ਭਾਰਤ ਦੀ ਵਿਸ਼ਵ ਭੂਮਿਕਾ

01/13/2021 3:19:16 AM

ਡਾ. ਵੇਦਪ੍ਰਤਾਪ ਵੈਦਿਕ

ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦਾ ਭਾਰਤ ਪਿਛਲੇ ਹਫਤੇ ਮੈਂਬਰ ਬਣ ਗਿਆ ਹੈ। ਉਹ ਪਿਛਲੇ 75 ਸਾਲ ’ਚ 7 ਵਾਰ ਇਸ ਸਰਬਉੱਚ ਸੰਸਥਾ ਦਾ ਮੈਂਬਰ ਰਹਿ ਚੁੱਕਾ ਹੈ। ਇਸ ਵਾਰ ਉਸ ਨੇ ਇਸ ਦੀ ਮੈਂਬਰੀ 192 ’ਚੋਂ 184 ਵੋਟਾਂ ਨਾਲ ਜਿੱਤੀ ਹੈ। ਉਹ ਸੁਰੱਖਿਆ ਕੌਂਸਲ ਦੇ 10 ਆਰਜ਼ੀ ਮੈਂਬਰਾਂ ’ਚੋਂ ਇਕ ਹੈ। ਉਸ ਨੂੰ 5 ਸਥਾਈ ਮੈਂਬਰਾਂ ਵਾਂਗ ਵੀਟੋ ਦਾ ਅਧਿਕਾਰ ਨਹੀਂ ਹੈ ਪਰ ਇਕ ਸ਼ਕਤੀਸ਼ਾਲੀ ਦੇਸ਼ ਹੋਣ ਦੇ ਨਾਤੇ ਹੁਣ ਤੱਕ ਭਾਰਤ ਨੇ ਏਸ਼ੀਆ ਅਤੇ ਅਫਰੀਕਾ ਦੀ ਆਵਾਜ਼ ਨੂੰ ਵੱਡੀ ਪੱਧਰ ’ਤੇ ਉਠਾਇਆ ਹੈ। ਇਸ ਵਾਰ ਸਭ ਤੋਂ ਅਹਿਮ ਪ੍ਰਾਪਤੀ ਭਾਰਤ ਲਈ ਇਹ ਹੈ ਕਿ ਉਹ ਸੁਰੱਖਿਆ ਕੌਂਸਲ ਦੀਆਂ 3 ਕਮੇਟੀਆਂ ਦਾ ਮੁਖੀ ਚੁਣਿਆ ਗਿਆ ਹੈ। ਮੁਖੀ ਹੋਣ ਦੇ ਨਾਤੇ ਭਾਰਤ ਕੋਲ ਕਈ ਵਿਸ਼ੇਸ਼ ਅਧਿਕਾਰ ਹੋਣਗੇ। ਪਹਿਲੀ ਕਮੇਟੀ ਹੈ ਅੱਤਵਾਦ ’ਤੇ ਕੰਟਰੋਲ ਸਬੰਧੀ। ਦੂਜੀ ਕਮੇਟੀ ਤਾਲਿਬਾਨ ’ਤੇ ਕੰਟਰੋਲ ਬਾਰੇ ਅਤੇ ਤੀਜੀ ਕਮੇਟੀ ਲੀਬੀਆ ’ਤੇ ਕੰਟਰੋਲ ਨਾਲ ਸਬੰਧਤ ਹੈ। ਇਨ੍ਹਾਂ ਤਿੰਨਾਂ ’ਚੋਂ ਦੋ ਕਮੇਟੀਆਂ ਦਾ ਸਿੱਧਾ ਸਬੰਧ ਭਾਰਤ ਨਾਲ ਅਤੇ ਉਸ ਦੀ ਸੁਰੱਖਿਆ ਨਾਲ ਹੈ। ਅੱਤਵਾਦ ’ਤੇ ਕੰਟਰੋਲ ਬਾਰੇ ਕਮੇਟੀ ਦਾ ਨਿਰਮਾਣ 2001 ’ਚ ਨਿਊਯਾਰਕ ਦੇ ਵਿਸ਼ਵ ਵਪਾਰ ਕੇਂਦਰ ’ਤੇ ਹਮਲੇ ਪਿੱਛੋਂ ਹੋਇਆ ਸੀ। ਇਹ ਕਮੇਟੀ ਅਜੇ ਤੱਕ ਇਸ ਗੱਲ ਨੂੰ ਤੈਅ ਨਹੀਂ ਕਰ ਸਕੀ ਕਿ ਅੱਤਵਾਦ ਕੀ ਹੈ?

ਜੇ ਭਾਰਤ ਦੀ ਪ੍ਰਧਾਨਗੀ ਹੇਠ ਅੱਤਵਾਦ ਨੂੰ ਚੰਗੀ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕੇ ਅਤੇ ਉਸ ਵਿਰੁੱਧ ਕੌਮਾਂਤਰੀ ਪਾਬੰਦੀਆਂ ਨੂੰ ਪਹਿਲਾਂ ਤੋਂ ਵੀ ਵਧੇਰੇ ਸਖਤ ਬਣਾਇਆ ਜਾ ਸਕੇ ਤਾਂ ਭਾਰਤ ਦਾ ਪ੍ਰਧਾਨ ਬਣਨਾ ਸਾਰਥਕ ਸਿੱਧ ਹੋਵੇਗਾ। ਦੂਜੀ ਕਮੇਟੀ ਹੈ ਤਾਲਿਬਾਨ ਨੂੰ ਕੰਟਰੋਲ ਕਰਨ ਬਾਰੇ। ਅਫਗਾਨਿਸਤਾਨ ’ਚ ਸ਼ਾਂਤੀ ਨੂੰ ਸਥਾਪਿਤ ਕਰਨ ਪੱਖੋਂ ਉਕਤ ਕਮੇਟੀ ਦੀ ਭਾਰੀ ਅਹਿਮੀਅਤ ਹੈ। ਅਫਗਾਨਿਸਤਾਨ ਅੱਤਵਾਦ ਦਾ ਗੜ੍ਹ ਬਣ ਚੁੱਕਾ ਹੈ। ਅਮਰੀਕਾ ’ਚ ਤਾਂ ਉਸ ਦਾ ਹਮਲਾ ਇਕ ਹੀ ਵਾਰ ਹੋਇਆ ਹੈ ਪਰ ਭਾਰਤ ਤਾਂ ਉਸ ਦਾ ਸ਼ਿਕਾਰ ਪਿਛਲੇ 2 ਢਾਈ ਦਹਾਕਿਆਂ ਤੋਂ ਲਗਾਤਾਰ ਹੋ ਰਿਹਾ ਹੈ। ਮੇਰੀ ਸਮਝ ’ਚ ਨਹੀਂ ਆਉਂਦਾ ਕਿ ਇਹ ਕਮੇਟੀ ਕੀ ਕਰ ਲਵੇਗੀ? ਉਹ ਤਾਲਿਬਾਨ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੀ ਕਿਉਂਕਿ ਅਮਰੀਕਾ ਉਸ ਨਾਲ ਸਿੱਧੀ ਗੱਲਬਾਤ ਕਰ ਰਿਹਾ ਹੈ। ਇਸ ਗੱਲਬਾਤ ’ਚ ਭਾਰਤ ਦੀ ਭੂਮਿਕਾ ਇਕ ਦਰਸ਼ਕ ਵਰਗੀ ਹੈ। ਅਫਗਾਨਿਸਤਾਨ ’ਚ ਉਸ ਦੀ ਭੂਮਿਕਾ ਵਧੇਰੇ ਅਰਥ ਭਰਪੂਰ ਹੋਣੀ ਚਾਹੀਦੀ ਹੈ। ਤੀਜੀ ਕਮੇਟੀ ਹੈ ਲੀਬੀਆ ’ਤੇ ਕੰਟਰੋਲ ਬਾਰੇ। ਇਸ ਕਮੇਟੀ ਨੇ ਲੀਬੀਆ ’ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ। ਇਨ੍ਹਾਂ ’ਚ ਹਥਿਆਰਾਂ ਦੀ ਖਰੀਦ ’ਤੇ ਪਾਬੰਦੀ, ਉਸ ਦੀਆਂ ਕੌਮਾਂਤਰੀ ਜਾਇਦਾਦਾਂ ਅਤੇ ਲੈਣ-ਦੇਣ ’ਤੇ ਪਾਬੰਦੀ ਵੀ ਸ਼ਾਮਲ ਹੈ। ਪੱਛਮੀ ਏਸ਼ੀਆ ਦੀ ਅਸਥਿਰ ਸਿਆਸਤ ’ਚ ਇਸ ਕਮੇਟੀ ਦੀ ਭੂਮਿਕਾ ਬਹੁਤ ਅਹਿਮ ਹੋਵੇਗੀ। ਸਭ ਤੋਂ ਵੱਡੀ ਗੱਲ ਇਹ ਹੈ ਕਿ ਭਾਰਤ ਨੂੰ ਸੁਰੱਖਿਆ ਕੌਂਸਲ ਦਾ ਸਥਾਈ ਮੈਂਬਰ ਬਣਨਾ ਚਾਹੀਦਾ ਹੈ ਤਾਂ ਜੋ ਉਸ ਨੂੰ ਵੀ ਚੀਨ ਵਾਂਗ ਵੀਟੋ ਦਾ ਅਧਿਕਾਰ ਮਿਲੇ ਅਤੇ ਉਹ ਆਪਣੀ ਕੌਮਾਂਤਰੀ ਭੂਮਿਕਾ ਨੂੰ ਠੀਕ ਢੰਗ ਨਾਲ ਨਿਭਾਅ ਸਕੇ।


Bharat Thapa

Content Editor

Related News