ਧਰਤੀ ਮਾਂ ਤੂੰ ਧੰਨ ਹੈਂ ਪਰ ਤੇਰੇ ਪੁੱਤਰ ਹੀ ਤੈਨੂੰ ਲੁੱਟ ਰਹੇ
Thursday, Oct 03, 2024 - 07:03 PM (IST)
ਉਹ ਧਰਤੀ ਜਿਸ ’ਤੇ ਮੈਂ, ਮੇਰਾ ਪਰਿਵਾਰ, ਮੇਰੇ ਪੁਰਖੇ , ਇਹ ਸਮੁੱਚਾ ਸਮਾਜ ਚੱਲਦਾ-ਫਿਰਦਾ ਆ ਰਿਹਾ ਹੈ, ਅੱਜ ਉਹ ਧਰਤੀ ਮਾਂ ਕੁਰਲਾ ਕਿਉਂ ਰਹੀ ਹੈ? ਜਿਸ ਧਰਤੀ ਨੇ ਅੰਨ-ਜਲ ਨਾਲ ਆਪਣੇ ਮਾਨਵ ਪੁੱਤਰ ਨੂੰ ਪਾਲਿਆ, ਉਹੀ ਮਾਨਵ ਅੱਜ ਵੱਡੇ-ਵੱਡੇ ਧਮਾਕਿਆਂ, ਵੱਡੇ-ਵੱਡੇ ਪਰਮਾਣੂ ਬੰਬਾਂ ਦੀ ਵਰਤੋਂ ਨਾਲ ਧਰਤੀ ਦੇ ਸੀਨੇ ਨੂੰ ਛਲਣੀ-ਛਲਣੀ ਕਰ ਰਿਹਾ ਹੈ।
ਮਨੁੱਖ ਨੇ ਪਰਮਾਣੂ ਬੰਬਾਂ ਨਾਲ ਉਸ ਧਰਤੀ ਨੂੰ ਹੀਰੋਸ਼ਿਮਾ ਅਤੇ ਨਾਗਾਸਾਕੀ (ਜਾਪਾਨ) ਬਣਾ ਦਿੱਤਾ। ਅੱਜ ਤਕ ਮਾਨਵ ਜਾਪਾਨ ਦੀ ਉਸ ਤ੍ਰਾਸਦੀ ਨੂੰ ਝੱਲ ਰਿਹਾ ਹੈ ਜਿਸ ਤਰ੍ਹਾਂ ਦੀ ਪੇਜਰ ਤਕਨੀਕ ਇਜ਼ਰਾਈਲ ਨੇ ਲਿਬਨਾਨ ’ਤੇ ਅਪਣਾਈ, ਉਸ ਨੇ ਅੱਜ ਮੁੜ ਜਾਪਾਨ ਤ੍ਰਾਸਦੀ ਦੇ ਜ਼ਖਮਾਂ ਨੂੰ ਹਰਾ ਕਰ ਦਿੱਤਾ।
ਲਿਬਨਾਨ ਅਤੇ ਫਲਸਤੀਨ ਦੀ ਗਾਜ਼ਾ ਪੱਟੀ ਦਾ ਮਾਨਵ ਚੀਕ ਉੱਿਠਆ ਪਰ ਨਾ ਹਿਜ਼ਬੁੱਲਾ ਦੇ ਅੱਤਵਾਦੀ ਅਤੇ ਨਾ ਹਮਾਸ ਦੇ ਅੱਤਵਾਦੀ ਗਿਰੋਹਾਂ ਨੂੰ ਸ਼ਰਮ ਆਈ। ਇਜ਼ਰਾਈਲ ਨੂੰ ਵੀ ਜੰਗ ਦੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਦੋਵੇਂ ਜੰਗ ’ਚ ਉਲਝੇ ਦੇਸ਼ ਸੁਣ ਲੈਣ, ‘ਜੰਗ ਪੂਰਬ ’ਚ ਹੋਵੇ ਜਾਂ ਪੱਛਮ ’ਚ, ਕੁੱਖ ਧਰਤੀ ਮਾਂ ਦੀ ਹੀ ਸੁੰਨੀ ਹੁੰਦੀ ਹੈ। ਰੂਸ ਅਤੇ ਯੂਕ੍ਰੇਨ ਦੀ ਜੰਗ ’ਚ ਸ਼ਹਿਰਾਂ ਦੇ ਸ਼ਹਿਰ ਤਬਾਹ ਹੋ ਰਹੇ ਹਨ, ਮਾਵਾਂ ਦੇ ਲਾਲ ਦੋਵੀਂ ਪਾਸੀਂ ਸ਼ਹੀਦ ਹੋ ਰਹੇ ਹਨ, ਜਿਸ ’ਤੇ ਧਰਤੀ ਦੀ ਕੁਰਲਾਹਟ ਸਾਰੀ ਦੁਨੀਆ ਸੁਣ ਰਹੀ ਹੈ। ਨਾਰੀ ਜਾਤੀ ਵਿਧਵਾ ਹੋ ਰਹੀ ਹੈ। ਰੂਸ ਅਤੇ ਯੂਕ੍ਰੇਨ ਦੀਆਂ ਮਿਜ਼ਾਈਲਾਂ ਅੱਗ ਬਰਸਾ ਰਹੀਆਂ ਹਨ। ਦੋਵਾਂ ਧਿਰਾਂ ਦੀ ਧਰਤੀ ਖੰਡਰ ਬਣ ਰਹੀ ਹੈ। ਧਮਾਕਿਆਂ ਦੇ ਧੂੰਏਂ ਅਤੇ ਆਵਾਜ਼ਾਂ ਦੇ ਹੇਠਾਂ ਸਾਰੀ ਧਰਤੀ ਕੰਬ ਰਹੀ ਹੈ ਅਤੇ ਮਾਨਵਤਾ ਕਰਾਹ ਰਹੀ ਹੈ।
ਮਾਨਵ ਖੁਦ ਆਪਣੀ ਕਬਰ ਪੁੱਟ ਰਿਹਾ ਹੈ। ਉਸ ਨੇ ਪਹਾੜਾਂ ਨੂੰ ਆਪਣੇ ਸਵਾਰਥ ਲਈ ਪੱਧਰਾ ਕਰ ਦਿੱਤਾ ਅਤੇ ਉਨ੍ਹਾਂ ਸਥਾਨਾਂ ’ਤੇ ਆਧੁਨਿਕ ਬਸਤੀਆਂ ਬਣਾ ਦਿੱਤੀਆਂ। ਪਹਾੜਾਂ ਨੂੰ ਪੱਧਰੇ ਕਰ ਕੇ ਪੌਣ-ਪਾਣੀ ਦੇ ਸਰੂਪ ਨੂੰ ਹੀ ਬਦਲ ਦਿੱਤਾ। ਨਦੀਆਂ ਨੂੰ ਗੰਦੇ ਨਾਲਿਆਂ ਦਾ ਰੂਪ ਦਿੱਤਾ। ਆਪਣੀ ਸਾਰੀ ਗੰਦਗੀ ਨੂੰ ਮਨੁੱਖ ਨੇ ਨਦੀਆਂ ’ਚ ਸੁੱਟ ਦਿੱਤਾ। ਗੰਗਾ, ਯਮੁਨਾ, ਸਰਸਵਤੀ, ਰਾਵੀ, ਬਿਆਸ, ਚਿਨਾਬ, ਜੇਹਲਮ, ਕ੍ਰਿਸ਼ਨਾ, ਕਾਵੇਰੀ, ਗੋਦਾਵਰੀ, ਨਰਮਦਾ ਵਰਗੀਆਂ ਪਵਿੱਤਰ ਨਦੀਆਂ ਨੂੰ ਮਾਨਵ ਨੇ ਜਾਣ-ਬੁੱਝ ਕੇ ਅਪਵਿੱਤਰ ਕਰ ਦਿੱਤਾ। ਇਨ੍ਹਾਂ ਨਦੀਆਂ ਦੇ ਜਲ ਨੂੰ ਪਵਿੱਤਰ ਸਮਝ ਕੇ ਪੀਤਾ ਜਾਂਦਾ ਸੀ। ਅੱਜ ਇਨ੍ਹਾਂ ਨਦੀਆਂ ਦਾ ਜਲ ਜ਼ਹਿਰੀਲਾ ਹੋ ਗਿਆ।
ਮਹਾਨਗਰਾਂ ਦੇ ਸੀਵਰੇਜ ਇਨ੍ਹਾਂ ਨਦੀਆਂ ’ਚ ਸੁੱਟ ਦਿੱਤੇ। ਵੱਡੇ-ਵੱਡੇ ਕਾਰਖਾਨੇ ਇਨ੍ਹਾਂ ਨਦੀਆਂ ਦੇ ਮੁਹਾਣਿਆਂ ’ਤੇ ਬਣ ਗਏ। ਇਨ੍ਹਾਂ ਦਾ ਕੂੜਾ-ਕਰਕਟ, ਇਨ੍ਹਾਂ ਦੀਆਂ ਜ਼ਹਿਰਲੀਆਂ ਗੈਸਾਂ ਇਨ੍ਹਾਂ ਨਦੀਆਂ ’ਚ ਸੁੱਟ ਦਿੱਤੀਆਂ। ਵੱਡੇ-ਵੱਡੇ ਬੁਲਡੋਜ਼ਰਾਂ ਨੇ ਧਰਤੀ ਦੇ ਕੁਦਰਤੀ ਸੁਹੱਪਣ ਨੂੰ ਵਿਗਾੜ ਦਿੱਤਾ। ਰੁੱਖ ਜੋ ਧਰਤੀ ਮਾਂ ਨੂੰ ਛਾਂ ਦਿੰਦੇ ਸਨ, ਖਣਿਜ ਪਦਾਰਥਾਂ ਦੇ ਮੋਹ ਨੇ ਧਰਤੀ ਦਾ ਸ਼ੋਸ਼ਣ ਕਰ ਦਿੱਤਾ।
ਦੋਸਤੋ, ਪ੍ਰਦੂਸ਼ਣ ਦਾ ਅਰਥ ਹੈ ‘ਦੋਸ਼’ ਅਤੇ ਵਾਤਾਵਰਣ ਦਾ ਅਰਥ ਹੈ ਸਾਡਾ ਚੌਗਿਰਦਾ, ਸਾਡਾ ਆਂਢ-ਗੁਆਂਢ। ਸਾਰੇ ਵਾਤਾਵਰਣ ’ਚ ਹੁਣ ਦੋਸ਼ ਹੀ ਦੋਸ਼ ਹਨ। ਦੋਸ਼ ਵੀ ਇਸ ਵਾਤਾਵਰਣ ’ਚ ਇੰਝ ਸਮਾ ਗਏ ਹਨ ਕਿ ਇਨ੍ਹਾਂ ਦੋਸ਼ਾਂ ਨੂੰ ਸੁਧਾਰਨਾ ਹੁਣ ਅਸੰਭਵ ਹੈ। ਮੈਂ ਆਪਣੇ ਸ਼ਹਿਰ ਪਠਾਨਕੋਟ ਦੀ ਗੱਲ ਕਰਦਾ ਹਾਂ। ਇਸ ਸ਼ਹਿਰ ਦੇ ਦੋਵੇਂ ਪਾਸੇ ਨਦੀਆਂ ਸਨ। ਇਕ ਪਾਸੇ 24 ਘੰਟੇ 12 ਮਹੀਨੇ ਪਵਿੱਤਰ ਜਲ ਵਗਦਾ ਸੀ। ਅਸੀਂ ਇਸ ’ਚ ਨਹਾਉਂਦੇ ਅਤੇ ਸ਼ਹਿਰ ਦੇ ਲੋਕ ਇਸ ਖੱਡ ਨਦੀ ’ਤੇ ਕੱਪੜੇ ਧੋਂਦੇ। ਅੱਜ ਇਹ ਖੱਡ ਨਦੀ ਚਿੱਕੜ ਨਾਲ ਭਰੀ ਹੋਈ ਅਤੇ ਬਦਬੂ ਮਾਰ ਰਹੀ ਹੈ। ਸ਼ਹਿਰ ਦੀ ਦੱਖਣੀ ਦਿਸ਼ਾ ’ਚ ਚੱਕੀ (ਚੱਕਰਾਵਰਤੀ) ਨਦੀ ਵਗਦੀ ਹੈ ਜਿਸ ਨਦੀ ’ਚੋਂ ਪਠਾਨਕੋਟ ਇਲਾਕੇ ਲਈ 32 ਕੂਲਾਂ ਨਿੱਕਲਦੀਆਂ ਸਨ। ਸ਼ਹਿਰ ਛੋਟਾ ਸੀ। ਲੋਕ ਇਨ੍ਹਾਂ ਕੂਲਾਂ ’ਚ ਛਾਲਾਂ ਮਾਰ-ਮਾਰ ਕੇ ਨਹਾਉਂਦੇ ਸਨ।
ਗੰਗਾ ਵਰਗੀ ਪਵਿੱਤਰ ਨਦੀ ਦੇ ਜਲ ਨੂੰ ਮਰਦੇ ਮਨੁੱਖ ਦੇ ਮੂੰਹ ’ਚ ਅੰਮ੍ਰਿਤ ਸਮਝ ਕੇ ਪਾਇਆ ਜਾਂਦਾ ਸੀ। ਅੱਜ ਇਕ ਸਰਕਾਰੀ ਰਿਪੋਰਟ ਅਨੁਸਾਰ ਗੰਗਾ ਦਾ ਪਾਣੀ ਸਭ ਤੋਂ ਵੱਧ ਦੂਸ਼ਿਤ ਹੈ। ਇਸ ’ਚ ਮੁਰਦਾ ਲਾਸ਼ਾਂ ਅਤੇ ਮਰੇ ਜਾਨਵਰਾਂ ਨੂੰ ਵਹਾਅ ਦਿੱਤਾ ਜਾਂਦਾ ਹੈ। ਗੋਮਤੀ ਨਦੀ ’ਚ ਮੈਂ ਨਹਾਉਣ ਨੂੰ ਪੈਰ ਪਾਇਆ ਹੀ ਸੀ ਕਿ ਚਿੱਕੜ ’ਚ ਧੱਸ ਗਿਆ। ਗੱਲ ਲਖਨਊ ’ਚ ਵਗਦੀ ਗੋਮਤੀ ਦੀ ਹੈ। ਦਿੱਲੀ ਜੋ ਦੇਸ਼ ਦੀ ਰਾਜਧਾਨੀ ਹੈ, ’ਚ ਯਮੁਨਾ ਸਭ ਤੋਂ ਗੰਦੀ ਅਤੇ ਬੋਅ ਮਾਰਦੀ ਨਦੀ ਹੈ। ਸਰਯੂ ਨਦੀ ਜੋ ਕਦੀ ਅਯੁੱਧਿਆ ਨਗਰੀ ਦੀ ਪਾਵਨ ਸ਼ੋਭਾ ਸੀ , ਦਾ ਵੀ ਪ੍ਰਦੂਸ਼ਣ ਨੇ ਰੂਪ ਬਦਲ ਦਿੱਤਾ। ਬਾਕੀ ਨਦੀਆਂ ਵੀ ਆਪਣੀ ਬਦਹਾਲੀ ’ਤੇ ਰੋ ਰਹੀਆਂ ਹਨ।
ਦੋਸਤੋ, ਵਾਹਨਾਂ ਦੀ ਵਧਦੀ ਗਿਣਤੀ, ਉਨ੍ਹਾਂ ’ਚੋਂ ਨਿਕਲਣ ਵਾਲੇ ਧੂੰਏਂ ਅਤੇ ਹਾਰਨਾਂ ਦੀਆਂ ਕੰਨ ਪਾੜਵੀਆਂ ਆਵਾਜ਼ਾਂ ਨੇ ਮਨੁੱਖ ਨੂੰ ਬੋਲ਼ਾ ਬਣਾ ਦਿੱਤਾ ਹੈ। ਏਅਰ ਕੰਡੀਸ਼ਨ, ਜੈਨਰੇਟਰ, ਫੈਕਟਰੀਆਂ ਦੇ ਧੂੰਏਂ ਨੇ ਸਾਡੇ ਵਾਤਾਵਰਣ ਨੂੰ ਅੱਗ ਲਾ ਦਿੱਤੀ ਹੈ? ਵੱਡੀਆਂ-ਵੱਡੀਆਂ ਇਮਾਰਤਾਂ ਦੇ ਹੇਠਾਂ ਨਾ ਧੁੱਪ, ਨਾ ਰੋਸ਼ਨੀ, ਨਾ ਹਵਾ, ਨਾ ਖੁੱਲ੍ਹਾ ਅਸਮਾਨ ਨਜ਼ਰ ਆਉਂਦਾ ਹੈ। ਭਾਰਤ ’ਚ ਨਦੀਆਂ ਦੇ ਜਲ ਦੀ ਤੁਲਨਾ ਅੰਮ੍ਰਿਤ ਨਾਲ ਕੀਤੀ ਜਾਂਦੀ ਸੀ ਪਰ ਅੱਜ ਨਦੀਆਂ ਦਾ ਜਲ ਇੰਨਾ ਪ੍ਰਦੂਸ਼ਿਤ ਹੋ ਚੁੱਕਾ ਹੈ ਕਿ ਜਿਹੜਾ ਵੀ ਉਸ ਨੂੰ ਪੀਏਗਾ ਉਹ ਮਰੇਗਾ। ਗੰਦਾ ਜਲ ਧਰਤੀ ’ਤੇ ਉੇੱਗਣ ਵਾਲੀਆਂ ਫਸਲਾਂ ਨੂੰ ਵੀ ਜ਼ਹਿਰੀਲਾ ਬਣਾ ਦਿੰਦਾ ਹੈ। ਪੰਜਾਬ ’ਚ ਮਾਲਵਾ ਇਲਾਕੇ ਦੀ ਧਰਤੀ ਕਸੈਲੀ ਹੋ ਚੁੱਕੀ ਹੈ, ਟੈਲੀਵਿਜ਼ਨ, ਡੀ. ਜੇ., ਚਲਦੀਆਂ ਮਸ਼ੀਨਾਂ ਦਾ ਰੌਲਾ ਮਨੁੱਖ ਨੂੰ ਅੰਨ੍ਹਾ ਅਤੇ ਬੋਲਾ ਬਣਾ ਰਹੇ ਹਨ। ਮੋਬਾਈਲ ਦੀ ਆਦਤ ਤਾਂ ਬੱਚਿਆਂ ਨੂੰ ਬੋਲਾ ਅਤੇ ਐਨਕਾਂ ਲਾਉਣ ਲਈ ਮਜਬੂਰ ਕਰ ਰਹੀ ਹੈ। ਪ੍ਰਦੂਸ਼ਣ ਨੇ ਮਨੁੱਖ ਕੋਲੋਂ ਸਿਰਜਣਾ, ਸੰਵੇਦਨਸ਼ੀਲਤਾ, ਗਿਆਨ, ਚਿੰਤਨ ਅਤੇ ਮੈਡੀਟੇਸ਼ਨ ਸਭ ਕੁਝ ਖੋਹ ਲਏ ਹਨ।
ਇਸ ਲਈ ਰੁੱਖ ਕੱਟਣੇ ਹਨ ਤਾਂ ਲਾਓ ਵੀ ਜ਼ਰੂਰ। ਉਨ੍ਹਾਂ ਪੌਦਿਆਂ ਦੀ ਤਿੰਨ ਸਾਲ ਰੱਖਿਆ ਵੀ ਕਰੋ। ਜੇ ਦੁਨੀਆ ਨੂੰ ‘ਗਲੋਬਲ ਵਾਰਮਿੰਗ’ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਤਤਕਾਲ ਰੁੱਖ ਲਾਓ, ਉਨ੍ਹਾਂ ਨੂੰ ਬਚਾਓ। ਵਣ ਮਹਾਉਤਸਵ ਰਸਮ ਬਣ ਕੇ ਨਾ ਰਹਿ ਜਾਵੇ। ਵੱਡੇ-ਵੱਡੇ ਵਿਕਸਤ ਦੇਸ਼ , ਵਿਸ਼ਵ ਦੇ ਧਨਾਢ ਲੋਕ ਆਪਣਾ ਪੈਸਾ ਵਾਤਾਵਰਣ ਨੂੰ ਸ਼ੁੱਧ ਬਣਾਉਣ ਲਈ ਵੀ ਖਰਚ ਕਰਨ।
ਮਾ. ਮੋਹਨ ਲਾਲ (ਸਾਬਕਾ ਟ੍ਰਰਾਂਸਪੋਰਟ ਮੰਤਰੀ, ਪੰਜਾਬ)