ਸੱਚੇ ਕਰਮਯੋਗੀ ਅਤੇ ਸੁਤੰਤਰਤਾ ਸੈਨਾਨੀ ਸਨ ਲਾਲਾ ਜਗਤ ਨਾਰਾਇਣ ਜੀ

05/31/2021 3:43:56 AM

ਪੇਸ਼ਕਸ਼ : ਓਮ ਪ੍ਰਕਾਸ਼ ਖੇਮਕਰਨੀ

‘‘ਹਜ਼ਾਰੋਂ ਸਾਲ ਨਰਗਿਸ ਅਪਨੀ ਬੇਨੂਰੀ ਪੇ ਰੋਤੀ ਹੈ,

ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾ-ਵਰ ਪੈਦਾ।।’’

ਇਹ ਸ਼ੇਅਰ ਲਾਲਾ ਜੀ ਦੇ ਤਿਆਗ-ਤਪੱਸਿਆ ਭਰੇ ਜੀਵਨ ਦੀਆਂ ਅਤੇ ਉਨ੍ਹਾਂ ਦੇ ਲਗਾਤਾਰ ਅੰਦੋਲਨ ਦੀਆਂ ਗਾਥਾਵਾਂ ਨੂੰ ਯਾਦ ਕਰਵਾਉਂਦਾ ਹੈ। ਲਾਲਾ ਜੀ ਦਾ ਜਨਮ 31 ਮਈ 1899 ਨੂੰ ਪਿਤਾ ਸ਼੍ਰੀ ਲਖਮੀ ਦਾਸ ਚੋਪੜਾ ਜੀ ਦੇ ਗ੍ਰਹਿ ਵਜ਼ੀਰਾਬਾਦ (ਪਾਕਿਸਤਾਨ) ਵਿਖੇ ਹੋਇਆ। 1942 ’ਚ ਛੇੜੇ ਗਏ ਸੁਤੰਤਰਤਾ ਅੰਦੋਲਨ ’ਚ ਉਨ੍ਹਾਂ ਦੇ ਯੋਗਦਾਨ ਅਤੇ ਲਾਹੌਰ ਦੇ ਬ੍ਰੈਡਲਾ ਹਾਲ ਦੇ ਅੰਦਰ ਅਤੇ ਬਾਹਰ ਉਨ੍ਹਾਂ ਦੀਆਂ ਅਣਗਿਣਤ ਸਰਗਰਮੀਆਂ ਦੀ ਲੰਬੀ ਸੂਚੀ ਹੈ। ਉਹ ਇਕ ਸੱਚੇ ਕਰਮਯੋਗੀ, ਸੁਤੰਤਰਤਾ ਸੈਨਾਨੀ, ਨਿਡਰ ਪੱਤਰਕਾਰ, ਰਾਸ਼ਟਰੀ ਏਕਤਾ ਦੇ ਪਹਿਰੇਦਾਰ ਹੋਣ ਦੇ ਨਾਲ-ਨਾਲ ਪੰਜਾਬ ’ਚ ਭਾਈਚਾਰੇ ਨੂੰ ਮਜ਼ਬੂਤ ਕਰਨ ਦੇ ਪੱਖ ’ਚ ਸਨ। ਜਨਤਾ ਦੇ ਲਈ ਇਕ ਅਜਿਹੀ ਰੌਸ਼ਨੀ ਦਾ ਮੀਨਾਰ ਸਨ ਜੋ ਸੰਕਟ ਦੇ ਹਨੇਰਿਆਂ ’ਚ ਦੇਸ਼ ਲਈ ਜਗਮਗਾਉਂਦੀ ਜੋਤੀ ਦਾ ਕਾਰਜ ਕਰਦੇ ਸਨ।

ਉਨ੍ਹਾਂ ਦੀ ਜ਼ਿੰਦਗੀ ਦੀਆਂ ਵੱਖ-ਵੱਖ ਘਟਨਾਵਾਂ ਅਸਲ ’ਚ 1947 ਤੋਂ ਪਹਿਲਾਂ ਲਾਹੌਰ ’ਚ ਸੁਤੰਤਰਤਾ ਅੰਦੋਲਨ ਦੀਆਂ ਸਰਗਰਮੀਆਂ ਨੂੰ ਕੇਂਦਰਿਤ ਕੀਤੇ ਹੋਏ ਹੋਣ ਦੇ ਰੂਪ ’ਚ ਸਾਹਮਣੇ ਆਉਂਦੀਆਂ ਹਨ।

ਲਾਲਾ ਜੀ ਆਮ ਲੋਕਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨਾਲ ਨੇੜਿਓਂ ਜੁੜੇ ਰਹਿੰਦੇ ਸਨ, ਭਾਵੇਂ ਲਾਹੌਰ ’ਚ ਗਾਂਧੀ ਜੀ ਦੇ ‘ਤਾਮੀਰੀ ਪ੍ਰੋਗਰਾਮ’ ਲਈ ਖੁਦ ਝਾੜੂ ਲੈ ਕੇ ਗਲੀਆਂ ਦੀ ਸਫਾਈ ਹੋਵੇ। ਇਸ ਕਾਰਜ ’ਚ ਡਾ. ਗੋਪੀਚੰਦ ਭਾਰਗਵ ਵੀ ਉਨ੍ਹਾਂ ਦੇ ਨਾਲ ਸਨ। 1947 ਤੋਂ ਪਹਿਲਾਂ ਲਾਹੌਰ ਕਾਰਪੋਰੇਸ਼ਨ ਦੇ ਜੋ 7 ਮੈਂਬਰ ਚੁਣੇ ਗਏ ਸਨ, ਉਨ੍ਹਾਂ ’ਚੋਂ ਇਕ ਲਾਲਾ ਜੀ ਵੀ ਸਨ।

ਲਾਹੌਰ ਤੋਂ ਹੀ ਲਾਲਾ ਜੀ ਜੈਪ੍ਰਕਾਸ਼ ਨਾਰਾਇਣ ਦੇ ਸੰਪਰਕ ’ਚ ਆਏ। ਉਨ੍ਹਾਂ ਦੇ ਨਾਲ ਭੀਮ ਸੈਨ ਸੱਚਰ ਆਦਿ ਵੀ ਸਨ। ਫਿਰ ਲਾਹੌਰ ਦੇ ਹਵਾਈ ਅੱਡੇ ’ਤੇ ਉਨ੍ਹਾਂ ਦੀ ਮੁਲਾਕਾਤ ਪੰ. ਜਵਾਹਰ ਲਾਲ ਨਹਿਰੂ ਨਾਲ ਜਦੋਂ ਹੋਈ ਤਾਂ ਸ਼੍ਰੀ ਯਸ਼ ਅਤੇ ਕਾਮਰੇਡ ਰਾਮਕਿਸ਼ਨ ਵੀ ਉਨ੍ਹਾਂ ਦੇ ਨਾਲ ਸਨ।

ਸੁਤੰਤਰਤਾ ਪ੍ਰਾਪਤੀ ਦੇ ਬਾਅਦ ਜਦੋਂ ਪੰਜਾਬ ’ਚ ਕਾਂਗਰਸ ਦੀ ਸਰਕਾਰ ਬਣੀ ਤਾਂ ਲਾਲਾ ਜੀ ਇਸ ’ਚ ਸਿੱਖਿਆ, ਸਿਹਤ ਅਤੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਬਣੇ ਅਤੇ ਉਨ੍ਹਾਂ ਨੇ ਤਿੰਨਾਂ ਵਿਭਾਗਾਂ ਦੇ ਸੁਧਾਰ ਲਈ ਆਪਣੀ ਡੂੰਘੀ ਛਾਪ ਛੱਡੀ।

ਫਿਰ ਇਕ ਸਮਾਂ ਅਜਿਹਾ ਆਇਆ ਜਦੋਂ ਉਨ੍ਹਾਂ ਨੇ ਕਾਂਗਰਸ ਨੂੰ ਛੱਡ ਦਿੱਤਾ ਅਤੇ ‘ਲੋਕ ਰਾਜ ਪਾਰਟੀ’ ਦੇ ਨਾਂ ਨਾਲ ਨਵੇਂ ਸਿਆਸੀ ਦਲ ਦਾ ਗਠਨ ਕੀਤਾ। ਕਾਂਗਰਸ ਤੋਂ ਹਟ ਕੇ ਆਜ਼ਾਦ ਵਿਰੋਧੀ ਧੜਾ ਖੜ੍ਹਾ ਕਰਨ ਦਾ ਇਹ ਅਨੋਖਾ ਪ੍ਰਯੋਗ ਸੀ। 1977 ’ਚ ਜਦੋਂ ਐਮਰਜੈਂਸੀ ਦੇ ਵਿਰੋਧ ’ਚ 4 ਪਾਰਟੀਆਂ (ਕਾਂਗਰਸ (ਓ) ਆਰਗੇਨਾਈਜ਼ੇਸ਼ਨ, ਜਨਸੰਘ, ਸਮਾਜਵਾਦੀ ਪਾਰਟੀ ਅਤੇ ਚੌਧਰੀ ਚਰਨ ਸਿੰਘ ਦੇ ਲੋਕ ਦਲ) ਨੂੰ ਮਿਲਾ ਕੇ ਜਨਤਾ ਪਾਰਟੀ ਬਣਾਈ ਗਈ, ਜੋ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਤਾਨਾਸ਼ਾਹੀ ਵਿਰੁੱਧ ਇਕ ਦੇਸ਼ ਪੱਧਰੀ ਮਜ਼ਬੂਤ ਪਾਰਟੀ ਬਣੀ ਤਾਂ ਉਸ ਦਾ ਨਾਮਕਰਨ ‘ਜਨਤਾ ਪਾਰਟੀ’ ਰੱਖਿਆ ਗਿਆ। ਅਸਲ ’ਚ ਇਹ ਨਾਮਕਰਨ ਲਾਲਾ ਜੀ ਦੁਆਰਾ ਸਾਲਾਂ ਪਹਿਲਾਂ ਬਣਾਈ ਗਈ ‘ਲੋਕ ਰਾਜ ਪਾਰਟੀ’ ਦਾ ਬਦਲ ਹੀ ਬਣਦਾ ਹੈ।

1975 ’ਚ ਲਾਲਾ ਜੀ ਨੇ ਐਮਰਜੈਂਸੀ ਵਿਰੁੱਧ ਜੋ ਨਿਧੜਕ ਵਿਚਾਰ ਰੱਖੇ ਤਾਂ ਜ਼ਿਲਾ ਪ੍ਰਸ਼ਾਸਨ ਬੌਖਲਾ ਗਿਆ। ਲਾਲਾ ਜੀ ਨੇ ਖੁਦ ਜਲੰਧਰ ’ਚ ਆਪਣੇ ਨਿਵਾਸ ਸਥਾਨ ਦੇ ਬਾਹਰ ਆ ਕੇ ਗ੍ਰਿਫਤਾਰੀ ਦਿੱਤੀ ਤਾਂ ਹਜ਼ਾਰਾਂ ਜਲੰਧਰ ਵਾਸੀ ਉਮੜ ਆਏ ਸਨ।

ਲਾਲਾ ਜੀ ਨੂੰ ਪਟਿਆਲਾ ਜੇਲ ’ਚ ਰੱਖਿਆ ਗਿਆ ਸੀ ਅਤੇ ਉਸੇ ਜੇਲ ’ਚ ਕਾਂਗਰਸ ਦੇ ਕ੍ਰਾਂਤੀਕਾਰੀ ਨੇਤਾ ‘ਯੰਗ ਟਰਕ’ ਚੰਦਰਸ਼ੇਖਰ ਨੂੰ ਵੀ ਸੁੱਟ ਦਿੱਤਾ ਗਿਆ, ਜਿਥੇ ਲਾਲਾ ਜੀ ਦੀ ਮੁਲਾਕਾਤ ਚੰਦਰਸ਼ੇਖਰ ਨਾਲ ਹੋਈ। ਇਸ ਮੁਲਾਕਾਤ ’ਚ ਇੱਥੇ ਨਜ਼ਰਬੰਦ ਕੀਤੇ ਗਏ ਹੋਰ ਵੀ ਵਿਰੋਧੀ ਧਿਰ ਦੇ ਨੇਤਾ ਆਪਸ ’ਚ ਮਿਲੇ। ਸਾਰਿਆਂ ’ਚ ਆਪਸ ’ਚ ਸਹਿਮਤੀ ਬਣੀ ਕਿ ਬਾਹਰ ਜਾ ਕੇ ਤਾਨਾਸ਼ਾਹੀ ਵਿਰੁੱਧ ਜ਼ਬਰਦਸਤ ਲਹਿਰ ਚਲਾਉਣੀ ਹੋਵੇਗੀ। 1977 ’ਚ ਜਦੋਂ ਐਮਰਜੈਂਸੀ ਨਰਮ ਕਰ ਕੇ ਆਮ ਚੋਣਾਂ ਕਰਾਈਆਂ ਗਈਆਂ ਤਾਂ ਜਨਤਾ ਪਾਰਟੀ ਭਾਰੀ ਬਹੁਮਤ ਨਾਲ ਿਜੱਤੀ ਅਤੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੁੰਦੇ ਹੋਏ ਖੁਦ ਵੀ ਹਾਰੀ ਅਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਨੂੰ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਲੋਕਾਂ ਦੇ ਗੁੱਸੇ ਦਾ ਕੁਦਰਤੀ ਪ੍ਰਗਟਾਵਾ ਸੀ ਕਿਉਂਕਿ ਐਮਰਜੈਂਸੀ ਦੇ ਦੌਰ ’ਚ ਲੱਖਾਂ ਲੋਕਾਂ ਨੂੰ ਜੇਲ ’ਚ ਸੁੱਟ ਦਿੱਤਾ ਗਿਆ ਸੀ ਅਤੇ ਸਾਰੇ ਦੇਸ਼ ਨੂੰ ‘ਕੈਦਖਾਨਾ’ ਬਣਾ ਦਿੱਤਾ ਗਿਆ ਸੀ।

ਇੱਥੇ ਇਸ ਗੱਲ ਦਾ ਵਰਨਣ ਕਰਨਾ ਜ਼ਰੂਰੀ ਹੈ ਕਿ 1977 ’ਚ ਜਦੋਂ ਮਜਬੂਰ ਹੋ ਕੇ ਤਤਕਾਲੀਨ ਪ੍ਰਧਾਨ ਮੰਤਰੀ ਨੂੰ ਗ੍ਰਿਫਤਾਰ/ਨਜ਼ਰਬੰਦ ਸਾਰੇ ਸਿਆਸੀ ਨੇਤਾਵਾਂ ਨੂੰ ਰਿਹਾਅ ਕਰਨਾ ਪਿਆ ਅਤੇ ਨਾਲ ਹੀ ਦੇਸ਼ ’ਚ ਨਵੀਆਂ ਚੋਣਾਂ ਕਰਵਾਉਣ ਦਾ ਐਲਾਨ ਵੀ ਕਰਨਾ ਪਿਆ ਤਾਂ ਪੰਜਾਬ ’ਚ ਕਾਂਗਰਸ ਨੂੰ ਹਰਾਉਣ ਲਈ ਲਾਲਾ ਜੀ ਨੇ ਰਣਨੀਤੀ ਦੀ ਰਚਨਾ ਕੀਤੀ।

1960 ਦੇ ਬਾਅਦ ਤੋਂ ਲੈ ਕੇ 1981 ਤਕ ਆਪਣੇ ਨੇੜਲੇ ਸੰਪਰਕ ਨਾਲ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਅਕਾਲੀ ਉਮੀਦਵਾਰ ਕਿੰਨੇ ਲੜਾਏ ਜਾਣ, ਇਸ ਬਾਰੇ ਪਹਿਲਾਂ ਅਕਾਲੀ ਨੇਤਾ ਖੁਦ ਸ਼ਸ਼ੋਪੰਜ ’ਚ ਸਨ ਤਦ ਲਾਲਾ ਜੀ ਨੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਮਸ਼ਵਰਾ ਦਿੱਤਾ ਕਿ ਉਹ ਖੁਦ ਵੀ ਲੋਕ ਸਭਾ ਦੀ ਚੋਣ ਲੜਨ ਅਤੇ ਹੋਰ ਚੋਟੀ ਦੇ ਨੇਤਾਵਾਂ ਨੂੰ ਵੀ ਚੋਣ ਮੈਦਾਨ ’ਚ ਉਤਾਰਨ। ਤਦ 9 ਸੀਟਾਂ ’ਤੇ ਅਕਾਲੀ ਉਮੀਦਵਾਰ ਅਤੇ 4 ਸੀਟਾਂ ’ਤੇ ਜਨਤਾ ਪਾਰਟੀ ਦੇ ਉਮੀਦਵਾਰ ਖੜ੍ਹੇ ਕੀਤੇ ਗਏ। ਇਹ ਸਾਰੇ ਜਿੱਤ ਗਏ। ਇਹ ਲਾਲਾ ਜੀ ਦੀ ਵਿਊ-ਰਚਨਾ ਅਤੇ ਦੂਰਦ੍ਰਿਸ਼ਟੀ ਦੀ ਜਿੱਤ ਸੀ।

ਲਾਲਾ ਜੀ ਨੇ ਪੰਜਾਬ ’ਚ ਹੀ ਨਹੀਂ ਹਿਮਾਚਲ ਅਤੇ ਜੰਮੂ-ਕਸ਼ਮੀਰ ’ਚ ਵੀ ਉਦੋਂ ਜਨਤਾ ਪਾਰਟੀ ਦੇ ਪੱਖ ’ਚ ਧੂੰਆਂਧਾਰ ਪ੍ਰਚਾਰ ਕੀਤਾ ਅਤੇ ਉਨ੍ਹਾਂ ਸੂਬਿਆਂ ’ਚ ਵੀ ਜਨਤਾ ਪਾਰਟੀ ਨੂੰ ਜਿੱਤ ਦਿਵਾਈ। ਇਹ ਲਾਲਾ ਜੀ ਦੀ ਇਕ ਹੋਰ ਮਹਾਨ ਦੇਣ ਸੀ।

ਲਾਲਾ ਜੀ ਦਾ ਦੇਸ਼ ਦੇ ਕਈ ਰਾਸ਼ਟਰੀ ਨੇਤਾਵਾਂ ਨਾਲ ਨੇੜਲਾ ਸੰਪਰਕ ਬਣਿਆ ਰਿਹਾ। ਉਨ੍ਹਾਂ ’ਚ ਮੌਲਾਨਾ ਆਜ਼ਾਦ, ਰਾਸ਼ਟਰਪਤੀ ਵੀ. ਵੀ. ਗਿਰੀ, ਅਟਲ ਬਿਹਾਰੀ ਵਾਜਪਾਈ ਆਦਿ ਸਨ। 1971 ’ਚ ‘ਹਿੰਦ ਸਮਾਚਾਰ’ ਵੱਲੋਂ ਸਥਾਪਿਤ ‘ਬੰਗਲਾਦੇਸ਼ ਰਿਲੀਫ ਫੰਡ’ ’ਚ ਲੋਕਾਂ ਦੇ ਸਹਿਯੋਗ ਨਾਲ ਇਕੱਠੇ ਹੋਏ 3 ਲੱਖ 9 ਹਜ਼ਾਰ ਦਾ ਡਰਾਫਟ ਲਾਲਾ ਜੀ ਨੇ ਖੁਦ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਪੇਸ਼ ਕੀਤਾ ਤਾਂ ਉਸ ਮੌਕੇ ’ਤੇ ਫੀਲਡ ਮਾਰਸ਼ਲ ਮਾਣਕ ਸ਼ਾਅ ਵੀ ਹਾਜ਼ਰ ਸਨ।

ਲਾਲਾ ਜੀ ਦੀ ਅਮਰ ਜੀਵਨ ਗਾਥਾ ਬਹੁਤ ਵਿਸ਼ਾਲ ਹੈ, ਇੱਥੇ ਤਾਂ ਉਸ ਦੀਆਂ ਕੁਝ ਝਲਕੀਆਂ ਹੀ ਦਿੱਤੀਆਂ ਜਾ ਰਹੀਆਂ ਹਨ। ਉਹ ਅਸਲ ’ਚ ਆਮ ਆਦਮੀ ਦੇ ਸੱਚੇ ਦੋਸਤ, ਹਮਦਰਦ ਅਤੇ ਮਦਦਗਾਰ ਸਨ।

ਸਾਂਝੇ ਨੇਤਾ ਦੇ ਰੂਪ ’ਚ ਜੋ ਖਲਾਅ ਲਾਲਾ ਜੀ ਦੇ ਬਾਅਦ ਆਇਆ ਉਹ ਅੱਜ ਤੱਕ ਨਹੀਂ ਭਰਿਆ ਜਾ ਸਕਿਆ। ਕੁਝ ਈਰਖਾਲੂਆਂ ਨੇ ਉਨ੍ਹਾਂ ਵਿਰੁੱਧ ਭਰਮ ਫੈਲਾਉਣ ’ਚ ਕੋਈ ਕਸਰ ਨਹੀਂ ਛੱਡੀ ਪਰ ਲਾਲਾ ਜੀ ਦਾ ਕ੍ਰਾਂਤੀਕਾਰੀ ਤੇ ਬੇਰੋਕ-ਟੋਕ ਸੰਘਰਸ਼ਪੂਰਨ ਜੀਵਨ ਸੱਚਮੁੱਚ ਇਕ ਰੌਸ਼ਨੀ ਦਾ ਉਹ ਮੀਨਾਰ ਹੈ ਜਿਸ ਤੋਂ ਅੱਜ ਵੀ ਅਤੇ ਆਉਣ ਵਾਲੇ ਸਮੇਂ ’ਚ ਵੀ ਰੌਸ਼ਨੀ ਦੀਆਂ ਕਿਰਨਾਂ ਸਹੀ ਰਸਤਾ ਦਿਖਾਉਂਦੀਆਂ ਰਹਿਣਗੀਆਂ। ਪੰਜਾਬ ’ਚ ਭਾਈਚਾਰੇ ਨੂੰ ਮਜ਼ਬੂਤ ਕਰਨ, ਆਪਣੇ ਵਿਚਾਰਾਂ ਨੂੰ ਪਿੰਡਾਂ ਦੀ ਜਨਤਾ ਤੱਕ ਫੈਲਾਉਣ ਦੇ ਮਕਸਦ ਨਾਲ ਹੀ ਲਾਲਾ ਜੀ ਨੇ 1977 ’ਚ ਪੰਜਾਬੀ ਦੀ ਰੋਜ਼ਾਨਾ ਅਖਬਾਰ ‘ਜਗ ਬਾਣੀ’ ਦੀ ਸ਼ੁਰੂਆਤ ਕੀਤੀ ਜੋ ਅੱਜ ਪੰਜਾਬੀ ਭਾਸ਼ਾ ਦੀ ਸਿਰਮੌਰ ਅਖਬਾਰ ਬਣ ਗਈ ਹੈ। ਲਾਲਾ ਜੀ ਨੇ ਆਪਣੀ ਕੁਰਬਾਨੀ ਦੇ ਕੇ ਪੰਜਾਬੀ ਏਕਤਾ ਨੂੰ ਸਿੰਜਿਆ। ਅੱਜ ਉਨ੍ਹਾਂ ਨੂੰ ਯਾਦ ਕਰਦੇ ਹੋਏ ਅਸੀਂ ਸ਼ਰਧਾਪੂਰਵਕ ਬੜੇ ਸਤਿਕਾਰ ਸਹਿਤ ਨਮਨ ਕਰਦੇ ਹਾਂ।


Bharat Thapa

Content Editor

Related News