ਇਹ ਫੇਸਬੁੱਕ ਹੈ ਜਾਂ ਠੇਸਬੁੱਕ ਹੈ?

Wednesday, Aug 19, 2020 - 04:27 AM (IST)

ਇਹ ਫੇਸਬੁੱਕ ਹੈ ਜਾਂ ਠੇਸਬੁੱਕ ਹੈ?

ਡਾ. ਵੇਦਪ੍ਰਤਾਪ ਵੈਦਿਕ

ਕੀ ਅਸੀਂ ਅੱਜ ਫੇਸਬੁੱਕ ਅਤੇ ਵ੍ਹਟਸਐਪ ਦੇ ਬਿਨਾਂ ਰਹਿ ਸਕਦੇ ਹਾਂ? ਸਵੇਰੇ ਉੱਠਦੇ ਹੀ ਕਰੋੜਾਂ ਭਾਰਤੀ ਭਗਵਾਨ ਦਾ ਨਾਂ ਲੈਂਦੇ ਹਨ ਜਾਂ ਨਹੀਂ ਪਰ ਆਪਣੇ ਫੇਸਬੁੱਕ ਅਤੇ ਵ੍ਹਟਸਐਪ ਨੂੰ ਜ਼ਰੂਰ ਦੇਖਦੇ ਹਨ। ਇਹ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਭਾਰਤ ਤਾਂ ਫੇਸਬੁੱਕ ਦਾ ਦੁਨੀਆ ’ਚ ਸਭ ਤੋਂ ਵੱਡਾ ਖਪਤਕਾਰ ਬਣ ਗਿਆ ਹੈ ਪਰ ਫੇਸਬੁੱਕ ’ਤੇ ਗੰਭੀਰ ਲਾਪ੍ਰਵਾਹੀ ਦੇ ਦੋਸ਼ ਲੱਗ ਰਹੇ ਹਨ। ਮੇਰੇ ਵਿਚਾਰ ’ਚ ਫੇਸਬੁੱਕ ਹੁਣ ਠੇਸਬੁੱਕ ਬਣਦੀ ਜਾ ਰਹੀ ਹੈ। ਉਸ ’ਤੇ ਲੋਕ ਝੂਠੀਆਂ ਖਬਰਾਂ, ਨਿਰਾਧਾਰ ਨਿੰਦਾ, ਅਸ਼ਲੀਲ ਚਰਚਾ, ਦੇਸ਼ ਵਿਰੋਧੀ ਅਫਵਾਹਾਂ ਭਾਵ ਜੋ ਚਾਹੁਣ ਸੋ ਚਲਾ ਦਿੰਦੇ ਹਨ। ਅਜਿਹੀਆਂ ਗੱਲਾਂ ਨਾਲ ਲੋਕਾਂ ਦਾ, ਸੰਸਥਾਵਾਂ ਦਾ ਅਤੇ ਦੇਸ਼ ਦਾ ਅਥਾਹ ਨੁਕਸਾਨ ਹੁੰਦਾ ਹੈ। ਅਜਿਹੇ ’ਚ ਹੀ ਕੁਝ ਮਾਮਲੇ ਹੁਣੇ-ਹੁਣੇ ਸਾਹਮਣੇ ਆਏ ਹਨ।

ਅਮਰੀਕਾ ਦੀ ਅਖਬਾਰ ‘ਵਾਲ ਸਟ੍ਰੀਟ ਜਰਨਲ’ ’ਚ ਛਪੀ ਇਕ ਖਬਰ ਤੋਂ ਪਤਾ ਲੱਗਾ ਹੈ ਕਿ ਭਾਰਤ ’ਚ ਭਾਜਪਾ ਦੇ ਚਾਰ ਨੇਤਾਵਾਂ ਨੇ ਫੇਸਬੁੱਕ ਦੀ ਵਰਤੋਂ ਹਿੰਸਾ ਭੜਕਾਉਣ ਲਈ ਕੀਤੀ ਜੋ ਕਿ ਫੇਸਬੁੱਕ ਦੇ ਨਿਯਮਾਂ ਦੀ ਸਪੱਸ਼ਟ ਉਲੰਘਣਾ ਹੈ ਪਰ ਭਾਰਤ ’ਚ ਫੇਸਬੁੱਕ ਦੀ ਕਰਤਾ-ਧਰਤਾ ਔਰਤ ਨੇ ਕਹਿ ਦਿੱਤਾ ਕਿ ਉਨ੍ਹਾਂ ‘ਖਤਰਨਾਕ ਦੋਸ਼ੀਆਂ’ ਵਿਰੁੱਧ ਅਸੀਂ ਕਾਰਵਾਈ ਕਰਦੇ ਤਾਂ ਸਾਨੂੰ ਵਪਾਰਕ ਨੁਕਸਾਨ ਹੋ ਜਾਂਦਾ। ਕੁਝ ਅਜਿਹੇ ਹੀ ਤਰਕਾਂ ਦੇ ਵਿਰੁੱਧ ਅਮਰੀਕੀ ਸੰਸਦ ਨੇ ਸਖਤ ਕਾਰਵਾਈ ਕੀਤੀ ਸੀ ਅਤੇ ਇਸ ਤਰ੍ਹਾਂ ਦੀਆਂ ਸੰਚਾਰ ਸੰਸਥਾਵਾਂ ਨੂੰ ਸਜ਼ਾ ਵੀ ਦਿੱਤੀ ਸੀ। ਭਾਰਤ ’ਚ ਵੀ ਸੂਚਨਾ ਤਕਨੀਕ ਦੀ ਸਥਾਈ ਸੰਸਦੀ ਕਮੇਟੀ ਦੇ ਪ੍ਰਧਾਨ ਸ਼ਸ਼ੀ ਥਰੂਰ ਨੇ ਇਸ ਮਾਮਲੇ ’ਚ ਫੇਸਬੁੱਕ ਦੀ ਜਾਂਚ ਦੀ ਮੰਗ ਕੀਤੀ ਹੈ।

ਥਰੂਰ ਦੀ ਮੰਗ ’ਤੇ ਭਾਜਪਾ ਨੂੰ ਨਾਰਾਜ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਭਾਜਪਾ ਨੇ ਤਾਂ ਆਪਣੇ ਉਨ੍ਹਾਂ ਸੰਸਦ ਮੈਂਬਰਾਂ ਅਤੇ ਨੇਤਾਵਾਂ ਨੂੰ ਖੁਦ ਹੀ ਕਾਫੀ ਫਟਕਾਰਿਆ ਸੀ। ਬੇਂਗਲੁਰੂ ਅਤੇ ਦਿੱਲੀ ’ਚ ਹੋਏ ਫਿਰਕੂ ਦੰਗਿਆਂ ਨੂੰ ਕੁਝ ਗੈਰ-ਜ਼ਿੰਮੇਵਾਰ ਲੋਕਾਂ ਨੇ ਭੜਕਾਇਆ ਜ਼ਰੂਰ ਪਰ ਕਿਸੇ ਪਾਰਟੀ ਨੇ ਉਸ ਨੂੰ ਯੋਜਨਾਬੱਧ ਢੰਗ ਨਾਲ ਭੜਕਾਇਆ ਹੋਵੇ, ਅਜਿਹਾ ਮੰਨਣਾ ਮੁਸ਼ਕਲ ਹੈ। ਫਿਰ ਵੀ ਫੇਸਬੁੱਕ ਅਤੇ ਵ੍ਹਟਸਐਪ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਇਸ ਨੂੰ ਪਾਰਟੀਬਾਜ਼ੀ ਦਾ ਮਾਮਲਾ ਨਹੀਂ ਬਣਾਇਆ ਜਾਣਾ ਚਾਹੀਦਾ। ਜੇ ਇਸ ਨੂੰ ਲੈ ਕੇ ਕਾਂਗਰਸੀ ਭਾਜਪਾ ’ਤੇ ਹਮਲਾ ਕਰਨਗੇ ਤਾਂ ਭਾਜਪਾ ਵੀ ‘ਕੈਂਬ੍ਰਿਜ ਐਨਾਲਿਟਿਕਾ’ ਦਾ ਮਾਮਲਾ ਉਠਾ ਕੇ ਕਾਂਗਰਸ ਲਈ ਮੁਸ਼ਕਲ ਖੜ੍ਹੀ ਕਰ ਦੇਵੇਗੀ।

ਇਹ ਕਹਿਣਾ ਤਾਂ ਜ਼ਿਆਦਤੀ ਹੀ ਹੈ ਕਿ ਫੇਸਬੁੱਕ ਦੀ ਮੁਖੀ ਅਖੀ ਦਾਸ ਨੇ ਜਾਣਬੁੱਝ ਕੇ ਭਾਜਪਾ ਨਾਲ ਪੱਖਪਾਤ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਕਈ ਰਿਸ਼ਤੇਦਾਰ ਰਾਸ਼ਟਰੀ ਸਵੈਮਸੇਵਕ ਸੰਘ ਨਾਲ ਜੁੜੇ ਹੋਏ ਹਨ। ਇਹ ਮਾਮਲਾ ਇੰਨਾ ਗੰਭੀਰ ਹੈ ਕਿ ਇਸ ਨੂੰ ਪਾਰਟੀ ਦੇ ਚਸ਼ਮੇ ਨਾਲ ਦੇਖਣ ਦੀ ਬਜਾਏ ਰਾਸ਼ਟਰੀ ਨਜ਼ਰੀਏ ਨਾਲ ਦੇਖਿਆ ਜਾਣਾ ਚਾਹੀਦੈ। ਭਾਰਤ ਦੀ ਸੰਸਦੀ ਕਮੇਟੀ ’ਚ ਸਾਰੀਆਂ ਪਾਰਟੀਆਂ ਦੇ ਲੋਕ ਹਨ। ਉਹ ਸਰਬਸੰਮਤੀ ਨਾਲ ਫੇਸਬੁੱਕ ਅਤੇ ਵ੍ਹਟਸਐਪ ਦੀ ਦੁਰਵਰਤੋਂ ਨੂੰ ਰੋਕਣ, ਇਹ ਬਹੁਤ ਜ਼ਰੂਰੀ ਹੈ। ਜੇ ਇਹ ਨਹੀਂ ਹੋਇਆ ਤਾਂ ਚੀਨ ਵਾਂਗ ਭਾਰਤ ’ਚ ਵੀ ਫੇਸਬੁੱਕ ਨੂੰ ਲੋਕ ਠੇਸਬੁੱਕ ਕਹਿਣ ਲੱਗਣਗੇ ਅਤੇ ਉਹ ਆਪੇ ਗਾਇਬ ਹੋ ਜਾਵੇਗੀ।


author

Bharat Thapa

Content Editor

Related News