ਲਗਦਾ ਹੈ ਭਾਰਤੀਆਂ ਨੂੰ ਕੋਰੋਨਾ ਦਾ ਡਰ ਨਹੀਂ

11/25/2021 3:44:18 AM

ਡਾ. ਵੇਦਪ੍ਰਤਾਪ ਵੈਦਿਕ 
ਅਖਿਲ ਭਾਰਤੀ ਅਯੁਰਵਿਗਿਆਨ ਸੰਸਥਾਨ (ਏਮਜ਼) ਦੇ ਨਿਰਦੇਸ਼ਕ ਦਾ ਦਾਅਵਾ ਹੈ ਕਿ ਕੋਰੋਨਾ ਦੇ ਤੀਸਰੇ ਹਮਲੇ ਤੋਂ ਡਰਨ ਦੀ ਲੋੜ ਨਹੀਂ ਹੈ। ਭਾਰਤੀ ਕੋਵੈਕਸੀਨ ਦਾ ਅਸਰ ਲੋਕਾਂ ਨੂੰ ਕਾਫੀ ਸੁਰੱਖਿਆ ਦੇ ਰਿਹਾ ਹੈ। ਇਹ ਤਾਂ ਉਨ੍ਹਾਂ ਦੀ ਤਕਨੀਕੀ ਰਾਏ ਹੈ ਪਰ ਭਾਰਤ ਦੀ ਆਮ ਜਨਤਾ ਦਾ ਵਤੀਰਾ ਵੀ ਇਹੀ ਦੱਸ ਰਿਹਾ ਹੈ ਕਿ ਉਸ ਨੂੰ ਹੁਣ ਕੋਰੋਨਾ ਦਾ ਡਰ ਜ਼ਿਆਦਾ ਨਹੀਂ ਰਹਿ ਗਿਆ ਹੈ।

ਦਿੱਲੀ ’ਚ ਮੈਂ ਦੇਖ ਰਿਹਾ ਹਾਂ ਕਿ ਨੇਤਾ ਲੋਕ ਵੱਡੀਆਂ-ਵੱਡੀਆਂ ਸਭਾਵਾਂ ਕਰਨ ਲੱਗੇ ਹਨ, ਵਿਆਹ-ਸ਼ਾਦੀਆਂ ’ਚ ਸੈਂਕੜੇ ਲੋਕ ਇਕੱਠੇ ਹੋਣ ਲੱਗੇ ਹਨ, ਬਾਜ਼ਾਰਾਂ ’ਚ ਭੀੜ ਹੋਣ ਲੱਗੀ ਹੈ ਅਤੇ ਹੋਟਲਾਂ ’ਚ ਲੋਕ ਖਾਣਾ ਵੀ ਖਾਣ ਲੱਗੇ ਹਨ ਪਰ ਵਧੇਰੇ ਲੋਕ ਨਾ ਤਾਂ ਮਾਸਕ ਲਗਾ ਰਹੇ ਹਨ ਤੇ ਨਾ ਹੀ ਸਰੀਰਕ ਦੂਰੀ ਰੱਖ ਰਹੇ ਹਨ। ਜਿਹੜੇ ਲੋਕਾਂ ਨੇ ਦੋ ਟੀਕੇ ਲਗਵਾ ਲਏ ਹਨ ਉਹ ਤਾਂ ਬੇਫਿਕਰ ਹੋ ਗਏ ਹਨ। ਅਜੇ ਵੀ 20 ਕਰੋੜ ਤੋਂ ਵੱਧ ਟੀਕੇ ਹਸਪਤਾਲਾਂ ’ਚ ਪਏ ਹਨ। ਰੇਲਵੇ ਸਟੇਸ਼ਨਾਂ ਅਤੇ ਹਵਾਈ ਅੱਡਿਆਂ ’ਤੇ ਵੀ ਭੀੜ ਵਧ ਗਈ ਹੈ ਪਰ ਤੁਸੀਂ ਜ਼ਰਾ ਯੂਰਪੀ ਦੇਸ਼ਾਂ ਦਾ ਹਾਲ ਵੇਖੋ ਤਾਂ ਤੁਸੀਂ ਕੰਬ ਉੱਠੋਗੇ।

ਕੁਝ ਦੇਸ਼ਾਂ ਨੇ ਸਖਤ ਤਾਲਾਬੰਦੀ ਐਲਾਨ ਦਿੱਤੀ ਹੈ। ਸਕੂਲ, ਕਾਲਜ, ਹੋਟਲ, ਮੀਟਿੰਗ ਹਾਲ, ਸਿਨੇਮਾਘਰ ਵਰਗੀਆਂ ਸਾਰੀਆਂ ਜਨਤਕ ਥਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਜੋ ਕੋਰੋਨਾ ਦਾ ਟੀਕਾ ਨਹੀਂ ਲਗਵਾਵੇਗਾ, ਉਸ ’ਤੇ ਕੁਝ ਦੇਸ਼ਾਂ ਨੇ ਹਜ਼ਾਰਾਂ ਰੁਪਇਆਂ ਦਾ ਜੁਰਮਾਨਾ ਠੋਕ ਦਿੱਤਾ ਹੈ। ਹਾਲੈਂਡ ’ਚ ਇੰਨੇ ਮਰੀਜ਼ ਵਧ ਗਏ ਹਨ ਕਿ ਉਸ ਦੇ ਹਸਪਤਾਲਾਂ ’ਚ ਉਨ੍ਹਾਂ ਲਈ ਥਾਂ ਹੀ ਨਹੀਂ ਹੈ।

ਯੂਰਪੀ ਦੇਸ਼ ਆਪਣੇ ਇੱਥੇ ਫੈਲੀ ਤੀਸਰੀ ਅਤੇ ਚੌਥੀ ਲਹਿਰ ਤੋਂ ਇੰਨੇ ਘਬਰਾ ਗਏ ਹਨ ਕਿ ਉਹ ਗੁਆਂਢੀ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੇ ਇੱਥੇ ਵੜਨ ਨਹੀਂ ਦੇ ਰਹੇ। ਅਗਲੇ ਕੁਝ ਮਹੀਨਿਆਂ ’ਚ ਉੱਥੇ ਮਰਨ ਵਾਲਿਆਂ ਦੀ ਗਿਣਤੀ 7 ਲੱਖ ਤੱਕ ਪਹੁੰਚਣ ਦਾ ਖਦਸ਼ਾ ਹੈ। ਯੂਰਪੀ ਮਹਾਦੀਪ ’ਚ ਕੋਰੋਨਾ ਨਾਲ ਅਗਲੇ ਸਾਲ ਤੱਕ ਸ਼ਿਕਾਰ ਹੋਣ ਵਾਲਿਆਂ ਦੀ ਗਿਣਤੀ 22 ਲੱਖ ਤੱਕ ਜਾ ਸਕਦੀ ਹੈ। ਭਾਰਤ ’ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ ਦੇ ਨੇੜੇ-ਤੇੜੇ ਹੈ ਜਦਕਿ ਉਸ ਦੀ ਆਬਾਦੀ ਸਾਰੇ ਯੂਰਪੀ ਦੇਸ਼ਾਂ ਨਾਲੋਂ ਦੁੱਗਣੀ ਹੈ।

ਭਾਰਤ ਦੇ ਮੁਕਾਬਲੇ ਯੂਰਪੀ ਦੇਸ਼ ਕਿਤੇ ਵੱਧ ਸਾਫ-ਸੁਥਰੇ ਹਨ ਅਤੇ ਉੱਥੇ ਡਾਕਟਰੀ ਸਹੂਲਤਾਂ ਵੀ ਕਿਤੇ ਬਿਹਤਰ ਹਨ। ਫਿਰ ਵੀ ਉਸ ਦਾ ਹਾਲ ਇੰਨਾ ਬੁਰਾ ਕਿਉਂ ਹੋ ਰਿਹਾ ਹੈ। ਇਸ ਦਾ ਇਕੋ-ਇਕ ਕਾਰਨ ਜੋ ਮੈਨੂੰ ਦਿਖਾਈ ਦਿੰਦਾ ਹੈ, ਉਹ ਇਹ ਹੈ ਕਿ ਯੂਰਪੀ ਲੋਕ ਹੰਕਾਰੀ ਹਨ। ਉਹ ਆਪਣੇ ਡਾਕਟਰਾਂ ਅਤੇ ਨੇਤਾਵਾਂ ਤੋਂ ਵੀ ਖੁਦ ਨੂੰ ਜ਼ਿਆਦਾ ਪ੍ਰਮਾਣਿਕ ਮੰਨਦੇ ਹਨ। ਉਹ ਸਮਝਦੇ ਹਨ ਕਿ ਦੁਨੀਆ ’ਚ ਸਭ ਤੋਂ ਵੱਧ ਸੱਭਿਅਕ ਅਤੇ ਤੰਦਰੁਸਤ ਕੋਈ ਹੈ ਤਾਂ ਉਹ ਹਨ। ਇਸ ਲਈ ਤਾਲਾਬੰਦੀ ਅਤੇ ਟੀਕੇ ਦੇ ਵਿਰੁੱਧ ਉਹ ਰੋਸ ਵਿਖਾਵੇ ਕਰ ਰਹੇ ਹਨ, ਆਪਣੇ ਨੇਤਾਵਾਂ ਨੂੰ ਕੋਸ ਰਹੇ ਹਨ ਅਤੇ ਆਪਣੇ ਡਾਕਟਰਾਂ ਦੇ ਇਰਾਦਿਆਂ ’ਤੇ ਸ਼ੱਕ ਕਰ ਰਹੇ ਹਨ। ਕੀ ਭਾਰਤ ਦਾ ਕੋਈ ਰਾਸ਼ਟਰਪਤੀ, ਉਪ-ਰਾਸ਼ਟਰਪਤੀ, ਪ੍ਰਧਾਨ ਮੰਤਰੀ, ਲੋਕ ਸਭਾ ਦਾ ਸਪੀਕਰ ਜਾਂ ਕੋਈ ਵੱਡਾ ਨੇਤਾ ਕੋਰੋਨਾਗ੍ਰਸਤ ਹੋਇਆ? ਨਹੀਂ, ਪਰ ਬ੍ਰਿਟੇਨ ਅਤੇ ਫਰਾਂਸ ਦੇ ਪ੍ਰਧਾਨ ਮੰਤਰੀਆਂ ਨੂੰ ਨਜ਼ਰਬੰਦੀ (ਇਕਾਂਤਵਾਸ) ਝੱਲਣੀ ਪੈ ਗਈ ਹੈ।

ਭਾਰਤ ’ਚ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਨੇਤਾ ਕਿੰਨੀ ਵੀ ਸਿਆਸੀ ਤੂੰ-ਤੂੰ, ਮੈਂ-ਮੈਂ ਕਰਦੇ ਰਹਿਣ ਪਰ ਕੋਰੋਨਾ ਦੀ ਮਹਾਮਾਰੀ ਨਾਲ ਲੜਨ ’ਚ ਸਭ ਇਕ ਸਨ। ਭਾਰਤ ਦੀ ਜਨਤਾ ਨੇ ਮਹਾਮਾਰੀ ਦੌਰਾਨ ਲਾਮਿਸਾਲ ਅਨੁਸ਼ਾਸਨ ਦਾ ਸਬੂਤ ਦਿੱਤਾ ਹੈ। ਉਹ ਹੁਣ ਵੀ ਚੌਕਸ ਰਹੇ, ਇਹ ਜ਼ਰੂਰੀ ਹੈ।


Bharat Thapa

Content Editor

Related News