... ਸਿਰਫ ਆਪਣਾ ਪਾਸਵਰਡ ਨਾ ਬਦਲੋ!
Monday, Oct 27, 2025 - 03:39 PM (IST)
ਹੁਣੇ-ਹੁਣੇ ਖ਼ਬਰ ਪੜ੍ਹੀ ਕਿ ਇਕ ਕਾਰੋਬਾਰੀ ਨੇ ‘ਡਿਜੀਟਲ ਗ੍ਰਿਫ਼ਤਾਰੀ’ ਵਿਚ 58 ਕਰੋੜ ਗੁਆ ਦਿੱਤੇ। 58 ਕਰੋੜ ! ਪਰ ਘਪਲੇਬਾਜ਼ਾਂ ਨੂੰ ਦੋਸ਼ੀ ਠਹਿਰਾਉਣ ਤੋਂ ਪਹਿਲਾਂ, ਸ਼ਾਇਦ ਸਾਨੂੰ ਸ਼ੀਸ਼ੇ ’ਚ ਖੁਦ ਨੂੰ ਦੇਖਣਾ ਚਾਹੀਦਾ ਹੈ ਕਿਉਂਕਿ ਸਿਰਫ ਜ਼ਮੀਰ ਵਾਲੇ ਹੀ ਉਨ੍ਹਾਂ ਲੋਕਾਂ ਦੇ ਝਾਂਸੇ ’ਚ ਆਉਂਦੇ ਹਨ ਜਾਂ ਕਾਨੂੰਨ ਦਾ ਢੋਂਗ ਕਰਦੇ ਹਨ।
ਇਕ ਸਾਲ ਪਹਿਲਾਂ ਭਾਰਤ ਦੇ ਸਭ ਤੋਂ ਪੁਰਾਣੇ ਰੋਟਰੀ ਕਲੱਬ ਨੇ ਮੈਨੂੰ ਕਿਸੇ ਵੀ ਵਿਸ਼ੇ ’ਤੇ ਬੋਲਣ ਲਈ ਬੁਲਾਇਆ ਸੀ। ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ‘ਪੁਲਸ, ਈ. ਡੀ. ਅਤੇ ਆਮਦਨ ਕਰ ਤੋਂ ਕਿਵੇਂ ਬਚੀਏ,’ ’ਤੇ ਬੋਲਾਂਗਾ।
ਉਸ ਦੁਪਹਿਰ 5 ਸਿਤਾਰਾ ਬਾਲਰੂਮ ਉਦਯੋਗਪਤੀਆਂ, ਰਈਸਾਂ ਅਤੇ ਸਮਾਜਸੇਵੀਆਂ ਨਾਲ ਖਚਾਖਚ ਭਰਿਆ ਹੋਇਆ ਸੀ। ਸਾਰੇ ਕਾਨੂੰਨ ਦੇ ਲੰਬੇ ਹੱਥ ਤੋਂ ਬਚਣ ਦੀ ਤਰਕੀਬ ਲੱਭ ਰਹੇ ਸਨ। ਮੈਂ ਗੰਭੀਰਤਾ ਨਾਲ ਕਿਹਾ, ‘‘ਪੁਲਸ, ਈ. ਡੀ. ਅਤੇ ਆਮਦਨ ਕਰ ਵਿਭਾਗ ਤੋਂ ਬਚਣ ਦਾ ਸਿਰਫ ਇਕ ਹੀ ਤਰੀਕਾ ਹੈ। ਇਮਾਨਦਾਰ ਰਹੋ।’’
ਕੁਝ ਲੋਕਾਂ ਦੇ ਚਿਹਰੇ ਅਚਾਨਕ ਟੈਕਸ ਲੱਗਣ ਦੇ ਬਾਅਦ ਸ਼ੇਅਰ ਬਾਜ਼ਾਰ ਤੋਂ ਵੀ ਤੇਜ਼ੀ ਨਾਲ ਡਿੱਗ ਗਏ ਪਰ ਮੇਰਾ ਕੰਮ ਅਜੇ ਖਤਮ ਨਹੀਂ ਹੋਇਆ ਸੀ। ਮੈਂ ਉਨ੍ਹਾਂ ਨੂੰ ਕਿਹਾ ਕਿ ਜਦੋਂ ਹਰ ਸਰਗਰਮੀ ’ਤੇ ਨਜ਼ਰ ਰੱਖੀ ਜਾ ਰਹੀ ਹੈ, ਭਾਵੇਂ ਉਹ ਤੁਹਾਡੇ ਫੋਨ ਤੋਂ ਹੋਵੇ, ਤੁਹਾਡੀ ਕਾਰ ਤੋਂ, ਤੁਹਾਡੇ ਸੀ. ਸੀ. ਟੀ. ਵੀ. ਕੈਮਰੇ ਤੋਂ, ਤੁਹਾਡੀ ਸੋਸ਼ਲ ਮੀਡੀਆ ਪੋਸਟ ਤੋਂ ਜਾਂ ਇੱਥੋਂ ਤੱਕ ਕਿ ਤੁਹਾਡੇ ਫਰਿੱਜ ਤੋਂ ਵੀ ਜਦੋਂ ਤੁਸੀਂ ਉਸ ਨੂੰ ਖੋਲ੍ਹਦੇ ਹੋ ਤਾਂ ਉਹ ਤੁਹਾਡੇ ਬਾਰੇ ਚੁਗਲੀ ਕਰਦਾ ਹੈ ਤਾਂ ਇਮਾਨਦਾਰੀ ਜੀਵਨ ਦਾ ਇਕ ਤਰੀਕਾ ਬਣ ਜਾਣਾ ਚਾਹੀਦਾ ਹੈ।
ਮੈਂ ਉਨ੍ਹਾਂ ਨੂੰ ਇਕ ਉਦਾਹਰਣ ਦਿੱਤੀ, ਅਮਰੀਕਾ ਦੇ ਇਕ ਸੀਨੇਟਰ ਨੇ ਇਕ ਵਾਰ ਉਬਰ ਨੂੰ ਨਿੱਜਤਾ ਦੀ ਉਲੰਘਣਾ ਲਈ ਮੁਸੀਬਤ ਖੜ੍ਹੀ ਕਰਨ ਦੀ ਧਮਕੀ ਦਿੱਤੀ ਸੀ, ਜਦੋਂ ਤੱਕ ਕਿ ਕੰਪਨੀ ਨੇ ਚੁੱਪਚਾਪ ਉਸ ਨੂੰ ਉਸ ਦੀ ਮਾਲਕਣ ਦੇ ਅਪਾਰਟਮੈਂਟ ਤੱਕ ਦੀਆਂ ਸਾਰੀਆਂ ਯਾਤਰਾਵਾਂ ਦਾ ਰਿਕਾਰਡ ਨਹੀਂ ਦਿਖਾ ਦਿੱਤਾ। ਉਸ ਤੋਂ ਬਾਅਦ ਸੀਨੇਟਰ ਚੁੱਪ ਹੋ ਗਿਆ।
ਮੈਂ ਮੁਸਕਰਾਉਂਦੇ ਹੋਏ ਕਿਹਾ, ‘‘ਇਮਾਨਦਾਰੀ ਸਿਰਫ ਇਕ ਗੁਣ ਨਹੀਂ ਰਹੀ, ਇਹ ਸਭ ਤੋਂ ਚੰਗੀ ਨੀਤੀ ਹੈ।’’ ਇਸ ਵਾਰ ਤਾੜੀਆਂ ਦੀ ਗੜਗੜਾਹਟ ਗੂੰਜ ਉੱਠੀ। ਸ਼ਾਇਦ ਉਨ੍ਹਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਸੱਚ ਚੁੱਪ ਰਹਿਣ ਦੇ ਪੈਸੇ ਨਾਲੋਂ ਸਸਤਾ ਹੈ।
ਹੁਣ ਸਾਡੇ 58 ਕਰੋੜ ਵਾਲੇ ਪੀੜਤ ਦੀ ਗੱਲ ਕਰਦੇ ਹਾਂ। ਕੌਣ ਕਿਸੇ ਅਜਨਬੀ ਨੂੰ ਇੰਨਾ ਪੈਸਾ ਦੇਵੇਗਾ ਜਦੋਂ ਤੱਕ ਉਸ ਦੀ ਅੰਤਰ ਆਤਮਾ ਪਹਿਲਾਂ ਤੋਂ ਹੀ ਕਟਹਿਰੇ ’ਚ ਨਾ ਕੰਬ ਰਹੀ ਹੋਵੇ। ਘਪਲੇਬਾਜ਼ ਸਿਰਫ ਤੁਹਾਡਾ ਫੋਨ ਨਹੀਂ ਹੈਕ ਕਰਦੇ ਉਹ ਤੁਹਾਡੇ ਅਪਰਾਧਬੋਧ ਨੂੰ ਵੀ ਹੈਕ ਕਰਦੇ ਹਨ। ਉਹ ਜਾਣਦੇ ਹਨ ਕਿ ਇਕ ਗੁਪਤ ਜਾਸੂਸ ਹਰ ਦਸਤਕ ’ਤੇ ਇੱਥੋਂ ਤੱਕ ਕਿ ਡਲਿਵਰੀ ਬੁਆਏ ਦੀ ਦਸਤਕ ’ਤੇ ਵੀ ਕੁਦ ਪੈਂਦਾ ਹੈ।
ਜੇਕਰ ਤੁਹਾਡੇ ਲੈਣ-ਦੇਣ ਸਾਫ-ਸੁਥਰੇ ਹਨ ਤਾਂ ਤੁਹਾਨੂੰ ਡਿਜੀਟਲ ਗ੍ਰਿਫਤਾਰੀ ਦਾ ਡਰ ਨਹੀਂ ਰਹਿੰਦਾ। ਤੁਸੀਂ ਬਸ ਲੌਗਆਊਟ ਕਰ ਕੇ ਹੱਸਦੇ ਹੋ, ਪਰ ਜੇਕਰ ਤੁਸੀਂ ਥੋੜ੍ਹੀ ਬਹੁਤੀ ਲਾਪਰਵਾਹੀ ਵਰਤਦੇ ਹੋ ਤਾਂ ਹਰ ਰਿੰਗ ਟਿਊਨ ਸਾਇਰਨ ਵਰਗੀ ਲੱਗਦੀ ਹੈ।
ਸੱਚ ਤਾਂ ਇਹ ਹੈ ਕਿ ਇਮਾਨਦਾਰੀ ਹੁਣ ਕੋਈ ਬਦਲ ਨਹੀਂ ਰਹੀ। ਇਹ ਇਕ ਜੀਵਨ ਰੱਖਿਆ ਕੌਸ਼ਲ ਹੈ। ਹਰ ਕਲਿੱਕ, ਹਰ ਸਵਾਈਪ, ਹਰ ਚੈਟ, ਹਰ ਟਰਾਂਸਫਰ ਇਕ ਨਿਸ਼ਾਨ ਛੱਡ ਜਾਂਦਾ ਹੈ।
ਤਾਂ ਲਓ ਮੇਰੀ ਤਾਜ਼ਾ ਸਾਈਬਰ ਸੁਰੱਖਿਆ ਸਲਾਹ। ਫਾਇਰਵਾਲ, ਓ. ਟੀ. ਪੀ. ਅਤੇ ਐਂਟੀ-ਵਾਇਰਸ ਸਾਫਟਵੇਅਰ ਨੂੰ ਭੁੱਲ ਜਾਓ। ਇਮਾਨਦਾਰੀ ਅਪਣਾਓ, ਇਹੀ ਇਕੋ-ਇਕ ਸੁਰੱਖਿਆ ਹੈ ਜੋ ਕਦੇ ਖਤਮ ਨਹੀਂ ਹੁੰਦੀ, ਹੈਕ ਨਹੀਂ ਕੀਤੀ ਜਾ ਸਕਦੀ ਅਤੇ ਜਿਸ ਨੂੰ ਨਵੀਨੀਕਰਨ ਦੀ ਲੋੜ ਨਹੀਂ ਹੁੰਦੀ।
ਉਸ ਰੋਟਰੀ ਭਾਸ਼ਣ ਤੋਂ ਬਾਅਦ ਮੈਂ ਬਿਹਤਰੀਨ ਖਾਣੇ ਅਤੇ ਮਹਿਮਾਨਨਿਵਾਜ਼ੀ ਦਾ ਆਨੰਦ ਲਿਆ। ਮੈਨੂੰ ਯਕੀਨ ਨਹੀਂ ਕਿ ਸਭ ਨੂੰ ਮੇਰਾ ਭਾਸ਼ਣ ਪਸੰਦ ਆਇਆ, ਪਰ ਇਮਾਨਦਾਰੀ ਧੋਖੇ ਨਾਲੋਂ ਜ਼ਿਆਦਾ ਪਚਦੀ ਹੈ। ਮੈਂ ਉਸ ਰਾਤ ਚੈਨ ਦੀ ਨੀਂਦ ਸੁੱਤਾ ਹਾਲਾਂਕਿ ਮੈਨੂੰ ਉਮੀਦ ਸੀ ਕਿ ਕੋਈ ਵੀ ਸਰਕਾਰੀ ਦਸਤਾ ਗ੍ਰਿਫਤਾਰ ਤੋਂ ਬਚਣ ਦੇ ਰਾਜ਼ ਦੱਸਣ ਲਈ ਮੇਰੇ ਦਰਵਾਜ਼ੇ ’ਤੇ ਦਸਤਕ ਨਹੀਂ ਦੇਵੇਗਾ।
ਤਾਂ ਜੇਕਰ ਤੁਸੀਂ ਮਨ ਦੀ ਸ਼ਾਂਤੀ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਪਾਸਵਰਡ ਨਾ ਬਦਲੋ, ਆਪਣੇ ਤਰੀਕੇ ਬਦਲੋ। ਯਾਦ ਰੱਖੋ, ਸਭ ਤੋਂ ਸੁਰੱਖਿਅਤ ਬਦਲ ਅਜੇ ਵੀ ਇਕ ਸਪੱਸ਼ਟ ਵਿਵੇਕ ਹੈ ਅਤੇ ਸਾਹਮਣਾ ਕਰਨ ਲਾਇਕ ਇਕੋ-ਇਕ ਗ੍ਰਿਫਤਾਰੀ ਉਦੋਂ ਹੈ ਜਦੋਂ ਤੁਹਾਡਾ ਦਿਮਾਗ ਅਖੀਰ ਸੱਚਾਈ ਨੂੰ ਫੜ ਲੈਂਦਾ ਹੈ।
-ਰਾਬਰਟ ਕਲੀਮੈਂਟਸ
