ਮੋਦੀ ਬਨਾਮ ਖੜਗੇ : ਤਾਕਤ ਤੇ ਕਮਜ਼ੋਰੀਆਂ

Sunday, Dec 24, 2023 - 06:51 PM (IST)

ਮੋਦੀ ਬਨਾਮ ਖੜਗੇ : ਤਾਕਤ ਤੇ ਕਮਜ਼ੋਰੀਆਂ

ਹਾਲੀਆ ‘ਇੰਡੀਆ’ ਗੱਠਜੋੜ ਦੀ ਮੀਟਿੰਗ ਦੀਆਂ ਸਭ ਤੋਂ ਵੱਡੀਆਂ ਗੱਲਾਂ ’ਚੋਂ ਇਕ ਮਮਤਾ ਬੈਨਰਜੀ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਊਧਵ ਠਾਕਰੇ ਦੀ ਮਿਲੀਭੁਗਤ ਨਾਲ 2024 ’ਚ ਪ੍ਰਧਾਨ ਮੰਤਰੀ ਅਹੁਦੇ ਦੇ ਚਿਹਰੇ ਵਜੋਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਨਾਂ ਅੱਗੇ ਵਧਾਉਣਾ ਹੈ, ਜਿਸ ਕਾਰਨ ਗੱਠਜੋੜ ਸਹਿਯੋਗੀਆਂ ਦਰਮਿਆਨ ਮਤਭੇਦ ਸਨ ਪਰ ਖੜਗੇ ਨੇ ਸਥਿਤੀ ਨੂੰ ਸੰਭਾਲ ਲਿਆ ਕਿਉਂਕਿ ਉਨ੍ਹਾਂ ਨੇ ਚੋਣਾਂ ’ਚ ਵਧੇਰੇ ਸੀਟਾਂ ਜਿੱਤਣ ਨੂੰ ਸਰਵਉੱਚ ਪਹਿਲ ਦਿੱਤੀ ਅਤੇ ਬਾਕੀ ਲੋਕ ਵੀ ਇਸ ਦਾ ਅਨੁਸਰਨ ਕਰ ਸਕਦੇ ਹਨ।

ਸਿਆਸੀ ਆਬਜ਼ਰਵਰਾਂ ਦਾ ਮੰਨਣਾ ਹੈ ਕਿ ਮਮਤਾ ਬੈਨਰਜੀ ਦੀ ਸਿਆਸੀ ‘ਗੁਗਲੀ’ ਉਨ੍ਹਾਂ ਦੀ ਸੋਚੀ ਸਮਝੀ ਰਣਨੀਤੀ ਦਾ ਨਤੀਜਾ ਹੋ ਸਕਦਾ ਹੈ ਜੋ ਦੋਹਰੇ ਮਕਸਦਾਂ ਦੀ ਪੂਰਤੀ ਕਰ ਸਕਦਾ ਹੈ। ਸਭ ਤੋਂ ਪਹਿਲਾਂ, ਇਸ ਦਾ ਮਕਸਦ ਨਿਤੀਸ਼ ਕੁਮਾਰ ਨੂੰ ਦੂਰ ਰੱਖਣਾ ਹੋ ਸਕਦਾ ਹੈ। ਹਾਲਾਂਕਿ ਇਹ ਬਿਹਾਰ ’ਚ ਕਾਂਗਰਸ ਨੂੰ ਜਦ (ਯੂ) ਅਤੇ ਰਾਜਦ ਨਾਲ ਟਕਰਾਅ ’ਚ ਲਿਆ ਸਕਦਾ ਹੈ। ਹਾਲਾਂਕਿ ਸੂਤਰਾਂ ਅਨੁਸਾਰ ਰਾਹੁਲ ਗਾਂਧੀ ਨਿਤੀਸ਼ ਕੁਮਾਰ ਨੂੰ ਪੀ. ਐੱਮ. ਅਹੁਦੇ ਦਾ ਚਿਹਰਾ ਬਣਨ ਦਾ ਭਰੋਸਾ ਦਿਵਾ ਰਹੇ ਹਨ।

ਇਹ ਗੱਲ ਕਾਂਗਰਸ ਨੂੰ ਸ਼ਰਮਨਾਕ ਸਥਿਤੀ ’ਚ ਵੀ ਪਾ ਸਕਦੀ ਸੀ ਪਰ ਖੜਗੇ ਨੇ ਲਾਲਚ ਸਵੀਕਾਰ ਕਰਨ ਤੋਂ ਸਾਫ ਨਾਂਹ ਕਰ ਦਿੱਤੀ ਅਤੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਸਰਵਉੱਚ ਪਹਿਲ ਭਾਜਪਾ ਨੂੰ ਹਰਾਉਣ ਦੇ ਇਕ ਸੂਤਰੀ ਪ੍ਰੋਗਰਾਮ ’ਤੇ ਧਿਆਨ ਕੇਂਦ੍ਰਿਤ ਕਰਨ ਨਾਲ ਸਬੰਧਤ ਹੈ।

ਉਨ੍ਹਾਂ ਨੇ ਪ੍ਰਧਾਨ ਮੰਤਰੀ ਦਾ ਚਿਹਰਾ ਤੈਅ ਕਰਨ ਦੀ ਚਾਲ ਨੂੰ ਮਹੱਤਵ ਨਹੀਂ ਦਿੱਤਾ ਕਿਉਂਕਿ ਇਹ ਉਦੋਂ ਹਕੀਕਤ ਬਣੇਗਾ ਜਦੋਂ ‘ਇੰਡੀਆ’ ਗੱਠਜੋੜ ਚੋਣਾਂ ’ਚ ਬਹੁਮਤ ਹਾਸਲ ਕਰੇਗਾ, ਨਹੀਂ ਤਾਂ ਇਹ ਗੱਲ ਮ੍ਰਿਗਤ੍ਰਿਸ਼ਨਾ ਹੀ ਬਣੀ ਰਹੇਗੀ।

‘ਇੰਡੀਆ’ ਗੱਠਜੋੜ ਦੇ ਸਾਹਮਣੇ ਪ੍ਰਮੁੱਖ ਚੁਣੌਤੀਆਂ

ਮਾਹਿਰਾਂ ਦਾ ਕਹਿਣਾ ਹੈ ਕਿ 2024 ’ਚ ਮੋਦੀ ਦੀ ਤੀਜੀ ਵਾਰ ਸੱਤਾ ’ਚ ਵਾਪਸੀ ਕਾਰਨ ਜਾਂਚ ਏਜੰਸੀਆਂ ਦੀ ਵਿਰੋਧੀ ਪਾਰਟੀਆਂ ’ਤੇ ਸਖਤ ਕਾਰਵਾਈ ਹੋ ਸਕਦੀ ਹੈ ਜਿਸ ਨਾਲ ਕਈ ਆਗੂਆਂ ਨੂੰ ਜੇਲ ਜਾਣਾ ਪੈ ਸਕਦਾ ਹੈ। ਮਮਤਾ ਤੇ ਕੇਜਰੀਵਾਲ ਦੀ ਕਾਂਗਰਸ-ਵਿਰੋਧੀ ਅਵੱਗਿਆ ਨੂੰ ਸੀਟਾਂ ਦੇ ਸਮਾਯੋਜਨ ’ਚ ਸਭ ਤੋਂ ਵੱਡਾ ਅੜਿੱਕਾ ਮੰਨਿਆ ਜਾ ਰਿਹਾ ਸੀ ਪਰ ‘ਮਨ ਬਦਲਣਾ’ 2024 ’ਚ ਭਾਜਪਾ ਨੂੰ ਸੱਤਾ ’ਚੋਂ ਬਾਹਰ ਕਰਨ ਦੀ ਇਕ ਵੱਡੀ ਯੋਜਨਾ ’ਤੇ ਕੰਮ ਕਰਨ ਦਾ ਪ੍ਰਤੀਫਲ ਪ੍ਰਤੀਤ ਹੁੰਦਾ ਹੈ।

ਭਵਿੱਖ ਦੀ ਰਣਨੀਤੀ, ਘੱਟੋ-ਘੱਟ ਸਾਂਝਾ ਪ੍ਰੋਗਰਾਮ ਅਤੇ ਐਲਾਨਪੱਤਰ ਨੂੰ ਅੰਤਿਮ ਰੂਪ ਦੇਣ ਲਈ ਇਕ ਲੁਕੇ ਹੋਏ ਅਾਸ਼ੀਰਵਾਦ ਵਜੋਂ ਵੀ ਕਾਂਗਰਸ ਕੰਮ ਕਰ ਸਕਦੀ ਹੈ ਕਿਉਂਕਿ ਸਭ ਤੋਂ ਪੁਰਾਣੀ ਪਾਰਟੀ ਹੁਣ ਅੰਤਿਮ ਕਿਨਾਰੇ ’ਤੇ ਹੈ, ਇਸ ਲਈ ਜਿੱਥੇ ਵੀ ਜ਼ਰੂਰੀ ਹੋਵੇ ਬਲਿਦਾਨ ਦੇਣ ’ਚ ਲਚਕੀਲਾਪਨ ਦਿਖਾਈ ਦੇਵੇਗਾ।

‘ਇੰਡੀਆ’ ਗੱਠਜੋੜ ਦੇ ਧੜੇ ਦੇ ਆਗੂਆਂ ਦਾ ਮੰਨਣਾ ਹੈ ਕਿ ਸੀਟਾਂ ਦੀ ਵੰਡ ਗਣਿਤ ਦੇ ਤੱਤ ਨੂੰ ਸ਼ਾਮਲ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੀ ਹੈ ਕਿਉਂਕਿ ਵੋਟਰ ਦੀ ਸਾਂਝੀ ਤਾਕਤ ਵੋਟਾਂ ਦੀ ਵੰਡ ਨੂੰ ਰੋਕਣ ’ਚ ਉਪਯੋਗੀ ਸਾਬਤ ਹੋ ਸਕਦੀ ਹੈ ਜੋ ਗੱਠਜੋੜ ਨੂੰ ਅੰਤਿਮ ਟੀਚਾ ਹਾਸਲ ਕਰਨ ’ਚ ਮਦਦ ਕਰ ਸਕਦੀ ਹੈ।

ਮਾਹਿਰਾਂ ਦਾ ਮੰਨਣਾ ਹੈ ਕਿ ਪ੍ਰਧਾਨ ਮੰਤਰੀ ਅਹੁਦੇ ਲਈ ਮਲਿਕਾਰਜੁਨ ਖੜਗੇ ਦਾ ਨਾਂ ਪ੍ਰਸਤਾਵਿਤ ਕਰਦੇ ਸਮੇਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਨੇ ਸਭ ਤੋਂ ਵੱਡੇ ਦਲਿਤ ਆਗੂ ਦਾ ਨਾਂ ਅੱਗੇ ਵਧਾਇਆ ਹੈ ਜੋ 2024 ’ਚ ਮੋਦੀ ਨੂੰ ਚੁਣੌਤੀ ਦੇਣ ਦੀ ਸਮਰੱਥਾ ਰੱਖਦੇ ਹਨ। ਦੂਜਾ, ਵਧੇਰੇ ਖੇਤਰੀ ਆਗੂ ਮਮਤਾ, ਕੇਜਰੀਵਾਲ ਅਤੇ ਊਧਵ ਠਾਕਰੇ ਦੇ ਪ੍ਰਸਤਾਵ ਨਾਲ ਸਹਿਮਤ ਹੋ ਸਕਦੇ ਹਨ ਕਿਉਂਕਿ ਖੜਗੇ ਸਭ ਤੋਂ ਪ੍ਰਵਾਨਿਤ ਅਤੇ ਤਜਰਬੇਕਾਰ ਆਗੂ ਹਨ ਜੋ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਦੇ ਹਨ।

ਤੀਜਾ, ਇਹ ਪੂਰੇ ਦੇਸ਼ ’ਚ ਦਲਿਤਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਪੀ. ਐੱਮ. ਬਣਨ ਦਾ ਇਕ ਦੁਰਲੱਭ ਮੌਕਾ ਮਿਲ ਸਕਦਾ ਹੈ। ਸਵ. ਇੰਦਰਾ ਗਾਂਧੀ ਦੀ ਚੋਟੀ ਦੀ ਸਥਿਤੀ ਕਾਰਨ ਸਵ. ਜਗਜੀਵਨ ਰਾਮ ਨੂੰ ਮੌਕਾ ਕਦੀ ਨਹੀਂ ਮਿਲਿਆ।

ਚੌਥੀ ਗੱਲ ਇਹ ਹੈ ਕਿ 84 ਲੋਕ ਸਭਾ ਸੀਟਾਂ ਜਿਨ੍ਹਾਂ ’ਚ ਕਰਨਾਟਕ (ਖੜਗੇ ਦਾ ਗ੍ਰਹਿ ਰਾਜ) ਦੀਆਂ 21, ਉੱਤਰ ਪ੍ਰਦੇਸ਼ ਦੀਆਂ 17, ਕੇਰਲ (18), ਐੱਮ. ਪੀ. (16) ਆਦਿ ਸ਼ਾਮਲ ਹਨ, ਦੇਸ਼ ’ਚ ਐੱਸ. ਸੀ. ਵਰਗ ਲਈ ਰਿਜ਼ਰਵ ਹਨ ਅਤੇ ਦਲਿਤ ਆਗਾਮੀ ਲੋਕ ਸਭਾ ਚੋਣਾਂ ’ਚ ਕਿੰਗ ਮੇਕਰ ਦੀ ਭੂਮਿਕਾ ਅਦਾ ਕਰ ਸਕਦੇ ਹਨ।

ਮਾਹਿਰਾਂ ਦਾ ਮੰਨਣਾ ਹੈ ਕਿ ‘ਇੰਡੀਆ’ ਗੱਠਜੋੜ ’ਚ ਪੀ. ਐੱਮ. ਦੇ ਚਿਹਰੇ ਵਜੋਂ ਖੜਗੇ ਦੇ ਨਾਂ ਨੂੰ ਅੰਤਿਮ ਰੂਪ ਦੇਣ ਬਾਰੇ ਫਿਲਹਾਲ ਕੁਝ ਵੀ ਨਿਸ਼ਚਿਤ ਨਹੀਂ ਹੈ, ਜਿਸ ਨੂੰ ਨਿੱਜੀ ਖਾਹਿਸ਼ਾਂ, ਹੰਕਾਰ ਅਤੇ ਕਾਂਗਰਸ ਪ੍ਰਤੀ ਅਵੱਗਿਆ ਲਈ ਜ਼ਿੰਮੇਵਾਰ ਠਹਿਰਾਇਆ ਜਾ ਸਕਦਾ ਹੈ ਪਰ ਭਗਵਾ ਅਤੇ ਆਰ. ਐੱਸ. ਐੱਸ. ਖੇਮਿਆਂ ’ਚ ਕੁਝ ਚਿੰਤਾ ਹੋ ਸਕਦੀ ਹੈ ਜੋ ਮੁਕਾਬਲੇ ਨੂੰ ਮੋਦੀ ਬਨਾਮ ਰਾਹੁਲ ਗਾਂਧੀ ਬਣਾਉਣਾ ਪਸੰਦ ਕਰਨਗੇ।

ਕਾਰਨ ਸਪੱਸ਼ਟ ਹੈ ਕਿ ਭਾਜਪਾ ‘ਪਰਿਵਾਰਵਾਦ’ ਦੇ ਦੋਸ਼ ’ਚ ਕਾਂਗਰਸ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੀ ਹੈ ਪਰ ਉਹ ਸਮਾਜ ਦੇ ਵਾਂਝੇ ਤਬਕੇ ਤੋਂ ਆਉਣ ਵਾਲੇ ਅਤੇ ਢਾਈ ਦਹਾਕਿਆਂ ’ਚ ਗੈਰ-ਗਾਂਧੀ ਪਰਿਵਾਰ ਤੋਂ ਆਉਣ ਵਾਲੇ ਪਹਿਲੇ ਆਗੂ ਖੜਗੇ ’ਤੇ ਟਿਕੀ ਨਹੀਂ ਰਹੇਗੀ। ਖੜਗੇ ਇਕ ਦਲਿਤ ਹਨ ਅਤੇ ਭਾਜਪਾ ਉਨ੍ਹਾਂ ’ਤੇ ਹਮਲਾ ਕਰਨ ਦਾ ਜੋਖਮ ਨਹੀਂ ਉਠਾ ਸਕਦੀ ਕਿਉਂਕਿ ਇਸ ਨਾਲ ਦੇਸ਼ ’ਚ ਦਲਿਤਾਂ ਦੇ ਪਾਰਟੀ ਤੋਂ ਵੱਖਰੇ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ।

ਖੜਗੇ ਵੱਲੋਂ ਆਪਣੇ ਖਾਤੇ ’ਚ ਲਗਾਤਾਰ 10 ਜਿੱਤਾਂ ਦਰਜ ਕਰਨ ਤੋਂ ਇਲਾਵਾ, ਉਨ੍ਹਾਂ ਨੇ ਕਾਂਗਰਸ ’ਚ ਧੜੇਬਾਜ਼ੀ ਨੂੰ ਪੂਰੀ ਤਰ੍ਹਾਂ ਕੰਟ੍ਰੋਲ ਕਰ ਕੇ ਆਪਣੇ ਪ੍ਰਬੰਧਕੀ ਹੁਨਰ ਅਤੇ ਪ੍ਰਸ਼ਾਸਨਿਕ ਗੁਣਵੱਤਾ ਦਾ ਪ੍ਰਦਰਸ਼ਨ ਕੀਤਾ ਹੈ। ਖੜਗੇ ਗੱਠਜੋੜ ’ਚ ਸਭ ਤੋਂ ਵੱਡੇ ਆਗੂ ਹਨ ਅਤੇ ਇੱਥੋਂ ਤੱਕ ਕਿ ਹਿੱਸੇਦਾਰ ਪਾਰਟੀਆਂ ਵੀ ਮੋਦੀ ਨਾਲ ਮੁਕਾਬਲਾ ਕਰਨ ਲਈ ਉਨ੍ਹਾਂ ਦੇ ਗੁਣਾਂ ਨੂੰ ਪਛਾਣਦੀਆਂ ਹਨ ਪਰ ਕਮਜ਼ੋਰ ਮੋਰਚੇ ’ਤੇ, ਖੜਗੇ ਦੱਖਣੀ ਸੂਬਿਆਂ ’ਚ ਇਕ ਪ੍ਰਸਿੱਧ ਚਿਹਰਾ ਹੋ ਸਕਦੇ ਹਨ ਪਰ ਹਿੰਦੀ ਪੱਟੀ ’ਚ ਉਨ੍ਹਾਂ ਦੀ ਓਨੀ ਪਕੜ ਨਹੀਂ ਹੈ, ਜੋ 2024 ’ਚ ਇਕ ਤਾਕਤ ਬਣਨ ਲਈ ਬਹੁਤ ਜ਼ਰੂਰੀ ਹੈ।

ਹਿਮਾਚਲ ਅਤੇ ਕਰਨਾਟਕ ਦੀ ਹਾਰ ਨੇ ਸੂਬਾਈ ਚੋਣਾਂ ’ਚ ਭਾਜਪਾ ਦੀ ਜਿੱਤ ਯਕੀਨੀ ਬਣਾਉਣ ਦੀ ਮੋਦੀ ਦੀ ਸਮਰੱਥਾ ’ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ ਪਰ ਮੋਦੀ ਨੇ ਪੈਂਡੂਲਮ ਨੂੰ ਆਪਣੇ ਪੱਖ ’ਚ ਝੁਕਾ ਲਿਆ ਹੈ ਕਿਉਂਕਿ ਉਨ੍ਹਾਂ ਨੂੰ ਹਾਲ ਹੀ ’ਚ 3 ਸੂਬਿਆਂ ਦੀਆਂ ਚੋਣਾਂ ’ਚ ਸ਼ਾਨਦਾਰ ਜਿੱਤ ਦਾ ਸਿਹਰਾ ਦਿੱਤਾ ਗਿਆ ਹੈ ਜੋ ਉਨ੍ਹਾਂ ਦੇ ਨਾਂ ’ਤੇ ਭਾਵ ‘ਮੋਦੀ ਦੀ ਗਾਰੰਟੀ’ ’ਤੇ ਲੜੀਆਂ ਗਈਆਂ ਸਨ।

ਮਾਹਿਰਾਂ ਦਾ ਮੰਨਣਾ ਹੈ ਕਿ ਸਿਆਸਤ ਦੀ ਖੇਡ ’ਚ ਕੁਝ ਵੀ ਅਸੰਭਵ ਨਹੀਂ ਹੈ, ਇਸ ਲਈ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ ਯਾਦਵ ਵੱਲੋਂ ਪੈਦਾ ਕੀਤਾ ਗਿਆ ਹੰਗਾਮਾ ਇਕ ਬੁਲਬੁਲੇ ਵਾਂਗ ਖਤਮ ਹੋ ਸਕਦਾ ਹੈ, ਜੋ ਤਦ ਸੰਭਵ ਹੋਵੇਗਾ ਜਦ ਸਾਰੀਆਂ ਖੇਤਰੀ ਪਾਰਟੀਆਂ ਅਤੇ ਕਾਂਗਰਸ ਆਗੂਆਂ ’ਚ ‘ਇੰਡੀਆ’ ਗੱਠਜੋੜ ਨੂੰ ਇਸ ’ਚੋਂ ਬਾਹਰ ਕੱਢਣ ਦੀ ਚੰਗੀ ਸਮਝ ਹੋਵੇ।

ਕੇ. ਐੱਸ. ਤੋਮਰ


author

Rakesh

Content Editor

Related News