ਕੈਂਸਰ ਤੋਂ ਬਾਅਦ ਦਾ ਜੀਵਨ ਜਿਊਣ ਦੇ ਲਾਇਕ ਹੈ
Friday, Aug 02, 2024 - 08:06 PM (IST)
ਸ਼ੁੱਕਰਵਾਰ ਦੀ ਸਵੇਰ ਬਿਤਾਉਣ ਦੇ ਕਈ ਤਰੀਕੇ ਹਨ। ਸਵੇਰੇ 9 ਵਜੇ ਤੋਂ 11 ਵਜੇ ਤੱਕ ਕੋਈ ਵਿਅਕਤੀ ਪੁਰਾਣੇ ਆਈਫੋਨ 12 ਨਾਲ ਚਿਪਕਿਆ ਰਹਿ ਸਕਦਾ ਹੈ। ਟ੍ਰੈਫਿਕ ’ਚ ਫਸਣ ਦੌਰਾਨ ਤਰ੍ਹਾਂ-ਤਰ੍ਹਾਂ ਦੇ ਟੈਕਸਟ ਮੈਸੇਜ ਭੇਜ ਸਕਦਾ ਹੈ ਜਾਂ ਘਰ ’ਚ ਚਮਕੀਲੇ ਨੀਲੇ ਰੰਗ ਦੇ ਪਜਾਮੇ ਅਤੇ ਸਟਾਰਚ ਵਾਲੀ ਸਫੈਦ ਲਿਨਨ ਸ਼ਰਟ ਪਹਿਨ ਕੇ ਆਰਾਮ ਕਰ ਸਕਦਾ ਹੈ, ਤਾਂ ਕਿ 10 ਵਜੇ ਗੂਗਲ ਟੀਮ ’ਤੇ ਕਾਲ ਲਈ ਤਿਆਰ ਦਿਸ ਸਕੇ ਜਾਂ ਸਵੇਰ ਦੀ ਚਾਹ ਦੇ ਨਾਲ ਯੂ-ਟਿਊਬ ‘ਸ਼ਾਟਸ’ ਦੇਖਦੇ ਹੋਏ ਕਿਸੇ ਸਿਆਸੀ ਵਿਰੋਧੀ ਵੱਲੋਂ ਕੀਤੀ ਗਈ ਗਲਤੀ ਦਾ ਮਜ਼ਾ ਲਵੇ ਜਾਂ ਦਿੱਲੀ ਦੇ ਕਿਸੇ ਜਾਣਕਾਰ ਦੇ ਦਖਲ ਦੇਣ ਵਾਲੇ ਫੋਨ ਕਾਲ ’ਤੇ ਨਿਮਰ ਹੋਣ ਦਾ ਨਾਟਕ ਕਰੇ ਕਿ ਛੇਤੀ ਕਰੋ-ਛੇਤੀ ਕਰੋ, ਬਿਜ਼ੀ ਹਾਂ-ਬਿਜ਼ੀ ਹਾਂ। ਇਸੇ ਲਈ ਉਹ ਸਾਨੂੰ ਮਨੁੱਖ ਜਾਤੀ ਕਹਿੰਦੇ ਹਨ!
ਪਰ ਪਿਛਲੇ ਮਹੀਨੇ ਇਕ ਸ਼ੁੱਕਰਵਾਰ ਦੀ ਸਵੇਰ ਅਜਿਹੀ ਵੀ ਸੀ ਜਦ ਮੈਂ ਖੁਦ ਨੂੰ ਮਨੁੱਖ ਜਾਤੀ ਤੋਂ ਬ੍ਰੇਕ ਲੈਂਦੇ ਹੋਏ ਪਾਇਆ। ਢਾਈ ਘੰਟੇ ਇਕ ਸਭ ਤੋਂ ਹੈਰਾਨਕੁੰਨ ਜਗ੍ਹਾ ’ਤੇ ਨਿਊਯਾਰਕ ’ਚ ਮੈਮੋਰੀਅਲ ਸਲੋਨ ਕੇਟਰਿੰਗ ਕੈਂਸਰ ਸੈਂਟਰ ’ਚ ਡੇਵਿਡ ਐੱਚ. ਕੋਚ ਸੈਂਟਰ ਫਾਰ ਕੈਂਸਰ ਕੇਅਰ ਦੇ ਰਿਸੈਪਸ਼ਨ ਏਰੀਆ ’ਚ ਖੁਦ ਨੂੰ ਪਾਇਆ।
ਇਕ ਪਿਆਰੇ ਮਿੱਤਰ ਦੀ 59 ਸਾਲਾ ਪਤਨੀ ਨੂੰ ਹਾਲ ਹੀ ’ਚ ਸਟੇਜ-4 ਮੈਟਾਸਟੇਟਿਕ ਨਾਨ-ਸਮਾਲ ਸੈੱਲ ਲੰਗ ਕੈਂਸਰ ਦਾ ਪਤਾ ਲੱਗਾ ਸੀ ਜੋ ਪਿੰਨੀ ਦੀਆਂ ਮਾਸਪੇਸ਼ੀਆਂ ਤੱਕ ਫੈਲ ਗਿਆ ਸੀ। ਮੈਂ ਅਤੇ ਮੇਰੀ ਜੀਵਨ ਸਾਥੀ ਆਪਣੇ ਦੋਸਤਾਂ ਨਾਲ ਆਨਕੋਲੋਜਿਸਟ, ਜੋ ਵੱਡੇ ਸੈੱਲ ਕੈਂਸਰ ਦੇ ਮਾਹਿਰ ਹਨ, ਦੇ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ’ਤੇ ਗਏ।
ਮਰੀਜ਼, ਉਨ੍ਹਾਂ ਦੇ ਪਤੀ ਤੇ ਮੇਰੀ ਪਤਨੀ ਟੋਨੁਕਾ ਤੀਜੀ ਮੰਜ਼ਿਲ ’ਤੇ ਮਾਹਿਰ ਨਾਲ ਦੋ ਘੰਟਿਆਂ ਤੋਂ ਥੋੜ੍ਹਾ ਵੱਧ ਸਮੇਂ ਤੱਕ ਰਹੇ। ਮੈਂ ਮੁੱਖ ਐਂਟਰੀ ਗੇਟ ਦੇ ਠੀਕ ਅੰਦਰ ਇਕ ਇਕੱਲਾ ਗੂੜ੍ਹੇ ਪੀਲੇ ਰੰਗ ਦਾ ਸੋਫਾ ਚੁਣਿਆ। ਮੈਂ ਆਪਣਾ ਮੋਬਾਈਲ ਫੋਨ ਸਾਈਲੈਂਟ ’ਤੇ ਰੱਖਿਆ ਤੇ ਉਸ ਨੂੰ ਆਪਣੇ ਟ੍ਰੈਕ ਸੂਟ ਦੇ ਹੇਠਲੇ ਹਿੱਸੇ ਦੀ ਜੇਬ ’ਚ ਰੱਖ ਲਿਆ। ਇਹ ਮੇਰੇ ਦਿਮਾਗ ’ਚ ਤਸਵੀਰਾਂ ਲੈਣ ਦੀ ਸਵੇਰ ਸੀ।ਬੱਸ ਦੇਖਦੇ ਰਹੋ। ਕਾਲਪਨਿਕ ਕੈਪਸ਼ਨ ਖੁਦ ਹੀ ਲਿਖੋਗੇ।
ਮੇਰੇ ਐਨ ਸਾਹਮਣੇ ਇਕ ਹੋਰ ਗੂੜ੍ਹੇ ਪੀਲੇ ਰੰਗ ਦੇ ਸੋਫੇ ’ਤੇ ਇਕ ਜੋੜਾ ਬੈਠਾ ਸੀ ਜੋ 70 ਜਾਂ 80 ਦੇ ਦਹਾਕੇ ਦੇ ਅੰਤ ’ਚ ਦਿਸ ਰਿਹਾ ਸੀ। ਉਨ੍ਹਾਂ ਨੇ ਰਿਸੈਪਸ਼ਨ ਦੇ ਇਕ ਕੋਨੇ ’ਤੇ ਕੈਫੇਟੇਰੀਆ ਤੋਂ ਕੌਫੀ ਲਈ ਸੀ ਤੇ ਕਾਲਜ ਦੇ ਵਿਦਿਆਰਥੀਆਂ ਵਾਂਗ ਆਪਣੀ ਪਹਿਲੀ ਡੇਟ ’ਤੇ ਖੁਸ਼ੀ-ਖੁਸ਼ੀ ਗੱਲਾਂ ਕਰ ਰਹੇ ਸਨ।
ਜ਼ਾਹਿਰ ਹੈ, ਉਨ੍ਹਾਂ ’ਚੋਂ ਇਕ ‘ਬਿਗ-ਸੀ’ ਸੀ। ਮੈਂ ਨਹੀਂ ਦੱਸ ਸਕਦਾ ਕਿ ਕੌਣ ਸੀ। ਉਹ ਇਕ-ਦੂਜੇ ਦੇ ਸਾਥ ਦਾ ਮਜ਼ਾ ਲੈ ਰਹੇ ਸਨ। ਫਿਰ ਇਕ ਵ੍ਹੀਲਚੇਅਰ ’ਤੇ ਬੈਠੀ ਮਾਂ ਸੀ ਜੋ ਫੋਨ ’ਤੇ ਆਪਣੇ ਬੇਟੇ ’ਤੇ ਚਿੱਲਾ ਰਹੀ ਸੀ। ਉਸ ਨੂੰ ਦੇਰ ਹੋ ਗਈ ਸੀ, ਇਸ ਲਈ ਉਸ ਨੇ ਖੁਦ ਹੀ ਆਪਣੀ ਅਪੁਆਇੰਟਮੈਂਟ ਲਈ ਉਪਰ ਜਾਣ ਦਾ ਫੈਸਲਾ ਕੀਤਾ।
ਰਿਸੈਪਸ਼ਨ ’ਤੇ ਮੈਂ ਹੋਰ ਕਿਸ ਨੂੰ ਦੇਖਿਆ? ਇਕ ਦੇਖਭਾਲ ਕਰਨ ਵਾਲੇ ਨਾਲ ਇਕ ਆਦਮੀ ਜੋ ਸ਼ਾਇਦ ਉਸ ਦਾ ਕੁਲੀਗ, ਗੁਆਂਢੀ ਜਾਂ ਦੋਸਤ ਹੋ ਸਕਦਾ ਸੀ। ਫਿਰ 50 ਦੇ ਦਹਾਕੇ ’ਚ ਇਕ ਸਟਾਈਲਿਸ਼ ਕਪਲ, ਜੋ ਹਵਾਈ ’ਚ ਕਿਸੇ ਬੀਚ ’ਤੇ ਛੁੱਟੀਆਂ ਮਨਾ ਰਿਹਾ ਹੋ ਸਕਦਾ ਸੀ ਪਰ ਨਹੀਂ, ਇੱਥੇ ਉਹ ਮੈਨਹੱਟਨ ’ਚ ਡਾਕਟਰ ਦੀ ਅਪੁਆਇੰਟਮੈਂਟ ਲਈ ਜਲਦੀ ਚੈੱਕ-ਇਨ ਕਰ ਰਹੇ ਸਨ।
ਇਸ ਵਿਸ਼ੇ ’ਤੇ ਸਿਧਾਰਥ ਮੁਖਰਜੀ ਤੋਂ ਬਿਹਤਰ ਕੋਈ ਨਹੀਂ ਕਹਿ ਸਕਦਾ ਜੋ ਆਪਣੀ ਜ਼ਰੂਰ ਪੜ੍ਹੀ ਜਾਣ ਵਾਲੀ ਕਿਤਾਬ ‘ਦਿ ਐਂਪਰਰ ਆਫ ਆਲ ਮੈਲੋਡੀਜ਼ ਏ ਬਾਇਓਗ੍ਰਾਫੀ ਆਫ ਕੈਂਸਰ’ ’ਚ ਕਹਿੰਦੇ ਹਨ ਕਿ ਲਿਊਕੇਮੀਆ ਦੀ ਕਹਾਣੀ ਕੈਂਸਰ ਦੀ ਕਹਾਣੀ ਹੈ, ਡਾਕਟਰਾਂ ਦੀ ਕਹਾਣੀ ਨਹੀਂ ਹੈ ਜੋ ਸੰਘਰਸ਼ ਕਰਦੇ ਹਨ ਤੇ ਜਿਊਂਦੇ ਰਹਿੰਦੇ ਹਨ। ਇਕ ਸੰਸਥਾ ਤੋਂ ਦੂਜੀ ਸੰਸਥਾ ’ਚ ਜਾਂਦੇ ਹਨ। ਇਹ ਉਨ੍ਹਾਂ ਮਰੀਜ਼ਾਂ ਦੀ ਕਹਾਣੀ ਹੈ ਜੋ ਬੀਮਾਰੀ ਦੇ ਇਕ ਕੰਢੇ ਤੋਂ ਦੂਜੇ ਕੰਢੇ ’ਤੇ ਜਾਂਦੇ ਹੋਏ ਸੰਘਰਸ਼ ਕਰਦੇ ਹਨ ਅਤੇ ਜਿਊਂਦੇ ਰਹਿੰਦੇ ਹਨ।
ਲਚੀਲਾਪਨ, ਖੋਜਸ਼ੀਲਤਾ ਅਤੇ ਉੱਤਰਜੀਵਿਤਾ-ਜੋ ਗੁਣ ਅਕਸਰ ਮਹਾਨ ਡਾਕਟਰਾਂ ਨੂੰ ਦਿੱਤੇ ਜਾਂਦੇ ਹਨ, ਉਹ ਗੁਣ ਹਨ ਜੋ ਸਭ ਤੋਂ ਪਹਿਲਾਂ ਉਨ੍ਹਾਂ ਲੋਕਾਂ ’ਚੋਂ ਨਿਕਲਦੇ ਹਨ ਜੋ ਬੀਮਾਰੀ ਨਾਲ ਜੂਝਦੇ ਹਨ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਦਾ ਇਲਾਜ ਕਰਨ ਵਾਲਿਆਂ ਵੱਲੋਂ ਪ੍ਰਤੀਬਿੰਬਤ ਹੁੰਦੇ ਹਨ। ਜੇ ਡਾਕਟਰਾਂ ਦਾ ਇਤਿਹਾਸ ਡਾਕਟਰਾਂ ਦੀਆਂ ਕਹਾਣੀਆਂ ਰਾਹੀਂ ਦੱਸਿਆ ਜਾਂਦਾ ਹੈ ਤਾਂ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦਾ ਯੋਗਦਾਨ ਉਨ੍ਹਾਂ ਦੇ ਮਰੀਜ਼ਾਂ ਦੀ ਵੱਧ ਮਹੱਤਵਪੂਰਨ ਬਹਾਦਰੀ ਦੇ ਸਥਾਨ ’ਤੇ ਖੜ੍ਹਾ ਹੈ।
ਸਿਧਾਰਥ ਮੁਖਰਜੀ ਦੇ ਲੇਖਨ ਦੀ ਕਵਿਤਾ ਤੋਂ ਬਾਅਦ ਇੱਥੇ ਭਾਰਤ ’ਚ ਕੈਂਸਰ ਦੀ ਹਕੀਕਤ ਦਾ ਛੰਦ ਹੈ-
- 9 ’ਚੋਂ ਇਕ ਵਿਅਕਤੀ ਨੂੰ ਆਪਣੀ ਜ਼ਿੰਦਗੀ ’ਚ ਕੈਂਸਰ ਦਾ ਇਲਾਜ ਹੋਣ ਦੀ ਉਮੀਦ ਹੈ।
- 2022 ’ਚ ਭਾਰਤ ’ਚ ਕੈਂਸਰ ਦੇ ਨਵੇਂ ਮਾਮਲਿਆਂ ਦੀ ਅੰਦਾਜ਼ਨ ਗਿਣਤੀ 14.6 ਲੱਖ ਸੀ।
- ਦਿਲ ਸਬੰਧੀ ਬੀਮਾਰੀਆਂ ਤੋਂ ਬਾਅਦ ਕੈਂਸਰ ਭਾਰਤ ’ਚ ਮੌਤ ਦਾ ਮੁੱਖ ਕਾਰਨ ਬਣ ਗਿਆ ਹੈ।
- ਦੇਸ਼ ’ਚ ਹਰ 8 ਮਿੰਟਾਂ ’ਚ ਇਕ ਔਰਤ ਬੱਚੇਦਾਨੀ ਦੇ ਕੈਂਸਰ ਨਾਲ ਮਰਦੀ ਹੈ।
- ਫੇਫੜਿਆਂ ਅਤੇ ਮੂੰਹ ਦਾ ਕੈਂਸਰ ਮਰਦਾਂ ਨੂੰ ਪ੍ਰਭਾਵਿਤ ਕਰਨ ਵਾਲਾ ਸਭ ਤੋਂ ਆਮ ਕੈਂਸਰ ਹੈ। ਔਰਤਾਂ ਲਈ ਇਹ ਬ੍ਰੈਸਟ ਅਤੇ ਬੱਚੇਦਾਨੀ ਦਾ ਕੈਂਸਰ ਹੈ ਅਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਲਿੰਫੋਇਡ ਲਿਊਕੇਮੀਆ ਹੈ।
- ਕੈਂਸਰ ਦੇ ਮੁੱਖ ਕਾਰਨਾਂ ’ਚੋਂ ਇਕ ਤੰਬਾਕੂ ਦਾ ਸੇਵਨ ਹੈ ਜੋ ਮਰਦਾਂ ’ਚ ਸਭ ਕੈਂਸਰ ਦੇ 50 ਫੀਸਦੀ ਅਤੇ ਔਰਤਾਂ ’ਚ 17 ਫੀਸਦੀ ਲਈ ਜ਼ਿੰਮੇਵਾਰ ਹੈ।
- ਹਰ ਰੋਜ਼ 3700 ਲੋਕ ਤੰਬਾਕੂ ਨਾਲ ਸਬੰਧਤ ਬੀਮਾਰੀਆਂ ਨਾਲ ਮਰਦੇ ਹਨ।
- ਭਾਰਤ ’ਚ ਇਲਾਜ ਕੀਤੇ ਗਏ ਸਾਰੇ ਕੈਂਸਰਾਂ ’ਚੋਂ 4 ਫੀਸਦੀ ਬੱਚੇ ਹਨ। ਕੈਂਸਰ ਦੇ ਬਾਰੇ ’ਚ ਜਾਗਰੂਕਤਾ ਵਧਾਉਣ ਲਈ ਸਭ ਤੋਂ ਸ਼ੁਰੂਆਤੀ ਸੰਚਾਰ ਮੁਹਿੰਮਾਂ ’ਚੋਂ ਇਕ 1978 ’ਚ ਓਗਿਲਵੀ ਐਂਡ ਮਾਥਰ ਵੱਲੋਂ ਭਾਰਤੀ ਕੈਂਸਰ ਸੋਸਾਇਟੀ ਲਈ ਬਣਾਈ ਗਈ ਸੀ।
ਜਿਵੇਂ ਕਿ ਡੇਵਿਡ ਓਗਿਲਵੀ ਨੇ ਆਪਣੀ ਉੱਤਮ ਰਚਨਾ ‘ਓਗਿਲਵੀ ਆਨ ਐਡਵਰਟਾਈਜ਼ਿੰਗ’ ’ਚ ਲਿਖਿਆ ਹੈ, ‘‘ਮੁਹਿੰਮ ਦਾ ਮਕਸਦ ਲੋਕਾਂ ਦੇ ਨਜ਼ਰੀਏ ਨੂੰ ਅਗਿਆਨਤਾ ਅਤੇ ਕਿਸਮਤ ਤੋਂ ਬਦਲ ਕੇ ਸਮਝਦਾਰੀ ਅਤੇ ਆਸ਼ਾਵਾਦ ਵੱਲ ਲਿਜਾਣਾ ਸੀ। ਤਾਂ ਹੀ ਲੋਕਾਂ ਨੂੰ ਸਮਾਜ ਦੇ ਮੁਫਤ ਕਲੀਨਿਕਾਂ ’ਚ ਰੈਗੂਲਰ ਜਾਂਚ ਕਰਵਉਣ ਲਈ ਰਾਜ਼ੀ ਕੀਤਾ ਜਾ ਸਕਦਾ ਸੀ।’’ ਹਾਂਪੱਖੀ ਸੰਦੇਸ਼ ਵਾਲੀ ਇਸ਼ਤਿਹਾਰੀ ਮੁਹਿੰਮ ’ਚ ਕੈਂਸਰ ਤੋਂ ਠੀਕ ਹੋਏ ‘ਅਸਲੀ ਰੋਗੀਆਂ’ ਦੀਆਂ ਖੁਸ਼ਨੁਮਾ ਤਸਵੀਰਾਂ ਦਿਖਾਈਆਂ ਗਈਆਂ। ਇਨ੍ਹਾਂ ਖੁਸ਼ਨੁਮਾ ਤਸਵੀਰਾਂ ਦੀ ਕੈਪਸ਼ਨ ਇਕ ਸਰਲ ਪਰ ਸ਼ਕਤੀਸ਼ਾਲੀ ਸੰਦੇਸ਼ ਸੀ ‘‘ਕੈਂਸਰ ਦੇ ਬਾਅਦ ਦਾ ਜੀਵਨ ਜਿਊਣ ਦੇ ਲਾਇਕ ਹੈ।’’
ਡੇਰੇਕ ਓ ’ਬ੍ਰਾਇਨ (ਸੰਸਦ ਮੈਂਬਰ ਅਤੇ ਟੀ.ਐੱਮ.ਸੀ. ਸੰਸਦੀ ਦਲ (ਰਾਜ ਸਭਾ) ਦਾ ਨੇਤਾ)