ਗਲੇਸ਼ੀਅਰ ਪਿਘਲਣ ਨਾਲ ਵਧ ਰਿਹਾ ਝੀਲਾਂ ਦਾ ‘ਆਕਾਰ’ ਆਮ ਤੋਂ ਵੱਧ ਮੀਂਹ ਦੀ ਸੰਭਾਵਨਾ ਨਾਲ ‘ਹੜ੍ਹ’ ਦਾ ਖਤਰਾ

Wednesday, May 29, 2024 - 03:54 AM (IST)

ਗਲੇਸ਼ੀਅਰ ਪਿਘਲਣ ਨਾਲ ਵਧ ਰਿਹਾ ਝੀਲਾਂ ਦਾ ‘ਆਕਾਰ’ ਆਮ ਤੋਂ ਵੱਧ ਮੀਂਹ ਦੀ ਸੰਭਾਵਨਾ ਨਾਲ ‘ਹੜ੍ਹ’ ਦਾ ਖਤਰਾ

ਇਨ੍ਹੀਂ ਦਿਨੀਂ ਜਿੱਥੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ’ਚ ਭਾਰੀ ਗਰਮੀ ਪੈ ਰਹੀ ਹੈ ਅਤੇ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ, ਉੱਥੇ ਹੀ ਦੱਖਣ ਅਤੇ ਉੱਤਰ-ਪੂਰਬ ਭਾਰਤ ’ਚ ਮੌਸਮ ਤੋਂ ਪਹਿਲਾਂ ਦੇ ਮੀਂਹ ਨੇ ਜਲ-ਥਲ ਦੀ ਸਥਿਤੀ ਪੈਦਾ ਕਰ ਦਿੱਤੀ ਹੈ।

ਮਿਜ਼ੋਰਮ ਦੇ ਆਈਜ਼ੋਲ ਜ਼ਿਲ੍ਹੇ ’ਚ 28 ਮਈ ਨੂੰ ਮੀਂਹ ਦੌਰਾਨ ਪੱਥਰ ਦੀ ਖਦਾਨ ਢਹਿਣ ਨਾਲ 17 ਲੋਕਾਂ ਦੀ ਮੌਤ ਹੋ ਗਈ ਅਤੇ 150 ਦੇ ਲਗਭਗ ਕਬਰਾਂ ਵੀ ਨੁਕਸਾਨੀਆਂ ਗਈਆਂ ਹਨ। ਅਸਾਮ ’ਚ ਵੀ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਦੇ ਸਿੱਟੇ ਵਜੋਂ 2 ਲੋਕਾਂ ਦੀ ਮੌਤ ਅਤੇ 17 ਜ਼ਖਮੀ ਹੋ ਗਏ। ਉੱਥੇ ਕਈ ਇਲਾਕਿਆਂ ’ਚ ਖੇਤ ਪਾਣੀ ’ਚ ਡੁੱਬ ਗਏ ਹਨ।

ਕੇਰਲ ਦੇ ਕਈ ਹਿੱਸਿਆਂ ’ਚ ਲਗਾਤਾਰ ਤੇਜ਼ ਮੀਂਹ ਅਤੇ ਹਨੇਰੀ-ਤੂਫਾਨ ਨੇ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ ਅਤੇ 2 ਜ਼ਿਲਿਆਂ ’ਚ ਰੈੱਡ ਅਲਰਟ ਐਲਾਨ ਦਿੱਤਾ ਗਿਆ ਹੈ। ਕੋਚੀ ਦੇ ਕਈ ਇਲਾਕੇ ਪਾਣੀ ’ਚ ਡੁੱਬ ਗਏ ਹਨ।

ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ‘ਮ੍ਰਿਤੂਅੰਜੇ ਮੋਹਪਾਤਰਾ’ ਮੁਤਾਬਕ ਇਸ ਇਲਾਕੇ ’ਚ 26 ਮਈ ਤੋਂ ਮਾਨਸੂਨ ਦਾ ਸਫਰ ਸ਼ੁਰੂ ਹੋ ਗਿਆ ਹੈ। ਦੱਖਣ-ਪੱਛਮੀ ਮਾਨਸੂਨ ਮਾਲਦੀਵ ਦੇ ਕੁਝ ਹਿੱਸਿਆਂ, ਬੰਗਾਲ ਦੀ ਖਾੜੀ ਦੇ ਦੱਖਣ, ਨਿਕੋਬਾਰ ਅਤੇ ਦੱਖਣੀ ਅੰਡੇਮਾਨ ਸਾਗਰ ’ਚ ਅੱਗੇ ਵਧ ਚੁੱਕਾ ਹੈ ਅਤੇ ਇਸ ਦੇ 3-4 ਦਿਨਾਂ ’ਚ ਕੇਰਲ ਅਤੇ ਪੂਰਬ-ਉੱਤਰ ਸੂਬਿਆਂ ’ਚ ਪਹੁੰਚਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਅਨੁਸਾਰ ਮਾਨਸੂਨ ਮਹਾਰਾਸ਼ਟਰ ਦੇ ਮੁੰਬਈ ’ਚ 10-11 ਜੂਨ ਨੂੰ, ਮੱਧ ਪ੍ਰਦੇਸ਼ ’ਚ 15 ਜੂਨ ਨੂੰ ਅਤੇ ਉੱਤਰ ਪ੍ਰਦੇਸ਼ ’ਚ 18-20 ਜੂਨ ਦੇ ਦਰਮਿਆਨ ਅਤੇ 25 ਜੂਨ ਤੱਕ ਹਿਮਾਚਲ ਪ੍ਰਦੇਸ਼, ਉੱਤਰਾਖੰਡ-ਕਸ਼ਮੀਰ ਅਤੇ ਦਿੱਲੀ ’ਚ 29 ਜੂਨ ਨੂੰ ਪਹੁੰਚਣ ਪਿੱਛੋਂ 8 ਜੁਲਾਈ ਤੱਕ ਪੂਰੇ ਦੇਸ਼ ਨੂੰ ਕਵਰ ਕਰ ਲਵੇਗਾ।

ਭਾਰਤੀ ਮੌਸਮ ਵਿਭਾਗ ਅਨੁਸਾਰ ਇਸ ਸਾਲ ਦੇਸ਼ ’ਚ 1 ਜੂਨ ਤੋਂ 30 ਸਤੰਬਰ ਤੱਕ ਮਾਨਸੂਨ ਸੀਜ਼ਨ ’ਚ 104-106 ਫੀਸਦੀ ਤੱਕ ਮੀਂਹ ਪੈਣ ਦਾ ਅੰਦਾਜ਼ਾ ਹੈ। ਇਸ ਦੇ ਨਾਲ ਹੀ ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਦੁਨੀਆ ’ਚ ਪੌਣ-ਪਾਣੀ ਤਬਦੀਲੀ ਨਾਲ ਹੜ੍ਹ ਦਾ ਖਤਰਾ ਵੀ ਵਧ ਗਿਆ ਹੈ। ਇਕ ਚਿੰਤਾ ਵਾਲੀ ਗੱਲ ਇਹ ਵੀ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਹੜ੍ਹ ਦਾ ਕਹਿਰ ਝੱਲ ਰਿਹਾ ਹੈ।

ਕੁਦਰਤੀ ਆਫਤਾਂ, ਖਾਸ ਕਰ ਕੇ ਹੜ੍ਹ ਕਾਰਨ ਮੌਤ ਦਰ ਦੇ ਮਾਮਲੇ ’ਚ ਭਾਰਤ ਦੁਨੀਆ ਦੇ ਸਭ ਤੋਂ ਵੱਧ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ਾਂ ’ਚੋਂ ਇਕ ਹੈ। ਸਾਡੇ ਦੇਸ਼ ’ਚ ਹੜ੍ਹ ਦੇ ਨਤੀਜੇ ਵਜੋਂ ਹਰ ਸਾਲ ਔਸਤਨ 2765 ਮੌਤਾਂ ਹੁੰਦੀਆਂ ਹਨ ਅਤੇ ਇਸ ਤੋਂ ਇਲਾਵਾ ਸਭ ਤੋਂ ਵੱਧ ਜਾਇਦਾਦ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਹਾਲ ਹੀ ਦੇ ਇਕ ਅਧਿਐਨ ਅਨੁਸਾਰ ਦੇਸ਼ ’ਚ ਹੜ੍ਹ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਜ਼ਿਲਿਆਂ ’ਚੋਂ 17 ਗੰਗਾ ਬੇਸਿਨ ’ਚ ਅਤੇ 3 ਜ਼ਿਲ੍ਹੇ ਬ੍ਰਹਮਪੁੱਤਰ ਬੇਸਿਨ ’ਚ ਹਨ।

ਇਸੇ ਦਰਮਿਆਨ ਇਕ ਹੋਰ ਰਿਪੋਰਟ ’ਚ ‘ਭਾਰਤੀ ਪੁਲਾੜ ਖੋਜ ਸੰਸਥਾ’ (ਇਸਰੋ) ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਵਧਦੇ ਤਾਪਮਾਨ ਕਾਰਨ ਹਿਮਾਲਿਆ ’ਚ ਬਰਫ ਤੇਜ਼ੀ ਪਿਘਲ ਰਹੀ ਹੈ ਅਤੇ ਗਲੇਸ਼ੀਅਰਾਂ ਤੋਂ ਬਣੀਆਂ ਝੀਲਾਂ ਦੀ ਗਿਣਤੀ ਵਧਣ ਦੇ ਨਾਲ-ਨਾਲ ਇਨ੍ਹਾਂ ਦੇ ਆਕਾਰ ’ਚ ਵੀ ਵਾਧਾ ਹੋ ਰਿਹਾ ਹੈ।

676 ਝੀਲਾਂ ’ਚੋਂ 601 ਝੀਲਾਂ ਦਾ ਆਕਾਰ ਦੁੱਗਣੇ ਤੋਂ ਵੀ ਵੱਧ ਹੋ ਗਿਆ। ਇਨ੍ਹਾਂ ’ਚੋਂ 130 ਝੀਲਾਂ ਭਾਰਤ ’ਚ ਹਨ, ਜਿਨ੍ਹਾਂ ’ਚੋਂ 65 ਸਿੰਧੂ ਨਦੀ ਘਾਟੀ ’ਚ, 7 ਗੰਗਾ ਨਦੀ ਘਾਟੀ ’ਚ ਅਤੇ 58 ਬ੍ਰਹਮਪੁੱਤਰ ਨਦੀ ਘਾਟੀ ’ਚ ਸਥਿਤ ਹਨ। ਇਸੇ ਰਿਪੋਰਟ ਦੇ ਅਨੁਸਾਰ ਭਾਰਤ-ਪਾਕਿਸਤਾਨ ’ਚ ਗਲੇਸ਼ੀਅਰਾਂ ਤੋਂ ਬਣੀਆਂ ਝੀਲਾਂ ’ਚ ਭਿਆਨਕ ਹੜ੍ਹ ਦਾ ਖਤਰਾ ਲਗਾਤਾਰ ਵਧ ਰਿਹਾ ਹੈ। ਜੇ ਇਸੇ ਤਰ੍ਹਾਂ ਇਹ ਪ੍ਰਕਿਰਿਆ ਲਗਾਤਾਰ ਚੱਲਦੀ ਰਹੀ ਤਾਂ ਤਬਾਹਕੁੰਨ ਹੜ੍ਹ ਆਉਣ ’ਚ ਦੇਰ ਨਹੀਂ ਲੱਗੇਗੀ।

ਇਸ ਦਰਮਿਆਨ ਕੇਂਦਰੀ ਜਲ ਕਮਿਸ਼ਨ ਦੀ ਹਫਤਾਵਾਰੀ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹਾਲਾਂਕਿ ਇਸ ਸਾਲ ਪੌਂਗ ਅਤੇ ਰਣਜੀਤ ਸਾਗਰ ਡੈਮਾਂ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਦੀ ਤੁਲਨਾ ’ਚ ਘੱਟ ਹੈ ਪਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਦੀ ਤੁਲਨਾ ’ਚ ਕੁਝ ਵੱਧ ਹੈ। ਇਸ ਦਾ ਕਾਰਨ ਨਦੀਆਂ ’ਚ ਪਾਣੀ ਦੇ ਬਿਹਤਰ ਪ੍ਰਵਾਹ ਨੂੰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ 20 ਮਈ ਤੋਂ ਉੱਪਰਲੀਆਂ ਪਹਾੜੀਆਂ ’ਚ ਬਰਫ ਪਿਘਲਣ ਦਾ ਮੌਸਮ ਸ਼ੁਰੂ ਹੋ ਚੁੱਕਾ ਹੈ ਜਿਸ ਨਾਲ ਡੈਮਾਂ ’ਚ ਪਾਣੀ ਦੀ ਮਾਤਰਾ ਵਧੇਗੀ।

ਇਸ ਲਈ, ਹੁਣ ਜਦ ਕਿ ਇਸ ਸਾਲ ਆਮ ਤੋਂ ਵੱਧ ਮੀਂਹ ਪੈਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ, ਸਬੰਧਤ ਸੂਬਾ ਸਰਕਾਰਾਂ ਨੂੰ ਹੁਣ ਤੋਂ ਹੀ ਆਪਣੇ ਬੰਨ੍ਹਾਂ, ਨਦੀਆਂ, ਪਾਣੀ ਦੇ ਭੰਡਾਰਾਂ ਆਦਿ ਦੀ ਸਫਾਈ ਅਤੇ ਹੜ੍ਹ ਤੋਂ ਬਚਾਅ ਦੇ ਪ੍ਰਬੰਧਾਂ ’ਚ ਚੁਸਤੀ ਅਤੇ ਤੇਜ਼ੀ ਲਿਆਉਣ ਦੀ ਲੋੜ ਹੈ ਤਾਂ ਕਿ ਮਾਨਸੂਨ ਦੇ ਆਉਣ ’ਤੇ ਅਧੂਰੇ ਪ੍ਰਬੰਧ ਹੜ੍ਹ ਨਾਲ ਤਬਾਹੀ ਦਾ ਵੱਡਾ ਕਾਰਨ ਨਾ ਬਣ ਜਾਣ।

-ਵਿਜੇ ਕੁਮਾਰ
 


author

Harpreet SIngh

Content Editor

Related News