ਭਾਰਤ ਲਈ ਰਲਵਾਂ-ਮਿਲਵਾਂ ਸਾਲ ਹੋਵੇਗਾ 2025
Monday, Dec 16, 2024 - 03:35 PM (IST)
ਪ੍ਰਸਿੱਧ ਫਰਾਂਸੀਸੀ ਜੋਤਿਸ਼ੀ ਅਤੇ ਦੂਰਅੰਦੇਸ਼ੀ ਨਾਸਤ੍ਰੇਦਮਸ ਨੇ ਸਾਲ 2025 ਲਈ ਵਿਸ਼ਵ ਪੱਧਰੀ ਮਾਮਲਿਆਂ ਅਤੇ ਭਾਰਤ ਦੇ ਭਵਿੱਖ ਬਾਰੇ ਦਿਲਚਸਪ ਭਵਿੱਖਬਾਣੀਆਂ ਕੀਤੀਆਂ ਹਨ। 16ਵੀਂ ਸਦੀ ਦੇ ਦੂਰਅੰਦੇਸ਼ ਨੂੰ ਕੋਵਿਡ-19 ਮਹਾਮਾਰੀ ਤੋਂ ਲੈ ਕੇ ਚੰਦਰਮਾ ’ਤੇ ਉਤਰਨ ਤੱਕ ਸਾਡੀ ਦੁਨੀਆ ਨੂੰ ਆਕਾਰ ਦੇਣ ਵਾਲੀਆਂ ਮਹੱਤਵਪੂਰਨ ਘਟਨਾਵਾਂ ਦੀਆਂ ਭਵਿੱਖਬਾਣੀਆਂ ਕਰਨ ਦਾ ਸਿਹਰਾ ਦਿੱਤਾ ਜਾਂਦਾ ਹੈ, ਜੋ 2025 ਬਾਰੇ ਉਨ੍ਹਾਂ ਦੀਆਂ ਭਵਿੱਖਬਾਣੀਆਂ ਨੂੰ ਹੋਰ ਮਜ਼ਬੂਤ ਕਰਦਾ ਹੈ। ਨਾਸਤ੍ਰੇਦਮਸ ਨੇ ਭਵਿੱਖਬਾਣੀ ਕੀਤੀ ਸੀ ਕਿ ਚੱਲ ਰਹੀ ਰੂਸ-ਯੂਕ੍ਰੇਨ ਜੰਗ 2025 ’ਚ ਖਤਮ ਹੋ ਸਕਦੀ ਹੈ। ਜਲਵਾਯੂ ਤਬਦੀਲੀ ਕਾਰਨ ਦੋਵਾਂ ਦੇਸ਼ਾਂ ’ਚ ਭਿਆਨਕ ਹੜ੍ਹ ਆਉਣਗੇ ਅਤੇ ਜਵਾਲਾਮੁਖੀ ਧਮਾਕੇ ਹੋਣਗੇ।
ਨਿਊਯਾਰਕ ਪੋਸਟ ਅਨੁਸਾਰ ਤੁਰਕੀਏ ਅਤੇ ਫਰਾਂਸ ਯੂਕ੍ਰੇਨ ਅਤੇ ਰੂਸ ਦਰਮਿਆਨ ਸ਼ਾਂਤੀ ਪ੍ਰਕਿਰਿਆ ਨੂੰ ਮਹੱਤਵਪੂਰਨ ਢੰਗ ਨਾਲ ਸਹੂਲਤ ਵਾਲਾ ਬਣਾ ਸਕਦੇ ਹਨ। ਉਨ੍ਹਾਂ ਨੇ 2025 ’ਚ ਇੰਗਲੈਂਡ ’ਚ ਇਕ ‘ਪ੍ਰਾਚੀਨ ਪਲੇਗ’ ਦੀ ਵੀ ਭਵਿੱਖਬਾਣੀ ਕੀਤੀ ਜੋ ਬ੍ਰਾਜ਼ੀਲ ਦੇ ਰੂਸ-ਯੂਕ੍ਰੇਨ ਜੰਗ ਅਤੇ ਕੁਦਰਤੀ ਆਫਤਾਂ ਦੇ ਅੰਤ ਦੇ ਨਾਲ-ਨਾਲ ਇਤਿਹਾਸਕ ਬੀਮਾਰੀ ਦੇ ਮੁੜ ਵਾਪਰਨ ਦਾ ਸੰਦਰਭ ਹੋ ਸਕਦਾ ਹੈ।
ਨਾਸਤ੍ਰੇਦਮਸ ਨੇ ਇਹ ਵੀ ਭਵਿੱਖਬਾਣੀ ਕੀਤੀ ਸੀ ਕਿ 2025 ’ਚ ਇਕ ਵਿਸ਼ਾਲ ਸ਼ੁਦਰਗ੍ਰਹਿ ਧਰਤੀ ਨਾਲ ਟਕਰਾਅ ਸਕਦਾ ਹੈ ਜਾਂ ਉਸਦੇ ਬੜਾ ਨੇੜੇ ਆ ਸਕਦਾ ਹੈ। ਨਿਊਯਾਰਕ ਪੋਸਟ ਦੀ ਇਕ ਰਿਪੋਰਟ ਅਨੁਸਾਰ ਨਾਸਤ੍ਰੇਦਮਸ ਨੇ ਲਿਖਿਆ ਸੀ ਕਿ ਬ੍ਰਹਿਮੰਡ ਤੋਂ ਇਕ ਅੱਗ ਦਾ ਗੋਲਾ ਉੱਠੇਗਾ ਜੋ ਕਿਸਮਤ ਦਾ ਅਗਰਦੂਤ ਹੋਵੇਗਾ। ਜੇਕਰ ਇਹ ਭਵਿੱਖਬਾਣੀ ਸੱਚ ਹੁੰਦੀ ਹੈ ਤਾਂ ਇਸ ਦੇ ਮਹੱਤਵਪੂਰਨ ਅਰਥ ਹੋ ਸਕਦੇ ਹਨ। ਜਿਵੇਂ ਕਿ ਅਸੀਂ ਭਾਰਤ ਦੇ ਭਵਿੱਖ ਲਈ ਕ੍ਰਿਸਟਲ ਬਾਲ ਨੂੰ ਦੇਖਦੇ ਹਾਂ, ਸਾਲ ਦੀ ਸ਼ੁਰੂਆਤ 2025 ਦੇ ਗਣਤੰਤਰ ਦਿਵਸ ਦੀ ਪਰੇਡ ਨਾਲ ਹੁੰਦੀ ਹੈ। ਥੀਮ ਹੈ ‘ਸੁਨਹਿਰੀ ਭਾਰਤ : ਵਿਰਾਸਤ ਅਤੇ ਵਿਕਾਸ’। ਅਜੇ ਇਹ ਤੈਅ ਨਹੀਂ ਹੋਇਆ ਹੈ ਕਿ ਮੁੱਖ ਮਹਿਮਾਨ ਕੌਣ ਹੋਵੇਗਾ।
2025 ’ਚ ਭਾਰਤ ਤੇਜ਼ੀ ਨਾਲ ਆਰਥਿਕ ਵਿਕਾਸ, ਲਗਾਤਾਰ ਸਮਾਜਿਕ ਚੁਣੌਤੀਆਂ ਅਤੇ ਤਕਨੀਕੀ ਨਵੀਨਤਾ ਦਾ ਅਨੁਭਵ ਕਰਨ ਲਈ ਤਿਆਰ ਹੈ। ਤਕਨੀਕੀ ਸਿੱਖਿਆ ’ਤੇ ਨਵਿਆਉਣਯੋਗ ਊਰਜਾ ’ਚ ਸਰਕਾਰ ਦਾ ਮਹੱਤਵਪੂਰਨ ਵਿਕਾਸ, ਆਰਥਿਕ ਵਿਕਾਸ ਦੀ ਸਮਰੱਥਾ ਦੇ ਨਾਲ, ਭਾਰਤ ਦੇ ਭਵਿੱਖ ਦੀ ਖੁਸ਼ਹਾਲੀ ਲਈ ਇਕ ਆਸਵੰਦ ਨਜ਼ਰੀਆ ਮੁਹੱਈਆ ਕਰਦਾ ਹੈ।
ਵਿਸ਼ਵ ਪੱਧਰੀ ਮੰਚ ’ਤੇ ਭਾਰਤ ਦੀ ਭੂਮਿਕਾ ਵਪਾਰ, ਰੱਖਿਆ ਅਤੇ ਜਲਵਾਯੂ ਪਹਿਲਕਦਮੀਆਂ ’ਚ ਵਧਦੇ ਸਹਿਯੋਗ ਦੇ ਮਜ਼ਬੂਤ ਹੋਣ ਲਈ ਤਿਆਰ ਹੈ, ਖਾਸ ਕਰਕੇ ਹੋਰ ਪ੍ਰਮੁੱਖ ਅਰਥਚਾਰਿਆਂ ਦੇ ਨਾਲ। ਵਿਸ਼ਵ ਪੱਧਰੀ ਪ੍ਰਭਾਵ ਦੀ ਇਹ ਸੰਭਾਵਨਾ ਭਾਰਤ ਦੇ ਭਵਿੱਖ ਲਈ ਆਸ਼ਾਵਾਦ ਅਤੇ ਆਸ ਦਾ ਕਾਰਨ ਹੈ।
ਧਾਰਮਿਕ ਪੱਖ ਦੀ ਗੱਲ ਕਰੀਏ ਤਾਂ ਅਗਲਾ ਮਹਾਕੁੰਭ ਮੇਲਾ 13 ਜਨਵਰੀ, 2025 ਤੋਂ 26 ਫਰਵਰੀ 2025 ਤੱਕ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ’ਚ ਆਯੋਜਿਤ ਕੀਤਾ ਜਾਵੇਗਾ। ਕੁੰਭ ਮੇਲਾ 12 ਸਾਲ ਬਾਅਦ ਇਕ ਨਿਸ਼ਚਿਤ ਸਥਾਨ ’ਤੇ ਹੋਣ ਵਾਲਾ ਇਕ ਵਿਸ਼ਾਲ ਅਧਿਆਤਮਿਕ ਸਮਾਗਮ ਹੈ। ਲੱਖਾਂ ਤੀਰਥ ਯਾਤਰੀ ਪਵਿੱਤਰ ਇਸ਼ਨਾਨ ਕਰਨ ਲਈ ਮਹਾਕੁੰਭ ਦੇ ਸਥਾਨ ’ਤੇ ਆਉਂਦੇ ਹਨ।
ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਦੇ ਸਾਹਮਣੇ ਇਕ ਮਹੱਤਵਪੂਰਨ ਮੁੱਦਾ ਇਸਦੀ ਇਕਜੁੱਟਤਾ ਹੈ। ਪਹਿਲਾਂ ਤੋਂ ਹੀ ਕੁਝ ਤਣਾਅ ਉੱਭਰ ਕੇ ਸਾਹਮਣੇ ਆਏ ਹਨ। ਤ੍ਰਿਣਮੂਲ ਕਾਂਗਰਸ ਅਤੇ ‘ਆਪ’ ਨੇ ਗੱਠਜੋੜ ਨਾਲੋਂ ਖੁਦ ਨੂੰ ਵੱਖ ਕਰ ਲਿਆ ਹੈ। ‘ਆਪ’ ਦਿੱਲੀ ਵਿਧਾਨ ਸਭਾ ਚੋਣਾਂ ਆਜ਼ਾਦ ਤੌਰ ’ਤੇ ਲੜਨ ਦੀ ਯੋਜਨਾ ਬਣਾ ਰਹੀ ਹੈ। ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਵਿਧਾਨ ਸਭਾ ਚੋਣਾਂ ’ਚ ਪਾਰਟੀ ਅੰਦਰ ਫੁੱਟ ਸਪੱਸ਼ਟ ਦੇਖੀ ਗਈ। ਗੱਠਜੋੜ ਦੇ ਸਹਿਯੋਗੀ ਕਾਂਗਰਸ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ।
ਉਹ 2025 ’ਚ ਹੋਣ ਵਾਲੀਆਂ ਦਿੱਲੀ ਅਤੇ ਬਿਹਾਰ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਦੀ ਕਾਰਗੁਜ਼ਾਰੀ ਨੂੰ ਦੇਖ ਰਹੇ ਹਨ। ਦਿੱਲੀ ’ਚ ਫਰਵਰੀ ’ਚ ਵਿਧਾਨ ਸਭਾ ਚੋਣਾਂ ਹੋਣਗੀਆਂ ਜਿਸ ’ਚ ਭਾਜਪਾ ‘ਆਪ’ ਦੇ ਮੁਖੀ ਅਰਵਿੰਦ ਕੇਜਰੀਵਾਲ ਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦੀ ਹੈ। ‘ਆਪ’ ਨੂੰ ਹਾਲ ਹੀ ਦੇ ਦਿਨਾਂ ’ਚ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ’ਚ ਕਈ ਨੇਤਾਵਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਵੀ ਸ਼ਾਮਲ ਹਨ।
ਇਸ ਨੇ ਚੋਣਾਂ ਲਈ ਆਤਿਸ਼ੀ ਨੂੰ ਆਰਜ਼ੀ ਮੁੱਖ ਮੰਤਰੀ ਨਿਯੁਕਤ ਕੀਤਾ ਹੈ। ‘ਆਪ’ ਅਤੇ ਕਾਂਗਰਸ ਲੋਕ ਸਭਾ ਚੋਣਾਂ ’ਚ ਸਹਿਯੋਗੀ ਸੀ ਪਰ ਵੋਟਰਾਂ ਨਾਲ ਨਹੀਂ ਜੁੜੇ। ਬਿਹਾਰ ’ਚ ਵੀ ਇਸ ਸਾਲ ਚੋਣਾਂ ਹੋਣੀਆਂ ਹਨ। ਇਹ ਸਿਆਸੀ ਤੌਰ ’ਤੇ ਇਕ ਮਹੱਤਵਪੂਰਨ ਸੂਬਾ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਅਗਵਾਈ ਵਾਲੇ ਸੱਤਾਧਾਰੀ ਐੱਨ. ਡੀ. ਏ. ਨੂੰ ਰਾਜਦ ਨੇਤਾ ਤੇਜਸਵੀ ਯਾਦਵ ਦੀ ਅਗਵਾਈ ਵਾਲੇ ਮਹਾਗੱਠਜੋੜ ਤੋਂ ਸਖਤ ਟੱਕਰ ਮਿਲ ਸਕਦੀ ਹੈ।
ਭਾਜਪਾ ਅਤੇ ਜਦ-ਯੂ ਸੂਬੇ ਨੂੰ ਬਣਾਈ ਰੱਖਣ ਲਈ ਕੰਮ ਕਰ ਰਹੇ ਹਨ। ਪਾਰਟੀ ਦੇ ਅਧੂਰੇ ਏਜੰਡੇ ਨੂੰ ਪੂਰਾ ਕਰਨ ਲਈ ਮੋਦੀ ਸਰਕਾਰ ‘ਇਕ ਰਾਸ਼ਟਰ ਇਕ ਚੋਣ’ ਆਬਾਦੀ ਨਿਯਮ ਅਤੇ ਆਰਥਿਕ ਪਹਿਲ ਸਮੇਤ ਵੱਖ-ਵੱਖ ਸੁਧਾਰਾਂ ਨੂੰ ਲਾਗੂ ਕਰਨ ਲਈ ਉਤਸੁਕ ਹੈ। ਇਸ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ ਅਤੇ ਅਯੁੱਧਿਆ ’ਚ ਰਾਮ ਮੰਦਰ ਦਾ ਨਿਰਮਾਣ ਪੂਰਾ ਕਰ ਲਿਆ ਹੈ। ਹਾਲਾਂਕਿ, ਇਕਸਾਰ ਨਾਗਰਿਕ ਜ਼ਾਬਤਾ ਨੂੰ ਲਾਗੂ ਕਰਨਾ ਅਜੇ ਵੀ ਪੈਂਡਿੰਗ ਹੈ। 2 ਸਿਆਸੀ ਸੰਗਠਨ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਅਤੇ ਭਾਰਤੀ ਕਮਿਊਨਿਸਟ ਪਾਰਟੀ ਆਉਣ ਵਾਲੇ ਮਹੀਨਿਆਂ ’ਚ ਮਹੱਤਵਪੂਰਨ ਵਰ੍ਹੇਗੰਢ ਮਨਾਉਣਗੇ। ਆਰ. ਐੱਸ. ਐੱਸ. ਸਤੰਬਰ ’ਚ 100 ਸਾਲ ਪੂਰੇ ਕਰੇਗੀ, ਜਦ ਕਿ ਭਾਰਤੀ ਕਮਿਊਨਿਸਟ ਪਾਰਟੀ ਦਸਬੰਰ ’ਚ ਆਪਣਾ ਸ਼ਤਾਬਦੀ ਸਮਾਰੋਹ ਸ਼ੁਰੂ ਕਰੇਗੀ।
ਆਪਣੇ 100 ਸਾਲ ’ਚ ਆਰ. ਐੱਸ. ਐੱਸ. ਦਾ ਪ੍ਰਭਾਵ ਵਿਆਪਕ ਹੈ, ਜਿਸ ਨਾਲ ਭਵਿੱਖ ਦੀਆਂ ਸਰਕਾਰਾਂ ਲਈ ਭਾਰਤੀ ਸਿਆਸਤ ਅਤੇ ਸਮਾਜ ’ਤੇ ਇਸਦੀ ਪਕੜ ਨੂੰ ਘੱਟ ਕਰਨਾ ਚੁਣੌਤੀਪੂਰਨ ਹੋ ਗਿਆ ਹੈ। ਦੱਖਣਪੰਥੀ ਪਾਰਟੀਆਂ ਦੇ ਜ਼ੋਰ ਫੜਨ ਕਾਰਨ ਕਮਿਊਨਿਸਟ ਪਾਰਟੀਆਂ ਦਾ ਪ੍ਰਭਾਵ ਘੱਟ ਤੋਂ ਘੱਟ ਹੋ ਗਿਆ ਹੈ। ਸੰਖੇਪ ’ਚ 2025 ਭਾਰਤ ਲਈ ਰਲਵਾਂ-ਮਿਲਵਾਂ ਸਾਲ ਹੋਵੇਗਾ। ਅਰਥਚਾਰਾ ਚੰਗੀ ਤਰ੍ਹਾਂ ਅੱਗੇ ਵਧ ਰਿਹਾ ਹੈ ਅਤੇ ਵਿਦੇਸ਼ੀ ਸੰਬੰਧ ਸਥਿਰ ਹਨ ਪਰ ਸਿਆਸੀ ਸਥਿਤੀ ਅਸਪੱਸ਼ਟ ਬਣੀ ਹੋਈ ਹੈ।