ਅਮਰੀਕਾ ’ਚ ਮੋਦੀ ਇਹ ਯਾਦ ਰੱਖਣ
Wednesday, Sep 22, 2021 - 03:30 AM (IST)

......ਡਾ. ਵੇਦਪ੍ਰਤਾਪ ਵੈਦਿਕ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਫੀ ਦਿਨਾਂ ਬਾਅਦ ਇਸ ਹਫਤੇ ਵਿਦੇਸ਼ ਯਾਤਰਾ ਕਰਨ ਵਾਲੇ ਹਨ। ਉਹ ਵਾਸ਼ਿੰਗਟਨ ਅਤੇ ਨਿਊਯਾਰਕ ’ਚ ਕਈ ਮਹੱਤਵਪੂਰਨ ਮੁਲਾਕਾਤਾਂ ਕਰਨ ਵਾਲੇ ਹਨ। ਸਭ ਤੋਂ ਪਹਿਲਾਂ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਪ-ਰਾਸ਼ਟਰਪਤੀ ਕਮਲਾ ਹੈਰਿਸ ਨੂੰ ਅਤੇ ਫਿਰ ਚੌਧੜੇ (ਕਵਾਡ) ਦੇ ਨੇਤਾਵਾਂ ਨਾਲ ਮਿਲਣਗੇ, ਭਾਵ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ਿਹਿਦੇ ਸੂਗਾ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੂੰ ਵੀ ਮਿਲਣਗੇ। ਇਸ ਦੌਰਾਨ ਉਹ ਅਮਰੀਕਾ ਦੀਆਂ ਕਈ ਵੱਡੀਆਂ ਕੰਪਨੀਆਂ ਦੇ ਮਾਲਕਾਂ ਨਾਲ ਵੀ ਮੁਲਾਕਾਤ ਕਰਨਗੇ। ਸੰਯੁਕਤ ਰਾਸ਼ਟਰ ’ਚ ਉਨ੍ਹਾਂ ਦੇ ਭਾਸ਼ਣ ਦੇ ਇਲਾਵਾ ਉਨ੍ਹਾਂ ਦਾ ਸਭ ਤੋਂ ਮਹੱਤਵਪੂਰਨ ਕੰਮ ਹੋਵੇਗਾ ਚੌਧੜੇ ਦੇ ਸੰਮੇਲਨ ’ਚ ਹਿੱਸਾ ਲੈਣਾ। ਇਹ ਚੌਧੜਾ ਬਣਿਆ ਹੈ ਅਮਰੀਕਾ, ਭਾਰਤ, ਜਾਪਾਨ ਅਤੇ ਆਸਟ੍ਰੇਲੀਆ ਨੂੰ ਮਿਲਾ ਕੇ। ਇਸ ਦਾ ਅਣਐਲਾਨਿਆ ਟੀਚਾ ਹੈ ਚੀਨੀ ਪ੍ਰਭਾਵ ਨੂੰ ਏਸ਼ੀਆ ’ਚ ਘਟਾਉਣਾ ਪਰ ਚੀਨ ਨੇ ਇਸ ਦਾ ਨਵਾਂ ਨਾਮਕਰਨ ਕਰ ਦਿੱਤਾ ਹੈ। ਉਹ ਕਹਿੰਦਾ ਹੈ ਕਿ ਇਹ ‘ਏਸ਼ੀਆਈ ਨਾਟੋ’ ਹੈ। ਯੂਰਪੀ ਨਾਟੋ ਬਣਾਇਆ ਗਿਆ ਸੀ, ਸੋਵੀਅਤ ਸੰਘ ਦਾ ਮੁਕਾਬਲਾ ਕਰਨ ਲਈ ਅਤੇ ਇਹ ਬਣਾਇਆ ਗਿਆ ਹੈ ਚੀਨ ਦਾ ਮੁਕਾਬਲਾ ਕਰਨ ਲਈ ਪਰ ਚੀਨ ਮੰਨਦਾ ਹੈ ਕਿ ਇਹ ਸਮੁੰਦਰ ਦੀ ਝੱਗ ਵਾਂਗ ਹਵਾ ’ਚ ਉੱਡ ਜਾਵੇਗਾ।
ਭਾਰਤ ਲਈ ਚਿੰਤਾ ਦਾ ਵਿਸ਼ਾ ਇਹ ਹੈ ਕਿ ਹੁਣੇ ਪਿਛਲੇ ਹਫਤੇ ਹੀ ਅਮਰੀਕਾ ਨੇ ਇਕ ਨਵਾਂ ਸੰਗਠਨ ਖੜ੍ਹਾ ਕਰ ਦਿੱਤਾ ਹੈ। ਉਸ ਦਾ ਨਾਂ ਹੈ ਆਕੁਸ ਭਾਵ ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਅਤੇ ਯੂ. ਐੱਸ.! ਇਸ ’ਚ ਭਾਰਤ ਤੇ ਜਾਪਾਨ ਰਹਿ ਗਏ ਹਨ ਅਤੇ ਬ੍ਰਿਟੇਨ ਜੁੜ ਗਿਆ ਹੈ। ਅਮਰੀਕਾ ਨੇ ਨਵੇਂ ਢੰਗ ਦਾ ਧੜਾ ਕਿਉਂ ਬਣਾਇਆ ਹੈ, ਸਮਝ ’ਚ ਨਹੀਂ ਆਉਂਦਾ। ਹੋ ਸਕਦਾ ਹੈ ਕਿ ਇਹ ਅੰਗਰੇਜ਼ੀ-ਭਾਸ਼ੀ ਐਂਗਲੋ-ਸੈਕਸ਼ਨ ਧੜਾ ਹੈ। ਜੇਕਰ ਅਜਿਹਾ ਹੈ ਤਾਂ ਮੰਨਿਆ ਜਾ ਸਕਦਾ ਹੈ ਕਿ ਹੁਣ ਚੌਧੜੇ ਦਾ ਮਹੱਤਵ ਘਟੇਗਾ ਜਾਂ ਉਸ ਦਾ ਦਰਜਾ ਦੋਏਮ ਹੋ ਜਾਵੇਗਾ। ਇਸ ਨਵੇਂ ਧੜੇ ’ਚ ਅਮਰੀਕਾ ਹੁਣ ਆਸਟ੍ਰੇਲੀਆ ਨੂੰ ਕਈ ਪ੍ਰਮਾਣੂ ਪਣਡੁੱਬੀਆਂ ਦੇਵੇਗਾ, ਕੀ ਉਹ ਭਾਰਤ ਨੂੰ ਵੀ ਦੇਵੇਗਾ? ਪ੍ਰਮਾਣੂ ਪਣਡੁੱਬੀਆਂ ਦਾ ਸੌਦਾ ਪਹਿਲਾਂ ਆਸਟ੍ਰੇਲੀਆ ਨੇ ਫਰਾਂਸ ਨਾਲ ਕੀਤਾ ਹੋਇਆ ਸੀ। ਉਹ ਰੱਦ ਹੋ ਗਿਆ। ਫਰਾਂਸ ਬੌਖਲਾਇਆ ਹੋਇਆ ਹੈ। ਜੇਕਰ ਮੋਦੀ-ਬਾਈਡੇਨ ਮੁਲਾਕਾਤ ਅਤੇ ਚੌਧੜੇ ਦੀ ਬੈਠਕ ’ਚ ਅਫਗਾਨਿਸਤਾਨ, ਪ੍ਰਦੂਸ਼ਣ ਅਤੇ ਕੋਵਿਡ ਵਰਗੇ ਚਲੰਤ ਸਵਾਲਾਂ ’ਤੇ ਵੀ ਉਹੀ ਘਿਸੀਆਂ-ਪਿਟੀਆਂ ਗੱਲਾਂ ਹੁੰਦੀਆਂ ਹਨ, ਜਿਵੇਂ ਕਿ ਸੁਰੱਖਿਆ ਪ੍ਰੀਸ਼ਦ, ਸ਼ੰਘਾਈ ਸਹਿਯੋਗ ਸੰਗਠਨ ਅਤੇ ਬ੍ਰਿਕਸ ਦੀਆਂ ਬੈਠਕਾਂ ’ਚ ਹੋਈਆਂ ਹਨ ਤਾਂ ਭਾਰਤ ਨੂੰ ਕੀ ਲਾਭ ਹੋਣਾ ਹੈ?
ਭਾਰਤ ਅਤੇ ਅਮਰੀਕਾ ਦੇ ਆਪਸੀ ਸਬੰਧਾਂ ’ਚ ਗੂੜ੍ਹਤਾ ਵਧੇ, ਇਹ ਦੋਵਾਂ ਦੇਸ਼ਾਂ ਦੇ ਹਿੱਤ ’ਚ ਹੈ ਪਰ ਅਸੀਂ ਇਹ ਨਾ ਭੁੱਲੀਏ ਕਿ ਪਿਛਲੇ 74 ਸਾਲਾਂ ’ਚ ਭਾਰਤ ਕਿਸੇ ਵੀ ਮਹਾਸ਼ਕਤੀ ਦਾ ਪਿਛਲੱਗੂ ਨਹੀਂ ਬਣਿਆ ਹੈ। ਸੋਵੀਅਤ ਸੰਘ ਦੇ ਨਾਲ ਭਾਰਤ ਦੇ ਸਬੰਧ ਬਹੁਤ ਹੀ ਜ਼ਿਆਦਾ ਗੂੜ੍ਹੇ ਰਹੇ ਪਰ ਠੰਡੀ ਜੰਗ ਦੌਰਾਨ ਭਾਰਤ ਆਪਣੀ ਨਿਰਪੱਖਤਾ ਦੇ ਆਸਣ ’ਤੇ ਟਿਕਿਆ ਰਿਹਾ, ਤਿਲਕਿਆ ਨਹੀਂ। ਹੁਣ ਵੀ ਉਹ ਆਪਣੀ ਗੁੱਟ-ਨਿਰਪੱਖਤਾ ਜਾਂ ਕਿਸੇ ਨਾਲ ਜੁੜਨ ਨੂੰ ਬਰਕਰਾਰ ਰੱਖਣਾ ਚਾਹੁੰਦਾ ਹੈ। ਉਹ ਰੂਸ, ਚੀਨ, ਫਰਾਂਸ ਜਾਂ ਅਫਗਾਨਿਸਤਾਨ ਨਾਲ ਆਪਣੇ ਰਿਸ਼ਤੇ ਅਮਰੀਕਾ ਦੇ ਮਨ ਮੁਤਾਬਕ ਕਿਉਂ ਬਣਾਵੇ? ਮੋਦੀ ਨੂੰ ਆਪਣੀ ਇਸ ਅਮਰੀਕਾ ਯਾਤਰਾ ਦੌਰਾਨ ਭਾਰਤੀ ਵਿਦੇਸ਼ ਨੀਤੀ ਦੇ ਇਸ ਮੂਲ-ਮੰਤਰ ਨੂੰ ਯਾਦ ਰੱਖਣਾ ਹੈ।