ਭਾਰਤ ਅਤੇ ਚੀਨ : ਸਬੰਧਾਂ ਦੇ ਬਦਲਦੇ ਮਾਪਦੰਡ

07/02/2021 3:29:24 AM

ਬੰਡਾਰੂ ਦੱਤਾਤ੍ਰੇਅ (ਮਾਣਯੋਗ ਰਾਜਪਾਲ ਹਿ. ਪ੍ਰ.)
ਚੀਨ ਦੁਨੀਆ ਦੇ ਉਨ੍ਹਾਂ ਗਿਣੇ-ਚੁਣੇ ਸਮਾਜਾਂ ’ਚੋਂ ਇਕ ਹੈ ਜੋ ਇਕ ਸੱਭਿਆਚਾਰ ਦੇ ਰੂਪ ’ਚ ਲਗਾਤਾਰ ਬਦਲਦੇ ਰਹੇ ਹਨ ਪਰ ਆਪਣੀ ਵਿਸਤਾਰਵਾਦੀ ਰਾਸ਼ਟਰਵਾਦ ਦੀ ਨੀਤੀ ਨੂੰ ਮੂਲ ’ਚ ਰੱਖਿਆ ਹੋਇਆ ਹੈ। ਪਿਛਲੇ ਕਾਫੀ ਸਮੇਂ ਤੋਂ ਚੀਨ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧਦੀਆਂ ਅਰਥਵਿਵਸਥਾਵਾਂ ’ਚੋਂ ਇਕ ਹੈ। ਦਹਾਕਿਆਂ ਤੋਂ ਚੀਨੀ ਕਮਿਊਨਿਸਟ ਪਾਰਟੀ ਦਾ ਏਜੰਡਾ ਵਿਗਿਆਨਕ ਸਮਾਜਵਾਦ, ਨਿਯੋਜਿਤ ਅਰਥਵਿਵਸਥਾ ਅਤੇ ਲੋਕਤੰਤਰਿਕ ਕੇਂਦਰੀਵਾਦ ਦੇ ਮਾਧਿਅਮ ਨਾਲ ਤਰੱਕੀ ਨੂੰ ਇਕ ਉਤਪਾਦ ਦੇ ਰੂਪ ’ਚ ਪਰੋਸ ਰਿਹਾ ਹੈ।

‘ਸੱਭਿਆਚਾਰਕ ਕ੍ਰਾਂਤੀ’ ਦੀ ‘ਵੱਡੀ ਛਾਲ’ ਨਾਲ ‘ਖਪਤਕਾਰਵਾਦ ਦੀ ਜਿੱਤ’ ਤਕ ਚੀਨ ’ਚ ਕਾਫੀ ਵਿਕਾਸ ਹੋਇਆ ਹੈ ਅਤੇ ਅੱਜ ਇਹ ਆਰਥਿਕ ਤੌਰ ’ਤੇ ਮਜ਼ਬੂਤ ਤੇ ਤਾਕਤਵਰ ਰਾਸ਼ਟਰ ਹੈ। ਚੀਨੀ ਵਿਕਾਸ ਦਾ ਇਕ ਦੂਸਰਾ ਪਹਿਲੂ ਵੀ ਹੈ ਜਿਸ ਦਾ ਖੁਦ ਮੁੱਖ ਬਿੰਦੂ ਆਤਮ-ਕੇਂਦਰ੍ਰਿਤ ਨਜ਼ਰੀਆ ਹੈ। ਨਰਮ ਕਦਰਾਂ-ਕੀਮਤਾਂ, ਵਿਚਾਰ ਅਤੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਇੱਥੇ ਕੋਈ ਥਾਂ ਨਹੀਂ ਹੈ।

ਸੋਵੀਅਤ ਰੂਸ ਦੀ ਭੂਮਿਕਾ : ਸਾਲ 1949 ’ਚ ਪੀਪੁਲਜ਼ ਰਿਪਬਲਿਕ ਆਫ ਚਾਈਨਾ ਦੇ ਗਠਨ ਦੇ ਤੁਰੰਤ ਬਾਅਦ ਹੀ, ਮਾਓ ਤਸੇ ਤੁੰਗ ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਜੋਸੇਫ ਸਟਾਲਿਨ ਨੂੰ ਮਿਲਣ ਮਾਸਕੋ ਗਏ। ਭਾਈਚਾਰਕ ਗਠਜੋੜ ਅਤੇ ਆਪਸੀ ਸਹਾਇਤਾ ਦੀ ਸੰਧੀ ਨੇ ਚੀਨੀ ਵਿਸ਼ਵਾਸ ਨੂੰ ਬਦਲ ਦਿੱਤਾ ਅਤੇ ਉਨ੍ਹਾਂ ਖੇਤਰਾਂ ਖਾਸ ਤੌਰ ’ਤੇ ਮਨਚੂਰੀਆ ਅਤੇ ਝਿੰਜਿਆਂਗ ਸੂਬੇ ਦੇ ਮੁੜ ਸੰਗਠਿਤ ਹੋਣ ਦਾ ਰਾਹ ਪੱਧਰਾ ਕੀਤਾ, ਜੋ ਰੂਸ ਵੱਲੋਂ ਵਿਵਾਦਿਤ ਸਮਝੇ ਜਾਂਦੇ ਹਨ। ਉਸ ਸਮੇਂ ਭਾਰਤ-ਸੋਵੀਅਤ ਸਬੰਧ ਅਜਿਹੇ ਸਨ ਜੋ ਕਿ ‘ਭਾਰਤੀ ਚੁੱਪ’ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਸਨ। ਜਦੋਂ ਤਿੱਬਤ ’ਤੇ ਦਾਅਵਾ ਕੀਤਾ ਗਿਆ ਤਾਂ ਵੀ ਇਸੇ ਕਾਰਨ ਭਾਰਤ ਬੜਬੋਲਾ ਨਹੀਂ ਹੋ ਸਕਿਆ। 60 ਦੇ ਦਹਾਕੇ ’ਚ ਜਦੋਂ ਚੀਨੀ ਵਿਸਤਾਰਵਾਦੀ ਮਨਸੂਬਿਆਂ ਦਾ ਖੁਲਾਸਾ ਹੋਣਾ ਸ਼ੁਰੂ ਹੋਇਆ ਤਾਂ ਸਾਡੀ ਚੁੱਪ ਸ਼ਾਇਦ ਪੰ. ਨਹਿਰੂ ਨੂੰ ਗੁੱਟ ਨਿਰਲੇਪ ਅੰਦੋਲਨ ਦੇ ਨੇਤਾ ਦੇ ਰੂਪ ’ਚ ਦੇਖੇ ਜਾਣ ਦੀ ਸਾਡੀ ਇੱਛਾ ਦੇ ਕਾਰਨ ਸੀ ਪਰ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਨੀਤੀ ਸਾਨੂੰ ਮਹਿੰਗੀ ਪਈ। ਅਸੀਂ ਨਾ ਤਾਂ ਵਿਸ਼ਵ ’ਚ ਅਹਿੰਸਾ ਦਾ ਪ੍ਰਤੀਕ ਬਣ ਸਕੇ ਅਤੇ ਨਾ ਹੀ ਆਪਣੀਆਂ ਸਰਹੱਦਾਂ ਦੀ ਰੱਖਿਆ ਕਰ ਸਕੇ।

ਗੈਰ-ਸੱਭਿਆਚਾਰਕ ਕ੍ਰਾਂਤੀ:ਇਹ ਤ੍ਰਾਸਦੀ ਹੀ ਹੈ ਕਿ ਮਾਓ ਤਸੇ ਤੁੰਗ ਨੇ ‘ਵਿਚਾਰਾਂ ਦੇ ਸੌ ਸਕੂਲ’ ਅਤੇ ‘ਸੌ ਫੁੱਲਾਂ ਦੇ ਖਿੜਣ’ ਦੀ ਗੱਲ ਤਾਂ ਕੀਤੀ ਪਰ ਉਨ੍ਹਾਂ ਨੇ ਹਰ ਅਸਹਿਮਤੀ ਨੂੰ ਬੇਰਹਿਮੀ ਨਾਲ ਦਰੜ ਦਿੱਤਾ। 1958-61 ਦੇ ਕਾਲ ’ਚ ਲੱਖਾਂ ਚੀਨੀ ਮਾਰੇ ਗਏ ਅਤੇ ਕਮਿਊਨਸ ਦਾ ਉਤਪਾਦਨ ਕੇਂਦਰਿਤ ਢਾਂਚਾ ਬੁਰੀ ਤਰ੍ਹਾਂ ਫੇਲ ਹੋਇਆ ਪਰ ਬੇਰਹਿਮ ਘਾਣ ਜਾਰੀ ਰਿਹਾ। ਮਾਓ ਦੇ ਸਹਿਯੋਗੀਆਂ ਚਾਓ ਐੱਨ. ਲਾਈ ਅਤੇ ਦੇਂਗ ਸ਼ਿਆਓਪਿੰਗ ਨੇ ਸਿਆਸੀ ਟੀਚਿਆਂ ਨੂੰ ਹਾਸਲ ਕਰਨ ਲਈ ਆਰਥਿਕ ਨੀਤੀਆਂ ਨੂੰ ਮੁੜ ਤੋਂ ਪਰਿਭਾਸ਼ਿਤ ਕੀਤਾ। ਅਸਲ ’ਚ ਸੱਭਿਆਚਾਰਕ ਕ੍ਰਾਂਤੀ ਦੇ ਬਾਅਦ ਦੇ ਦਹਾਕੇ ‘ਸੱਭਿਆਚਾਰ’ ਤੋਂ ਕੋਹਾਂ ਦੂਰ ਸਨ।

ਵਿਸ਼ਵੀਕਰਨ ਦੀ ਦੁਨੀਆ ’ਚ ਖਪਤਕਾਰਵਾਦੀ ਚੀਨ :1977 ’ਚ ਦੇਂਗ ਸ਼ਿਆਓਪਿੰਗ ਨੇ ਪੀਪੁਲਜ਼ ਰਿਪਬਲਿਕ ਆਫ ਚਾਈਨਾ ਦੀ ਵਾਗਡੋਰ ਸੰਭਾਲੀ ਅਤੇ ਚੀਨ ਨੂੰ ਦੁਨੀਆ ਦੀ ਕਾਰਜਸ਼ਾਲਾ ’ਚ ਬਦਲਣ ਦੇ ਇੱਛਾਵਾਦੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਮਾਓ ਦਾ ਟੀਚਾ ਚਾਰ ਪੁਰਾਣੇ ਵਿਚਾਰ, ਸੱਭਿਆਚਾਰ, ਰੀਤੀ-ਰਿਵਾਜ ਅਤੇ ਆਦਤਾਂ, ਥੰਮ੍ਹਾਂ ਨੂੰ ਸਮਾਪਤ ਕਰਨਾ ਸੀ ਅਤੇ ਦੇਂਗ ਦਾ ਟੀਚਾ ਸੀ ਚਾਰ ਨਵੇਂ ਖੇਤੀਬਾੜੀ, ਉਦਯੋਗ, ਰੱਖਿਆ ਅਤੇ ਤਕਨਾਲੋਜੀ ਦੇ ਆਧੁਨਿਕੀਕਰਨ ਵਿਚਾਰਾਂ ਨੂੰ ਉਤਸ਼ਾਹਿਤ ਕਰਨਾ।

80 ਦੇ ਦਹਾਕੇ ਤੋਂ ਚੀਨੀ ਅਰਥਵਿਵਸਥਾ ਤੇਜ਼ ਰਫਤਾਰ ਨਾਲ ਵਧਣ ਲੱਗੀ ਤਾਂ ਜਲਦੀ ਹੀ ਸਾਲਾਨਾ ਵਾਧਾ ਦਰ ਦੋਹਰੇ ਅੰਕਾਂ ’ਚ ਪਹੁੰਚ ਗਈ। ਹਾਲਾਂਕਿ ਦੁਨੀਆ ਨੇ ਚੀਨ ’ਚ ਸਿਆਸੀ ਤੰਗ-ਪ੍ਰੇਸ਼ਾਨ ਕਰਨ ਦੀ ਗੱਲ ਕੀਤੀ ਪਰ ਆਰਥਿਕ ਮੋਰਚੇ ’ਤੇ ਕਿਸੇ ਵੀ ਦੇਸ਼ ਨੇ ਚੀਨ ਨਾਲ ਵਪਾਰਕ ਸਬੰਧ ਨਹੀਂ ਤੋੜੇ। ਕੋਈ ਬਹੁ-ਰਾਸ਼ਟਰੀ ਕੰਪਨੀ ਪਿੱਛੇ ਨਹੀਂ ਹਟੀ ਅਤੇ ਹਮੇਸ਼ਾ ਵਾਂਗ ਕਾਰੋਬਾਰ ਜਾਰੀ ਰਿਹਾ। ਬਰਾਮਦ ਲਈ ਉਤਪਾਦਨ ਕਰਨ ਵਾਲੇ ਵਧੇਰੇ ਵਿਦੇਸ਼ੀ ਸੰਯੁਕਤ ਉੱਦਮ ਚੀਨ ’ਚ ਨਿਵੇਸ਼ ਕਰਦੇ ਰਹੇ ਅਤੇ ਉਨ੍ਹਾਂ ਨੂੰ ਕਈ ਲਾਲਚਾਂ ਰਾਹੀਂ ਆਕਰਸ਼ਿਤ ਕੀਤਾ ਗਿਆ। 1997-98 ’ਚ ਰਾਸ਼ਟਰਪਤੀ ਜਿਆਂਗ ਜੇਮਿਨ ਅਤੇ ਬਿੱਲ ਕਲਿੰਟਨ ਨੇ ਇਕ-ਦੂਸਰੇ ਦੇ ਦੇਸ਼ਾਂ ਦਾ ਦੌਰਾ ਕੀਤਾ ਅਤੇ ਇਸ ਦੇ ਤਿੰਨ ਸਾਲ ਬਾਅਦ ਚੀਨ ਨੂੰ ਵਿਸ਼ਵ ਵਪਾਰ ਸੰਗਠਨ ’ਚ ਸ਼ਾਮਲ ਕਰ ਲਿਆ ਗਿਆ।

ਭਾਰਤ ਦੀ ਤਾਕਤ ਅਤੇ ਭਵਿੱਖੀ ਰਾਹ : ਦਲਾਈਲਾਮਾ ਦੀ ਅੰਗਰੇਜ਼ਾਂ ਪ੍ਰਤੀ ਨਾਪਸੰਦਗੀ ਦਾ ਨਤੀਜਾ ਹੋਇਆ ਕਿ ਚੀਨ ਨੇ ਉਨ੍ਹਾਂ ਦੀ ਮਾਤਰਭੂਮੀ ’ਤੇ ਕਬਜ਼ਾ ਕਰ ਲਿਆ। ਭਾਰਤ ਪ੍ਰਤੀ ਪਾਕਿਸਤਾਨੀਆਂ ਦੀ ਨਾਪਸੰਦਗੀ ਦਾ ਨਤੀਜਾ ਚੀਨ ਦੇ ਪਾਕਿਸਤਾਨ ’ਤੇ ਕੰਟਰੋਲ ’ਚ ਹੋ ਸਕਦਾ ਹੈ। ਸਾਡੇ ਗੁਆਂਢ ’ਚ ਚੀਨ ਦੀ ਵਧਦੀ ਹਾਜ਼ਰੀ ਅਤੇ ਖਾਸ ਤੌਰ ’ਤੇ ਅਫਰੀਕਾ ’ਚ ਇਸ ਦੇ ਸਰੋਤਾਂ ਦੇ ਆਧਾਰ, ਜਿੱਥੇ ਬਹੁਤ ਸਾਰੇ ਦੇਸ਼ ਚੀਨੀ ਕਰਜ਼ੇ ਦੇ ਜਾਲ ’ਚ ਫਸਦੇ ਜਾ ਰਹੇ ਹਨ, ਸਾਡੇ ਲਈ ਚਿੰਤਾ ਦੇ ਵਿਸ਼ੇ ਹੋਣੇ ਚਾਹੀਦੇ ਹਨ।

ਵਿਸ਼ਵ ਪੱਧਰ ’ਤੇ ਭਾਰਤੀ ਸੱਭਿਆਚਾਰ ਅਤੇ ਮਨੁੱਖੀ ਕਦਰਾਂ-ਕੀਮਤਾਂ ਚੀਨ ਦੀ ਵਿਸਤਾਰਵਾਦੀ ਸੋਚ ਦੀ ਨੀਤੀ ਦਾ ਬਦਲ ਹੋ ਸਕਦੀਆਂ ਹਨ। ਨਾਲ ਹੀ ਸਾਨੂੰ ਚੀਨੀ ਸਰਹੱਦ ’ਤੇ ਰਣਨੀਤਕ ਤੌਰ ’ਤੇ ਪ੍ਰਾਪਤ ਫੌਜੀ ਸਫਲਤਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਨਾਲ ਹੀ ਦੱਖਣੀ ਚੀਨ ਸਾਗਰ ਦੇ ਨਾਲ ਲੱਗਦੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਦਾ ਜੰਗੀ ਫਾਇਦਾ ਲਿਆ ਜਾ ਸਕਦਾ ਹੈ। ਲੱਦਾਖ ਸੈਕਟਰ ’ਚ ਭਾਰਤੀ ਫੌਜ ਤੋਂ ਚੀਨ ਦੇ ਪ੍ਰਮੁੱਖ ਸੀ. ਪੀ. ਈ. ਸੀ. ਨੂੰ ਖਤਰਾ ਪੈਦਾ ਹੋਇਆ ਤਾਂ ਗਲਵਾਨ ਝੜਪ ਵਾਲੀਆਂ ਹਾਲਤਾਂ ਬਣ ਗਈਆਂ। ਇਸੇ ਤਰ੍ਹਾਂ ਉੱਤਰਾਖੰਡ ਸਰਹੱਦ ’ਤੇ ਭਾਰਤੀ ਸੜਕ ਨੈੱਟਵਰਕ ਨਾਲ ਜਦੋਂ ਚੀਨੀ ਸਰਹੱਦੀ ਨਿਰਮਾਣ ਨੂੰ ਖਤਰਾ ਪੈਦਾ ਹੋਇਆ ਤਾਂ ਕਾਲਾਪਾਣੀ ਸੈਕਟਰ ’ਤੇ ਨੇਪਾਲ ਨੇ ਦਾਅਵਾ ਪੇਸ਼ ਕਰ ਦਿੱਤਾ।

ਉਨ੍ਹਾਂ ਦੇ ਗਲੇ ਦੀ ਨਸ ਦੱਖਣੀ ਚੀਨ ਸਾਗਰ ਸਮੁੰਦਰੀ ਕੰਟਰੋਲ ਨੂੰ ਅੰਡੇਮਾਨ ਜੰਗੀ ਕਮਾਨ ਤੋਂ ਖਤਰਾ ਹੈ। ਭਾਰਤੀ ਸਮੁੰਦਰੀ ਪ੍ਰਭੂਸੱਤਾ ਨੂੰ ਭੰਗ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਅਸਫਲ ਰਹੀਆਂ ਹਨ। ਭਾਰਤ ਸਮਰੱਥ ਹੈ, ਚੀਨ ਇਹ ਚੰਗੀ ਤਰ੍ਹਾਂ ਜਾਣਦਾ ਹੈ ਪਰ ਸਮਾਂ ਆ ਗਿਆ ਹੈ ਕਿ ਅਸੀਂ ਵੀ ਇਸ ਨੂੰ ਜਾਣੀਏ ਅਤੇ ਉਨ੍ਹਾਂ ’ਤੇ ਦਬਾਅ ਬਣਾਈ ਰੱਖੀਏ।

ਭਾਰਤ ਸਮਰੱਥ ਹੈ ਅਤੇ ਚੀਨ ਉੱਭਰਦੇ ਹੋਏ ਮਜ਼ਬੂਤ ਭਾਰਤ ਦੀ ਤਾਕਤ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਉਹ ਲਗਾਤਾਰ ਸ਼ਰਾਰਤਪੂਰਨ ਹਰਕਤਾਂ ’ਚ ਸ਼ਾਮਲ ਰਹਿੰਦਾ ਹੈ। ਅੱਜ ਦਾ ਭਾਰਤ ਇਕ ਅਲੱਗ ਰਾਸ਼ਟਰ ਹੈ, ਆਤਮ ਭਰੋਸੇ ਨਾਲ ਭਰਿਆ, ਮਜ਼ਬੂਤ ਅਤੇ ਸਮਰੱਥ ਹੈ। ਇਹ ਗੱਲ ਚੀਨ ਸਮੇਤ ਦੁਨੀਆ ਦੇ ਹੋਰ ਦੇਸ਼ ਵੀ ਜਾਣਦੇ ਹਨ। ਭਾਰਤ ਨੂੰ ਗਰੀਬੀ ਖਾਤਮਾ, ਨਵਾਚਾਰ, ਤਕਨਾਲੋਜੀ, ਉਦਮਿਤਾ ਅਤੇ ਨਿਵੇਸ਼ਕ ਅਨੁਕੂਲ ਵਾਤਾਵਰਣ ਰਾਹੀਂ ਵਿਕਾਸ ਨੂੰ ਉਤਸ਼ਾਹਿਤ ਕਰ ਕੇ ਆਪਣੇ ਆਰਥਿਕ ਘੇਰੇ ਨੂੰ ਤਬਦੀਲ ਕਰ ਕੇ ਹਰੇਕ ਨਾਗਰਿਕ ਦੇ ਜ਼ਿੰਦਗੀ ਪੱਧਰ ਨੂੰ ਉਪਰ ਚੁੱਕਣ ’ਤੇ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ।

ਸਾਨੂੰ ਭਾਰਤ ਦੇ ਖੇਤੀਬਾੜੀ ਅਤੇ ਤਕਨਾਲੋਜੀ ਖੇਤਰ ’ਚ ਗੰਭੀਰਤਾ ਨਾਲ ਸੁਧਾਰ ਕਰਨ ਦੀ ਲੋੜ ਹੈ। ਭਾਰਤ ਨੂੰ 2031 ਤੱਕ ਕੱਚੇ ਮਾਲ ਦਾ ਕੇਂਦਰ ਬਣਨਾ ਹੈ ਅਤੇ ਮਾਈਕ੍ਰੋ, ਚਿਪ ਨਿਰਮਾਣ ਅਤੇ ਫੂਡ ਪ੍ਰੋਸੈਸਿੰਗ ਦੇ ਖੇਤਰ ’ਚ ਚੀਨ ਨੂੰ ਹਰਾਉਣਾ ਹੈ। ਸਾਨੂੰ ਇਸ ਮਹਾਨ ਰਾਸ਼ਟਰ ਦੇ ਲੋਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ’ਚ ਰਾਸ਼ਟਰਵਾਦ ਦੀ ਭਾਵਨਾ ਦਾ ਪ੍ਰਦਰਸ਼ਨ ਕਰ ਕੇ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਅੱਜ ਦਾ ਭਾਰਤ 60 ਅਤੇ 70 ਦੇ ਦਹਾਕੇ ਦਾ ਭਾਰਤ ਨਹੀਂ ਰਿਹਾ। ਅਸੀਂ ਚੀਨ ਨੂੰ ਉਸ ਦੀ ਦਵਾਈ ਦਾ ਸਵਾਦ ਚਖਾਉਣ ’ਚ ਸਮਰੱਥ ਹਾਂ। ਇਹੀ ਮੌਕਾ ਹੈ, ਇਹੀ ਉਹ ਪਲ ਹੈ ਅਤੇ ਇਹ ਭਾਰਤ ਦਾ ਯੁੱਗ ਹੈ। ਨਵੀਂ ਸਦੀ ਭਾਰਤ ਦੀ ਹੈ ਅਤੇ ਇਨ੍ਹਾਂ ਪਲਾਂ ਦਾ ਅਸੀਂ ਲਾਭ ਉਠਾਉਣਾ ਹੈ।


Bharat Thapa

Content Editor

Related News