਉਸ ਨੂੰ ਕਰਮ ਦੀ ਪ੍ਰੇਰਣਾ ਅਤੇ ਮਿਹਨਤ ਕਰਨ ਦੀ ਸ਼ਕਤੀ ਖੁਦ ਮਿਲ ਜਾਂਦੀ ਹੈ। ਮੁਲਾਇਮ ਸਿੰਘ ਯਾਦਵ ਬੇਸ਼ੱਕ ਹੀ ਡਾ. ਲੋਹੀਆ ਵਲੋਂ ਤਿਆਰ ਕੀਤੇ ਗਏ ਹੋਣ ਪਰ ਉੱਤਰ ਪ੍ਰਦੇਸ਼ ਦਾ ਜ਼ੱਰਾ-ਜੱਰਾ ਗਵਾਹ ਹੈ ਕਿ ਉੱਤਰ ਪ੍ਰਦੇਸ਼ ’ਚ ਹੀ ਨਹੀਂ, ਭਾਰਤੀ ਸਿਆਸਤ ’ਚ ਉਨ੍ਹਾਂ ਨੇ ਆਪਣਾ ਇਕ ਵੱਖਰਾ ਸਥਾਨ ਬਣਾਇਆ। ਉਨ੍ਹਾਂ ਨੇ ਆਪਣੀ ਪਛਾਣ ਮਿਟਣ ਨਹੀਂ ਦਿੱਤੀ। ਸਮਾਜਵਾਦ ਦੀ ਚਾਦਰ ਨੂੰ ਛੱਡਿਆ ਨਹੀਂ। ਕਾਂਗਰਸ ਨੂੰ ਉੱਤਰ ਪ੍ਰਦੇਸ਼ ਤੋਂ ਮੁਕਤ ਕਰਨ ਦੀ ਸ਼ੁਰੂਆਤ ਜਿਨ੍ਹਾਂ ਨੇ ਕੀਤੀ ਉਸ ਸ਼ਖਸੀਅਤ ਦਾ ਨਾਂ ਹੈ ਮੁਲਾਇਮ ਸਿੰਘ ਯਾਦਵ। ਉਹ ਅਖੰਡ ਪ੍ਰਵਾਸੀ ਸਨ। ਜਦੋਂ ਤੱਕ ਉਨ੍ਹਾਂ ਦੀ ਸਿਹਤ ਖਰਾਬ ਨਾ ਹੋਈ, ਉਹ ਸਹਿਜ, ਸਰਲ, ਸੁਲੱਭ ਰਹੇ। ਉਹ ਵਰਕਰਾਂ ਦੇ ਵਰਕਰ ਸਨ।

ਮੈਂ ‘ਸਵਦੇਸ਼’ ਅਖਬਾਰ ’ਚ ਸੀ। ਉਸ ਸਮੇਂ ਰਾਮ ਜਨਮਭੂਮੀ ਅੰਦੋਲਨ ਦੀ ਰਿਪੋਰਟਿੰਗ ਕਰਨ ਅਕਸਰ ਅਯੁੱਧਿਆ ਜਾਂਦਾ ਹੁੰਦਾ ਸੀ। ਜਦੋਂ ਉਨ੍ਹਾਂ ਨੇ ਬਿਆਨ ਦਿੱਤਾ ਸੀ ਕਿ ‘ਅਯੁੱਧਿਆ ’ਚ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ’ ਅਤੇ ਉੱਥੇ ਕਾਰ ਸੇਵਕਾਂ ਦੀ ਹੱਤਿਆ ਵੀ ਹੋਈ ਸੀ ਅਤੇ ਲੋਕ ਢਾਂਚੇ ’ਤੇ ਚੜ੍ਹ ਗਏ ਸਨ। ਤਦ ਗਵਾਲੀਅਰ ਪਰਤਦੇ ਸਮੇਂ ਲਖਨਊ ’ਚ ਉਨ੍ਹਾਂ ਦੀ ਇੰਟਰਵਿਊ ਕੀਤੀ ਸੀ ਅਤੇ ਮੈਂ ਉਨ੍ਹਾਂ ਨੂੰ ਇਹੀ ਸਵਾਲ ਕੀਤਾ ਸੀ, ‘‘ਤੁਸੀਂ ਕਿਹਾ ਸੀ ਪਰਿੰਦਾ ਪਰ ਨਹੀਂ ਮਾਰ ਸਕਦਾ, ਫਿਰ ਇਹ ਸਭ ਕੀ ਹੋਇਆ?’’ ਉਨ੍ਹਾਂ ਨੇ ਝੱਟ ਜਵਾਬ ਦਿੱਤਾ ਕਿ ‘‘ਮੁੱਖ ਮੰਤਰੀ ਰਹਿੰਦੇ ਮੇਰਾ ਇਹੀ ਕਹਿਣਾ ਜਾਇਜ਼ ਸੀ।’’ ਇਕ ਦੂਜੀ ਘਟਨਾ ਹੈ। ਮੈਂ ਜਦੋਂ ਰਾਜ ਸਭਾ ’ਚ ਸੀ ਤਾਂ ਬੜਬੋਲੇ ਸਮਾਜਵਾਦੀ ਨੇਤਾ ਜਨੇਸ਼ਵਰ ਮਿਸ਼ਰਾ ਜੀ ਰਾਜ ਸਭਾ ’ਚ ਸਨ। ਉਹ ਇਕ ਦਿਹਾਤੀ ਪਿਛੋਕੜ ਦੀ ਹਿੰਦੀ ਅਤੇ ਪ੍ਰਾਂਜਲੀ ਹਿੰਦੀ ’ਚ ਬੜਾ ਚੰਗਾ ਬੋਲਦੇ ਸਨ। ਮੈਨੂੰ ਵੀ ਇਸ ਲਈ ਮੰਨਦੇ ਸਨ ਕਿ ਮੈਂ ਛੋਟੀ ਉਮਰ ’ਚ ਰਾਜ ਸਭਾ ’ਚ ਪਹੁੰਚਿਆ ਸੀ ਅਤੇ ਜਦੋਂ ਮੈਂ ਸਦਨ ’ਚ ਵਿਸ਼ਿਆਂ ’ਤੇ ਬੋਲਦਾ ਸੀ ਤਾਂ ਉਹ ਮੈਨੂੰ ਸ਼ਾਬਾਸ਼ ਦਿੰਦੇ ਸਨ।

ਅਚਾਨਕ ਜਨੇਸ਼ਵਰ ਮਿਸ਼ਰਾ ਦਾ ਦਿਹਾਂਤ ਹੋ ਗਿਆ। ਿਦੱਲੀ ’ਚ ਸ਼ਰਧਾਂਜਲੀ ਸਭਾ ਆਯੋਜਿਤ ਕੀਤੀ ਗਈ। ਉਸ ਸਮੇਂ ਭਾਰਤੀ ਜਨਤਾ ਪਾਰਟੀ ਦੀ ਮਹਾਮੰਤਰੀ ਸੁਸ਼ਮਾ ਸਵਰਾਜ ਜੀ ਜੋ ਰਾਜ ਸਭਾ ’ਚ ਸਾਡੀ ਨੇਤਾ ਵੀ ਸੀ, ਉਨ੍ਹਾਂ ਨੇ ਸ਼ਰਧਾਂਜਲੀ ਸਭਾ ’ਚ ਜਾਣਾ ਸੀ ਪਰ ਸੁਸ਼ਮਾ ਜੀ ਨੇ ਪਾਰਟੀ ਦਾ ਰਾਸ਼ਟਰੀ ਸਕੱਤਰ ਹੋਣ ਦੇ ਨਾਤੇ ਮੈਨੂੰ ਕਿਹਾ ਕਿ ਪਾਰਟੀ ਵੱਲੋਂ ਤੁਸੀਂ ਚਲੇ ਜਾਓ। ਮੈਂ ਗਿਆ ਅਤੇ ਜਦੋਂ ਸ਼ਰਧਾਂਜਲੀ ਸਭਾ ’ਚ 10 ਮਿੰਟ ਜਨੇਸ਼ਵਰ ਜੀ ਦੇ ਬਾਰੇ ’ਚ ਸ਼ਰਧਾਂਜਲੀ ਦਿੱਤੀ ਤਾਂ ਮੁਲਾਇਮ ਸਿੰਘ ਜੀ ਨੇ ਕੁਰਸੀ ਦੇ ਪਿੱਛੇ ਮੈਨੂੰ ਸੱਦਿਆ ਅਤੇ ਪੁੱਛਿਆ ਕਿ ‘‘ਤੁਸੀਂ ਬਿਹਾਰ ਦੇ ਹੋ’’ ਤਾਂ ਮੈਂ ਕਿਹਾ ਕਿ ‘‘ਬਿਹਾਰ ਦਾ ਹਾਂ ਪਰ ਸਾਲਾਂ ਤੋਂ ਮੱਧ ਪ੍ਰਦੇਸ਼ ’ਚ ਰਹਿੰਦਾ ਹਾਂ।’’

ਉਨ੍ਹਾਂ ਨੇ ਕਿਹਾ ‘‘ਤੁਸੀਂ ਬੜੀ ਚੰਗੀ ਸ਼ਰਧਾਂਜਲੀ ਦਿੱਤੀ। ਤੁਸੀਂ ਮੇਰੇ ਘਰ ਆ ਕੇ ਮਿਲੋ।’’ ਮੈਂ ਹੈਰਾਨ ਸੀ। ਇੰਨੇ ਵੱਡੇ ਨੇਤਾ ਦਾ ਕਹਿਣਾ ਮੈਂ ਟਾਲ ਨਹੀਂ ਸਕਦਾ ਸੀ। ਮੈਂ ਸਮਾਂ ਲੈ ਕੇ ਮਿਲਿਆ। ਉਨ੍ਹਾਂ ਨੇ ਦੇਖਦੇ ਕਿਹਾ, ‘‘ਆਓ ਪ੍ਰਭਾਤ ਬੈਠੋ।’’ ਫਿਰ ਉਨ੍ਹਾਂ ਨੇ ਮੇਰੇ ਜੀਵਨ ਦੇ ਬਾਰੇ ’ਚ ਪੁੱਛਿਆ-ਜਨਮ, ਪੜ੍ਹਾਈ, ਮੱਧ ਪ੍ਰਦੇਸ਼। ਮੈਂ ਸਾਰੀ ਜਾਣਕਾਰੀ ਦਿੱਤੀ। ਇਸ ਦੇ ਬਾਅਦ ਉਨ੍ਹਾਂ ਨੇ ਜੋ ਕਿਹਾ ਮੈਨੂੰ ਹੈਰਾਨ ਕਰ ਿਦੱਤਾ। ਉਨ੍ਹਾਂ ਨੇ ਕਿਹਾ ਕਿ ‘‘ਸਮਾਜਵਾਦੀ ਵਿਚਾਰਧਾਰਾ ਦਾ ਅਧਿਐਨ ਕੀਤਾ ਹੈ।’’ ਤਾਂ ਮੈਂ ਉਨ੍ਹਾਂ ਨੂੰ ਕਿਹਾ ਕਿ ਡਾ. ਰਾਮ ਮਨੋਹਰ ਲੋਹੀਆ ਦੀ ਆਤਮਕਥਾ ਪੜ੍ਹੀ ਹੈ। ਉਨ੍ਹਾਂ ਦੀਆਂ ਦੋ ਕਿਤਾਬਾਂ ਪੜ੍ਹੀਆਂ ਹਨ। ਇਸ ’ਤੇ ਉਨ੍ਹਾਂ ਨੇ ਕਿਹਾ ਕਿ, ‘‘ਤੁਸੀਂ ਸਮਾਜਵਾਦ ਤੋਂ ਪ੍ਰਭਾਵਿਤ ਨਹੀਂ ਹੋਏ?’’

ਇਸ ’ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ‘‘ਮੈਂ ਸੰਘ ਦਾ ਬਾਲ ਸਵੈਮਸੇਵਕ ਹਾਂ। ਵਿਚਾਰਧਾਰਾ ਧਰਮ ਦੇ ਵਾਂਗ ਧਾਰਨ ਕੀਤੀ ਜਾਂਦੀ ਹੈ, ਕੱਪੜੇ ਦੇ ਵਾਂਗ ਬਦਲੀ ਨਹੀਂ ਜਾਂਦੀ।’’ ਉਨ੍ਹਾਂ ਨੇ ਪਿੱਠ ਥਾਪੜੀ ਅਤੇ ਕਿਹਾ ‘‘ਜਿੱਥੇ ਵੀ ਰਹੋ, ਮਿਹਨਤ ਨਾਲ ਕੰਮ ਕਰੋ। ਮਿਹਨਤ ਸਭ ਤੋਂ ਵੱਡੀ ਪੂੰਜੀ ਹੈ।’’ ਦੂਜੀ ਲਾਈਨ ਉਨ੍ਹਾਂ ਦੀ ਸੀ ‘‘ਅਮੀਰਾਂ ਤੋਂ ਦੂਰ ਰਹਿਣਾ, ਗਰੀਬਾਂ ਦੇ ਨੇੜੇ ਰਹਿਣਾ।’’ ਉਨ੍ਹਾਂ ਦੇ ਇਸ ਵਾਕ ਨਾਲ ਮੇਰੀ ਮੂਲ ਧਾਰਨਾ ਨੂੰ ਹੋਰ ਮਜ਼ਬੂਤੀ ਮਿਲੀ।

ਮੁਲਾਇਮ ਸਿੰਘ ਜੀ ਵਰਕਰਾਂ ਨਾਲ ਘਿਰੇ ਸਨ, ਇਕ-ਇਕ ਨੂੰ ਨਾਂ ਲੈ ਕੇ ਬੁਲਾਉਂਦੇ ਸਨ। ਕੌਣ ਕਿਸ ਜ਼ਿਲੇ ਤੋਂ ਹੈ, ਇੱਥੋਂ ਤੱਕ ਜਾਣਦੇ ਸਨ। ਉਹ 3 ਵਾਰ ਮੁੱਖ ਮੰਤਰੀ ਰਹੇ ਅਤੇ ਇਕ ਵਾਰ ਦੇਸ਼ ਦੇ ਰੱਖਿਆ ਮੰਤਰੀ ਰਹੇ, ਉਸ ਦੇ ਬਾਅਦ ਵੀ ਉਨ੍ਹਾਂ ਦੀਆਂ ਸਾਰੀਆਂ ਯੋਜਨਾਵਾਂ ਗਰੀਬਾਂ ਲਈ ਬਣਦੀਆਂ ਰਹੀਆਂ। ਉਨ੍ਹਾਂ ਦੇ ਸਬੰਧ ਿਕਸੇ ਨਾਲ ਖਰਾਬ ਨਹੀਂ ਸਨ। ਉਹ ਸੱਚ ’ਚ ਭਾਵ ਸਾਰੇ ਸਮਾਜ ਦੇ ਸਨ।

ਲਖਨਊ ਤੋਂ ਜਦੋਂ ਅਟਲ ਜੀ ਸੰਸਦ ਮੈਂਬਰ ਸਨ, ਤਾਂ ਮੁਲਾਇਮ ਸਿੰਘ ਉਨ੍ਹਾਂ ਨੂੰ ਮਿਲਣ ਲਖਨਊ ਸਰਕਟ ਹਾਊਸ ’ਚ ਆਉਂਦੇ ਸਨ। ਉਹ ਸਾਰਿਆਂ ਨੂੰ ਸਨਮਾਨ ਦਿੰਦੇ ਸਨ। ਉਨ੍ਹਾਂ ਦੀ ਦੋਸਤੀ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਵਿਚਾਰਧਾਰਾ ਤੋਂ ਉਨ੍ਹਾਂ ਦੇ ਕੱਟੜ ਵਿਰੋਧੀ ਰਹੇ ਕਲਿਆਣ ਸਿੰਘ ਜੀ ਵੀ ਇਕ ਸਮੇਂ ਸਮਾਜਵਾਦੀ ਪਾਰਟੀ ’ਚ ਉਨ੍ਹਾਂ ਦੇ ਸਹਿਯੋਗੀ ਹੋ ਗਏ ਸਨ।

ਇਹ ਰੌਚਕ ਘਟਨਾਵਾਂ ਇਸ ਲਈ ਲਿਖ ਰਿਹਾ ਹਾਂ ਕਿ ਇਨ੍ਹਾਂ ਘਟਨਾਵਾਂ ਨਾਲ ਮੁਲਾਇਮ ਸਿੰਘ ਜੀ ਦੀ ਸਿਆਸੀ ਤੇ ਸਮਾਜਿਕ ਉਦਾਰਤਾ ਦੇ ਨਾਲ-ਨਾਲ ਸਾਰੀਆਂ ਪਾਰਟੀਆਂ ’ਚ ਉਨ੍ਹਾਂ ਦੇ ਕਿੰਨੇ ਚੰਗੇ ਸਬੰਧ ਸਨ, ਇਹ ਉਜਾਗਰ ਕਰਦੀਆਂ ਹਨ। ਉਨ੍ਹਾਂ ਦੀ ਬੇਬਾਕੀ, ਸਪੱਸ਼ਟਤਾ ਅਤੇ ਦੂਰਦਰਸ਼ਿਤਾ ਦੀ ਅਨੋਖੀ ਉਦਾਹਰਣ ਸੰਸਦ ’ਚ ਉਦੋਂ ਮਿਲੀ ਜਦੋਂ ਉਹ ਇਹ ਗੱਲ ਕਹਿਣ ਤੋਂ ਨਹੀਂ ਖੁੰਝੇ ਕਿ ‘2019 ’ਚ ਫਿਰ ਤੋਂ ਮੋਦੀ ਆਉਣਗੇ।’ ਅਾਪਣੇ ਵਿਰੋਧੀ ਬਾਰੇ ਇਹ ਕਹਿਣ ਦੀ ਉਨ੍ਹਾਂ ’ਚ ਅਨੋਖੀ ਦਲੇਰੀ ਸੀ।

ਪ੍ਰਭਾਤ ਝਾ (ਸਾਬਕਾ ਸੰਸਦ ਮੈਂਬਰ ਤੇ ਸਾਬਕਾ ਭਾਜਪਾ ਰਾਸ਼ਟਰੀ ਉੱਪ-ਪ੍ਰਧਾਨ)
 


Harinder Kaur

Content Editor

Related News