ਨੇਪਾਲ, ਪਾਕਿਸਤਾਨ, ਮਾਲਦੀਵ ਵਰਗੇ ਦੇਸ਼ਾਂ ਦੇ ਨਾਲ ਭਾਰਤ ਦੀਆਂ ਵਧ ਰਹੀਆਂ ਦੂਰੀਆਂ

03/06/2024 4:13:49 AM

ਭਾਰਤ ਸਮਰਥਕ ‘ਨੇਪਾਲੀ ਕਾਂਗਰਸ’ ਨਾਲ ਹੱਥ ਮਿਲਾ ਕੇ ‘ਨੇਪਾਲ ਕਮਿਊਨਿਸਟ ਪਾਰਟੀ’ (ਮਾਓਵਾਦੀ ਕੇਂਦਰ) ਦੇ ਨੇਤਾ ਪੁਸ਼ਪ ਕਮਲ ਦਹਲ ‘ਪ੍ਰਚੰਡ’ ਨੇ 25 ਦਸੰਬਰ, 2022 ਨੂੰ ਸਰਕਾਰ ਬਣਾਈ ਤਾਂ ਇਸ ਤੋਂ ਇਹ ਆਸ ਬੱਝੀ ਸੀ ਕਿ ਸਾਬਕਾ ਚੀਨ ਸਮਰਥਕ ਪ੍ਰਧਾਨ ਮੰਤਰੀ ਕੇ.ਪੀ. ਸ਼ਰਮਾ ਓਲੀ ਦੇ ਸ਼ਾਸਨ ਵਿਚ ਭਾਰਤ-ਨੇਪਾਲ ਸਬੰਧਾਂ ਵਿਚ ਜੋ ਵਿਗਾੜ ਆਇਆ ਸੀ, ਉਸ ਵਿਚ ਸੁਧਾਰ ਹੋਵੇਗਾ ਅਤੇ ਇਸ ਦੇ ਕੁਝ ਸੰਕੇਤ ਦਿਖਾਈ ਵੀ ਦੇ ਰਹੇ ਸਨ।

ਪਰ ਇਕ ਹੈਰਾਨੀਜਨਕ ਘਟਨਾਕ੍ਰਮ ਵਿਚ ਪੁਸ਼ਪ ਕਮਲ ਦਹਲ ‘ਪ੍ਰਚੰਡ’ ਨੇ ‘ਨੇਪਾਲੀ ਕਾਂਗਰਸ’ ਦੇ ਨਾਲ ਆਪਣਾ ਗੱਠਜੋੜ 4 ਮਾਰਚ ਨੂੰ ਖ਼ਤਮ ਕਰ ਕੇ ਆਪਣੇ ਕੱਟੜ ਆਲੋਚਕ ਰਹੇ ਕੇ.ਪੀ. ਸ਼ਰਮਾ ਓਲੀ ਦੀ ਚੀਨ ਸਮਰਥਕ ਨੇਪਾਲ ਕਮਿਊਨਿਸਟ ਪਾਰਟੀ (ਸੰਗਠਿਤ ਮਾਰਕਸਵਾਦੀ-ਲੈਨਿਨਵਾਦੀ) ਦੇ ਨਾਲ ਨਵਾਂ ਗੱਠਜੋੜ ਕਰ ਕੇ ਨਵੀਂ ਸਰਕਾਰ ਬਣਾ ਲਈ।

ਜਾਣਕਾਰਾਂ ਦੇ ਅਨੁਸਾਰ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਲ ‘ਪ੍ਰਚੰਡ’ ਵੱਲੋਂ ਫਿਰ ਤੋਂ ਦੇਸ਼ ਵਿਚ ਕਮਿਊਨਿਸਟ ਸਰਕਾਰ ਬਣਾਉਣ ਦੇ ਪਿੱਛੇ ਚੀਨ ਦਾ ਹੱਥ ਹੈ, ਜੋ ਨੇਪਾਲ ਵਿਚ ਆਪਣੇ ਖਾਹਿਸ਼ੀ ਬੀ.ਆਰ.ਆਈ. ਪ੍ਰਾਜੈਕਟ ਵਿਚ ਦੇਰੀ ਹੋਣ ਤੋਂ ਨਾਰਾਜ਼ ਹੈ।

ਨੇਪਾਲ ਵਿਚ ਚੀਨ ਦੇ ਰਾਜਦੂਤ ‘ਚੇਂਗ ਸੋਂਗ’ ਨੇ ਹਾਲ ਹੀ ਵਿਚ ਕੇ.ਪੀ. ਸ਼ਰਮਾ ਓਲੀ ਸਮੇਤ ਕਈ ਚੀਨ ਸਮਰਥਕ ਨੇਤਾਵਾਂ ਨਾਲ ਗੁਪਤ ਮੁਲਾਕਾਤਾਂ ਵੀ ਕੀਤੀਆਂ ਸਨ, ਜਦਕਿ ‘ਨੇਪਾਲੀ ਕਾਂਗਰਸ’ ਚੀਨ ਤੋਂ ਕਰਜ਼ਾ ਲੈ ਕੇ ਉਥੇ ਇਨਫਰਾਸਟਰੱਕਚਰ ਵਿਕਸਤ ਕਰਨ ਦੀ ਹਮੇਸ਼ਾ ਤੋਂ ਆਲੋਚਨਾ ਕਰਦੀ ਆ ਰਹੀ ਸੀ, ਜੋ ਦੋਵਾਂ ਪਾਰਟੀਆਂ ਵਿਚ ਮਤਭੇਦਾਂ ਦਾ ਕਾਰਨ ਬਣੀ।

ਪਾਕਿਸਤਾਨ ਵਿਚ ਨਵੇਂ ਬਣੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਤੋਂ ਆਸ ਸੀ ਕਿ ਉਹ ਭਾਰਤ ਨਾਲ ਸਬੰਧ ਸੁਧਾਰਨ ਦੀ ਪਹਿਲ ਕਰਨਗੇ ਪਰ ਉਨ੍ਹਾਂ ਨੇ ਤਾਂ ਅਹੁਦਾ ਸੰਭਾਲਦੇ ਹੀ ਕਸ਼ਮੀਰ ਦਾ ਰਾਗ ਅਲਾਪ ਕੇ ਇਸ ਆਸ ਨੂੰ ਵੀ ਧੁੰਦਲਾ ਕਰ ਦਿੱਤਾ ਹੈ।

‘ਮਾਲਦੀਵ’ ਦੇ ਨਾਲ ਵੀ ਭਾਰਤ ਦੇ ਸਬੰਧ ਆਮ ਵਰਗੇ ਨਹੀਂ ਹਨ। ਉਸਦੇ ਨਵੇਂ ਰਾਸ਼ਟਰਪਤੀ ‘ਮੁਇਜੂ’ ਦੀ ਮਾਲਦੀਵ ਤੋਂ ਭਾਰਤੀ ਫੌਜੀ ਵਾਪਸ ਸੱਦਣ ਦੀ ਮੰਗ ਦੇ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਤਣਾਅ ਆ ਗਿਆ ਹੈ, ਜਦਕਿ ਸਾਬਕਾ ਰਾਸ਼ਟਰਪਤੀ ‘ਇਬਰਾਹਿਮ ਸੋਲਿਹ’ ਦੇ ਨਾਲ ਭਾਰਤ ਦੇ ਸਬੰਧ ਕਿਸੇ ਹੱਦ ਤਕ ਚੰਗੇ ਸਨ।

ਇਸ ਨੂੰ ਤ੍ਰਾਸਦੀ ਹੀ ਕਿਹਾ ਜਾਵੇਗਾ ਕਿ ਵਿਸ਼ਵ ਸਿਆਸਤ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਭਾਰਤ ਦੇ ਨੇਪਾਲ ਅਤੇ ਪਾਕਿਸਤਾਨ ਵਰਗੇ ਨੇੜਲੇ ਗੁਆਂਢੀਆਂ ਅਤੇ ਮਾਲਦੀਵ ਵਰਗੇ ਦੇਸ਼ਾਂ ਨਾਲ ਸਬੰਧ ਲਗਾਤਾਰ ਤਲਖੀ ਵਾਲੇ ਬਣੇ ਹੋਏ ਹਨ।

ਯਕੀਨਨ ਹੀ ਇਹ ਕੇਂਦਰ ਸਰਕਾਰ ਲਈ ਸੋਚਣ ਦੀ ਘੜੀ ਹੈ ਕਿ ਵੱਡੇ-ਵੱਡੇ ਦੇਸ਼ਾਂ ਨਾਲ ਸਬੰਧ ਬਿਹਤਰ ਬਣਾਉਣ ਦੇ ਬਾਵਜੂਦ ਉਹ ਨਾਲ ਲੱਗਦੇ ਅਤੇ ਨੇੜਲੇ ਛੋਟੇ-ਛੋਟੇ ਦੇਸ਼ਾਂ ਨੂੰ ਆਪਣੇ ਪ੍ਰਭਾਵ ਵਿਚ ਲਿਆਉਣ ਵਿਚ ਕਿਉਂ ਸਫਲ ਨਹੀਂ ਹੋ ਰਹੇ ਹਨ।

-ਵਿਜੇ ਕੁਮਾਰ


Harpreet SIngh

Content Editor

Related News