ਭਾਰਤ-ਚੀਨ ਸਬੰਧ, ਦੋਸਤੀ ਵਿਚਾਲੇ ਬੇਭਰੋਸਗੀ

Tuesday, Oct 15, 2019 - 01:34 AM (IST)

ਭਾਰਤ-ਚੀਨ ਸਬੰਧ, ਦੋਸਤੀ ਵਿਚਾਲੇ ਬੇਭਰੋਸਗੀ

ਪੂਨਮ

ਗੁਆਂਢੀ ਜਾਂ ਦੁਸ਼ਮਣ? ਦੋਵੇਂ। ਅਸਲ ਵਿਚ ਭਾਰਤ ਅਤੇ ਚੀਨ ਦੇ ਸਬੰਧ ਤਾਸ਼ ਦੀ ਪੋਕਰ ਖੇਡ ਵਾਂਗ ਹਨ, ਜਿਸ ’ਚ ਭਾਵਨਾਵਾਂ ਲਈ ਕੋਈ ਜਗ੍ਹਾ ਨਹੀਂ ਹੈ ਅਤੇ ਹਰ ਖਿਡਾਰੀ ਆਪਣੀ ਰਣਨੀਤੀ ਅਨੁਸਾਰ ਖੇਡਦਾ ਹੈ, ਆਪਣੇ ਰੁਖ਼ ’ਤੇ ਕਾਇਮ ਰਹਿੰਦਾ ਹੈ ਅਤੇ ਜਿੱਤਣ ਲਈ ਜੂਆ ਖੇਡ ਲੈਂਦਾ ਹੈ। ਭਾਰਤ ਅਤੇ ਚੀਨ ਦੋਵੇਂ ਹੀ ਅਜਿਹਾ ਕਰ ਰਹੇ ਹਨ ਅਤੇ ਦੋਵੇਂ ਹੀ ਇਹ ਸੰਦੇਸ਼ ਦੇ ਰਹੇ ਹਨ ਕਿ ਸਾਡੇ ਮਾਮਲਿਆਂ ਵਿਚ ਦਖਲ ਨਾ ਦਿਓ। ਡੋਕਲਾਮ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਵੁਹਾਨ ਸਿਖਰ ਵਾਰਤਾ ਨਾਲ ਦੋਹਾਂ ਦੇਸ਼ਾਂ ਦੇ ਸਬੰਧਾਂ ’ਚ ਆਈ ਰਫਤਾਰ ਨੂੰ ਤੇਜ਼ੀ ਦੇਣ ਲਈ ਪਿਛਲੇ ਹਫਤੇ ਤਾਮਿਲਨਾਡੂ ’ਚ 8ਵੀਂ ਸਦੀ ਦੇ ਪੱਲਵ ਯੁੱਗ ਦੇ ਕੰਢੇ ਦੇ ਸ਼ਹਿਰ ਮਾਮੱਲਪੁਰਮ ’ਚ ਭਾਰਤ-ਚੀਨ ਰਸਮੀ ਸਿਖਰ ਸੰਮੇਲਨ ਆਯੋਜਿਤ ਕੀਤਾ ਗਿਆ ਅਤੇ ਇਹ ਸਿਖਰ ਸੰਮੇਲਨ ਕਸ਼ਮੀਰ ’ਚੋਂ ਧਾਰਾ-370 ਹਟਾਉਣ ਤੋਂ ਬਾਅਦ ਸਬੰਧਾਂ ’ਚ ਠੰਡੇਪਣ ਨੂੰ ਦੂਰ ਕਰਨ ਲਈ ਵੀ ਕੀਤਾ ਗਿਆ।

ਅਸਲ ਵਿਚ ਇਸ ਗੈਰ-ਰਸਮੀ ਵਾਰਤਾ ’ਚ ਨੇਤਾਵਾਂ ਵਿਚਾਲੇ ਸੁਚਾਰੂ ਵਾਰਤਾ ਸੰਪੰਨ ਹੋਈ ਅਤੇ ਦੁਵੱਲੇ ਮੁੱਦਿਆਂ ’ਤੇ 5 ਘੰਟਿਆਂ ਤੋਂ ਵੱਧ ਤਕ ਚਰਚਾ ਕੀਤੀ ਗਈ। ਜਿਨਪਿੰਗ ਨੇ ਕਿਹਾ ਕਿ ਇਸ ਵਾਰਤਾ ’ਚ ਦੋਹਾਂ ਨੇਤਾਵਾਂ ਨੇ ਦਿਲ ਦੀ ਗੱਲ ਕਹੀ ਤਾਂ ਮੋਦੀ ਨੇ ਇਸ ਨੂੰ ਦੁਵੱਲੇ ਸਬੰਧਾਂ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਿਹਾ। ਇਸ ਵਾਰਤਾ ਦੌਰਾਨ ਵਪਾਰ ਅਤੇ ਨਿਵੇਸ਼ ਲਈ ਇਕ ਨਵੇਂ ਤੰਤਰ ਦੀ ਸਥਾਪਨਾ ਦੇ ਪ੍ਰਸਤਾਵ ’ਤੇ ਸਹਿਮਤੀ ਹੋਈ। 53 ਬਿਲੀਅਨ ਡਾਲਰ ਦੇ ਵਪਾਰ ਘਾਟੇ ਨੂੰ ਘੱਟ ਕਰਨ ’ਤੇ ਚਰਚਾ ਕੀਤੀ ਗਈ, ਅੱਤਵਾਦ ਦਾ ਸਾਹਮਣਾ ਕਰਨ ਲਈ ਮਿਲ ਕੇ ਕੰਮ ਕਰਨ, ਸਰਹੱਦ ’ਤੇ ਸ਼ਾਂਤੀ ਸਥਾਪਿਤ ਕਰਨ ਅਤੇ ਖੇਤਰੀ ਤੇ ਸੰਸਾਰਕ ਮੁੱਦਿਆਂ ’ਤੇ ਸਹਿਯੋਗ ਕਰਨ ਬਾਰੇ ਚਰਚਾ ਹੋਈ।

ਅਸਲ ਵਿਚ ਇਸ ਗੈਰ-ਰਸਮੀ ਸਿਖਰ ਸੰਮੇਲਨ ’ਚ ਆਰਥਿਕ ਸਹਿਯੋਗ ਦੇ ਢਾਂਚੇ ਨੂੰ ਤਿਆਰ ਕਰਨ ’ਚ ਸਹਾਇਤਾ ਮਿਲੀ, ਵਿਸ਼ੇਸ਼ ਤੌਰ ’ਤੇ ਉਦੋਂ, ਜਦੋਂ ਸੰਸਾਰਕ ਪੱਧਰ ’ਤੇ ਅਨਿਸ਼ਚਿਤਤਾ ਪਾਈ ਜਾ ਰਹੀ ਹੈ। ਹੁਵਾਵੇਈ ਦੀ 5ਜੀ ਟੈਕਨਾਲੋਜੀ ਨੂੰ ਲਓ, ਇਹ ਦੋਹਾਂ ਦੇਸ਼ਾਂ ਲਈ ਲਾਹੇਵੰਦ ਹੋ ਸਕਦੀ ਹੈ। ਇਸ ਬਾਰੇ ਭਾਰਤ ਦਾ ਫੈਸਲਾ ਇਸ ਗੱਲ ’ਤੇ ਨਿਰਭਰ ਕਰੇਗਾ ਕਿ ਕੀ ਚੀਨ ਨਾਲ ਕੰਮ ਕਰ ਕੇ ਉਸ ਦੇ ਲੋਕਾਂ ਨੂੰ ਲਾਭ ਮਿਲੇਗਾ? ਅਤੇ ਕੀ ਇਹ ਰਾਸ਼ਟਰੀ ਸੁਰੱਖਿਆ ਹਿੱਤਾਂ ਦੇ ਅਨੁਰੂਪ ਹੋਵੇਗਾ? ਅਤੇ ਕੀ ਉਸ ਦੀ ਪਿਛਲੇ ਦਰਵਾਜ਼ਿਓਂ ਦਾਖਲੇ ਦੀ ਚਿੰਤਾ ਨੂੰ ਦੂਰ ਕੀਤਾ ਜਾਵੇਗਾ ਕਿਉਂਕਿ ਇਸ ਕੰਪਨੀ ਦੇ ਪੀਪਲਜ਼ ਲਿਬਰੇਸ਼ਨ ਆਰਮੀ ਨਾਲ ਸਬੰਧ ਹਨ ਜਾਂ ਭਾਰਤ ਅਮਰੀਕਾ ਦੇ ਦਬਾਅ ਸਾਹਮਣੇ ਝੁਕ ਜਾਵੇਗਾ। ਇਸ ਨਾਲ ਚੀਨ ਦੇ ਕਾਰੋਬਾਰੀ ਹਿੱਤ ਪੂਰੇ ਹੋਣਗੇ ਕਿਉਂਕਿ ਅਮਰੀਕਾ ਹੁਵਾਵੇਈ ਦੇ ਵਿਰੁੱਧ ਆਪਣੇ ਸਹਿਯੋਗੀ ਦੇਸ਼ਾਂ ਵਿਰੁੱਧ ਮੁਹਿੰਮ ਚਲਾ ਰਿਹਾ ਹੈ ਅਤੇ ਉਸ ਨੇ ਅਮਰੀਕੀ ਕੰਪਨੀਆਂ ਨੂੰ ਇਸ ਕੰਪਨੀ ਨਾਲ ਕਾਰੋਬਾਰ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ।

ਭਾਵੇਂ ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਵਿਚ ਗੁੰਝਲਾਂ ਹਨ, ਡੂੰਘੀ ਬੇਭਰੋਸਗੀ ਹੈ ਅਤੇ ਸੁਰੱਖਿਆ ਦੀਆਂ ਚਿੰਤਾਵਾਂ ਹਨ, ਜੋ ਭਾਰਤ-ਚੀਨ ਸਬੰਧਾਂ ਦੇ ਖੋਖਲੇਪਣ ਨੂੰ ਦਰਸਾਉਂਦੀਆਂ ਹਨ ਅਤੇ ਇਸ ਦਾ ਕਾਰਣ ਸਰਹੱਦੀ ਵਿਵਾਦ ਦਾ ਹੱਲ ਨਾ ਹੋਣਾ ਹੈ ਅਤੇ ਕਸ਼ਮੀਰ ’ਤੇ ਚੀਨ ਦੀ ਨੀਤੀ ਨਿਸ਼ਚਿਤ ਨਹੀਂ ਹੈ, ਹਾਲਾਂਕਿ ਮਾਮੱਲਪੁਰਮ ਵਿਚ ਇਸ ਬਾਰੇ ਕੋਈ ਚਰਚਾ ਨਹੀਂ ਕੀਤੀ ਗਈ। ਇਕ ਪਾਸੇ ਚੀਨ ਪਾਕਿਸਤਾਨ ਦੇ ਰੁਖ਼ ਦਾ ਸਮਰਥਨ ਕਰਦਾ ਹੈ ਅਤੇ ਕਹਿੰਦਾ ਹੈ ਕਿ ਚੀਨ ਪਾਕਿਸਤਾਨ ਦੇ ਮੂਲ ਹਿੱਤਾਂ ਅਤੇ ਉਸ ਦੇ ਜਾਇਜ਼ ਅਧਿਕਾਰਾਂ ਦੇ ਸਬੰਧ ਵਿਚ ਉਸ ਦਾ ਪੂਰਾ ਸਮਰਥਨ ਕਰਦਾ ਹੈ ਅਤੇ ਆਸ ਕਰਦਾ ਹੈ ਕਿ ਇਸ ਮੁੱਦੇ ਦਾ ਹੱਲ ਸੰਯੁਕਤ ਰਾਸ਼ਟਰ ਐਲਾਨ-ਪੱਤਰ ਦੇ ਆਧਾਰ ’ਤੇ ਸ਼ਾਂਤੀਪੂਰਨ ਢੰਗ ਨਾਲ ਕੀਤਾ ਜਾਵੇਗਾ। ਦੂਸਰੇ ਪਾਸੇ ਉਹ ਭਾਰਤ ਦੇ ਇਸ ਰੁਖ਼ ’ਤੇ ਜ਼ੋਰ ਦਿੰਦਾ ਹੈ ਕਿ ਇਹ ਇਕ ਦੁਵੱਲਾ ਮੁੱਦਾ ਹੈ ਅਤੇ ਇਸ ਦਾ ਹੱਲ ਭਾਰਤ ਅਤੇ ਪਾਕਿਸਤਾਨ ਨੂੰ ਕਰਨਾ ਚਾਹੀਦਾ ਹੈ।

ਚੀਨ ਪੂਰਬੀ ਸੈਕਟਰ ’ਚ ਮੈਕਮੋਹਨ ਰੇਖਾ ’ਤੇ ਸਵਾਲੀਆ ਨਿਸ਼ਾਨ ਲਾ ਕੇ ਭਾਰਤ ਦੀ ਕੌਮਾਂਤਰੀ ਹੱਦ ਨੂੰ ਨਾਮਨਜ਼ੂਰ ਕਰਦਾ ਹੈ ਅਤੇ ਅਰੁਣਾਚਲ ਪ੍ਰਦੇਸ਼ ਵਿਚ 90 ਹਜ਼ਾਰ ਵਰਗ ਕਿਲੋਮੀਟਰ ਖੇਤਰ ’ਤੇ ਆਪਣਾ ਦਾਅਵਾ ਕਰਦਾ ਹੈ, ਜਿਸ ਨੂੰ ਉਹ ਦੱਖਣੀ ਤਿੱਬਤ ਕਹਿੰਦਾ ਹੈ। ਚੀਨ ਨੇ ਪਾਕਿ ਮਕਬੂਜ਼ਾ ਕਸ਼ਮੀਰ ’ਚ 38 ਹਜ਼ਾਰ ਵਰਗ ਕਿਲੋਮੀਟਰ ਖੇਤਰ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਹਿਮਾਚਲ ਤੇ ਉੱਤਰਾਖੰਡ ’ਚ 2000 ਵਰਗ ਕਿਲੋਮੀਟਰ ਖੇਤਰ ’ਤੇ ਆਪਣਾ ਦਾਅਵਾ ਕਰਦਾ ਹੈ। ਹਾਲਾਂਕਿ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ 21 ਦੌਰਾਂ ਦੀ ਵਾਰਤਾ ਹੋ ਚੁੱਕੀ ਹੈ ਪਰ ਕੋਈ ਖਾਸ ਤਰੱਕੀ ਨਹੀਂ ਹੋਈ ਹੈ। ਇਸ ਦੇ ਨਾਲ ਹੀ ਭਾਰਤ ਨੂੰ ਚੀਨ-ਪਾਕਿਸਤਾਨ ਆਰਥਿਕ ਕਾਰੀਡੋਰ ਨੂੰ ਲੈ ਕੇ ਵੀ ਇਤਰਾਜ਼ ਹੈ, ਜੋ ਚੀਨ ਦੇ ਸਭ ਤੋਂ ਵੱਡੇ ਪ੍ਰਾਂਤ ਜਿਨਯਾਂਗ ਨੂੰ ਪਾਕਿਸਤਾਨ ਦੇ ਬਲੋਚਿਸਤਾਨ ’ਚ ਗਵਾਦਰ ਬੰਦਰਗਾਹ ਨਾਲ ਜੋੜਦਾ ਹੈ ਅਤੇ ਇਹ ਪਾਕਿ ਮਕਬੂਜ਼ਾ ਕਸ਼ਮੀਰ ’ਚੋਂ ਲੰਘਦਾ ਹੈ ਅਤੇ ਇਹ ਭਾਰਤ ਦੀ ਪ੍ਰਦੇਸ਼ਿਕ ਅਖੰਡਤਾ ਦੀ ਉਲੰਘਣਾ ਕਰਦਾ ਹੈ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਅਤੇ ਪ੍ਰਮਾਣੂ ਸਪਲਾਈਕਰਤਾ ਸਮੂਹ ਦੀ ਮੈਂਬਰਸ਼ਿਪ ਆਦਿ ਕਾਰਣ ਭਾਰਤ ਦੇਸ਼ ਦੀ ਰਾਸ਼ਟਰੀ ਸੁਰੱਖਿਆ ਅਤੇ ਯੁੱਧਨੀਤਕ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ। ਸਵਾਲ ਇਹ ਵੀ ਉੱਠਦਾ ਹੈ ਕਿ ਕੀ ਇਸ ਖੇਤਰ ’ਚ ਚੀਨ ਦੀ ਸਰਵਉੱਚਤਾ ਸਥਾਪਿਤ ਕਰਨ ਦੇ ਯਤਨਾਂ ਦਾ ਭਾਰਤ ਕੋਲ ਡਿਪਲੋਮੈਟਿਕ ਜਵਾਬ ਹੈ? ਕੀ ਭਾਰਤ ਉਸ ’ਤੇ ਰੋਕ ਲਾ ਸਕਦਾ ਹੈ? ਭਾਰਤ ਕੋਲ ਕੀ ਬਦਲ ਹੈ? ਚੀਨ ਦੀ ਕੀ ਚਾਲ ਹੈ? ਕੀ ਉਹ ਭਾਰਤ ਨੂੰ ਘੇਰਨਾ ਚਾਹੁੰਦਾ ਹੈ? ਕੀ ਉਹ ਆਪਣੇ ਪਰਮ-ਮਿੱਤਰ ਇਸਲਾਮਾਬਾਦ ਦੇ ਡਿੱਗੇ ਹੋਏ ਮਨੋਬਲ ਨੂੰ ਚੁੱਕਣਾ ਚਾਹੁੰਦਾ ਹੈ?

ਭਾਰਤ ਚੀਨ ਦੀ ਉਸ ਨੂੰ ਘੇਰਨ ਦੀ ਰਣਨੀਤੀ ਦਾ ਜਵਾਬ ਦੇਣ ’ਚ ਰੁੱਝਾ ਹੋਇਆ ਹੈ ਅਤੇ ਇਸ ਲਈ ਉਹ ਚੀਨ ਦੇ ਗੁਆਂਢੀ ਦੇਸ਼ਾਂ ਨਾਲ ਗੱਠਜੋੜ ਕਰ ਰਿਹਾ ਹੈ। ਆਪਣੀ ‘ਪੂਰਬ ਵੱਲ ਦੇਖੋ’ ਨੀਤੀ ਅਧੀਨ ਉਹ ਮਿਆਂਮਾਰ ਅਤੇ ਵੀਅਤਨਾਮ ਆਦਿ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰ ਰਿਹਾ ਹੈ। ਭਾਰਤ ਜਾਣਦਾ ਹੈ ਕਿ ਚੀਨ ਨੇ ਮਿਆਂਮਾਰ ’ਚ ਆਪਣੀ ਪੈਠ ਬਣਾ ਲਈ ਹੈ, ਇਸ ਲਈ ਉਹ ਉਥੋਂ ਦੇ ਫੌਜੀ ਜਰਨੈਲਾਂ ਨੂੰ ਆਪਣੇ ਪੱਖ ’ਚ ਲਿਆਉਣ ਦਾ ਯਤਨ ਕਰ ਰਿਹਾ ਹੈ। ਚੀਨ ਆਪਣੇ ਛੋਟੇ ਗੁਆਂਢੀ ਦੇਸ਼ਾਂ ਨੂੰ ਮੁਦਰਿਕ ਸਹਾਇਤਾ ਅਤੇ ਫੌਜੀ ਪ੍ਰਭਾਵ ਨਾਲ ਆਪਣੇ ਪ੍ਰਭਾਵ ’ਚ ਲੈ ਆਉਂਦਾ ਹੈ ਅਤੇ ਇਸ ਕਾਰਣ ਉਹ ਭਾਰਤ ਦੇ ਛੋਟੇ ਗੁਆਂਢੀ ਦੇਸ਼ਾਂ ’ਚ ਉਸ ਦੇ ਪ੍ਰਭਾਵ ਨੂੰ ਘੱਟ ਕਰਨ ਦਾ ਯਤਨ ਕਰ ਰਿਹਾ ਹੈ। ਚੀਨ ਨੇਪਾਲ ਦੀ ਘਰੇਲੂ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ, ਬੰਗਲਾਦੇਸ਼ ਵਿਚ ਨਵੀਆਂ ਬੰਦਰਗਾਹਾਂ ਦਾ ਵਿੱਤ ਪੋਸ਼ਣ ਕਰ ਰਿਹਾ ਹੈ ਤਾਂ ਕਿ ਭਵਿੱਖ ’ਚ ਉਸ ਦੀ ਦੋਹਰੀ ਵਰਤੋਂ ਕੀਤੀ ਜਾ ਸਕੇ। ਪਾਕਿਸਤਾਨੀ ਮਕਬੂਜ਼ਾ ਕਸ਼ਮੀਰ ’ਚ ਸੜਕਾਂ ਦਾ ਨਿਰਮਾਣ ਕਰ ਰਿਹਾ ਹੈ, ਸ਼੍ਰੀਲੰਕਾ ਨੂੰ ਕਰਜ਼ੇ ਦੇ ਜਾਲ ਵਿਚ ਫਸਾ ਰਿਹਾ ਹੈ ਤਾਂ ਕਿ ਉਥੋਂ ਦੀ ਸਿਆਸਤ ਪ੍ਰਭਾਵਿਤ ਕੀਤੀ ਜਾ ਸਕੇ।

ਚੀਨ ਪ੍ਰਮਾਣੂ ਸਪਲਾਈਕਰਤਾ ਗਰੁੱਪ ’ਚ ਭਾਰਤ ਦੇ ਦਾਖਲੇ ’ਚ ਅੜਿੱਕੇ ਡਾਹ ਰਿਹਾ ਹੈ। ਭਾਰਤ ਵਲੋਂ ‘ਵਨ ਬੈਲਟ ਵਨ ਰੋਡ’ ਪਹਿਲ ਨੂੰ ਨਾਮਨਜ਼ੂਰ ਕਰਨ ਲਈ ਰਾਸ਼ਟਰਪਤੀ ਜਿਨਪਿੰਗ ਨੇ ਨਿੱਜੀ ਵੱਕਾਰ ਦਾ ਸਵਾਲ ਬਣਾ ਦਿੱਤਾ ਹੈ। ਦੋਹਾਂ ਦੇਸ਼ਾਂ ਵਿਚਾਲੇ ਅਸਹਿਮਤੀ ਦੇ ਖੇਤਰ ਅਨੇਕ ਹਨ, ਸਬੰਧਾਂ ਵਿਚ ਅਨਿਸ਼ਚਿਤਤਾ ਅਤੇ ਉਤਰਾਅ-ਚੜ੍ਹਾਅ ਹੈ ਪਰ ਫਿਰ ਵੀ ਦੋਹਾਂ ਦੇਸ਼ਾਂ ਨੂੰ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਇਕ ਆਵਾਜ਼ ਵਿਚ ਬੋਲਣਾ ਪਵੇਗਾ। ਭਾਰਤ ਨੂੰ ਆਪਣੀ ਲੰਮੇ ਸਮੇਂ ਦੀ ਚੀਨ ਨੀਤੀ ਬਣਾਉਣੀ ਹੋਵੇਗੀ। ਇਸ ਵਿਚ ਵਾਰਤਾ ਅਤੇ ਕੂਟਨੀਤਕ ਦਬਾਅ ਨੂੰ ਜਗ੍ਹਾ ਦੇਣੀ ਹੋਵੇਗੀ। ਸਿਰਫ ਗੱਲਾਂ ਕਰਨ ਨਾਲ ਕੰਮ ਨਹੀਂ ਚੱਲੇਗਾ। ਸਾਨੂੰ ਚੀਨ ਦਾ ਮੁਕਾਬਲਾ ਕਰਨਾ ਪਵੇਗਾ ਅਤੇ ਆਹਮੋ-ਸਾਹਮਣੇ ਬੈਠ ਕੇ ਮਤਭੇਦਾਂ ਨੂੰ ਦੂਰ ਕਰਨਾ ਪਵੇਗਾ। ਚੀਨ ਨੂੰ ਵੀ ਆਪਣੀ ਕਥਨੀ ਅਤੇ ਕਰਨੀ ’ਚ ਸਮਾਨਤਾ ਲਿਆਉਣੀ ਹੋਵੇਗੀ। ਮੋਦੀ ਜਾਣਦੇ ਹਨ ਕਿ ਅੱਜ ਦੀ ਭੂ-ਰਾਜਨੀਤਕ ਅਸਲੀਅਤ ’ਚ ਵਿਵਹਾਰਿਕਤਾ ਸਭ ਤੋਂ ਉਪਰ ਹੈ ਅਤੇ ਇਸ ਵਿਚ ਕੋਈ ਸ਼ਾਰਟਕੱਟ ਨਹੀਂ ਹੈ। ਇਸ ਲਈ ਭਾਰਤ ਨੂੰ ਚੀਨ ਨਾਲ ਨਜਿੱਠਣ ਲਈ ਵਿਆਪਕ ਬਹੁਕੋਣੀ ਰਣਨੀਤੀ ਅਪਣਾਉਣੀ ਹੋਵੇਗੀ, ਤਾਂ ਹੀ ਦੋਹਾਂ ਦੇਸ਼ਾਂ ਵਿਚਾਲੇ ਸਥਾਈ ਸ਼ਾਂਤੀ ਹੋ ਸਕਦੀ ਹੈ। ਭਾਰਤ ਦੀ ਦਬਦਬੇ ਵਾਲੀ ਨੀਤੀ ’ਚ ਵਿਵੇਕ, ਪ੍ਰਪੱਕਤਾ ਅਤੇ ਸੰਜਮ ਦਾ ਮਿਸ਼ਰਣ ਹੋਣਾ ਚਾਹੀਦਾ ਹੈ ਤਾਂ ਕਿ ਭਾਰਤ-ਚੀਨ ਸਬੰਧ ਕੰਟਰੋਲ ’ਚ ਰਹਿਣ। ਇਸ ਜ਼ੀਰੋ-ਕਾਂਟੇ ਦੀ ਖੇਡ ਵਿਚ ਸ਼ਕਤੀ ਪ੍ਰਦਰਸ਼ਨ ਉਦੋਂ ਤਕ ਚੱਲਦਾ ਰਹੇਗਾ, ਜਦੋਂ ਤਕ ਦੋਹਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਸਥਾਪਿਤ ਨਾ ਹੋਵੇ। ਲੰਮੇ ਸਮੇਂ ਵਿਚ ਭਾਰਤ-ਚੀਨ ਸਬੰਧ ਖੇਤਰੀ ਅਤੇ ਸੰਸਾਰਕ ਸੁਰੱਖਿਆ ਵਾਤਾਵਰਣ ਦੇ ਪਰਿਪੇਖ ’ਚ ਭਾਰਤ ਦੇ ਯੁੱਧਨੀਤਕ ਟੀਚਿਆਂ ਰਾਹੀਂ ਨਿਰਧਾਰਿਤ ਕੀਤੇ ਜਾਣਗੇ।

ਏਸ਼ੀਆ ਦੀਆਂ ਇਨ੍ਹਾਂ 2 ਵੱਡੀਆਂ ਸ਼ਕਤੀਆਂ ਵਿਚਾਲੇ ਸ਼ਾਂਤੀ ਜ਼ਰੂਰੀ ਹੈ ਕਿਉਂਕਿ ਦੋਹਾਂ ਦੇਸ਼ਾਂ ਨੂੰ ਆਪਣੀ ਊਰਜਾ ਅਤੇ ਸਾਧਨਾਂ ਦੀ ਵਰਤੋਂ ਆਰਥਿਕ ਵਿਕਾਸ ਲਈ ਕਰਨੀ ਹੋਵੇਗੀ। ਮੋਦੀ ਹੌਲੀ-ਹੌਲੀ ਬਚਾਅ ਦੀ ਨੀਤੀ ਨੂੰ ਛੱਡ ਕੇ ਇਕ ਕੁਸ਼ਲ ਵਾਰਤਾਕਾਰ ਦੇ ਰੂਪ ’ਚ ਖੇਡ ਦੇ ਨਿਯਮ ਬਦਲ ਰਹੇ ਹਨ, ਜਿਸ ਕਾਰਣ ਹੁਣ ਭਾਰਤ ਚੀਨ ਤੋਂ ਘੱਟ ਨਹੀਂ, ਸਗੋਂ ਉਸ ਦੇ ਬਰਾਬਰ ਹੈ। ਜਦੋਂ ਤਕ ਦੋਹਾਂ ਦੇਸ਼ਾਂ ਵਿਚਾਲੇ ਸਰਹੱਦੀ ਸਵਾਲ ਦਾ ਹੱਲ ਨਹੀਂ ਹੋ ਜਾਂਦਾ, ਉਦੋਂ ਤਕ ਦੋਹਾਂ ਦੇਸ਼ਾਂ ਵਿਚਾਲੇ ਵਿਸ਼ਵਾਸ ਬਣਾਉਣ ਅਤੇ ਆਮ ਸਬੰਧਾਂ ਦੀ ਬਹਾਲੀ ਮੁਕੰਮਲ ਤੌਰ ’ਤੇ ਸੰਭਵ ਨਹੀਂ ਹੈ। ਉਦੋਂ ਤਕ ਉਨ੍ਹਾਂ ਨੂੰ ਮਤਭੇਦ ਭੁਲਾਉਣੇ ਹੋਣਗੇ ਅਤੇ ਵਾਰਤਾ ਜਾਰੀ ਰੱਖਣੀ ਹੋਵੇਗੀ ਅਤੇ ਬਿਹਤਰ ਸਬੰਧਾਂ ਲਈ ਛੋਟੀਆਂ-ਛੋਟੀਆਂ ਅੜਚਣਾਂ ਨੂੰ ਦੂਰ ਕਰਨਾ ਹੋਵੇਗਾ।

ਨਮੋ ਨੂੰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨਿਕਸਨ ਦੀ ਕਿਤਾਬ ‘ਦਿ ਰੀਅਲ ਵਾਰ’ ਤੋਂ ਸਬਕ ਲੈਣਾ ਹੋਵੇਗਾ : ‘‘ਰਾਸ਼ਟਰਾਂ ਦੀ ਹੋਂਦ ਬਚਾਈ ਰੱਖਣਾ ਜਾਂ ਖਤਮ ਹੋਣਾ, ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਉਹ ਉਨ੍ਹਾਂ ਸਾਹਮਣੇ ਆਈ ਕਿਸੇ ਵਿਸ਼ੇਸ਼ ਚੁਣੌਤੀ ਦਾ ਸਾਹਮਣਾ ਕਿਵੇਂ ਕਰਦੇ ਹਨ। ਰਾਸ਼ਟਰ ਸਾਹਮਣੇ ਅਜਿਹਾ ਸਮਾਂ ਵੀ ਆਉਂਦਾ ਹੈ, ਜਦੋਂ ਉਹ ਸਭ ਕੁਝ ਆਮ ਸਮਝਦਾ ਹੈ ਪਰ ਉਸ ਸਥਿਤੀ ਵਿਚ ਵੀ ਉਹ ਇਸ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦਾ। ਉਸੇ ਰਾਸ਼ਟਰ ਦੀ ਹੋਂਦ ਬਚਾਉਂਦਾ ਹੈ, ਜੋ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ, ਜੋ ਖਤਰੇ ਦੀ ਪਛਾਣ ਕਰਦਾ ਹੈ ਅਤੇ ਸਮਾਂ ਰਹਿੰਦੇ ਉਸ ਦਾ ਮੁਕਾਬਲਾ ਕਰਦਾ ਹੈ। ਮੋਦੀ ਜੀ ਚੀਨ ਨਾਲ ਗੁੰਝਲਦਾਰ ਸਬੰਧਾਂ ’ਚ ਉਲਝ ਰਹੇ ਹਨ, ਤਾਂ ਉਨ੍ਹਾਂ ਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਹੋਵੇਗਾ ਕਿ ਇਸ ਉਪ-ਮਹਾਦੀਪ ਵਿਚ ਸ਼ਾਂਤੀ ਦੀ ਸਰਵਉੱਤਮ ਗਾਰੰਟੀ ਸਖਤ ਪ੍ਰਤੀਕਿਰਿਆ ਅਤੇ ਖਤਰੇ ਦੀ ਸਪੱਸ਼ਟ ਪਛਾਣ ਹੈ। ਉਨ੍ਹਾਂ ਨੂੰ ਚਾਣੱਕਿਆ ਦੇ ਬਾਹੂਬਲ ਦੀ ਕੂਟਨੀਤੀ ਅਤੇ ਨਿਰਮਮਤਾ ਦੋਹਾਂ ਦੀ ਵਰਤੋਂ ਕਰਨੀ ਹੋਵੇਗੀ। ਭਾਰਤ ਨੂੰ ਇਹ ਸਪੱਸ਼ਟ ਕਰਨਾ ਹੋਵੇਗਾ ਕਿ ਸਿਰਫ ਬਰਾਬਰ ਦੇ ਦੇਸ਼ਾਂ ਵਿਚਾਲੇ ਸਥਾਈ ਸ਼ਾਂਤੀ ਸਥਾਪਿਤ ਹੋ ਸਕਦੀ ਹੈ।

(pk@infapublications.com)


author

Bharat Thapa

Content Editor

Related News