ਅੱਜ ਦੇਸ਼ ਨੂੰ ‘ਕੈਰੇਕਟਰ’, ‘ਕੈਲੀਬਰ’, ‘ਕੈਪੇਸਿਟੀ’ ਅਤੇ ‘ਕੰਡਕਟ’ ਦੀ ਜ਼ਰੂਰਤ : ਵੈਂਕਈਆ ਨਾਇਡੂ

Sunday, Jun 09, 2024 - 02:57 AM (IST)

ਅੱਜ ਦੇਸ਼ ਨੂੰ ‘ਕੈਰੇਕਟਰ’, ‘ਕੈਲੀਬਰ’, ‘ਕੈਪੇਸਿਟੀ’ ਅਤੇ ‘ਕੰਡਕਟ’ ਦੀ ਜ਼ਰੂਰਤ : ਵੈਂਕਈਆ ਨਾਇਡੂ

ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਭਾਰਤ ’ਚ 18ਵੀਂ ਲੋਕ ਸਭਾ ਲਈ 4 ਜੂਨ ਨੂੰ ਐਲਾਨੇ ਚੋਣ ਨਤੀਜਿਆਂ ਵਿਚ ਭਾਜਪਾ ਨੇ ਇਕੱਲਿਆਂ 240 ਸੀਟਾਂ ਅਤੇ ਉਸ ਦੀਆਂ ਸਹਿਯੋਗੀ ਪਾਰਟੀਆਂ ਨੇ 53 ਸੀਟਾਂ ’ਤੇ ਜਿੱਤ ਦਰਜ ਕੀਤੀ।

7 ਜੂਨ ਨੂੰ ਭਾਜਪਾ ਦੀ ਅਗਵਾਈ ਵਾਲੇ ਰਾਜਗ ਦੇ ਮੈਂਬਰਾਂ ਦੀ ਬੈਠਕ ’ਚ ਨਰਿੰਦਰ ਮੋਦੀ ਨੂੰ ਇਕ ਵਾਰ ਫਿਰ ਸੰਸਦੀ ਦਲ ਦਾ ਨੇਤਾ ਚੁਣ ਲਏ ਜਾਣ ਦੇ ਬਾਅਦ ਉਨ੍ਹਾਂ ਨੇ ਸ਼ਾਮ 7.15 ਵਜੇ ਰਾਸ਼ਟਰਪਤੀ ਭਵਨ ਪਹੁੰਚ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ, ਜਿਸ ਦੇ ਬਾਅਦ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦੇ ਦਿੱਤਾ।

ਹੁਣ ਐਤਵਾਰ, 9 ਜੂਨ ਨੂੰ ਸ਼ਾਮ 7.15 ਵਜੇ ਰਾਸ਼ਟਰਪਤੀ ਭਵਨ ’ਚ ਆਯੋਜਿਤ ਕੀਤੇ ਜਾ ਰਹੇ ਸਹੁੰ ਚੁੱਕ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀ ਪ੍ਰੀਸ਼ਦ ਦੇ ਹੋਰਨਾਂ ਮੈਂਬਰਾਂ ਨੂੰ ਸ਼੍ਰੀਮਤੀ ਦ੍ਰੌਪਦੀ ਮੁਰਮੂ ਖੁਫੀਅਤਾ ਦੀ ਸਹੁੰ ਚੁਕਾਉਣਗੇ।

ਇਸ ਸਮਾਗਮ ’ਚ ਆਮ ਜਨਤਾ ਤੋਂ ਲੈ ਕੇ ਸਿਵਾਏ ਪਾਕਿਸਤਾਨ ਦੇ, ਸਾਰੇ ਗੁਆਂਢੀ ਦੇਸ਼ਾਂ ਦੇ ਰਾਸ਼ਟਰਮੁਖੀਆਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ’ਚ ਸ਼੍ਰੀਲੰਕਾ ਅਤੇ ਮਾਲਦੀਵ ਦੇ ਰਾਸ਼ਟਰਪਤੀ, ਸੇਸ਼ੇਲਸ ਦੇ ਉਪ ਰਾਸ਼ਟਰਪਤੀ, ਬੰਗਲਾਦੇਸ਼, ਨੇਪਾਲ, ਭੂਟਾਨ ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼ਾਮਲ ਹਨ ਅਤੇ ਇਨ੍ਹਾਂ ’ਚੋਂ ਵਧੇਰੇ ਨਵੀਂ ਦਿੱਲੀ ਪਹੁੰਚ ਗਏ ਹਨ। ਆਸ ਹੈ ਕਿ ਸਾਰਾ ਆਯੋਜਨ ਚੰਗੇ ਵਾਤਾਵਰਣ ’ਚ ਹੋਵੇਗਾ।

ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਰਾਮ ਮਾਧਵ ਨੇ ਕਿਹਾ, ‘‘ਇਸ ਵਾਰ ਫਿਰ ਭਾਜਪਾ ਦੇਸ਼ ਨੂੰ ਸਥਿਰ ਸਰਕਾਰ ਦੇਣ ’ਚ ਸਮਰੱਥ ਸਿਆਸੀ ਪਾਰਟੀ ਦੇ ਰੂਪ ’ਚ ਉੱਭਰੀ ਹੈ।’’

ਸਾਡੇ ਦੇਸ਼ ਨੂੰ ਆਜ਼ਾਦ ਹੋਏ 77 ਸਾਲ ਹੋ ਰਹੇ ਹਨ। ਹਾਲਾਂਕਿ ਗੁਲਾਮੀ ਦੀ ਮਿਆਦ ਲੰਬੀ ਹੋਣ ਦੇ ਕਾਰਨ ਦੇਸ਼ ਦੇ ਵਿਕਾਸ ਦੀ ਰਫਤਾਰ ਕੁਝ ਘੱਟ ਹੈ, ਜੋ ਸੁਭਾਵਿਕ ਹੀ ਹੈ ਪਰ ਦੇਸ਼ ਫਿਰ ਵੀ ਤਰੱਕੀ ਦੇ ਰਾਹ ’ਤੇ ਅੱਗੇ ਵਧਦਾ ਜਾ ਰਿਹਾ ਹੈ। ਦੇਸ਼ ਦੀ ਆਜ਼ਾਦੀ ਤੋਂ ਹੁਣ ਤੱਕ ਸਾਡੀ ਆਬਾਦੀ ਵੀ 35 ਕਰੋੜ ਤੋਂ ਵਧ ਕੇ 140 ਕਰੋੜ ਹੋ ਗਈ ਹੈ।

ਇਸ ਦਰਮਿਆਨ ਸੀਨੀਅਰ ਭਾਜਪਾ ਨੇਤਾ ਅਤੇ ਸਾਬਕਾ ਉਪ-ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਨੇ 7 ਜੂਨ ਨੂੰ ਕਿਹਾ ਕਿ, ‘‘ਇਨ੍ਹਾਂ ਚੋਣਾਂ ਰਾਹੀਂ ਭਾਰਤ ਨੇ ਸਿੱਧ ਕਰ ਦਿੱਤਾ ਹੈ ਕਿ ਇਹ ਇਕ ਮਹਾਨ ਲੋਕਤੰਤਰ ਹੈ ਅਤੇ ਇੱਥੋਂ ਦੀ ਜਨਤਾ ਜੋ ਵੀ ਬਦਲਾਅ ਲਿਆਉਣਾ ਚਾਹੁੰਦੀ ਸੀ, ਸ਼ਾਂਤੀਪੂਰਨ ਢੰਗ ਨਾਲ ਲਿਆਈ ਹੈ। ਜਨਤਾ ਨੇ ਉਪਰ ਤੋਂ ਲੈ ਕੇ ਹੇਠਾਂ ਤੱਕ ਸਭ ਨੂੰ ਇਕ ਸੰਦੇਸ਼ ਦਿੱਤਾ ਹੈ ਅਤੇ ਮੈਨੂੰ ਆਸ ਹੈ ਕਿ ਸਾਰੇ ਲੋਕ ਇਸ ਸੰਦੇਸ਼ ਨੂੰ ਸਮਝਣਗੇ।’’

‘‘ਸਿਆਸੀ ਪਾਰਟੀਆਂ ਦੀ ਜਿੱਤ-ਹਾਰ ਹੁੰਦੀ ਰਹਿੰਦੀ ਹੈ ਪਰ ਇਹ ਮੁੱਦਾ ਨਹੀਂ ਹੈ। ਨੈਤਿਕ ਕਦਰਾਂ-ਕੀਮਤਾਂ, ਹੇਠਲੇ ਸਥਾਨ ਦੇ ਲੋਕਾਂ ਲਈ ਕੀਤੇ ਗਏ ਕੰਮ, ਦੱਬੇ-ਕੁਚਲੇ ਲੋਕਾਂ ਦਾ ਧਿਆਨ, ਅੰਤੋਦਿਆ-ਗਰੀਬ ਤੋਂ ਵੀ ਗਰੀਬ ਦਾ ਧਿਆਨ ਰੱਖਣਾ-ਸਾਡੇ ਦਿਮਾਗ ’ਚ ਇਹੀ ਹੋਣਾ ਚਾਹੀਦਾ ਹੈ।’’

ਸ਼੍ਰੀ ਵੈਂਕਈਆ ਨਾਇਡੂ ਨੇ ਕਿਹਾ, ‘‘ਭਾਰਤ ’ਚ ਤੀਜੀ ਵਾਰ ਸੱਤਾ ’ਚ ਆਉਣਾ ਕੋਈ ਮਜ਼ਾਕ ਨਹੀਂ ਹੈ। ਬੇਸ਼ੱਕ ਮੌਜੂਦਾ ਸ਼ਾਸਨ ਦੇ ਅਧੀਨ ਅਸੀਂ ਭ੍ਰਿਸ਼ਟਾਚਾਰ ਅਤੇ ਗਰੀਬੀ ਘਟਾਉਣ ’ਚ ਸਫਲ ਹੋਏ ਹਾਂ ਪਰ ਅਜੇ ਵੀ ਸਾਡੇ ਸਾਹਮਣੇ ਕਈ ਚੁਣੌਤੀਆਂ ਹਨ।’’

‘‘ਗਰੀਬੀ, ਸ਼ਹਿਰ ਅਤੇ ਪਿੰਡ ਦੇ ਦਰਮਿਆਨ ਪਾੜਾ, ਸਮਾਜਿਕ ਬੁਰਾਈਆਂ ਦੀ ਸਮਾਪਤੀ ਤੇ (ਸਮਾਜ ’ਚ ਪੱਸਰੇ) ਤਣਾਅ ਦੂਰ ਕਰਨ ਲਈ ਸਾਨੂੰ ਸਭ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਇਹ ਸਿਰਫ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਵੱਲੋਂ ਸੰਭਵ ਨਹੀਂ, ਸਾਰੇ ਲੋਕਾਂ ਵੱਲੋਂ ਹਾਂਪੱਖੀ ਅਤੇ ਰਚਨਾਤਮਕ ਵਿਚਾਰਧਾਰਾ ਅਪਣਾਉਣ ਨਾਲ ਹੀ ਸੰਭਵ ਹੋਵੇਗਾ।’’

ਸ਼੍ਰੀ ਨਾਇਡੂ ਦੇ ਅਨੁਸਾਰ, ‘‘ਅੱਜ ਸਿਆਸਤ ’ਚ ਅੰਗ੍ਰੇਜ਼ੀ ਦੇ ‘ਸੀ’ ਸ਼ਬਦ ਤੋਂ ਸ਼ੁਰੂ ਹੋਣ ਵਾਲੇ 4 ਗੁਣਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਜਿਨ੍ਹਾਂ ’ਚ ਕੈਰੇਕਟਰ (ਚਰਿੱਤਰ), ਕੈਲੀਬਰ (ਯੋਗਤਾ), ਕੈਪੇਸਿਟੀ (ਸਮਰੱਥਾ) ਅਤੇ ਕੰਡਕਟ (ਆਚਰਣ) ਸ਼ਾਮਲ ਹਨ ਪਰ ਅੱਜ ਅਸੀਂ ਦੇਖਦੇ ਹਾਂ ਕਿ ਸਿਆਸੀ ਪਾਰਟੀਆਂ ਨੇ ਇਨ੍ਹਾਂ ਗੁਣਾਂ ਦੀ ਥਾਂ ’ਤੇ ‘ਸੀ’ ਨਾਲ ਸ਼ੁਰੂ 4 ਔਗੁਣਾਂ- ਕਾਸਟ (ਜਾਤੀ), ਕਮਿਊਨਿਟੀ (ਭਾਈਚਾਰਾ), ਕੈਸ਼ (ਧਨ) ਅਤੇ ਕ੍ਰਿਮਿਨੈਲਿਟੀ (ਅਪਰਾਧਿਕਤਾ) ਨੂੰ ਅਪਣਾ ਲਿਆ ਹੈ।’’

ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਦੇਸ਼ ਦੀ ਸੱਤਾ ’ਚ ਰਹਿ ਕੇ ਅਤੇ ਸੱਤਾ ਤੋਂ ਬਾਹਰ ਰਹਿ ਕੇ ਦੇਸ਼ ਦੇ ਹਾਲਾਤ ਨੂੰ ਨੇੜਿਓਂ ਦੇਖਣ ਦੇ ਬਾਅਦ ਹੀ ਆਪਣੇ ਤਜਰਬੇ ਦੇ ਆਧਾਰ ’ਤੇ ਉਕਤ ਗੱਲਾਂ ਕਹੀਆਂ ਹਨ। ਇਹ ਗੱਲਾਂ ਸਿਰਫ ਮੌਜੂਦਾ ਸਰਕਾਰ ਲਈ ਹੀ ਨਹੀਂ ਸਗੋਂ ਭਵਿੱਖ ’ਚ ਆਉਣ ਵਾਲੀਆਂ ਸਾਰੀਆਂ ਸਰਕਾਰਾਂ ਦੇ ਲਈ ਹਨ ਅਤੇ ਇਨ੍ਹਾਂ ਗੱਲਾਂ ’ਤੇ ਅਮਲ ਕਰਨ ਨਾਲ ਹੀ ਸਾਡਾ ਦੇਸ਼ ਬੁਲੰਦੀ ’ਤੇ ਪਹੁੰਚੇਗਾ।

ਅਜੇ ਤੱਕ ਦੇਸ਼ ਦੀ ਵਾਗਡੋਰ ਸੰਭਾਲਦੇ ਆਏ ਨੇਤਾਵਾਂ ਨੇ ਲੋਕਤੰਤਰ ਅਤੇ ਸੰਵਿਧਾਨ ਦੀ ਰੱਖਿਆ ਕਰ ਕੇ ਦੇਸ਼ ਦੀ ਮਹਾਨਤਾ ’ਚ ਵਾਧਾ ਕੀਤਾ ਹੈ ਅਤੇ ਅੱਗੇ ਵੀ ਅਜਿਹਾ ਹੀ ਕਰਨਗੇ, ਤਦ ਹੀ ਅਸੀਂ ਸਹੀ ਅਰਥਾਂ ’ਚ ਸਿਰ ਚੁੱਕ ਕੇ ‘ਮੇਰਾ ਭਾਰਤ ਮਹਾਨ’ ਕਹਿ ਸਕਾਂਗੇ।

ਅਸੀਂ ਆਸ ਕਰਦੇ ਹਾਂ ਕਿ ਭਾਜਪਾ ਵਾਲੀ ਰਾਜਗ ਸਰਕਾਰ ਉਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖ ਕੇ ਹੀ ਸਰਕਾਰ ਚਲਾਵੇਗੀ ਅਤੇ ਉਨ੍ਹਾਂ ਅੌਗੁਣਾਂ ਤੋਂ ਦੂਰ ਰਹੇਗੀ, ਜਿਨ੍ਹਾਂ ਦਾ ਸ਼੍ਰੀ ਵੈਂਕਈਆ ਨਾਇਡੂ ਨੇ ਵਰਨਣ ਕੀਤਾ ਹੈ।

-ਵਿਜੇ ਕੁਮਾਰ


author

Harpreet SIngh

Content Editor

Related News