ਭਾਰਤ-ਚੀਨ : ਸੱਚਾਈ ਕੀ ਹੈ?

09/18/2020 3:58:03 AM

ਡਾ. ਵੇਦਪ੍ਰਤਾਪ ਵੈਦਿਕ

ਇਕ ਪਾਸੇ ਸੰਸਦ ’ਚ ਰੱਖਿਆ ਮੰਤਰੀ ਅਤੇ ਗ੍ਰਹਿ ਰਾਜ ਮੰਤਰੀ ਦੇ ਬਿਆਨ ਅਤੇ ਦੂਸਰੇ ਪਾਸੇ ਚੀਨੀ ਵਿਦੇਸ਼ ਮੰਤਰਾਲਾ ਦਾ ਬਿਆਨ, ਇਨ੍ਹਾਂ ਸਾਰਿਆਂ ਨੂੰ ਇਕੱਠਿਆਂ ਰੱਖ ਕੇ ਤੁਸੀਂ ਪੜ੍ਹੋ ਤਾਂ ਤੁਹਾਡੇ ਪੱਲੇ ਹੀ ਨਹੀਂ ਪਵੇਗਾ ਕਿ ਗਲਵਾਨ ਘਾਟੀ ’ਚ ਹੋਇਆ ਕੀ ਸੀ? ਭਾਰਤ ਅਤੇ ਚੀਨ ਦੇ ਫੌਜੀ ਆਪਸ ’ਚ ਭਿੜੇ ਕਿਉਂ ਸਨ? ਸਾਡੇ 20 ਜਵਾਨਾਂ ਦਾ ਬਲੀਦਾਨ ਕਿਉਂ ਹੋਇਆ? ਸਾਡੇ ਫੌਜੀ ਅਫਸਰ ਚੀਨੀ ਅਫਸਰਾਂ ਨਾਲ ਦਸ-ਦਸ ਘੰਟੇ ਕੀ ਗੱਲ ਕਰ ਰਹੇ ਹਨ? ਸਾਡੇ ਅਤੇ ਚੀਨ ਦੇ ਵਿਦੇਸ਼ ਅਤੇ ਰੱਖਿਆ ਮੰਤਰੀ ਆਪਸ ’ਚ ਕਿਹੜੇ ਮੁੱਦੇ ’ਤੇ ਗੱਲ ਕਰ ਰਹੇ ਹਨ? ਉਨ੍ਹਾਂ ਦਰਮਿਆਨ ਜਿਹੜੇ ਪੰਜ ਮੁੱਦਿਆਂ ’ਤੇ ਸਹਿਮਤੀ ਹੋਈ ਹੈ, ਉਹ ਵਾਕਈ ਕੋਈ ਮੁੱਦੇ ਹਨ ਜਾਂ ਕੋਈ ਟਾਲੂ ਮਿਕਸਚਰ ਹੈ?

ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਬੁੱਧਵਾਰ ਰਾਜ ਸਭਾ ’ਚ ਕਹਿ ਦਿੱਤਾ ਕਿ ਪਿਛਲੇ ਛੇ ਮਹੀਨਿਆਂ ’ਚ ਚੀਨ ਨੇ ਭਾਰਤੀ ਸਰਹੱਦ ’ਚ ਕੋਈ ਘੁਸਪੈਠ ਨਹੀਂ ਕੀਤੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਕਥਨ ’ਤੇ ਦੁਬਾਰਾ ਮੋਹਰ ਲਗਾ ਦਿੱਤੀ ਕਿ ਚੀਨ ਨੇ ਭਾਰਤ ਦੀ ਕਿਸੇ ਚੌਕੀ ’ਤੇ ਕਬਜ਼ਾ ਨਹੀਂ ਕੀਤਾ ਅਤੇ ਉਹ ਭਾਰਤ ਦੀ ਸਰਹੱਦ ’ਚ ਬਿਲਕੁਲ ਨਹੀਂ ਦਾਖਲ ਹੋਇਆ। ਜਦੋਂ ਮੈਂ ਨਰਿੰਦਰ ਭਾਈ ਦੇ ਰਾਸ਼ਟਰੀ ਸੰਬੋਧਨ ’ਚ ਇਸ ਸਬੰਧੀ ਗੱਲ ਸੁਣੀ ਤਾਂ ਮੈਨੂੰ ਬੜਾ ਧੱਕਾ ਲੱਗਾ ਅਤੇ ਮੈਂ ਸੋਚਣ ਲੱਗਾ ਕਿ ਚੀਨ ਦੇ ਇਸ ਅਚਾਨਕ ਹਮਲੇ ਨੇ ਉਨ੍ਹਾਂ ਨੂੰ ਇੰਨਾ ਪ੍ਰੇਸ਼ਾਨ ਕਰ ਦਿੱਤਾ ਕਿ ਇਹ ਗੱਲ ਉਨ੍ਹਾਂ ਦੇ ਮੂੰਹ ’ਚੋਂ ਅਚਾਨਕ ਹੀ ਨਿਕਲ ਗਈ ਪਰ ਮੈਨੂੰ ਉਦੋਂ ਹੋਰ ਵੀ ਹੈਰਾਨੀ ਹੋਈ ਜਦੋਂ ਉਹ ਲੱਦਾਖ ਜਾ ਕੇ ਟੀ. ਵੀ. ਚੈਨਲਾਂ ’ਤੇ ਬੋਲੇ ਅਤੇ ਉਨ੍ਹਾਂ ਨੇ ਚੀਨ ਦਾ ਨਾਂ ਤੱਕ ਨਹੀਂ ਲਿਆ।

ਹੁਣ ਵੀ ਸੰਸਦ ਦੇ ਦੋਵਾਂ ਸਦਨਾਂ ’ਚ ਸਿਰਫ ਰੱਖਿਆ ਮੰਤਰੀ ਬੋਲੇ। ਪ੍ਰਧਾਨ ਮੰਤਰੀ ਕਿਉਂ ਨਹੀਂ ਬੋਲੇ? ਉਹ ਗੈਰ-ਹਾਜ਼ਰ ਹੀ ਰਹੇ। ਉਨ੍ਹਾਂ ਦਾ ਡਰ ਸੁਭਾਵਿਕ ਸੀ ਕਿ ਚੀਨ ਦੇ ਨਾਂ ’ਤੇ ਉਨ੍ਹਾਂ ਦੀ ਚੁੱਪ ਦੇ ਕਾਰਨ ਵਿਰੋਧੀ ਧਿਰ ਉਨ੍ਹਾਂ ’ਤੇ ਹਮਲਾ ਕਰੇਗੀ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਮਰਿਆਦਤ ਲਹਿਜੇ ’ਚ ਸਾਰੀ ਕਹਾਣੀ ਕਹਿ ਦਿੱਤੀ। ਇਹ ਲਹਿਜਾ ਇੰਨਾ ਸੰਜਮ ਵਾਲਾ ਰਿਹਾ ਕਿ ਉਸ ਨਾਲ ਨਾ ਤਾਂ ਚੀਨ ਭੜਕ ਸਕਦਾ ਸੀ ਅਤੇ ਨਾ ਹੀ ਚੀਨ ਦੇ ਵਿਰੁੱਧ ਭਾਰਤ ਦੀ ਜਨਤਾ!

ਸੱਚਾਈ ਤਾਂ ਇਹ ਹੈ ਕਿ ਗਲਵਾਨ ਘਾਟੀ ’ਚ ਸਾਡੇ ਫੌਜੀਆਂ ਦੇ ਬਲੀਦਾਨ ’ਤੇ ਸੰਸਦ ਦਾ ਖੂਨ ਖੌਲ ਜਾਣਾ ਚਾਹੀਦਾ ਸੀ ਪਰ ਸਾਡੀ ਵਿਰੋਧੀ ਧਿਰ ਕਿੰਨੀ ਨਿਸਤੇਜ, ਆਕਰਸ਼ਣ ਵਿਹੂਣੀ, ਸਾਹਸਤਹੀਣ ਅਤੇ ਨਿਕੰਮੀ ਹੈ ਕਿ ਉਸ ਦੀ ਬੋਲਤੀ ਹੀ ਬੰਦ ਰਹੀ।

ਇਸ ਸੰਕਟ ਦੇ ਸਮੇਂ ਉਹ ਸਰਕਾਰ ਦਾ ਸਾਥ ਦੇਵੇ, ਇਹ ਬੜੀ ਚੰਗੀ ਗੱਲ ਹੈ ਪਰ ਉਹ ਸੱਚਾਈ ਦਾ ਪਤਾ ਕਿਉਂ ਨਾ ਲਗਾਏ ਕਿ ਗਲਵਾਨ ਘਾਟੀ ’ਚ ਗਲਤੀ ਕਿਸ ਨੇ ਕੀਤੀ ਹੈ? ਸਾਡੇ ਜਵਾਨਾਂ ਦੇ ਬਲੀਦਾਨ ਲਈ ਜ਼ਿੰਮੇਵਾਰ ਕੌਣ ਹੈ? ਓਧਰ ਚੀਨੀ ਵਿਦੇਸ਼ ਮੰਤਰਾਲਾ ਨੇ ਭਾਰਤ ਸਰਕਾਰ ਦੇ ਸਾਰੇ ਤੇਵਰਾਂ ਅਤੇ ਦਾਅਵਿਆਂ ’ਤੇ ਪਾਣੀ ਫੇਰ ਦਿੱਤਾ ਹੈ। ਉਸ ਦਾ ਕਹਿਣਾ ਹੈ ਕਿ ਚੀਨ ਨੇ ਕਿਤੇ ਕੋਈ ਘੁਸਪੈਠ ਨਹੀਂ ਕੀਤੀ। ਗਲਵਾਨ ਘਾਟੀ ’ਚ ਜੋ ਝੜਪ ਹੋਈ ਹੈ, ਉਹ ਚੀਨ ਦੀ ਜ਼ਮੀਨ ’ਤੇ ਹੋਈ ਹੈ। ਭਾਰਤ ਨੇ 1993 ਅਤੇ 1996 ’ਚ ਸਰਹੱਦ ’ਤੇ ਸ਼ਾਂਤੀ ਸਬੰਧੀ ਜੋ ਸਮਝੌਤੇ ਹੋਏ ਸਨ, ਉਨ੍ਹਾਂ ਦੀ ਉਲੰਘਣਾ ਕੀਤੀ ਹੈ। ਭਾਰਤ ਹੀ ਘੁਸਪੈਠੀਅਾ ਹੈ। ਭਾਰਤ ਪਿੱਛੇ ਹਟੇ, ਇਹ ਜ਼ਰੂਰੀ ਹੈ। ਰਾਹੁਲ ਗਾਂਧੀ ਨੇ ਪੁੱਛਿਆ ਹੈ ਕਿ ਮੋਦੀ ਕਿਸ ਦੇ ਨਾਲ ਹਨ? ਭਾਰਤੀ ਫੌਜ ਦੇ ਨਾਲ ਹਨ ਜਾਂ ਚੀਨ ਦੇ ਨਾਲ? ਸਰਕਾਰ ਦੇ ਇਸ ਅਟਪਟੇ ਵਤੀਰੇ ’ਤੇ ਰਾਹੁਲ ਦਾ ਇਹ ਸਵਾਲ ਥੋੜ੍ਹਾ ਫੂਹੜ ਹੈ ਪਰ ਸਟੀਕ ਹੈ ਪਰ ਰਾਹੁਲ ਦਾ ਵਜ਼ਨ ਇੰਨਾ ਹਲਕਾ ਹੋ ਚੁੱਕਾ ਹੈ ਕਿ ਅਜਿਹੀ ਗੱਲ ਵੀ ਹਵਾ ’ਚ ਉੱਡ ਜਾਂਦੀ ਹੈ।


Bharat Thapa

Content Editor

Related News