'ਖੋ ਖੋ' ਗੁੰਮਨਾਮੀ ਤੋਂ ਅੰਤਰਰਾਸ਼ਟਰੀ ਸਿਖ਼ਰ ਤੱਕ

Wednesday, Jul 24, 2024 - 11:46 AM (IST)

ਪਿੱਛਾ ਕਰਨ ਦੀ ਸਦੀਆਂ ਪੁਰਾਣੀ ਰੁਮਾਂਚਕ ਖੇਡ ਖੋ-ਖੋ ਦੀਆਂ ਜੜ੍ਹਾਂ ਭਾਰਤੀ ਮਿਥਿਹਾਸ ’ਚ ਹਨ ਅਤੇ ਇਹ ਖੇਡ ਪ੍ਰਾਚੀਨ ਸਮੇਂ ਤੋਂ ਪੂਰੇ ਭਾਰਤ ’ਚ ਕੁਦਰਤੀ ਘਾਹ ਜਾਂ ਮੈਦਾਨਾਂ ’ਤੇ ਨਿਯਮਿਤ ਤੌਰ ’ਤੇ ਖੇਡੀ ਜਾਂਦੀ ਹੈ। ‘ਖੋ’ ਮਰਾਠੀ ਸ਼ਬਦ ਹੈ ਜਿਸ ਦਾ ਅਰਥ ਹੈ ਜਾਓ ਅਤੇ ਪਿੱਛਾ ਕਰੋ। ਭਾਰਤ ਦੇ ਪੇਂਡੂ ਖੇਤਰਾਂ ’ਚ ਬੱਚਿਆਂ ਵੱਲੋਂ ਖੇਡੀ ਜਾਣ ਵਾਲੀ 'ਖੋ ਖੋ' ਨੂੰ ਪ੍ਰਾਚੀਨ ਭਾਰਤ ਦੀ ਰਵਾਇਤੀ ਖੇਡ ਮੰਨਿਆ ਜਾਂਦਾ ਹੈ ਅਤੇ ਇਹ ਪੇਂਡੂ ਖੇਤਰਾਂ ’ਚ ਕਬੱਡੀ ਤੋਂ ਬਾਅਦ ਦੂਜੀ ਰੁਮਾਂਚਕ ਟੈਗ ਗੇਮ ਹੈ। 'ਖੋ ਖੋ' ਦਾ ਮੂਲ ਭਾਰਤ ’ਚ ਮੰਨਿਆ ਜਾਂਦਾ ਹੈ। ਇਤਿਹਾਸ ’ਚ ਇਸ ਦਾ ਵਰਣਨ ਮੌਰੀਆ ਰਾਜ (ਚੌਥੀ ਈ.ਪੂ.) ’ਚ ਮਿਲਦਾ ਹੈ। 'ਖੋ ਖੋ' ਖੇਡ ਦਾ ਵਰਣਨ ਮਹਾਂਭਾਰਤ ਕਾਲ ’ਚ ਵੀ ਕੀਤਾ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਮਹਾਂਭਾਰਤ ਕਾਲ ਦੌਰਾਨ ਰੱਥਾਂ ’ਤੇ 'ਖੋ ਖੋ' ਖੇਡਿਆ ਜਾਂਦਾ ਸੀ, ਜਿੱਥੇ ਵਿਰੋਧੀ ਰੱਥ ’ਤੇ ਸਵਾਰ ਹੋ ਕੇ ਇਕ-ਦੂਜੇ ਦਾ ਪਿੱਛਾ ਕਰਦੇ ਸਨ, ਜਿਸ ਨੂੰ ‘ਰਥੇੜਾ’ ਕਿਹਾ ਜਾਂਦਾ ਸੀ। ਕੁਝ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਅਭਿਮੰਨਿਊ ਨੇ ਮਹਾਭਾਰਤ ਯੁੱਧ ਦੇ 13ਵੇਂ ਦਿਨ ਗੁਰੂ ਦਰੋਣਾਚਾਰੀਆ ਦੁਆਰਾ ਰਚੇ ਗਏ ਚੱਕਰਵਿਊ ਵਿਚ ਪ੍ਰਵੇਸ਼ ਕਰਨ ਲਈ 'ਖੋ ਖੋ' ਵਿੱਚ ਵਰਤੀ ਗਈ ਰਣਨੀਤੀ ਦੀ ਵਰਤੋਂ ਕੀਤੀ ਅਤੇ 'ਖੋ ਖੋ' ਦੇ ਹੁਨਰ ਦੀ ਵਰਤੋਂ ਕਰਕੇ ਕੌਰਵ ਵੰਸ਼ ਨੂੰ ਭਾਰੀ ਨੁਕਸਾਨ ਪਹੁੰਚਾਇਆ ਸੀ।  

PunjabKesari

ਡੇਕਨ ਜਿਮਖ਼ਾਨਾ ਪੁਣੇ, ਜਿਸ ਦਾ ਗਠਨ ਲੋਕਮਾਨਯ ਤਿਲਕ ਦੁਆਰਾ ਕੀਤਾ ਗਿਆ ਸੀ, ਨੇ ਪਹਿਲੀ ਵਾਰ ਇਸ ਖੇਡ ਦੇ ਰਸਮੀ ਨਿਯਮ ਤੈਅ ਕੀਤੇ। ਸਾਲ 1923-24 ਵਿਚ, ਇੰਟਰ ਸਕੂਲ ਖੇਡ ਮੁਕਾਬਲੇ ਦੀ ਸਥਾਪਨਾ ਕੀਤੀ ਗਈ ਜਿਸ ਰਾਹੀਂ 'ਖੋ ਖੋ' ਨੂੰ ਪੇਂਡੂ ਪੱਧਰ ’ਤੇ ਪ੍ਰਸਿੱਧ ਕਰਨ ਲਈ ਕਦਮ ਚੁੱਕੇ ਗਏ। ਇਸ ਖੇਡ ਦੇ ਨਿਯਮਾਂ ਨੂੰ ਭਾਰਤ ਦੀਆਂ ਰਵਾਇਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਸਾਲ 1928 ਵਿਚ ਬਣੇ ‘‘ਆਲ ਇੰਡੀਆ ਫਿਜ਼ੀਕਲ ਐਜੂਕੇਸ਼ਨ ਬੋਰਡ” ਦੁਆਰਾ ਸਾਲ 1935 ਵਿਚ ਕਿਤਾਬੀ ਰੂਪ ਵਿਚ ਪ੍ਰਕਾਸ਼ਤ ਕੀਤਾ ਗਿਆ ਸੀ।   

ਆਧੁਨਿਕ ਸਮੇਂ ਵਿੱਚ 'ਖੋ ਖੋ' ਦੀ ਖੇਡ ਦਾ ਪਹਿਲੀ ਵਾਰ 1936 ਵਿਚ ਬਰਲਿਨ ਓਲੰਪਿਕ ਵਿਚ ਅਮਰਾਵਤੀ, ਮਹਾਰਾਸ਼ਟਰ ਦੇ ਹਨੂੰਮਾਨ ਵਿਆਯਾਮ ਪ੍ਰਸਾਰਕ ਮੰਡਲ ਦੀ ਸਰਪ੍ਰਸਤੀ ਹੇਠ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਇਸ ਖੇਡ ਨੂੰ ਅਡੋਲਫ ਹਿਟਲਰ ਵੱਲੋਂ ਬਹੁਤ ਸਲਾਹਿਆ ਗਿਆ ਸੀ। ਸਾਲ 1938 ਵਿਚ ਆਲ ਮਹਾਰਾਸ਼ਟਰ ਸਰੀਰਕ ਸਿੱਖਿਆ ਬੋਰਡ ਨੇ 'ਖੋ ਖੋ' ਖੇਡ ਦੀ ਦੂਜੀ ਨਿਯਮ ਕਿਤਾਬ ਪ੍ਰਕਾਸ਼ਿਤ ਕੀਤੀ। ਇਸੇ ਸਾਲ ਅਕੋਲਾ ਵਿਖੇ ਇੰਟਰ ਜ਼ੋਨਲ ਖੇਡਾਂ ਕਰਵਾਈਆਂ ਗਈਆਂ।  ਅੱਜ 'ਖੋ ਖੋ' ਭਾਰਤ ਦੇ ਸਾਰੇ ਸੂਬਿਆਂ ਵਿਚ ਖੇਡੀ ਜਾਣ ਵਾਲੀ ਖੇਡ ਹੈ ਅਤੇ ਰਾਜ ਅਤੇ ਕੌਮੀ ਪੱਧਰ ’ਤੇ 'ਖੋ ਖੋ' ਦੇ ਬਹੁਤ ਸਾਰੇ ਮੁਕਾਬਲੇ ਕਰਵਾਏ ਜਾਂਦੇ ਹਨ। ਆਜ਼ਾਦੀ ਤੋਂ ਬਾਅਦ, ਭਾਰਤੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ 1955-56 ਵਿਚ 'ਆਲ ਇੰਡੀਆ ਖੋ-ਖੋ ਬੋਰਡ' ਦੀ ਸਥਾਪਨਾ ਕੀਤੀ ਗਈ ਸੀ। ਪਹਿਲੀ ਪੁਰਸ਼ ਰਾਸ਼ਟਰੀ 'ਖੋ ਖੋ' ਚੈਂਪੀਅਨਸ਼ਿਪ 25 ਦਸੰਬਰ 1959 ਤੋਂ 1 ਜਨਵਰੀ 1960 ਤੱਕ ਆਯੋਜਿਤ ਕੀਤੀ ਗਈ ਸੀ ਜਦੋਂ ਕਿ ਪਹਿਲੀ ਮਹਿਲਾ ਰਾਸ਼ਟਰੀ 'ਖੋ ਖੋ' ਚੈਂਪੀਅਨਸ਼ਿਪ 13 ਤੋਂ 16 ਅਪ੍ਰੈਲ 1961 ਤੱਕ ਕੋਲਹਾਪੁਰ, ਮਹਾਰਾਸ਼ਟਰ ਵਿਖੇ ਆਯੋਜਿਤ ਕੀਤੀ ਗਈ ਸੀ। ਸਾਲ 1964 ਵਿਚ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਹੋਈ 5ਵੀਂ ਰਾਸ਼ਟਰੀ 'ਖੋ ਖੋ' ਚੈਂਪੀਅਨਸ਼ਿਪ ਵਿਚ ਵਿਅਕਤੀਗਤ ਪੁਰਸਕਾਰਾਂ ਦੀ ਸ਼ੁਰੂਆਤ ਕੀਤੀ ਗਈ ਸੀ। 

'ਖੋ ਖੋ ਫੈਡਰੇਸ਼ਨ ਆਫ ਇੰਡੀਆ' ਦੀ ਸਥਾਪਨਾ ਸਾਲ 1966 ਵਿਚ ਕੀਤੀ ਗਈ ਸੀ ਅਤੇ ਕਿਸ਼ੋਰ ਲੜਕਿਆਂ ਲਈ ਪਹਿਲੀ ਰਾਸ਼ਟਰੀ 'ਖੋ ਖੋ' ਚੈਂਪੀਅਨਸ਼ਿਪ ਸਾਲ 1970 ਵਿਚ ਆਯੋਜਿਤ ਕੀਤੀ ਗਈ ਸੀ ਜਦੋਂ ਕਿ ਕਿਸ਼ੋਰ ਲੜਕੀਆਂ ਲਈ ਪਹਿਲੀ ਰਾਸ਼ਟਰੀ 'ਖੋ ਖੋ' ਚੈਂਪੀਅਨਸ਼ਿਪ ਸਾਲ 1974 ਵਿਚ ਆਯੋਜਿਤ ਕੀਤੀ ਗਈ ਸੀ। 1982 ਵਿਚ ਦਿੱਲੀ ਵਿਚ ਹੋਈਆਂ 9ਵੀਂ ਏਸ਼ੀਆਈ ਖੇਡਾਂ ਵਿਚ 'ਖੋ ਖੋ' ਦਾ ਪ੍ਰਦਰਸ਼ਨੀ ਮੈਚ ਕਰਵਾਇਆ ਗਿਆ। 'ਖੋ ਖੋ' ਦੀ ਖੇਡ ਦਾ ਪ੍ਰਦਰਸ਼ਨ 1987 ਵਿਚ ਕੋਲਕਾਤਾ ਵਿਚ ਹੋਈਆਂ ਤੀਜੀ ਦੱਖਣੀ ਏਸ਼ੀਆਈ ਖੇਡਾਂ ਵਿਚ ਹੋਇਆ ਸੀ।   

ਅੰਤਰਰਾਸ਼ਟਰੀ ਖੇਡਾਂ ਵਿਚ ਪਹਿਲੀ ਵਾਰ ਪਹਿਲੀ ਏਸ਼ੀਅਨ 'ਖੋ ਖੋ' ਚੈਂਪੀਅਨਸ਼ਿਪ ਦਾ ਆਯੋਜਨ ਸਾਲ 1996 ਵਿਚ ਕੀਤਾ ਗਿਆ ਸੀ, ਜਿਸ ਨੇ 'ਖੋ ਖੋ' ਨੂੰ ਇਕ ਅੰਤਰਰਾਸ਼ਟਰੀ ਖੇਡ ਵਜੋਂ ਪ੍ਰਸਿੱਧੀ ਦਿੱਤੀ ਸੀ, ਜਿਸ ਕਾਰਨ ਅੱਜ ਇਹ ਖੇਡ 36 ਤੋਂ ਵੱਧ ਮੁਲਕਾਂ ਵਿੱਚ ਖੇਡੀ ਜਾਂਦੀ ਹੈ। ਸਾਲ 1998 ਵਿਚ ਪਹਿਲਾ ਨੇਤਾਜੀ ਸੁਭਾਸ਼ ਗੋਲਡ ਕੱਪ ਅੰਤਰਰਾਸ਼ਟਰੀ ਖੋ-ਖੋ ਟੂਰਨਾਮੈਂਟ ਕਰਵਾਇਆ ਗਿਆ। ਅੰਤਰਰਾਸ਼ਟਰੀ ਪੱਧਰ ’ਤੇ 'ਖੋ ਖੋ' ਨੂੰ ਉਤਸ਼ਾਹਿਤ ਕਰਨ ਲਈ ਅੰਤਰਰਾਸ਼ਟਰੀ ਖੋ-ਖੋ ਫੈਡਰੇਸ਼ਨ ਦੀ ਸਥਾਪਨਾ ਜੁਲਾਈ 2018 ਵਿਚ ਕੀਤੀ ਗਈ ਸੀ, ਜਿਸਦਾ ਮੁੱਖ ਦਫ਼ਤਰ ਲੰਡਨ ਵਿਚ ਹੈ। ਸਾਲ 2018 ਵਿਚ ਪਹਿਲੀ ਅੰਤਰਰਾਸ਼ਟਰੀ 'ਖੋ ਖੋ' ਚੈਂਪੀਅਨਸ਼ਿਪ ਦਾ ਆਯੋਜਨ ਕੀਤਾ ਗਿਆ ਸੀ। ਅੱਜ 'ਖੋ ਖੋ' ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵਿਆਪਕ ਤੌਰ ’ਤੇ ਖੇਡੀ ਜਾਣ ਵਾਲੀ ਖੇਡ ਹੈ। ਇਹ ਵੱਖ-ਵੱਖ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦਾ ਹਿੱਸਾ ਹੈ ਜਿਸ ਵਿਚ ਲਗਭਗ 20 ਮੁਲਕਾਂ ਦੀਆਂ ਰਾਸ਼ਟਰੀ 'ਖੋ ਖੋ' ਟੀਮਾਂ ਸ਼ਾਮਲ ਹਨ। ਅਜਿਹੇ ਮਾਣਮੱਤੇ ਇਤਿਹਾਸ ਦੇ ਨਾਲ, 'ਖੋ ਖੋ' ਦੀ ਪ੍ਰਸਿੱਧੀ ਆਉਣ ਵਾਲੇ ਵਰ੍ਹਿਆਂ ਵਿਚ ਹੋਰ ਵੀ ਵੱਧਦੀ ਰਹੇਗੀ।  

ਸੁਧਾਂਸ਼ੂ ਮਿੱਤਲ
ਲੇਖਕ ਅੰਤਰਰਾਸ਼ਟਰੀ ਖੋ-ਖੋ ਫੈਡਰੇਸ਼ਨ ਦੇ ਪ੍ਰਧਾਨ ਹਨ।


Gurminder Singh

Content Editor

Related News