ਰੂਹਾਨੀ ਰਿਸ਼ਤੇ ਦੀ ਲਾਜ ਰੱਖੋ

01/15/2020 1:54:08 AM

ਸਈਅਦ ਸਲਮਾਨ

ਪਾਕਿਸਤਾਨ ਤੋਂ ਉਂਝ ਵੀ ਕਿਸੇ ਚੰਗੀ ਖ਼ਬਰ ਦੀ ਉਮੀਦ ਘੱਟ ਹੀ ਹੁੰਦੀ ਹੈ ਪਰ ਪਿਛਲੇ ਦਿਨਾਂ ਦੀ ਇਕ ਘਟਨਾ ਨੇ ਉਸ ਪ੍ਰਤੀ ਮਨ ’ਚ ਹੋਰ ਵੀ ਨਿਰਾਸ਼ਾ ਭਰ ਦਿੱਤੀ। ਉਥੋਂ ਦੇ ਘੱਟਗਿਣਤੀ ਹਿੰਦੂਆਂ, ਈਸਾਈਆਂ ਅਤੇ ਸਿੱਖਾਂ ਵਿਰੁੱਧ ਸਥਾਨਕ ਮੁਸਲਮਾਨਾਂ ਅਤੇ ਸਰਕਾਰੀ ਦਬਾਅ ਦੀਆਂ ਖਬਰਾਂ ਪੜ੍ਹ ਕੇ ਮਨ ਦੁਖੀ ਹੋ ਜਾਂਦਾ ਹੈ। ਘਟਨਾ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਸ੍ਰੀ ਨਨਕਾਣਾ ਸਾਹਿਬ ਉੱਤੇ ਕੀਤੇ ਗਏ ਪਥਰਾਅ ਦੀ ਹੈ, ਜਦੋਂ ਇਸ ਤਰ੍ਹਾਂ ਦਾ ਕੋਈ ਵਾਕਿਆ ਇਥੇ ਮੁਸਲਿਮ ਸਮਾਜ ਦੇ ਨਾਲ ਵਾਪਰਦਾ ਹੈ ਅਤੇ ਮੁਸਲਿਮ ਸਮਾਜ ਖੁਦ ਨੂੰ ਮਜ਼ਲੂਮ ਦੱਸਦਾ ਹੈ ਤਾਂ ਉਸ ’ਤੇ ਪਾਕਿਸਤਾਨੀ ਹੋਣ ਅਤੇ ਪਾਕਿਸਤਾਨੀ ਮੁਸਲਮਾਨਾਂ ਦੇ ਅੱਤਿਆਚਾਰਾਂ ਦੇ ਬਹਾਨੇ ਵਿਅੰਗ, ਗੁੱਸਾ ਅਤੇ ਨਫਰਤ ਨੂੰ ਜਾਇਜ਼ ਠਹਿਰਾਇਆ ਜਾਂਦਾ ਹੈ। ਸਿੱਧੀ ਜਿਹੀ ਗੱਲ ਹੈ, ਜਦੋਂ ਮੁਸਲਿਮ ਸਮਾਜ ਇਥੇ ਖ਼ੁਦ ਨੂੰ ਜਬਰ ਦਾ ਸ਼ਿਕਾਰ ਸਮਝਦਾ ਹੈ ਤਾਂ ਉਸ ਨੂੰ ਪਹਿਲਾਂ ਪਾਕਿਸਤਾਨੀ ਘੱਟਗਿਣਤੀਆਂ ਦੇ ਦਰਦ ਨੂੰ ਸਮਝਣਾ ਹੋਵੇਗਾ। ਇਥੋਂ ਦੇ ਮੁਸਲਮਾਨਾਂ ਨੂੰ ਖੁੱਲ੍ਹ ਕੇ ਅਜਿਹੇ ਮਾਮਲਿਆਂ ’ਤੇ ਆਪਣਾ ਪੱਖ ਰੱਖਣਾ ਚਾਹੀਦਾ ਹੈ। ਉਸ ਨੂੰ ਕਹਿਣਾ ਚਾਹੀਦਾ ਹੈ ਕਿ ਹਿੰਦੋਸਤਾਨੀ ਮੁਸਲਮਾਨਾਂ ਦੀ ਫਿਕਰ ਕਰਨ ਤੋਂ ਪਹਿਲਾਂ ਪਾਕਿਸਤਾਨ ਉਥੋਂ ਦੇ ਘੱਟਗਿਣਤੀਆਂ ਨੂੰ ਸੁਰੱਖਿਆ ਦੇਵੇ। ਇਥੋਂ ਦਾ ਮੁਸਲਮਾਨ ਆਪਣੇ ਹਮਵਤਨ ਭਰਾਵਾਂ ਦੇ ਨਾਲ ਬੇਹੱਦ ਖੁਸ਼ ਹੈ।

ਗੱਲ ਕਰਦੇ ਹਾਂ ਪਾਕਿਸਤਾਨ ਦੀ ਘਟਨਾ ਦੀ। ਪਾਕਿਸਤਾਨ ਵਿਚ ਇਕ ਸਿੱਖ ਲੜਕੀ ਨਾਲ ਵਿਆਹ ਕਰਨ ਵਾਲੇ ਇਕ ਮੁਸਲਿਮ ਵਿਅਕਤੀ ਦੇ ਪਰਿਵਾਰ ਦੀ ਅਗਵਾਈ ’ਚ ਕੁਝ ਲੋਕਾਂ ਨੇ ਆਪਣੇ ਰਿਸ਼ਤੇਦਾਰਾਂ ਦੀ ਗ੍ਰਿਫਤਾਰੀ ਦਾ ਵਿਰੋਧ ਸ਼ੁਰੂ ਕਰ ਦਿੱਤਾ ਸੀ। ਲੜਕੀ ਦੀ ਕਥਿਤ ਤੌਰ ’ਤੇ ਜਬਰੀ ਧਰਮ ਤਬਦੀਲੀ ਕਰਵਾਉਣ ਨੂੰ ਲੈ ਕੇ ਸਬੰਧਤ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਭੀੜ ਨੇ ਗੁਰਦੁਆਰਾ ਨਨਕਾਣਾ ਸਾਹਿਬ ਦੇ ਬਾਹਰ ਪ੍ਰਦਰਸ਼ਨ ਕੀਤਾ। ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿਸਤਾਨ ’ਚ ਸੈਂਕੜਿਆਂ ਦੀ ਭੀੜ ਨੇ ਸਿੱਖਾਂ ਦੇ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਨਨਕਾਣਾ ਸਾਹਿਬ ਨੂੰ ਘੇਰ ਕੇ ਉਸ ’ਤੇ ਪੱਥਰਬਾਜ਼ੀ ਸ਼ੁਰੂ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਨੇ ਸਿੱਖਾਂ ਨੂੰ ਦੌੜਾਉਣ ਅਤੇ ਸ੍ਰੀ ਨਨਕਾਣਾ ਸਾਹਿਬ ਦਾ ਨਾਂ ਬਦਲਣ ਦੀ ਧਮਕੀ ਵੀ ਦਿੱਤੀ। ਸਾਡਾ ਸਪੱਸ਼ਟ ਕਹਿਣਾ ਹੈ ਕਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ’ਤੇ ਹੋਇਆ ਹਮਲਾ ਮਨੁੱਖਤਾ ਦੇ ਆਦਰਸ਼ਾਂ, ਧਾਰਮਿਕ ਕਦਰਾਂ-ਕੀਮਤਾਂ ਅਤੇ ਇਸਲਾਮ ਦੀ ਸਿੱਖਿਆ ਨੂੰ ਸ਼ਰਮਸਾਰ ਕਰਨ ਦੀ ਘਟਨਾ ਹੈ। ਬੁੱਧੀਜੀਵੀ ਮੁਸਲਮਾਨਾਂ ਨੇ ਇਸ ਮੁੱਦੇ ’ਤੇ ਪਾਕਿਸਤਾਨੀ ਕੱਟੜਪੰਥੀਆਂ ਦੀ ਨਿੰਦਾ ਕੀਤੀ ਹੈ ਅਤੇ ਨਿੰਦਾ ਕੀਤੀ ਵੀ ਜਾਣੀ ਚਾਹੀਦੀ ਹੈ।

ਇਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਇਸਲਾਮ ਅਤੇ ਸਿੱਖ ਧਰਮ ਦਾ ਸ਼ੁਰੂ ਤੋਂ ਹੀ ਇਕ ਅਟੁੱਟ ਸਬੰਧ ਰਿਹਾ ਹੈ। ਸਿੱਖ ਧਰਮ ਦਾ ਉਦੈ ਅਣਵੰਡੇ ਹਿੰਦੋਸਤਾਨ ਦੇ ਪੰਜਾਬ ਖੇਤਰ ਵਿਚ ਹੋਇਆ, ਜਿਥੇ ਹਿੰਦੂ ਤੇ ਮੁਸਲਮਾਨ ਦੋਹਾਂ ਧਰਮਾਂ ਦੇ ਪੈਰੋਕਾਰ ਵੱਡੀ ਗਿਣਤੀ ’ਚ ਸਨ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕਿਹਾ ਗਿਆ :

ਬਾਬਾ ਨਾਨਕ ਸ਼ਾਹ ਫ਼ਕੀਰ

ਹਿੰਦੂ ਦਾ ਗੁਰੂ, ਮੁਸਲਮਾਨ ਦਾ ਪੀਰ

ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਭਰ ਹਿੰਦੂ ਅਤੇ ਮੁਸਲਿਮ ਧਰਮ ਦੀ ਏਕਤਾ ਦਾ ਸੰਦੇਸ਼ ਦਿੱਤਾ। ਆਵਾਜਾਈ ਦੇ ਬੇਹੱਦ ਘੱਟ ਸਾਧਨਾਂ ਵਾਲੇ ਉਸ ਦੌਰ ਵਿਚ ਵੀ ਉਨ੍ਹਾਂ ਨੇ ਪੂਰਾ ਹਿੰਦੋਸਤਾਨ ਹੀ ਨਹੀਂ, ਆਧੁਨਿਕ ਇਰਾਕ ਦੇ ਬਗਦਾਦ ਅਤੇ ਸਾਊਦੀ ਅਰਬ ਦੇ ਮੱਕਾ-ਮਦੀਨਾ ਤਕ ਦੀ ਯਾਤਰਾ ਕੀਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਕ ਚੇਲਾ ਮਰਦਾਨਾ ਸੀ, ਜੋ ਮੁਸਲਿਮ ਸੀ। ਮਰਦਾਨੇ ਦੀ ਖਾਹਿਸ਼ ਮੱਕਾ ਜਾਣ ਦੀ ਸੀ। ਮਰਦਾਨੇ ਦਾ ਕਹਿਣਾ ਸੀ ਕਿ ਜਦੋਂ ਤਕ ਮੁਸਲਮਾਨ ਮੱਕਾ ਜਾ ਕੇ ਹੱਜ ਨਹੀਂ ਕਰ ਲੈਂਦਾ, ਉਦੋਂ ਤਕ ਉਹ ਸੱਚਾ ਮੁਸਲਮਾਨ ਨਹੀਂ ਅਖਵਾਉਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਸੁਣੀ ਤਾਂ ਉਹ ਉਸ ਨੂੰ ਨਾਲ ਲੈ ਕੇ ਮੱਕੇ ਲਈ ਨਿਕਲ ਪਏ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚੇਲੇ ਮਰਦਾਨੇ ਦੇ ਨਾਲ ਕਰੀਬ 28 ਸਾਲਾਂ ਵਿਚ ਦੋ ਉਪ-ਮਹਾਦੀਪਾਂ ਵਿਚ ਪੰਜ ਪ੍ਰਮੁੱਖ ਪੈਦਲ ਯਾਤਰਾਵਾਂ ਕੀਤੀਆਂ ਸਨ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਉਦਾਸੀਆਂ ਦਾ ਅਰਥ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਉਦਾਸੀਨ ਅਵਸਥਾ ਵਿਚ ਯਾਤਰਾਵਾਂ ’ਤੇ ਨਿਕਲ ਜਾਂਦੇ ਸਨ। ਇਨ੍ਹਾਂ ਯਾਤਰਾਵਾਂ ਦੌਰਾਨ ਉਹ ਆਪਣੇ ਸੰਦੇਸ਼ ਦਾ ਪ੍ਰਚਾਰ-ਪ੍ਰਸਾਰ ਕਰਦੇ ਸਨ ਅਤੇ ਉਸ ਦੌਰ ਦੇ ਸਾਧੂ-ਸੰਤਾਂ ਅਤੇ ਫ਼ਕੀਰਾਂ ਨਾਲ ਮੁਲਾਕਾਤ ਕਰਦੇ ਸਨ। ਇਨ੍ਹਾਂ 28 ਹਜ਼ਾਰ ਕਿਲੋਮੀਟਰ ਲੰਮੀਆਂ ਯਾਤਰਾਵਾਂ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਰੀਬ 60 ਸ਼ਹਿਰਾਂ ਦਾ ਦੌਰਾ ਕੀਤਾ। ਆਪਣੀ ਚੌਥੀ ਉਦਾਸੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮੱਕੇ ਦੀ ਯਾਤਰਾ ਕੀਤੀ। ਆਪਣੇ ਚੇਲੇ ਦੀ ਇੱਛਾ ਨੂੰ ਪੂਰਾ ਕਰਨ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਯਤਨ ਕੀ ਮੁਸਲਿਮ ਸਮਾਜ ਨੂੰ ਅੰਦਰੋਂ ਪਿਘਲਾਉਂਦਾ ਨਹੀਂ? ਅਤੇ ਇਹ ਕੋਈ ਕੋਰੀ ਕਲਪਨਾ ਨਹੀਂ ਹੈ, ਇਸ ਦੇ ਲਿਖਤੀ ਦਸਤਾਵੇਜ਼ ਮੌਜੂਦ ਹਨ। ਸ੍ਰੀ ਗੁਰੂੂ ਨਾਨਕ ਦੇਵ ਜੀ ਦੀ ਮੱਕਾ ਯਾਤਰਾ ਦਾ ਵੇਰਵਾ ਕਈ ਗ੍ਰੰਥਾਂ ਅਤੇ ਇਤਿਹਾਸ ਦੀਆਂ ਕਿਤਾਬਾਂ ’ਚ ਮਿਲਦਾ ਹੈ। ‘ਬਾਬਾ ਨਾਨਕ ਸ਼ਾਹ ਫ਼ਕੀਰ’ ਵਿਚ ਹਾਜੀ ਤਾਜੂਦੀਨ ਨਕਸ਼ਬੰਦੀ ਨੇ ਲਿਖਿਆ ਹੈ ਕਿ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਹੱਜ ਯਾਤਰਾ ਦੌਰਾਨ ਈਰਾਨ ’ਚ ਮਿਲੇ ਸਨ। ਜੈਨ-ਉਲ-ਆਬਦੀਨ ਦੀ ਲਿਖੀ ‘ਤਾਰੀਫ ਅਰਬ ਖਵਾਜ਼ਾ’ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੱਕਾ ਯਾਤਰਾ ਦਾ ਜ਼ਿਕਰ ਕੀਤਾ ਗਿਆ ਹੈ। ‘ਹਿਸਟਰੀ ਆਫ ਪੰਜਾਬ’, ‘ਹਿਸਟਰੀ ਆਫ ਸਿੱਖ’, ‘ਵਾਰ ਭਾਈ ਗੁਰਦਾਸ ਅਤੇ ਸੌ ਸਾਖੀ, ਜਨਮ ਸਾਖੀ ਵਿਚ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੱਕਾ ਯਾਤਰਾ ਦਾ ਜ਼ਿਕਰ ਹੁੰਦਾ ਹੈ, ਭਾਵ ਸ਼ੁਰੂ ਤੋਂ ਹੀ ਮੁਸਲਮਾਨਾਂ ਦਾ ਵੀ ਕਾਫੀ ਸਮਰਥਨ ਸਿੱਖ ਧਰਮ ਨੂੰ ਮਿਲਦਾ ਰਿਹਾ ਹੈੈ ਪਰ ਬਾਅਦ ਦੇ ਸਮੇਂ ਵਿਚ ਮੁਸਲਿਮ ਸ਼ਾਸਕਾਂ ਨੇ ਇਸ ਧਰਮ ਅਤੇ ਇਸ ਦੇ ਪਰੋਕਾਰਾਂ ਦਾ ਦਮਨ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਜਿਸ ਦਾ ਮਲਾਲ ਸਿੱਖ ਭਾਈਚਾਰੇ ਨੂੰ ਹਮੇਸ਼ਾ ਰਹਿੰਦਾ ਹੈ, ਹਾਲਾਂਕਿ ਇਸ ਨਾਲ ਸਿੱਖ ਭਰਾਵਾਂ ਦੀ ਪਰਉਪਕਾਰ ਦੀ ਭਾਵਨਾ ਵਿਚ ਕੋਈ ਕਮੀ ਨਹੀਂ ਆਈ ਹੈ।

ਗੌਰਤਲਬ ਹੈ ਕਿ ਸਿੱਖ ਭਰਾਵਾਂ ਨਾਲ ਮੁਸਲਿਮ ਸਮਾਜ ਦੇ ਹਮੇਸ਼ਾ ਹੀ ਚੰਗੇ ਸਬੰਧ ਰਹੇ ਹਨ। ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖਾਂ ਦੇ ਕਤਲੇਆਮ ਦੌਰਾਨ ਮੁਸਲਿਮ ਸਮਾਜ ਪੂਰੀ ਤਰ੍ਹਾਂ ਸਿੱਖ ਭਰਾਵਾਂ ਨਾਲ ਖੜ੍ਹਾ ਰਿਹਾ। ਉਨ੍ਹਾਂ ਨੂੰ ਪਨਾਹ ਦਿੱਤੀ। ਪੁਲਵਾਮਾ ਅਟੈਕ ਤੋਂ ਬਾਅਦ ਜਦੋਂ ਦਿੱਲੀ ਸਮੇਤ ਅਨੇਕ ਥਾਵਾਂ ਤੋਂ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰੀਆਂ ਨੂੰ ਅਤਿ-ਉਤਸ਼ਾਹੀ ਭੀੜ ਪ੍ਰੇਸ਼ਾਨ ਕਰ ਰਹੀ ਸੀ, ਉਦੋਂ ਇਨ੍ਹਾਂ ਹੀ ਸਿੱਖ ਭਰਾਵਾਂ ਨੇ ਉਨ੍ਹਾਂ ਨੂੰ ਗੁਰਦੁਆਰਿਆਂ ’ਚ ਪਨਾਹ ਦਿੱਤੀ ਸੀ। ਇਹ ਹਿੰਦੋਸਤਾਨ ਦੀ ਸੰਸਕ੍ਰਿਤੀ ਹੈੈ ਅਤੇ ਪਾਕਿਸਤਾਨ ਨੇ ਕੀ ਕੀਤਾ? ਉਨ੍ਹਾਂ ਨੇ ਘੱਟਗਿਣਤੀ ਸਿੱਖਾਂ ਦੇ ਪਵਿੱਤਰ ਅਸਥਾਨ ’ਤੇ ਪਥਰਾਅ ਕੀਤਾ, ਇਹ ਉਨ੍ਹਾਂ ਦੀ ਸੰਸਕ੍ਰਿਤੀ ਹੈ। ਇਹ 2 ਦੇਸ਼ਾਂ ਦੇ ਮੁਸਲਮਾਨਾਂ ਦੇ ਨਜ਼ਰੀਏ ਦਾ ਫਰਕ ਹੈ। ਇਥੋਂ ਦੀ ਸੰਸਕ੍ਰਿਤੀ ’ਚ ਪ੍ਰੇਮ ਵਸਦਾ ਹੈ, ਉਥੇ ਸਿਰਫ ਨਫਰਤ। ਇਥੋਂ ਦੀਆਂ ਘਟਨਾਵਾਂ ਉੱਤੇ ਪਾਕਿਸਤਾਨ ਦਾ ਦਰਦ ਸਿਰਫ ਦਿਖਾਵਾ ਹੈ। ਸ੍ਰੀ ਨਨਕਾਣਾ ਸਾਹਿਬ ’ਤੇ ਪਥਰਾਅ ਦੀ ਇਸੇ ਲਈ ਸਖਤ ਤੋਂ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ ਕਿ ਘਟਨਾ ਪਾਕਿਸਤਾਨੀਆਂ ਦੀ ਗੰਦੀ ਜ਼ਹਿਨੀਅਤ ਨੂੰ ਦਰਸਾਉਂਦੀ ਹੈ। ਪੈਗੰਬਰ ਮੁਹੰਮਦ ਸਾਹਿਬ ਦੀ ਇਨਸਾਨੀਅਤ ਅਤੇ ਇਸਲਾਮ ਦੀ ਅਸਲ ਸਿੱਖਿਆ ਨਾਲ ਪਾਕਿਸਤਾਨ ਦੀ ਹਰਕਤ ਮੇਲ ਨਹੀਂ ਖਾਂਦੀ। ਮੁਹੰਮਦ ਸਾਹਿਬ ਆਪਣੇ ਗੁਆਂਢੀਆਂ ਨਾਲ, ਭਾਵੇਂ ਉਹ ਯਹੂਦੀ, ਈਸਾਈ ਜਾਂ ਕਿਸੇ ਹੋਰ ਧਰਮ ਦੇ ਹੋਣ, ਬੇਹੱਦ ਪਿਆਰ ਵਾਲਾ ਵਤੀਰਾ ਕਰਦੇ ਸਨ, ਉਨ੍ਹਾਂ ਦੇ ਘਰਾਂ ਵਿਚ ਤੋਹਫੇ ਆਦਿ ਭੇਜਦੇ ਸਨ। ਉਨ੍ਹਾਂ ਨਾਲ ਇਨਸਾਨੀ ਰਿਸ਼ਤਿਆਂ ਦੀ ਬੁਨਿਆਦ ’ਤੇ ਸਬੰਧ ਰੱਖਦੇ ਸਨ ਪਰ ਪਾਕਿਸਤਾਨੀਆਂ ਨੇ ਘੱਟਗਿਣਤੀ ਗੁਆਂਢੀਆਂ ਦੇ ਨਾਲ ਨਫਰਤ ਦਾ ਮੁਜ਼ਾਹਰਾ ਕਰ ਕੇ ਉਨ੍ਹਾਂ ਦੀ ਸਿੱਖਿਆ ਦੀ ਅਣਡਿੱਠਤਾ ਕੀਤੀ ਹੈ।

ਦਰਅਸਲ, ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਸਰੂਪ ਸਰਵਵਿਆਪੀ ਹੈ। ਇਸ ਲਈ ਹਰ ਧਰਮ, ਪੰਥ ਅਤੇ ਫਿਰਕੇ ਦਾ ਵਿਅਕਤੀ ਇਸ ਨਾਲ ਜੁੜਾਅ ਮਹਿਸੂਸ ਕਰਦਾ ਹੈ। ਸਿੱਖ ਭਾਈਚਾਰੇ ਨਾਲ ਮੁਸਲਿਮ ਸਮਾਜ ਦਾ ਰਿਸ਼ਤਾ ਸਿਰਫ ਸਮਾਜਿਕ ਹੀ ਨਹੀਂ, ਅਧਿਆਤਮਿਕ ਵੀ ਹੈ। ਬਾਬਾ ਸ਼ੇਖ ਫ਼ਰੀਦ ਸ਼ਕਰਗੰਜ ਭਾਰਤੀ ਉਪ-ਮਹਾਦੀਪ ਦੇ ਪੰਜਾਬ ਖੇਤਰ ਦੇ ਇਕ ਸੂਫ਼ੀ ਸੰਤ ਸਨ। ਉਹ ਇਕ ਉੱਚਕੋਟੀ ਦੇ ਪੰਜਾਬੀ ਕਵੀ ਵੀ ਸਨ। ਸਿੱਖ ਗੁਰੂਆਂ ਨੇ ਇਨ੍ਹਾਂ ਦੀਆਂ ਰਚਨਾਵਾਂ ਨੂੰ ਸਨਮਾਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਜਗ੍ਹਾ ਦਿੱਤੀ। ‘ਪ੍ਰਮਾਤਮਾ ਇਕ ਹੈ’ ਦਾ ਸੰਕਲਪ ਸ੍ਰੀ ਗੁਰੂ ਨਾਨਕ ਦੇਵ ਅਤੇ ਬਾਬਾ ਸ਼ੇਖ ਫ਼ਰੀਦ ਨੂੰ ਧਰਮ ਅਤੇ ਰੂਹਾਨੀਅਤ ਦੇ ਦਾਇਰੇ ਵਿਚ ਇਕ-ਦੂਜੇ ਦੇ ਨੇੜੇ ਲਿਆਉਂਦਾ ਹੈ। ਇਹੀ ਪੱਖ ਬਾਬਾ ਫ਼ਰੀਦ ਦੇ ਪਵਿੱਤਰ ਸਲੋਕਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਨ ਦਾ ਮੁੱਖ ਕਾਰਣ ਬਣਿਆ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਬਾਬਾ ਫ਼ਰੀਦ ਜੀ ਨੂੰ ਵੱਖ-ਵੱਖ ਤੌਰ ’ਤੇ ਦੇਖਿਆ ਹੀ ਨਹੀਂ ਜਾ ਸਕਦਾ ਕਿਉਂਕਿ ਸ਼ੇਖ ਫ਼ਰੀਦ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦਾ ਹਿੱਸਾ ਬਣ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਾਬਾ ਫ਼ਰੀਦ ਦੀ ਬਾਣੀ ਦੇ ਨਾਂ ਨਾਲ ਸੌ ਤੋਂ ਵੀ ਵੱਧ ਸਲੋਕ ਹਨ। ਬਾਬਾ ਸ਼ੇਖ ਫ਼ਰੀਦ ਦਾ ਜਨਮ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ 500 ਸਾਲ ਪਹਿਲਾਂ ਮੰਨਿਆ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮੁਸਲਿਮ ਸੂਫ਼ੀ ਸੰਤ ਬਾਬਾ ਫ਼ਰੀਦ ਦੀਆਂ ਸਿੱਖਿਆਵਾਂ ਤੋਂ ਬਹੁਤ ਪ੍ਰਭਾਵਿਤ ਸਨ। ਮੰਨਿਆ ਜਾਂਦਾ ਹੈ ਕਿ ਬਾਬਾ ਫ਼ਰੀਦ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਆਪਣਾ ਅਧਿਆਤਮਕ ਗੁਰੂ ਮੰਨਦੇ ਸਨ। ਬਾਬਾ ਫ਼ਰੀਦ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੇ ਚੇਲੇ ਸਨ। ਪਾਕਿਸਤਾਨੀਆਂ ਨੂੰ ਇਸ ਰੂਹਾਨੀ ਰਿਸ਼ਤੇ ਦੀ ਲਾਜ ਰੱਖਣੀ ਸ਼ਾਇਦ ਨਹੀਂ ਆਈ।

ਕਾਸ਼! ਪਾਕਿਸਤਾਨੀ ਮਹਾਨ ਸੂਫ਼ੀ ਸੰਤ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸੰਦੇਸ਼ ਨੂੰ ਸਮਝ ਸਕਣ :

ਅਵਲਿ ਅਲਹ ਨੂਰੁ ਉਪਾਇਆ, ਕੁਦਰਤਿ ਕੇ ਸਭ ਬੰਦੇ।

ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ।।

ਭਾਵ, ‘‘ਅਸੀਂ ਸਾਰੇ ਉਸ ਸਰਵਸ਼ਕਤੀਮਾਨ, ਪਰਮ-ਪ੍ਰਮਾਤਮਾ ਦੇ ਪੈਰੋਕਾਰ ਹਾਂ, ਸਭ ਇਨਸਾਨ ਭਰਾ-ਭਰਾ ਹਨ, ਫਿਰ ਇਕ ਈਸ਼ਵਰ ਦੀ ਰਚਨਾ ਹੋਣ ਦੇ ਬਾਵਜੂਦ ਸਾਡੇ ’ਚ ਊਚ-ਨੀਚ ਕਾਹਦੀ।’’


Bharat Thapa

Content Editor

Related News