ਭਾਰਤ ਦੀ ਕੋਵਿਡ ਵੈਕਸੀਨ ਮੁਹਿੰਮ ਦੁਨੀਆ ਲਈ ਇਕ ਸਬਕ
Wednesday, Mar 01, 2023 - 09:39 AM (IST)
ਜਦੋਂ 2020 ਦੀ ਸ਼ੁਰੂਆਤ ’ਚ ਕੋਵਿਡ-19 ਸ਼ੁਰੂ ਹੋਇਆ ਤਾਂ ਵਧੇਰੇ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਕਿ ਭਾਰਤ ਤਬਾਹਕੁੰਨ ਨਤੀਜਿਆਂ ਦਾ ਸਾਹਮਣਾ ਕਰ ਸਕਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਿੱਜੀ ਅਤੇ ਲਗਾਤਾਰ ਨਿਗਰਾਨੀ ਤਹਿਤ ਸਰਕਾਰ ਦੀ ਅਦਭੁੱਤ ਤੇ ਖਾਸ ਪ੍ਰਤੀਕਿਰਿਆ ਨੇ ਅਜਿਹੀ ਕਿਆਮਤ ਦੀਆਂ ਭਵਿੱਖਬਾਣੀਆਂ ਨੂੰ ਝੂਠਾ ਸਾਬਿਤ ਕੀਤਾ। ਵਿਕਸਿਤ ਅਤੇ ਵਿਕਾਸਸ਼ੀਲ ਦੁਨੀਆ ਦੋਵਾਂ ਦੇ ਲਈ ਵਿਗਿਆਨਕ ਅਤੇ ਤਕਨੀਕੀ ਲਚਕੀਲੇਪਨ ਦੀ ਇਕ ਉਦਾਹਰਣ ਸਥਾਪਿਤ ਕਰਦੇ ਹੋਏ ਭਾਰਤ ਮਹਾਮਾਰੀ ’ਚੋਂ ਮਜ਼ਬੂਤ ਹੋ ਕੇ ਉਭਰਿਆ। ਜਦੋਂ ਚੀਨ ਸਮੇਤ ਕਈ ਵਿਕਸਿਤ ਦੇਸ਼ ਕੋਵਿਡ-19 ਪ੍ਰਬੰਧਨ ਨਾਲ ਜੂਝ ਰਹੇ ਸਨ, ਮਹਾਮਾਰੀ ਨਾਲ ਸਫਲਤਾਪੂਰਵਕ ਨਜਿੱਠਣ ’ਚ ਹੁਣ ਦੁਨੀਆ ਭਰ ’ਚ ਪੀ. ਐੱਮ. ਮੋਦੀ ਦੀ ਸਫਲਤਾ ਦੀ ਕਹਾਣੀ ਦਾ ਹਵਾਲਾ ਦਿੱਤਾ ਜਾ ਰਿਹਾ ਹੈ।
ਭਾਰਤ ਨਾ ਸਿਰਫ ਆਪਣੀ ਆਬਾਦੀ ਦੀ ਰੱਖਿਆ ਕਰਨ ’ਚ ਸਫਲ ਰਿਹਾ ਸਗੋਂ ਉਸ ਨੇ ਹੋਰਨਾਂ ਦੇਸ਼ਾਂ ਨੂੰ ਟੀਕੇ ਵੀ ਭੇਜੇ। ਇਸ ਤਰ੍ਹਾਂ ਦੁਨੀਆ ਨੂੰ ਦੋ ਸਾਲ ਦੇ ਅੰਦਰ ਪਹਿਲੀ ਵਾਰ ਡੀ. ਐੱਨ. ਏ. ਵੈਕਸੀਨ ਅਤੇ ਨੇਜ਼ਲ ਡ੍ਰਾਪ ਵੈਕਸੀਨ ਵਿਕਸਿਤ ਕਰਨ ਦੀ ਆਪਣੀ ਸਮਰੱਥਾ ਸਾਬਿਤ ਕਰ ਦਿੱਤੀ। ਇਸ ਲਈ ਪੀ. ਐੱਮ. ਮੋਦੀ ਦੇ ਤਹਿਤ ਕੋਵਿਡ ਵੈਕਸੀਨ ਯਾਤਰਾ ਦੀ ਸਫਲਤਾ ਦੀ ਕਹਾਣੀ ਇਕ ਕੇਸ ਸਟੱਡੀ ਹੈ।
ਮਹਾਮਾਰੀ ਦੀ ਸ਼ੁਰੂਆਤ ’ਚ, ਇਹ ਸਪੱਸ਼ਟ ਸੀ ਕਿ ਟੀਕੇ ਵਾਇਰਸ ਦੇ ਪ੍ਰਸਾਰ ਦਾ ਮੁਕਾਬਲਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਵਿਸ਼ਵ ਪੱਧਰ ’ਤੇ ਉਦਯੋਗ ਅਤੇ ਸਿੱਖਿਆ ਜਗਤ ਵੱਲੋਂ ਵੈਕਸੀਨ ਵਿਕਾਸ ਦੀਆਂ ਕੋਸ਼ਿਸ਼ਾਂ ਨੇ ਰਫਤਾਰ ਫੜੀ ਹੈ। ਪ੍ਰਭਾਵਸ਼ਾਲੀ ਤੌਰ ’ਤੇ ਕੋਵਿਡ-19 ਵੈਕਸੀਨ ਦੇ ਵਿਕਾਸ ’ਚ ਭਾਰਤੀ ਯਤਨ ਵਿਸ਼ਵ ਪੱਧਰੀ ਵਿਕਾਸ ਦੇ ਬਰਾਬਰ ਸਨ। ਜਨਵਰੀ 2021 ਦੀ ਸ਼ੁਰੂਆਤ ’ਚ ਸਰਕਾਰ ਵੱਲੋਂ ਕੋਵਿਡ-19 ਲਈ ਭਾਰਤ ਦੇ ਪਹਿਲੇ ਟੀਕਿਆਂ, ਕੋਵੈਕਸੀਨ ਅਤੇ ਕੋਵਿਸ਼ੀਲਡ ਨੂੰ ਐਮਰਜੈਂਸੀ ਵਰਤੋਂ ਅਥਾਰਟੀ (ਈ. ਯੂ. ਏ.) ਮੁਹੱਈਆ ਕੀਤਾ ਗਿਆ ਸੀ। ਪਹਿਲੀ ਖੁਰਾਕ ਜਨਵਰੀ 2021 ਦੇ ਮੱਧ ’ਚ ਦਿੱਤੀ ਗਈ ਸੀ, ਬਾਕੀ ਅਰਬ ਖੁਰਾਕ ਦਾ ਇਤਿਹਾਸ ਹੈ।
ਭਾਰਤ ਦੇ ਲਈ ਟੀਕਾਕਰਨ ਪ੍ਰੋਗਰਾਮ ਨੂੰ ਦੋ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਇਕ ਪਾਸੇ ਇਕ ਅਰਬ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਉਣਾ ਚੁਣੌਤੀਪੂਰਨ ਸੀ, ਦੂਜੇ ਪਾਸੇ ਭਾਰਤ ਦੇ ਬਾਹਰ ਬਣੇ ਕੋਵਿਡ-19 ਟੀਕੇ ਆਸਾਨੀ ਨਾਲ ਮੁਹੱਈਆ ਅਤੇ ਸਸਤੇ ਨਹੀਂ ਸਨ। ਇਸ ਦ੍ਰਿਸ਼ ’ਚ ਕੇਂਦਰ ਸਰਕਾਰ ਦਾ ਸ਼ਾਨਦਾਰ ਨਜ਼ਰੀਆ ਅਤੇ ਅਗਵਾਈ ਮਹੱਤਵਪੂਰਨ ਸੀ। ਸਰਵਸੰਮਤੀ ਨਾਲ ਇਹ ਮਹਿਸੂਸ ਕੀਤਾ ਗਿਆ ਕਿ ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਵਦੇਸ਼ੀ ਸਮਰਥਾਵਾਂ ਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ। ਸਰਕਾਰ ਨੇ ਮਹਾਮਾਰੀ ਨਾਲ ਲੜਨ ਦੇ ਲਈ ਆਤਮਨਿਰਭਰ ਭਾਰਤ ਮੁਹਿੰਮ ਸ਼ੁਰੂ ਕੀਤੀ ਅਤੇ ਇਕ ਵਿਸ਼ੇਸ਼ ਆਰਥਿਕ ਪੈਕੇਜ ਤਿਆਰ ਕੀਤਾ ਗਿਆ। ਮਹਾਮਾਰੀ ਦੇ ਵਿਰੁੱਧ ਵਿਆਪਕ ਪ੍ਰਤੀਕਿਰਿਆ ਲਈ ਮੁਹੱਈਆ ਸਰੋਤਾਂ ਨੂੰ ਦਿਸ਼ਾ ਦਿੱਤੀ ਗਈ ਅਤੇ ਸਵਦੇਸ਼ੀ ਵੈਕਸੀਨ ਦੇ ਤੇਜ਼ੀ ਨਾਲ ਵਿਕਾਸ ਨੂੰ ਪਹਿਲ ਦਿੱਤੀ ਗਈ।
ਮਿਸ਼ਨ ਕੋਵਿਡ ਸੁਰੱਖਿਆ ਦੇ ਸਮੇਂ ’ਤੇ ਲਾਂਚ ਨੇ ਭਾਰਤ ਦੇ ਲਈ ਕੋਵਿਡ-19 ਟੀਕਿਆਂ ਦੇ ਤੇਜ਼ ਵਿਕਾਸ ਨੂੰ ਸਮਰੱਥ ਬਣਾਇਆ। ਭਾਰਤ ’ਚ ਕੋਵਿਡ-19 ਵੈਕਸੀਨ ਵਿਕਾਸ ਦੇ ਯਤਨਾਂ ਨੂੰ ਮਜ਼ਬੂਤ ਕਰਨ ਦੇ ਲਈ ਜੈਵਿਕ ਤਕਨਾਲੋਜੀ ਵਿਭਾਗ (ਡੀ. ਬੀ. ਟੀ.) ਨੂੰ ਨੋਡਲ ਵਿਭਾਗ ਦੇ ਰੂਪ ’ਚ ਮਾਨਤਾ ਦਿੱਤੀ ਗਈ। ਡੀ. ਬੀ. ਟੀ. ਨੇ ਜੈਵਿਕ ਤਕਨਾਲੋਜੀ ਉਦਯੋਗ ਖੋਜ ਸਹਾਇਤਾ ਪ੍ਰੀਸ਼ਦ (ਬੀ. ਆਈ. ਆਰ. ਏ. ਸੀ./ਬਾਈਰੈਕ) ’ਚ ਇਕ ਸਮਰਪਿਤ ਮਿਸ਼ਨ ਲਾਗੂਕਰਨ ਇਕਾਈ ਦੇ ਰਾਹੀਂ ਇਸ ਮਿਸ਼ਨ ਨੂੰ ਲਾਗੂ ਕੀਤਾ। ਉਦਯੋਗ ਅਤੇ ਸਿੱਖਿਆ ਜਗਤ ਦੇ ਦਰਮਿਆਨ ਦੇ ਪਾੜੇ ਨੂੰ ਪੂਰਨ ਦੇ ਲਈ ਬਾਈਰੈਕ ਨੇ ਉਦਯੋਗ, ਸਿੱਖਿਆ ਜਗਤ ਅਤੇ ਸਰਕਾਰ ਦੇ ਹਿੱਤਧਾਰਕਾਂ ਨੂੰ ਟੀਕਾ ਵਿਕਾਸ ਅਤੇ ਉਤਪਾਦਨ ’ਤੇ ਸਹਿਯੋਗ ਕਰਨ ’ਚ ਮਦਦ ਕੀਤੀ।
ਨੈਸ਼ਨਲ ਬਾਇਓਫਾਰਮਾ ਮਿਸ਼ਨ ਅਤੇ ਇੰਡ. ਸੀ. ਈ. ਪੀ. ਆਈ. ਮਿਸ਼ਨ (ਇੰਡੀਆ ਸੈਂਟ੍ਰਿਕ ਐਪੀਡੈਮਿਕ ਪ੍ਰੀਪੇਅਰਡਨੈੱਸ ਮਿਸ਼ਨ ਨੂੰ ਗਲੋਬਲ ਕੋਇਲਿਸ਼ਨ ਫਾਰ ਐਪੀਡੈਮਿਕ ਪ੍ਰੀਪੇਅਰਡਨੈੱਸ ਇਨੋਵੇਸ਼ਨਜ਼ ਨਾਲ ਜੋੜ ਕੇ) ਨੂੰ ਮਿਸ਼ਨ ਕੋਵਿਡ ਸੁਰੱਖਿਆ ਦੇ ਤਹਿਤ ਵਿਸਥਾਰਤ ਅਤੇ ਸਮੇਕਿਤ ਕੀਤਾ ਗਿਆ ਸੀ। ਮਿਸ਼ਨ ਕੋਵਿਡ ਸੁਰੱਖਿਆ ਨੇ 4 ਟੀਕੇ ਵਿਕਸਿਤ ਕੀਤੇ ਹਨ ਅਤੇ ਭਵਿੱਖ ਦੇ ਟੀਕੇ ਦੇ ਵਿਕਾਸ ਦੇ ਲਈ ਜ਼ਰੂਰੀ ਬੁਨਿਆਦੀ ਢਾਂਚਾ ਤਿਆਰ ਕੀਤਾ ਹੈ।
ਇਸ ਮਿਸ਼ਨ ਦੇ ਤਹਿਤ ਜਿਹੜੇ ਵਰਨਣਯੋਗ ਟੀਕਿਆਂ ਨੂੰ ਈ. ਯੂ. ਏ. ਪ੍ਰਾਪਤ ਹੋਇਆ ਹੈ, ਉਹ ਹਨ ZyCoV-D (ਦੁਨੀਆ ਦੀ ਪਹਿਲੀ ਡੀ. ਐੱਨ. ਏ. ਵੈਕਸੀਨ), CORBEVAXTM (ਇਕ ਪ੍ਰੋਟੀਨ ਸਬਯੂਨਿਟ ਵੈਕਸੀਨ), GEMCOVAC TM-19 (ਹੀਟ ਸਟੇਬਲ mRNA- ਆਧਾਰਿਤ ਵੈਕਸੀਨ) ਅਤੇ iNCOVACC (ਭਾਰਤ ਦੀ ਪਹਿਲੀ ਨੇਜ਼ਲ ਵੈਕਸੀਨ)। ਇਸ ਦੇ ਇਲਾਵਾ ਡੀ. ਬੀ. ਟੀ. ਦੀਆਂ 2 ਖੁਦਮੁਖਤਾਰ ਸੰਸਥਾਵਾਂ, ਟ੍ਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਤਕਨਾਲੋਜੀ ਇੰਸਟੀਚਿਊਟ (ਟੀ. ਐੱਚ. ਐੱਸ. ਟੀ. ਆਈ.) ਫਰੀਦਾਬਾਦ ਅਤੇ ਨੈਸ਼ਨਲ ਇੰਸਟੀਚਿਊਟ ਆਫ ਇਮਿਊਨੋਲਾਜੀ (ਐੱਨ. ਆਈ. ਆਈ.) ਨਵੀਂ ਦਿੱਲੀ ਨੇ ਵੈਕਸੀਨ ਨਿਰਮਾਤਾਵਾਂ ਨੂੰ ਉਨ੍ਹਾਂ ਦੇ ਵੈਕਸੀਨ ਉਮੀਦਵਾਰਾਂ ਦੀ ਤਸਦੀਕ ਦੇ ਲਈ ਪਸ਼ੂ ਮਾਡਲ ਅਤੇ ਇਮਿਊਨੋਲਾਜੀਕਲ ਅਤੇ ਨਿਊਟ੍ਰਲਾਈਜ਼ੇਸ਼ਨ ਜਾਂਚਾਂ ਮੁਹੱਈਆ ਕੀਤੀਆਂ।
ਮਹਾਮਾਰੀ ’ਤੇ ਵਿਰੁੱਧ ਭਾਰਤ ਦੀ ਪ੍ਰਤੀਕਿਰਿਆ ਨੇ ਸਾਡੇ ਵਿਗਿਆਨਕ ਤੇ ਤਕਨੀਕੀ ਹੁਨਰ ਦੀ ਅਥਾਹ ਤਾਕਤ ਨੂੰ ਉਜਾਗਰ ਕੀਤਾ। ਡੀ. ਬੀ. ਟੀ. ਇਸ ਪ੍ਰਕਿਰਿਆ ’ਚ ਇਕ ਮਹੱਤਵਪੂਰਨ ਪ੍ਰਵਰਤਕ ਰਿਹਾ ਹੈ। ਮਹਾਮਾਰੀ ਦੌਰਾਨ ਡੀ. ਬੀ. ਟੀ. ਵੱਲੋਂ ਤਿਆਰ ਅਤੇ ਪੋਸ਼ਿਤ ਐਂਡ ਟੂ ਐਂਡ ਵੈਕਸੀਨ ਵਿਕਾਸ ਅਤੇ ਵਿਨਿਰਮਾਣ ਈਕੋਲਾਜੀਕਲੀ ਤੰਤਰ ਦੀ ਸੁਚੱਜੀ ਵਰਤੋਂ ਕੀਤੀ ਗਈ ਸੀ। ਇਸ ਦੇ ਇਲਾਵਾ ਭਾਰਤੀ ਵਿਗਿਆਨ ਏਜੰਸੀਆਂ ਵੱਲੋਂ ਤਿਆਰ ਅਤੇ ਪੋਸ਼ਿਤ ਮਜ਼ਬੂਤ ਖੋਜ ਅਤੇ ਅਨੁਵਾਦ ਈਕੋਲਾਜੀਕਲੀ ਤੰਤਰ ਆਤਮਨਿਰਭਰ ਭਾਰਤ ਦਾ ਆਧਾਰ ਹੋਵੇਗਾ।
ਮੋਦੀ ਸਰਕਾਰ ਸਮਾਜ ਦੇ ਲਈ ਨਵੇਂ ਉਤਪਾਦਾਂ ਅਤੇ ਤਕਨਾਲੋਜੀਆਂ ਨੂੰ ਵਿਕਸਿਤ ਕਰਨ ਦੇ ਲਈ ਜਨਤਕ, ਨਿੱਜੀ ਭਾਈਵਾਲੀ ਦੇ ਨਾਲ ਇਕ ਜੀਵੰਤ ਅਤੇ ਸੰਗਠਿਤ ਵਿਗਿਆਨ ਅਤੇ ਅਨੁਵਾਦ ਈਕੋਲਾਜੀਕਲੀ ਤੰਤਰ ਨੂੰ ਵਧਾਉਣ ਲਈ ਪ੍ਰਤੀਬੱਧ ਹੈ।
ਜਿਤੇਂਦਰ ਸਿੰਘ
ਕੇਂਦਰੀ ਰਾਜ ਮੰਤਰੀ (ਆਜ਼ਾਦਾਨਾ ਚਾਰਜ), ਵਿਗਿਆਨ ਅਤੇ ਤਕਨੀਕ ਅਤੇ ਪ੍ਰਿਥਵੀ ਵਿਗਿਆਨ)