ਚੀਨ ਨੂੰ ਛੱਡ ਕੇ ਭਾਰਤ ਨੂੰ ਆਪਣਾ ਰਣਨੀਤਕ-ਵਪਾਰਕ ਸਹਿਯੋਗੀ ਬਣਾ ਰਿਹਾ ਤਨਜ਼ਾਨੀਆ

10/25/2023 2:58:31 PM

ਹਾਲ ਦੇ ਦਿਨਾਂ ’ਚ ਪੂਰਬੀ ਅਫਰੀਕੀ ਦੇਸ਼ ਤਨਜ਼ਾਨੀਆ ਨਾਲ ਭਾਰਤ ਦੇ ਰਿਸ਼ਤੇ ਇਕ ਵਾਰ ਫਿਰ ਗੂੜ੍ਹੇ ਹੋਣ ਲੱਗੇ ਹਨ। ਇਸ ਦਾ ਕਾਰਨ ਵਿਸ਼ਵ ਪੱਧਰ ’ਤੇ ਚੀਨ ਦੀ ਡਿੱਗਦੀ ਸਾਖ ਅਤੇ ਉਸ ਦਾ ਖਰਾਬ ਹੁੰਦਾ ਅਕਸ ਹੈ। ਤਨਜ਼ਾਨੀਆ ’ਚ ਵੀ ਚੀਨ ਦਾ ਅਕਸ ਉਸ ਦੇ ਅਧੂਰੇ ਅਤੇ ਮਹਿੰਗੇ ਪ੍ਰਾਜੈਕਟਾਂ ਕਾਰਨ ਖਰਾਬ ਹੋਇਆ ਹੈ। ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਚੀਨ ਆਪਣੇ ਖਾਹਿਸ਼ੀ ਪ੍ਰਾਜੈਕਟ ਬੈਲਟ ਐਂਡ ਰੋਡ ਵਾਂਗ ਹਮੇਸ਼ਾ ਆਪਣੇ ਸਾਂਝੇਦਾਰਾਂ ਦੇ ਲਾਭ ਦੀ ਗੱਲ ਕਰਦਾ ਹੈ, ਜਿਸ ’ਚ ਦੋਵੇਂ ਦੇਸ਼ ਪੈਸਾ ਕਮਾਉਣਗੇ ਪਰ ਅਸਲ ’ਚ ਅਜਿਹਾ ਹੁੰਦਾ ਨਹੀਂ ਹੈ।

ਭਾਰਤ ਅਤੇ ਤਨਜ਼ਾਨੀਆ ਸਦੀਆਂ ਤੋਂ ਹੀ ਸਮੁੰਦਰ ਰਾਹੀਂ ਆਪਸ ’ਚ ਵਪਾਰ ਕਰਦੇ ਰਹੇ ਹਨ, ਦੋਵਾਂ ਦਰਮਿਆਨ ਮਿੱਤਰਤਾ ਦੇ ਸਬੰਧ ਬਹੁਤ ਪੁਰਾਣੇ ਹਨ। ਇਕ-ਦੂਸਰੇ ਦੇਸ਼ਾਂ ’ਚ ਲੋਕਾਂ ਦਾ ਆਉਣਾ-ਜਾਣਾ ਵੀ ਲੰਬੇ ਸਮੇਂ ਤੋਂ ਚਲਿਆ ਆ ਰਿਹਾ ਹੈ। ਪੂਰਬੀ ਅਫਰੀਕੀ ਸਮੁੰਦਰੀ ਤੱਟ ਅਤੇ ਰਣਨੀਤਕ ਤੌਰ ’ਤੇ ਪੱਛਮੀ ਅਰਬ ਸਾਗਰ ਦੇ ਮੁਹਾਣੇ ’ਤੇ ਵਸਿਆ ਤਨਜ਼ਾਨੀਆ ਤੇਲ, ਕੋਲਾ, ਗੈਸ ਅਤੇ ਦੂਸਰੇ ਖਣਿਜਾਂ ਨਾਲ ਭਰਪੂਰ ਦੇਸ਼ ਹੈ, ਜੋ ਭਾਰਤ ਲਈ ਬਹੁਤ ਮਹੱਤਵ ਰੱਖਦਾ ਹੈ।

ਭਾਰਤ ਅਤੇ ਤਨਜ਼ਾਨੀਆ ਆਪਣੇ ਰਣਨੀਤਕ ਸਥਾਨ ਅਤੇ ਆਪਸੀ ਲਾਭ, ਆਰਥਿਕ ਤਰੱਕੀ, ਖੇਤਰੀ ਏਕਤਾ ਅਤੇ ਆਮ ਜਨਤਾ ਦੀ ਆਰਥਿਕ ਤਰੱਕੀ ਲਈ ਇਕੱਠੇ ਅੱਗੇ ਵਧ ਰਹੇ ਹਨ, ਨਾਲ ਹੀ ਅਫਰੀਕਾ ਨੂੰ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਵੀ ਤਨਜ਼ਾਨੀਆ ਦਾ ਭਾਰਤ ਨਾਲ ਸਹਿਯੋਗ ਬਹੁਤ ਜ਼ਰੂਰੀ ਹੈ। ਨੀਲੀ ਅਰਥਵਿਵਸਥਾ ਭਾਵ ਸਮੁੰਦਰੀ ਜੀਵਾਂ ਤੋਂ ਹੋਣ ਵਾਲੀ ਆਰਥਿਕ ਤਰੱਕੀ ਦੋਵਾਂ ਦੇਸ਼ਾਂ ਅਤੇ ਇੱਥੋਂ ਦੇ ਲੋਕਾਂ ਦੇ ਹਿੱਤ ’ਚ ਹੈ।

ਪਿਛਲੇ ਕੁਝ ਸਾਲਾਂ ’ਚ ਚੀਨ ਦੇ ਤਨਜ਼ਾਨੀਆ ਨਾਲ ਵਪਾਰਕ ਰਿਸ਼ਤੇ ਬਣੇ ਹੋਏ ਸਨ, ਜਿਸ ਤਹਿਤ ਚੀਨ ਨੇ ਤਨਜ਼ਾਨੀਆ ’ਚ ਇਨਫ੍ਰਾਸਟਰੱਕਚਰ ਢਾਂਚੇ ’ਚ ਨਿਵੇਸ਼ ਕੀਤਾ ਹੈ, ਜਿਸ ’ਚ ਸੜਕ, ਰੇਲ, ਬੰਦਰਗਾਹ ਵਰਗੇ ਵੱਡੇ ਪ੍ਰਾਜੈਕਟ ਸ਼ਾਮਲ ਹਨ। ਹਾਲਾਂਕਿ ਇਨ੍ਹਾਂ ’ਚੋਂ ਇਕ ਵੀ ਪ੍ਰਾਜੈਕਟ ਤਨਜ਼ਾਨੀਆ ਦੀ ਤਰੱਕੀ ਲਈ ਨਹੀਂ ਸਗੋਂ ਰਣਨੀਤਕ ਤੌਰ ’ਤੇ ਚੀਨ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਬਣਾਏ ਜਾ ਰਹੇ ਸਨ ਤਾਂ ਕਿ ਤਨਜ਼ਾਨੀਆ ਤੋਂ ਕੱਚਾ ਮਾਲ ਅਤੇ ਖਣਿਜਾਂ ਨੂੰ ਬੰਦਰਗਾਹਾਂ ਤਕ ਆਸਾਨੀ ਨਾਲ ਲਿਆਂਦਾ ਜਾ ਸਕੇ ਅਤੇ ਉਸ ਨੂੰ ਚੀਨ ਦੇ ਉਦਯੋਗਿਕ ਲਾਭ ਲਈ ਭੇਜਿਆ ਜਾ ਸਕੇ।

ਉਦਾਹਰਣ ਲਈ 10 ਅਰਬ ਅਮਰੀਕੀ ਡਾਲਰ ਦਾ ਬਾਗਾਮਾਯੋ ਬੰਦਰਗਾਹ ਪ੍ਰਾਜੈਕਟ, ਜਿਸ ਨੇ 800 ਵਰਗ ਕਿਲੋਮੀਟਰ ਦਾ ਇਲਾਕਾ ਘੇਰਿਆ ਹੋਇਆ ਹੈ, ਚੀਨ ਦਾ ਇਕ ਰਣਨੀਤਕ ਪ੍ਰਾਜੈਕਟ ਸੀ ਪਰ ਤਨਜ਼ਾਨੀਆ ਨੂੰ ਚੀਨ ਦੇ ਇਰਾਦੇ ਸਮਝ ਆਉਂਦਿਆਂ ਹੀ ਉਸ ਨੇ ਇਸ ਪ੍ਰਾਜੈਕਟ ਨੂੰ ਅੱਗੇ ਨਹੀਂ ਵਧਣ ਦਿੱਤਾ। ਚੀਨ ਦੇ ਕਈ ਯਤਨਾਂ ਦੇ ਬਾਵਜੂਦ ਤਨਜ਼ਾਨੀਆ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਨਹੀਂ ਦਿਖਾਈ।

ਸਾਲ 2013 ’ਚ ਤਨਜ਼ਾਨੀਆ ਨੇ ਚੀਨ ਦੀ ਚਾਈਨਾ ਮਰਚੈਂਟ ਹੋਲਡਿੰਗਜ਼ ਇੰਟਰਨੈਸ਼ਨਲ ਨਾਲ ਇਕ ਕਰਾਰ ਤਹਿਤ ਬਾਗਾਮਾਯੋ ਬੰਦਰਗਾਹ ਬਣਾਉਣਾ ਤੈਅ ਕੀਤਾ ਸੀ। ਜੇ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਤਾਂ ਪੂਰਬੀ ਅਫਰੀਕੀ ਤੱਟ ’ਤੇ ਇਹ ਆਧੁਨਿਕ ਡੂੰਘੇ ਪਾਣੀ ’ਚ ਬਣੀ ਬੰਦਰਗਾਹ ਹੁੰਦੀ, ਜੋ ਕੀਨੀਆ ਦੀ ਮੋਮਬਾਸਾ ਬੰਦਰਗਾਹ ਦੀ ਤੁਲਨਾ ’ਚ ਵੱਡਾ ਵਪਾਰਕ ਕੇਂਦਰ ਬਣਦੀ ਪਰ ਸਾਲ 2015 ’ਚ ਤਨਜ਼ਾਨੀਆ ਨੇ ਇਸ ਪ੍ਰਾਜੈਕਟ ਤੋਂ ਹੱਥ ਖਿੱਚ ਲਿਆ। ਅਖੀਰ ਸਾਲ 2019 ’ਚ ਤਨਜ਼ਾਨੀਆ ਨੇ ਚੀਨ ਦੀ ਮੱਕਾਰੀ ਅਤੇ ਚਲਾਕੀ ਨਾਲ ਭਰੀ ਕਰਜ਼ੇ ਦੀ ਨੀਤੀ ਜਾਣਨ ਪਿੱਛੋਂ ਅਤੇ ਇਸ ਪ੍ਰਾਜੈਕਟ ਦੇ ਵੱਧ ਮਹਿੰਗੇ ਹੋਣ, ਵਪਾਰਕ ਤੌਰ ’ਤੇ ਲਾਗਤ ਤੋਂ ਵੱਧ ਕਮਾ ਸਕਣ ’ਚ ਸਮਰੱਥ ਨਾ ਹੋਣ ਕਾਰਨ ਚੀਨ ਨੂੰ ਇਸ ਪ੍ਰਾਜੈਕਟ ਤੋਂ ਬਾਹਰ ਕਰ ਦਿੱਤਾ।

ਇਸ ਪ੍ਰਾਜੈਕਟ ਤਹਿਤ ਚੀਨ ਪੱਛਮੀ ਅਰਬ ਸਾਗਰ ’ਚ ਭਾਰਤ ਨੂੰ ਘੇਰਨ ਲਈ ਤਨਜ਼ਾਨੀਆ ਨੂੰ ਆਪਣੀ ਮੁੱਠੀ ’ਚ ਕਰਨਾ ਚਾਹੁੰਦਾ ਸੀ ਪਰ ਨਾਕਾਮ ਰਿਹਾ ਅਤੇ ਤਨਜ਼ਾਨੀਆ ਨੇ ਭਾਰਤ ਨਾਲ ਸਬੰਧਾਂ ਨੂੰ ਅੱਗੇ ਵਧਾਉਣਾ ਵੱਧ ਬਿਹਤਰ ਸਮਝਿਆ ਕਿਉਂਕਿ ਭਾਰਤ ਕੋਲ ਚੀਨ ਵਰਗੀ ਕੋਈ ਗੁੰਝਲਦਾਰ ਚਾਲ ਨਹੀਂ, ਸਗੋਂ ਅਸਲ ’ਚ ਸਹਿਯੋਗੀ ਦੇਸ਼ਾਂ ਨੂੰ ਨਾਲ ਲੈ ਕੇ ਅੱਗੇ ਵਧਾਉਣ ਦੀ ਨੀਤੀ ਹੈ।

ਅਕਤੂਬਰ ਦੇ ਸ਼ੁਰੂਆਤੀ ਹਫਤੇ ’ਚ ਤਨਜ਼ਾਨੀਆ ਦੀ ਰਾਸ਼ਟਰਪਤੀ ਸਾਮਿਆ ਸੁਲੁਬੂ ਦੀ ਭਾਰਤ ਯਾਤਰਾ ਪਿੱਛੋਂ ਭਾਰਤ ਅਤੇ ਤਨਜ਼ਾਨੀਆ ਨੇ ਕਈ ਰਣਨੀਤਕ ਅਤੇ ਆਰਥਿਕ ਮੁੱਦਿਆਂ ’ਤੇ ਸਮਝੌਤਾ ਕੀਤਾ, ਜਿਸ ’ਚ ਵਪਾਰ, ਰੱਖਿਆ, ਸਮੁੰਦਰੀ ਸੁਰੱਖਿਆ ਸਹਿਯੋਗ, ਉੱਚ ਸਿੱਖਿਆ, ਆਪਸੀ ਤਰੱਕੀ ’ਚ ਸਹਿਯੋਗ ਅਤੇ ਲੋਕਾਂ ਦੀ ਆਵਾਜਾਈ ਸ਼ਾਮਲ ਹੈ। ਖੇਤਰੀ ਸ਼ਾਂਤੀ, ਸਥਿਰਤਾ ਅਤੇ ਆਪਸੀ ਸਹਿਯੋਗ ਲਈ ਭਾਰਤ ਅਤੇ ਤਨਜ਼ਾਨੀਆ ਨੇ ਹਸਤਾਖਰ ਕੀਤੇ।

ਜਿਬੂਤੀ ਅਤੇ ਗੁਆਂਢੀ ਦੇਸ਼ ਕੀਨੀਆ ’ਚ ਚੀਨ ਦੀ ਵਧਦੀ ਦਖਲਅੰਦਾਜ਼ੀ ਕਾਰਨ ਤਨਜ਼ਾਨੀਆ ਭਾਰਤ ਨਾਲ ਆਉਣਾ ਚਾਹੁੰਦਾ ਹੈ ਅਤੇ ਇਸ ਯਾਤਰਾ ਦੌਰਾਨ ਤਨਜ਼ਾਨੀਆ ਦੀ ਰਾਸ਼ਟਰਪਤੀ ਨੇ ਭਾਰਤ ਨਾਲ ਰੱਖਿਆ ਸਹਿਯੋਗ ’ਤੇ ਵੀ ਹਸਤਾਖਰ ਕੀਤੇ ਕਿਉਂਕਿ ਚੀਨ ਜਾਂ ਤਾਂ ਲਾਲਚ ਦੇ ਕੇ ਜਾਂ ਫਿਰ ਆਪਣੇ ਬਾਹੂਬਲ ’ਤੇ ਧਮਕਾ ਕੇ ਦੇਸ਼ਾਂ ਨੂੰ ਆਪਣੇ ਨਾਲ ਮਿਲਾਉਂਦਾ ਹੈ। ਚੀਨ ਦੀ ਇਸ ਹਰਕਤ ’ਤੇ ਲਗਾਮ ਲਾਉਣ ਲਈ ਤਨਜ਼ਾਨੀਆ ਨੇ ਭਾਰਤ ਨਾਲ ਰੱਖਿਆ ਸਹਿਯੋਗ ਵੀ ਕੀਤਾ। ਇਸ ਤੋਂ ਇਲਾਵਾ 6 ਵੱਡੇ ਸਹਿਯੋਗਾਂ ’ਤੇ ਹਸਤਾਖਰ ਕੀਤੇ ਗਏ, ਜਿਨ੍ਹਾਂ ’ਚ ਡਿਜੀਟਲ ਡੋਮੇਨ ਦੇ ਖੇਤਰ ’ਚ ਸਹਿਯੋਗ, ਸੱਭਿਆਚਾਰ, ਖੇਡ, ਜਹਾਜ਼ਰਾਨੀ ਉਦਯੋਗ ਅਤੇ ਸ਼ਿਪਿੰਗ ਸੂਚਨਾ ਸਹਿਯੋਗ ਸ਼ਾਮਲ ਹੈ।

ਤਨਜ਼ਾਨੀਆ ਅਫਰੀਕੀ ਮਹਾਦੀਪ ’ਚ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੀਦਾਰ ਹੈ। ਵਿੱਤੀ ਸਾਲ 2023-24 ’ਚ ਦੋਵਾਂ ਦੇਸ਼ਾਂ ਵਿਚਾਲੇ 6.4 ਅਰਬ ਡਾਲਰ ਦਾ ਵਪਾਰ ਹੋਇਆ, ਜਿਸ ’ਚ ਭਾਰਤ ਨੇ ਤਨਜ਼ਾਨੀਆ ਨੂੰ 2.9 ਅਰਬ ਡਾਲਰ ਦਾ ਸਾਮਾਨ ਬਰਾਮਦ ਕੀਤਾ ਅਤੇ 2.4 ਅਰਬ ਡਾਲਰ ਦਾ ਸਾਮਾਨ ਦਰਾਮਦ ਕੀਤਾ। ਤਨਜ਼ਾਨੀਆ ਅਫਰੀਕੀ ਮਹਾਦੀਪ ’ਚ ਭਾਰਤ ਲਈ ਮੁੱਖ ਦਰਵਾਜ਼ਾ ਹੈ, ਜਿੱਥੋਂ ਭਾਰਤ ਦੇ ਵਪਾਰਕ ਮਾਰਗ ਖੁੱਲ੍ਹਦੇ ਹਨ।

ਵਿੱਤੀ ਸਾਲ 2022-23 ’ਚ ਭਾਰਤ ਤਨਜ਼ਾਨੀਆ ’ਚ 5ਵਾਂ ਸਭ ਤੋਂ ਵੱਡਾ ਨਿਵੇਸ਼ਕ ਦੇਸ਼ ਬਣਿਆ, ਜਿਸ ਨੇ 3.7 ਡਾਲਰ ਦਾ ਨਿਵੇਸ਼ ਕਈ ਸੈਕਟਰਾਂ ’ਚ ਕੀਤਾ। ਇਸ ਸਮੇਂ ਤਨਜ਼ਾਨੀਆ ’ਚ ਭਾਰਤ ਵੱਲੋਂ 630 ਪ੍ਰਾਜੈਕਟ ਚਲਾਏ ਜਾ ਰਹੇ ਹਨ, ਜਿਨ੍ਹਾਂ ’ਚ 60 ਹਜ਼ਾਰ ਸਥਾਨਕ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਭਾਰਤ ਨੇ ਤਨਜ਼ਾਨੀਆ ਨੂੰ 1.1 ਅਰਬ ਡਾਲਰ ਦਾ ਲਾਈਨ ਆਫ ਕ੍ਰੈਡਿਟ ਕਰਜ਼ਾ ਵੀ ਦਿੱਤਾ ਹੈ। ਭਾਰਤੀ ਸਿਹਤ ਉਦਯੋਗ ਤਨਜ਼ਾਨੀਆ ਦੀਆਂ ਸਿਹਤ ਸੇਵਾਵਾਂ ’ਚ ਨਿਵੇਸ਼ ਕਰਨ ਵਾਲਾ ਹੈ ਤਾਂ ਕਿ ਉੱਥੋਂ ਦਾ ਸਿਹਤ ਢਾਂਚਾ ਮਜ਼ਬੂਤ ਬਣਾਇਆ ਜਾ ਸਕੇ।

ਭਾਰਤ ਦੇ ਨਾ ਸਿਰਫ ਤਨਜ਼ਾਨੀਆ, ਸਗੋਂ ਕਈ ਦੂਜੇ ਅਫਰੀਕੀ ਦੇਸ਼ਾਂ ਨਾਲ ਹਾਲ ਹੀ ਦੇ ਸਾਲਾਂ ’ਚ ਵਪਾਰਕ, ਤਕਨੀਕੀ ਸਿੱਖਿਆ, ਮੈਡੀਕਲ ਸੂਚਨਾ ਉਦਯੋਗ, ਰਣਨੀਤਕ ਅਤੇ ਜਹਾਜ਼ਰਾਨੀ ਖੇਤਰ ’ਚ ਆਪਸੀ ਸਹਿਯੋਗ ਵਧਣ ਲੱਗੇ ਹਨ। ਅਫਰੀਕੀ ਦੇਸ਼ਾਂ ਕੋਲ ਭਾਰਤ ਨਾਲ ਰਿਸ਼ਤੇ ਮਜ਼ਬੂਤ ਕਰਨ ਦੇ ਪਿੱਛੇ ਦੋ ਮਹੱਤਵਪੂਰਨ ਕਾਰਨ ਹਨ, ਪਹਿਲਾ ਉਹ ਚੀਨ ਨੂੰ ਆਪਣੇ ਮਹਾਦੀਪ ’ਚੋਂ ਪੂਰੀ ਤਰ੍ਹਾਂ ਬੇਦਖਲ ਕਰਨਾ ਚਾਹੁੰਦੇ ਹਨ ਅਤੇ ਦੂਜਾ ਉਹ ਦੁਨੀਆ ਦੇ ਕਦਮ ਨਾਲ ਕਦਮ ਮਿਲਾ ਕੇ ਅੱਗੇ ਵਧਣਾ ਚਾਹੁੰਦੇ ਹਨ।


Rakesh

Content Editor

Related News