ਦੋਸਤੀ ਵਿਚਾਲੇ ਤਰੇੜ ਦਾ ਕਾਰਨ ਨਾ ਬਣ ਜਾਵੇ ਅਕਲ
Saturday, Aug 03, 2024 - 01:22 PM (IST)
ਹਰ ਸਾਲ ਅਗਸਤ ਦੇ ਪਹਿਲੇ ਐਤਵਾਰ ਨੂੰ ਭਾਰਤ ਸਮੇਤ ਕਈ ਦੇਸ਼ਾਂ ’ਚ ਮਿੱਤਰਤਾ ਦਿਵਸ ਮਨਾਉਣ ਦੀ ਪ੍ਰੰਪਰਾ ਹੈ। ਇਹ ਦਿਨ ਸਿਰਫ ਨਾਂ ਦੇ ਲਈ ਨਹੀਂ ਸਗੋਂ ਗੰਭੀਰਤਾ ਨਾਲ ਸੋਚਣ ਦਾ ਮੌਕਾ ਹੈ ਕਿ ਦੋਸਤੀ ਦੀ ਪਰਿਭਾਸ਼ਾ, ਉਸ ਦੀ ਲੋੜ ਅਤੇ ਉਸ ਨੂੰ ਨਿਭਾਉਣ ਦੇ ਜ਼ਰੂਰੀ ਲੱਛਣ ਕੀ ਹਨ ਅਤੇ ਕਿਵੇਂ ਇਹ ਰਿਸ਼ਤਾ ਜੀਵਨ ਭਰ ਬਣਿਆ ਰਹਿ ਸਕਦਾ ਹੈ?
ਮਿੱਤਰਤਾ ਦਾ ਭਾਵਨਾ ਨਾਲ ਸਬੰਧ
ਸਾਰੇ ਲੋਕਾਂ ਦੀ ਜ਼ਿੰਦਗੀ ’ਚ ਅਜਿਹੇ ਪਲ ਆਏ ਹੋਣਗੇ, ਉਨ੍ਹਾਂ ਵਿਅਕਤੀਆਂ ਨੂੰ ਮਿਲੇ ਹੋਣਗੇ ਜਾਂ ਅਚਾਨਕ ਆਹਮੋ-ਸਾਹਮਣੇ ਆ ਗਏ ਹੋਣਗੇ ਜਿਨ੍ਹਾਂ ਨੂੰ ਦੇਖ ਕੇ ਮਨ ’ਚ ਇਹ ਭਾਵਨਾ ਪੈਦਾ ਹੋਈ ਹੋਵੇਗੀ ਕਿ ਇਹ ਤਾਂ ਮੇਰੇ ਹੀ ਵਰਗਾ ਜਾਂ ਵਰਗੀ ਹੈ। ਬਚਪਨ ’ਚ ਆਪਣੇ ਹੀ ਪਰਿਵਾਰ ਜਾਂ ਗੁਆਂਢ ’ਚ ਜਾਂ ਸਕੂਲ ਆਉਂਦੇ-ਜਾਂਦੇ ਜਾਂ ਇਕ ਹੀ ਜਮਾਤ ’ਚ ਕੋਈ ਨਾ ਕੋਈ ਤਾਂ ਹੁੰਦਾ ਹੈ ਜਿਸ ਨਾਲ ਗੱਲ ਕਰਨ, ਮਿਲ-ਬੈਠਣ ਅਤੇ ਆਪਣਾ ਕੋਈ ਵੀ ਰਾਜ਼ ਵੰਡਣ ਦੀ ਇੱਛਾ ਆਪਣੇ ਆਪ ਹੋ ਜਾਂਦੀ ਹੈ।
ਇਸ ’ਚ ਪਰਿਵਾਰ ਜਾਂ ਖਾਨਦਾਨ ਜਾਂ ਧਨ-ਦੌਲਤ, ਗਰੀਬੀ-ਅਮੀਰੀ ਅਤੇ ਸਮਾਜਿਕ ਪਹਿਰੇਦਾਰੀ ਦੀ ਕੋਈ ਜਗ੍ਹਾ ਨਹੀਂ ਹੁੰਦੀ। ਵੱਖ-ਵੱਖ ਹਾਲਾਤ ਦੇ ਕਾਰਨ ਭਾਵੇਂ ਸੰਸਾਰਕ ਤੌਰ ’ਤੇ ਕਿੰਨੇ ਵੀ ਦੂਰ ਹੋਈਏ, ਕਿਸੇ ਵੀ ਮੁਕਾਮ ’ਤੇ ਹੋਈਏ, ਉਨ੍ਹਾਂ ਦੀ ਯਾਦ ਜ਼ਰੂਰ ਆਉਂਦੀ ਹੈ, ਸਾਲਾਂ ਤੱਕ ਨਾ ਮਿਲੇ ਹੋਈਏ ਪਰ ਜਦ ਵੀ ਮੁਲਾਕਾਤ ਹੋਈ ਹੋਵੇ ਅਤੇ ਹਾਲਾਤ ਕਿਹੋ ਜਿਹੇ ਵੀ ਹੋਣ, ਉਹੀ ਪੁਰਾਣੀਆਂ ਯਾਦਾਂ ਦਿਮਾਗ ’ਚ ਆਉਣ ਲੱਗਦੀਆਂ ਹਨ ਜੋ ਇਕ ਤਰ੍ਹਾਂ ਨਾਲ ਹਰੇਕ ਦੇ ਜੀਵਨ ਦੀ ਢਾਲ ਹੁੰਦੀਆਂ ਹਨ।
ਕਹਿੰਦੇ ਹਨ ਕਿ ਦੋਸਤਾਂ ਦੇ ਨਾਲ ਰਹਿਣ ਨਾਲ ਉਮਰ ਵਧਦੀ ਹੈ, ਮਾਨਸਿਕ ਸਿਹਤ ਠੀਕ ਰਹਿੰਦੀ ਹੈ, ਸਰੀਰਕ ਸਿਹਤ ਚੰਗੀ ਰਹਿੰਦੀ ਹੈ। ਸਬੂਤ ਹੈ ਕਿ ਦੋਸਤ ਨਾਲ ਹੋਵੇ ਤਾਂ ਗੰਭੀਰ ਬੀਮਾਰੀਆਂ ਜਿਵੇਂ ਦਿਲ ਜਾਂ ਕੈਂਸਰ ਦੇ ਰੋਗੀ ਦੁੱਗਣੀ ਗਤੀ ਨਾਲ ਠੀਕ ਹੁੰਦੇ ਹਨ। ਅਸਲ ’ਚ ਦੋਸਤੀ ਊਰਜਾ ਦਿੰਦੀ ਰਹਿੰਦੀ ਹੈ ਅਤੇ ਉਹ ਵੀ ਬਿਨਾਂ ਸਾਹਮਣੇ ਬੈਠੇ ਭਾਵ ਸਿਰਫ ਖਿਆਲਾਂ ਦੇ ਜ਼ਰੀਏ ਕਿ ਦੋਸਤ ਇੱਥੇ ਕਿਤੇ ਹੈ। ਇਹੀ ਅਹਿਸਾਸ ਛੇਤੀ ਠੀਕ ਹੋਣ ਦਾ ਕਾਰਨ ਬਣ ਜਾਂਦਾ ਹੈ। ਇਸ ਦੇ ਉਲਟ ਜੇ ਅਜਿਹਾ ਭਾਵਨਾਤਮਕ ਸਬੰਧ ਰੱਖਣ ਵਾਲਾ ਵਿਅਕਤੀ ਜ਼ਿੰਦਗੀ ’ਚ ਨਹੀਂ ਹੈ ਤਾਂ ਸਿਰਫ ਦਵਾਈਆਂ ਦਾ ਹੀ ਭਰੋਸਾ ਰਹਿ ਜਾਂਦਾ ਹੈ।
ਦੋਸਤੀ ਵਿਚਾਲੇ ਅਕਲ ਦੀ ਵਰਤੋਂ
ਦੋਸਤੀ ਦੀ ਪਰਖ ਕਰਨ ਲਈ ਜਦ ਲੋਕ ਆਪਣੀ ਅਕਲ ਦੀ ਲੋੜ ਤੋਂ ਜ਼ਿਆਦਾ ਵਰਤੋਂ ਕਰਦੇ ਹਨ ਉਦੋਂ ਹੀ ਦੋਸਤੀ ਦੇ ਖਤਮ ਹੋਣ ਅਤੇ ਇਹ ਸੋਚਣ ਕਿ ਅਸੀਂ ਕਦੀ ਦੋਸਤ ਵੀ ਸੀ, ਇਹ ਸੋਚ ਬਣਨ ਦੀ ਸ਼ੁਰੂਆਤ ਹੋ ਜਾਂਦੀ ਹੈ। ਧਿਆਨ ਦਿਓ ਕਿ ਬਚਪਨ ’ਚ ਜਦ ਕਿਸੇ ਨਾਲ ਦੋਸਤੀ ਜਾਂ ਮੁਹੱਬਤ ਹੁੰਦੀ ਸੀ ਤਾਂ ਤਰਕ ਭਾਵ ਅਕਲ ਦੀ ਵਰਤੋਂ ਨਹੀਂ ਹੁੰਦੀ ਸੀ, ਬਸ ਇਕ ਰਿਸ਼ਤਾ ਬਣਨ ਲੱਗਦਾ ਸੀ। ਇਸ ਗੱਲ ਵੱਲ ਧਿਆਨ ਹੀ ਨਹੀਂ ਜਾਂਦਾ ਸੀ ਕਿ ਜਿਸ ਨਾਲ ਦੋਸਤੀ ਹੋ ਰਹੀ ਹੈ ਉਸ ਦੀ ਆਰਥਿਕ, ਪਰਿਵਾਰਕ ਅਤੇ ਸਮਾਜਿਕ ਹੈਸੀਅਤ ਕੀ ਹੈ ਅਤੇ ਜੇ ਕੋਈ ਇਨ੍ਹਾਂ ਸਾਰੀਆਂ ਚੀਜ਼ਾਂ ਦੇ ਦਮ ’ਤੇ ਆਪਣੀ ਧਾਕ ਜਾਂ ਧੌਂਸ ਜਮਾ ਕੇ ਦੋਸਤੀ ਕਰਨਾ ਚਾਹੁੰਦਾ ਸੀ ਤਾਂ ਉਸ ਨੂੰ ਨਾ ਸਿਰਫ ਬਾਕੀ ਲੋਕ ਸਬਕ ਸਿਖਾ ਦਿੰਦੇ ਸੀ ਸਗੋਂ ਉਸ ਨੂੰ ਦੋਸਤ ਵੀ ਨਹੀਂ ਮੰਨਦੇ ਸਨ। ਕਹਿੰਦੇ ਹਨ ਕਿ ਅਜਿਹੀ ਨਿਰਸਵਾਰਥ ਭਾਵਨਾ ਦੇ ਬੀਜ ਤੋਂ ਪੈਦਾ ਅਤੇ ਵਧੀ-ਫੁੱਲੀ ਦੋਸਤੀ ਹੀ ਪੂਰੀ ਜ਼ਿੰਦਗੀ ਕਾਇਮ ਰਹਿੰਦੀ ਹੈ।
ਦੋਸਤੀ ਦੇ ਪੌਰਾਣਿਕ ਢੰਗ
ਕ੍ਰਿਸ਼ਨ ਅਤੇ ਸੁਦਾਮਾ ਦੀ ਪਾਠਸ਼ਾਲਾ ’ਚ ਬਣੀ ਦੋਸਤੀ ਰਾਜਾ ਤੇ ਰੰਕ ਦੀ ਦੋਸਤੀ ਦੀ ਪੌਰਾਣਿਕ ਮਿਸਾਲ ਹੈ। ਇਸ ਦੇ ਨਾਲ ਕ੍ਰਿਸ਼ਨ ਅਤੇ ਰਾਧਾ, ਕ੍ਰਿਸ਼ਨ ਅਤੇ ਦ੍ਰੌਪਦੀ ਅਤੇ ਕ੍ਰਿਸ਼ਨ ਅਤੇ ਊਧਵ ਦੀ ਦੋਸਤੀ ਦੇ ਵੱਖ-ਵੱਖ ਰੂਪ ਹਨ। ਅੱਜ ਦੇ ਦੌਰ ’ਚ ਇਨ੍ਹਾਂ ਪੌਰਾਣਿਕ ਚਰਿੱਤਰਾਂ ਨੂੰ ਸਮਝਣਾ ਹੀ ਦੋਸਤੀ ਦੀ ਕਸੌਟੀ ਹੈ। ਰਾਧਾ ਅਤੇ ਕ੍ਰਿਸ਼ਨ ’ਚ ਆਤਮਿਕ ਦੋਸਤੀ ਭਾਵ ਆਤਮਾ ਦਾ ਸਬੰਧ ਸੀ। ਦੋਵੇਂ ਇਕ-ਦੂਜੇ ਦੇ ਪੂਰਕ ਜਾਂ ਕਹੀਏ ਕਿ ਦੋ ਸਰੀਰ ਅਤੇ ਇਕ ਆਤਮਾ ਸਨ। ਉਨ੍ਹਾਂ ਦਾ ਪ੍ਰੇਮ ਅਧਿਆਤਮਿਕ ਅਲੌਕਿਕ ਸੀ, ਸੰਸਾਰਕ ਵਿਸ਼ਿਆਂ ਦੀ ਕਾਮਨਾ ਤੇ ਵਾਸਨਾ ਦਾ ਕੋਈ ਸਥਾਨ ਨਹੀਂ ਸੀ।
ਆਤਮਿਕ ਮਿੱਤਰਤਾ ਤੋਂ ਬਾਅਦ ਕ੍ਰਿਸ਼ਨ ਦੇ ਸਖਾ ਭਾਵ ਦਾ ਉਨ੍ਹਾਂ ਦੇ ਜੀਵਨ ’ਚ ਸਥਾਨ ਸੀ। ਉਨ੍ਹਾਂ ਦੇ ਸਿਰਫ ਦੋ ਸਖਾ ਸਨ। ਇਕ ਸੀ ਦ੍ਰੌਪਦੀ ਅਤੇ ਇਹ ਦੋਵੇਂ ਇਕ-ਦੂਜੇ ਦੇ ਸਖਾ ਸਨ ਅਤੇ ਇਕ-ਦੂਜੇ ਨੂੰ ਇਸੇ ਸੰਬੋਧਨ ਨਾਲ ਬੁਲਾਉਂਦੇ ਸਨ। ਮਹਾਭਾਰਤ ’ਚ ਚੀਰਹਰਨ ਦਾ ਪ੍ਰਸੰਗ ਇਹੀ ਦਰਸਾਉਂਦਾ ਹੈ ਕਿ ਸਖਾ ਭਾਵ ਹੀ ਦੋਸਤੀ ਦੀ ਕਸੌਟੀ ਅਤੇ ਉਸ ਦਾ ਸਿਖਰ ਹੈ। ਜਦ ਸਾਰੇ ਪਾਸਿਓਂ ਦ੍ਰੌਪਦੀ ਨਿਰਾਸ਼ ਅਤੇ ਦੁਖੀ ਹੋ ਰਹੀ ਸੀ ਤਾਂ ਆਪਣੇ ਸਖਾ ਨੂੰ ਇਕ ਵਾਰ ਸੱਦਣ ਦੇ ਨਾਲ ਹੀ ਉਸ ਦੇ ਸਾਰੇ ਦੁੱਖਾਂ ਦਾ ਅੰਤ ਹੋ ਗਿਆ। ਸੰਸਾਰਕ ਪ੍ਰੇਮ ਭਾਵੇਂ ਦ੍ਰੌਪਦੀ ਆਪਣੇ ਪੰਜ ਪਤੀਆਂ ਅਤੇ ਕ੍ਰਿਸ਼ਨ ਆਪਣੀ ਪਟਰਾਣੀ ਤੇ ਹੋਰ ਰਾਣੀਆਂ ਨਾਲ ਕਰਦੇ ਹੋਣ ਪਰ ਸਖਾ ਭਾਵ ਤੋਂ ਪੈਦਾ ਪ੍ਰੇਮ ਕ੍ਰਿਸ਼ਨ ਅਤੇ ਦ੍ਰੌਪਦੀ ਦੇ ਜੀਵਨ ਦੀ ਸ਼ਕਤੀ ਸੀ। ਇਹ ਅਖੀਰ ਤੱਕ ਕਾਇਮ ਰਿਹਾ। ਇਸ ’ਚ ਨਾ ਕਦੀ ਵਿਘਨ ਪਿਆ ਤੇ ਨਾ ਹੀ ਕਦੀ ਕੋਈ ਕਮੀ ਆਈ।
ਕ੍ਰਿਸ਼ਨ ਦੇ ਦੂਜੇ ਸਖਾ ਸਨ ਊਧਵ ਜੋ ਉਨ੍ਹਾਂ ਦੇ ਸਹਿਪਾਠੀ ਸਨ, ਇਕ-ਦੂਜੇ ਵਰਗੇ ਦਿਸਣ ਵਾਲੇ ਅਤੇ ਪ੍ਰੇਮ ਤੇ ਦੋਸਤੀ ਦੀ ਅਦੁੱਤੀ ਉਦਾਹਰਣ ਸਨ। ਊਧਵ ਬਹੁਤ ਗਿਆਨੀ ਸਨ ਅਤੇ ਉਨ੍ਹਾਂ ਨੂੰ ਆਪਣੇ ਗਿਆਨ ਦਾ ਹੰਕਾਰ ਸੀ। ਉਹ ਆਪਣੇ ਸਾਹਮਣੇ ਕਿਸੇ ਨੂੰ ਆਪਣੇ ਵਰਗਾ ਜਾਂ ਵੱਡਾ ਵਿਦਵਾਨ ਹੀ ਨਹੀਂ ਸਮਝਦੇ ਸਨ ਪਰ ਕ੍ਰਿਸ਼ਨ ਅਤੇ ਊਧਵ ਤਾਂ ਸਖਾ ਸਨ ਅਤੇ ਇਕ-ਦੂਜੇ ਦੇ ਮਨ ਅਤੇ ਦਿਲ ਦੀ ਗੱਲ ਜਾਣਦੇ ਸਨ। ਦੋਵਾਂ ’ਚ ਇਕ ਫਰਕ ਸੀ। ਕ੍ਰਿਸ਼ਨ ਨੂੰ ਹੰਕਾਰ ਦਾ ਗਿਆਨ ਸੀ ਅਤੇ ਇਸੇ ਕਾਰਨ ਉਹ ਕੌਰਵਾਂ ਦੇ ਘਮੰਡ ਨੂੰ ਚੂਰ-ਚੂਰ ਕਰ ਸਕੇ। ਉਨ੍ਹਾਂ ਨੂੰ ਪਾਂਡਵਾਂ ਦੇ ਹੰਕਾਰ ਦਾ ਵੀ ਪਤਾ ਸੀ ਅਤੇ ਉਨ੍ਹਾਂ ਨੇ ਉਸ ਨੂੰ ਵੀ ਤੋੜ ਦਿੱਤਾ। ਇਸੇ ਤਰ੍ਹਾਂ ਉਨ੍ਹਾਂ ਨੂੰ ਊਧਵ ਦੇ ਗਿਆਨੀ ਹੋਣ ਦਾ ਹੰਕਾਰ ਦਾ ਗਿਆਨ ਸੀ। ਜ਼ਰੂਰੀ ਸੀ ਕਿ ਜਦ ਕੋਈ ਦੋਸਤ ਹੋਵੇ ਤਾਂ ਉਸ ਨੂੰ ਸ਼ੀਸ਼ਾ ਵੀ ਦਿਖਾਇਆ ਜਾਵੇ। ਕ੍ਰਿਸ਼ਨ ਨੇ ਇਹੀ ਕੀਤਾ ਅਤੇ ਕਿਸ ਤਰ੍ਹਾਂ ਨਾਲ ਕੀਤਾ, ਇਹ ਸਭ ਇਕ ਵਾਰ ਫਿਰ ਤੋਂ ਜਾਣਦੇ ਹਾਂ।
ਕ੍ਰਿਸ਼ਨ ਦਾ ਰਾਧਾ ਅਤੇ ਗੋਪ-ਗੋਪੀਆਂ ਨਾਲ ਆਤਮਿਕ ਪ੍ਰੇਮ ਸੀ ਤੇ ਉਹ ਭਾਵੇਂ ਕਿਸੇ ਵੀ ਹਾਲਾਤ ਜਾਂ ਹਾਲਤਾਂ ’ਚ ਹੋਣ, ਇਕ ਪੁਕਾਰ ਨਾਲ ਹਾਜ਼ਰ ਹੋ ਜਾਂਦੇ ਸਨ। ਊਧਵ ਕ੍ਰਿਸ਼ਨ ਦੇ ਰਾਜਕਾਜ ’ਚ ਉਨ੍ਹਾਂ ਦੇ ਸਹਾਇਕ ਸਨ ਅਤੇ ਉਸ ਦੇ ਸੁਚਾਰੂ ਢੰਗ ਨਾਲ ਸੰਚਾਲਨ ਦੀ ਉਨ੍ਹਾਂ ਦੀ ਜ਼ਿੰਮੇਵਾਰੀ ਸੀ। ਹੁਣ ਕ੍ਰਿਸ਼ਨ ਤਾਂ ਰਾਧਾ ਦੀ ਆਤਮਾ ਸਨ ਅਤੇ ਇਸ ਨਾਲ ਊਧਵ ਦੇ ਅਨੁਸਾਰ ਰਾਜਕਾਜ ’ਚ ਰੁਕਾਵਟ ਪੈਂਦੀ ਸੀ। ਜਦ ਊਧਵ ਨੇ ਬਹੁਤ ਤਾਅਨੇ ਦਿੱਤੇ ਤਾਂ ਕ੍ਰਿਸ਼ਨ ਨੇ ਊਧਵ ਨੂੰ ਆਪਣਾ ਦੂਤ ਬਣਾ ਕੇ ਗੋਪੀਆਂ ਕੋਲ ਭੇਜਿਆ ਕਿ ਆਪਣੇ ਗਿਆਨ ਨਾਲ ਉਨ੍ਹਾਂ ਨੂੰ ਸਮਝਾਉਣ ਕਿ ਪ੍ਰੇਮ ਦੀ ਜਗ੍ਹਾ ਯੋਗ, ਸਾਧਨਾ ਅਤੇ ਅਜਿਹੀਆਂ ਚੀਜ਼ਾਂ ਕਰਨ ਕਿ ਉਨ੍ਹਾਂ ਦਾ ਧਿਆਨ ਕ੍ਰਿਸ਼ਨ ਤੋਂ ਹਟੇ ਅਤੇ ਉਹ ਆਪਣਾ ਰਾਜ ਚਲਾ ਸਕਣ।
ਹੁਣ ਇੱਥੇ ਗੋਪੀਆਂ ਇਕੱਲੀ ਇਕ ਗੱਲ ’ਤੇ ਅੜੀਆਂ ਹਨ ਕਿ ਉਨ੍ਹਾਂ ਦਾ ਮਨ, ਦਿਲ ਤੇ ਉਨ੍ਹਾਂ ਕੋਲ ਜੋ ਕੁਝ ਵੀ ਹੈ ਉਹ ਤਾਂ ਕ੍ਰਿਸ਼ਨ ਨੂੰ ਦੇ ਦਿੱਤਾ ਹੈ, ਹੁਣ ਉਨ੍ਹਾਂ ਕੋਲ ਕੀ ਹੈ, ਜਿਸ ਨਾਲ ਉਹ ਉਨ੍ਹਾਂ ਦੇ ਗਿਆਨ ਅਨੁਸਾਰ ਚੱਲਣ। ਹੌਲੀ-ਹੌਲੀ ਊਧਵ ਦਾ ਸਾਰਾ ਗਿਆਨ ਖਤਮ ਹੋ ਜਾਂਦਾ ਹੈ ਅਤੇ ਉਸ ਦੇ ਗਿਆਨ ਦੀ ਗੱਠੜੀ ਖਾਲੀ ਹੋ ਜਾਂਦੀ ਹੈ ਤੇ ਉਸ ’ਚ ਗਿਆਨ ਦੇ ਹੰਕਾਰ ਦੇ ਸਥਾਨ ’ਤੇ ਪ੍ਰੇਮ ਰਸ ਭਰ ਜਾਂਦਾ ਹੈ। ਉਹ ਕ੍ਰਿਸ਼ਨ ਕੋਲ ਪਹੁੰਚਦੇ ਹਨ ਤੇ ਜਾਣ ਪਾਉਂਦੇ ਹਨ ਕਿ ਕ੍ਰਿਸ਼ਨ ਨੇ ਉਨ੍ਹਾਂ ਦੇ ਸਖਾ ਹੋਣ ਦੇ ਨਾਤੇ ਕਿਸ ਤਰ੍ਹਾਂ ਉਨ੍ਹਾਂ ਦੇ ਹੰਕਾਰ ਦਾ ਨਾਸ ਕਰ ਕੇ ਪ੍ਰੇਮ ਦਾ ਬੀਜ ਬੋਅ ਦਿੱਤਾ। ਇਸ ਵਾਰ ਮਿੱਤਰਤਾ ਦਿਵਸ ਦੀਆਂ ਸ਼ੁੱਭਕਾਮਨਾਵਾਂ ਅਤੇ ਇਹ ਵਿਚਾਰ ਕਰਨ ਲਈ ਕਿ ਆਤਮਿਕ, ਸਖਾ ਅਤੇ ਦੋਸਤ ਦੀ ਚੋਣ ਕਿਸ ਤਰ੍ਹਾਂ ਕਰੀਏ ਕਿ ਉਹ ਪੂਰੀ ਜ਼ਿੰਦਗੀ ਬਣਿਆ ਰਹੇ।