ਲੜਕੀਆਂ ਲਈ ਅਸੀਂ ਕਿਵੇਂ ਬਣਾਈਏ ਸਮਾਜਿਕ ਬੰਨ੍ਹ!
Saturday, Aug 31, 2024 - 10:05 AM (IST)
ਪੂਰਾ ਕੋਲਕਾਤਾ ਪਹਿਲਾਂ ਗੁੱਸੇ ਨਾਲ ਲਾਲ ਹੋਇਆ, ਫਿਰ ਸੜ-ਭੁੰਨ ਕੇ ਸਵਾਹ ਹੋਇਆ। ਹਸਪਤਾਲ ਵਿਚ ਹੀ ਨਹੀਂ, ਉਹ ਸਵਾਹ ਕੋਲਕਾਤਾ ਸ਼ਹਿਰ ’ਚ ਵੀ ਸਭ ਪਾਸੇ ਫੈਲੀ। ਜਲੂਸ-ਧਰਨਾ-ਵਿਖਾਵਾ ਚੱਲਿਆ ਅਤੇ ਉਹ ਜਲਦੀ ਹੀ ਕੋਲਕਾਤਾ ਦੇ ਭੱਦਰ ਪੁਰਸ਼ਾਂ ਦੇ ਗੁੱਸੇ ਵਿਚ ਬਦਲ ਗਿਆ। ਅਜਿਹਾ ਜਦੋਂ ਵੀ ਹੁੰਦਾ ਹੈ, ਬੰਗਾਲ ਨਾਲੋਂ ਜ਼ਿਆਦਾ ਖਤਰਨਾਕ ਭੱਦਰ ਪੁਰਸ਼ ਤੁਹਾਨੂੰ ਲੱਭਣ ’ਤੇ ਨਹੀਂ ਮਿਲਣਗੇ। ਮਮਤਾ ਬੈਨਰਜੀ ਇਹ ਚੰਗੀ ਤਰ੍ਹਾਂ ਜਾਣਦੀ ਹੈ ਕਿਉਂਕਿ ਇਸੇ ਭੱਦਰ ਪੁਰਸ਼ ਦੇ ਗੁੱਸੇ ਨੇ ਉਨ੍ਹਾਂ ਨੂੰ ਮਾਰਕਸਵਾਦੀ ਸਾਮਵਾਦੀਆਂ ਦਾ ਪੁਰਾਣਾ ਗੜ੍ਹ ਤੋੜਨ ਵਿਚ ਅਜਿਹੀ ਮਦਦ ਕੀਤੀ ਸੀ ਕਿ ਉਹ ਉਸ ਵੇਲੇ ਤੋਂ ਲੈ ਕੇ ਹੁਣ ਤਕ ਸੱਤਾ ਵਿਚ ਬਣੀ ਹੋਈ ਹੈ ਪਰ ਸੱਤਾ ਇਕ ਅਜਿਹਾ ਨਸ਼ਾ ਹੈ ਜੋ ਜਾਣਦੇ ਹੋਏ ਵੀ ਤੁਹਾਨੂੰ ਸੱਚਾਈ ਤੋਂ ਅਣਜਾਣ ਬਣਾ ਦਿੰਦਾ ਹੈ। ਮਮਤਾ ਵੀ ਜਲਦੀ ਹੀ ਬੰਗਾਲ ਦੇ ਭੱਦਰ ਪੁਰਸ਼ਾਂ ਦੀ ਇਸ ਤਾਕਤ ਤੋਂ ਅਣਜਾਣ ਬਣਦੀ ਗਈ।
ਕਿਸੇ ਵੀ ਹੋਰ ਮੁੱਖ ਮੰਤਰੀ ਵਾਂਗ ਸੱਤਾ ਦੇ ਤੇਵਰ ਤੇ ਤਾਕਤ ਨਾਲ ਉਨ੍ਹਾਂ ਜਬਰ-ਜ਼ਨਾਹ ਅਤੇ ਘਿਨੌਣੇ ਢੰਗ ਨਾਲ ਰੈਜ਼ੀਡੈਂਟ ਡਾਕਟਰ ਲੜਕੀ ਦੀ ਹੱਤਿਆ ਦੇ ਮਾਮਲੇ ਨੂੰ ਨਜਿੱਠਣਾ ਚਾਹਿਆ ਪਰ ਉਸ ਮ੍ਰਿਤਕ ਡਾਕਟਰ ਦੀ ਅਤ੍ਰਿਪਤ ਆਤਮਾ ਜਿਵੇਂ ਪ੍ਰੇਰਕ ਬਣ ਕੇ ਕੰਮ ਕਰਨ ਲੱਗੀ। ਜਿਵੇਂ ਹਰ ਵਿਖਾਵੇ, ਜਲੂਸ, ਨਾਅਰੇ ਤੇ ਪੋਸਟਰ ਦੇ ਅੱਗੇ-ਅੱਗੇ ਉਹ ਡਾਕਟਰ ਬਣ ਕੇ ਚੱਲ ਰਹੀ ਸੀ। ਅਜਿਹੀਆਂ ਅਣਮਨੁੱਖੀ ਵਾਰਦਾਤਾਂ ਨੂੰ ਦਬਾਉਣ, ਲੁਕੋਣ ਤੇ ਖਾਰਜ ਕਰਨ ਦੀ ਹਰ ਕੋਸ਼ਿਸ਼ ਨੇ ਨਾਕਾਮ ਹੋਣਾ ਹੀ ਸੀ। ਉਹ ਹੋਈ ਵੀ ਅਤੇ ਕੋਲਕਾਤਾ ਦਾ ਹਸਪਤਾਲ ਮਮਤਾ ਦੀ ਸਿਆਸੀ ਸਾਖ ਤੇ ਸੰਵੇਦਨਸ਼ੀਲ ਅਕਸ ਲਈ ਵਾਟਰਲੂ ਸਾਬਤ ਹੋਇਆ। ਹੁਣ ਮਮਤਾ ਵੀ ਹਨ, ਉਨ੍ਹਾਂ ਦੀ ਸੱਤਾ ਵੀ ਹੈ ਪਰ ਸਭ ਕੁਝ ਨਾਮਾਤਰ ਹੈ।
ਇਹ ਅੱਗ ਕੋਲਕਾਤਾ ’ਚੋਂ ਨਿਕਲ ਕੇ ਦੇਸ਼ ਭਰ ਵਿਚ ਫੈਲ ਗਈ। ਮਾਮਲਾ ਡਾਕਟਰਾਂ ਦਾ ਸੀ ਜੋ ਉਂਝ ਵੀ ਕਈ ਕਾਰਨਾਂ ਕਰ ਕੇ ਪੂਰੇ ਦੇਸ਼ ਵਿਚ ਹੈਰਾਨ-ਪ੍ਰੇਸ਼ਾਨ ਹਨ। ਇਸ ਲਈ ਦੇਸ਼ ਭਰ ਦੀਆਂ ਸੁੱਕੀਆਂ ਲੱਕੜਾਂ ਨੇ ਅੱਗ ਫੜ ਲਈ। ਸੇਕ ਸੁਪਰੀਮ ਕੋਰਟ ਤਕ ਪਹੁੰਚ ਗਿਆ। ਨਾਗਰਿਕ ਅਧਿਕਾਰਾਂ, ਸੰਵਿਧਾਨਕ ਵਿਵਸਥਾ, ਪ੍ਰੈੱਸ ਦੀ ਆਜ਼ਾਦੀ, ਪ੍ਰਗਟਾਵੇ ਦੀ ਆਜ਼ਾਦੀ ਤੋਂ ਲੈ ਕੇ ਸੱਤਾ ਦੇ ਮਰਿਆਦਾ ਰਹਿਤ ਵਤੀਰੇ ਤਕ ਦੇ ਸਾਰੇ ਮਾਮਲਿਆਂ ਵਿਚ ਦੇਸ਼ ’ਚ ਜਿਵੇਂ ਅੱਗ ਲੱਗੀ ਹੋਈ ਹੈ, ਉਸ ਦੀ ਕੋਈ ਲਾਟ ਜਿਸ ਤਕ ਨਹੀਂ ਪਹੁੰਚਦੀ ਹੈ, ਉਸ ਅਦਾਲਤ ਨੂੰ ਇਹ ਲਾਟ ਆਪਣੇ-ਆਪ ਕਿਵੇਂ ਨਜ਼ਰ ਆ ਗਈ, ਕਹਿਣਾ ਮੁਸ਼ਕਲ ਹੈ। ਮਣੀਪੁਰ ਦੀਆਂ ਲੜਕੀਆਂ ਨੂੰ ਜੋ ਨਸੀਬ ਨਹੀਂ ਹੋਇਆ, ਕੋਲਕਾਤਾ ਦੀ ਉਸ ਡਾਕਟਰਨੀ ਨੂੰ ਉਹ ਨਸੀਬ ਹੋਇਆ, ਭਾਵੇਂ ਆਪਣੀ ਜਾਨ ਦੇਣ ਤੋਂ ਬਾਅਦ। ਸੁਪਰੀਮ ਕੋਰਟ ਨੇ ਜਲਦੀ-ਜਲਦੀ ’ਚ ਅਦਾਲਤ ਬਿਠਾ ਦਿੱਤੀ ਅਤੇ ਸਖਤ ਸ਼ਬਦਾਂ ਵਿਚ ਆਪਣੀ ਵਿਵਸਥਾ ਵੀ ਦੇ ਦਿੱਤੀ, ਇਕ ਨਿਗਰਾਨੀ ਕਮੇਟੀ ਵੀ ਬਣਾ ਦਿੱਤੀ, ਜਿਸ ਦੀ ਨਿਗਰਾਨੀ ਉਹ ਖੁਦ ਕਰੇਗੀ।
ਮੈਂ ਹੈਰਾਨ ਹਾਂ ਕਿ ਸਾਡੀ ਨਿਆਂਪਾਲਿਕਾ ਜੋ ਇਸ ਦੀ ਨਿਗਰਾਨੀ ਵੀ ਨਹੀਂ ਸਕਦੀ ਕਿ ਉਸ ਦੇ ਫੈਸਲਿਆਂ ਦੀ ਸਰਕਾਰਾਂ ਕਿੱਥੇ, ਕਦੋਂ ਤੇ ਕਿਵੇਂ ਪਾਲਣਾ ਕਰਦੀਆਂ ਹਨ, ਉਹ ਡਾਕਟਰਾਂ ’ਤੇ ਹਿੰਸਾ ਦੀ ਜਾਂਚ ਵੀ ਕਰੇਗੀ ਅਤੇ ਉਸ ਦੀ ਨਿਗਰਾਨੀ ਵੀ ਰੱਖੇਗੀ, ਇਹ ਕਿਵੇਂ ਹੋਵੇਗਾ ਪਰ ਅਦਾਲਤ ਸਵਾਲ ਕਦੋਂ ਸੁਣਦੀ ਹੈ। ਜੇ ਉਹ ਸੁਣਦੀ ਤਾਂ ਉਸ ਨੂੰ ਸੁਣਾਈ ਦਿੱਤਾ ਹੁੰਦਾ ਕਿ ਸੱਤਾ ਦੀ ਸ਼ਹਿ ’ਤੇ ਜਦੋਂ ਸਮਾਜ ਵਿਚ ਵਿਆਪਕ ਅਵਿਵਸਥਾ ਦਾ ਮਾਹੌਲ ਬਣਾਇਆ ਜਾਂਦਾ ਹੈ ਤਾਂ ਸਿਆਸੀ ਹੀ ਨਹੀਂ, ਸਮਾਜਿਕ, ਨੈਤਿਕ ਤੇ ਆਰਥਿਕ ਅਰਾਜਕਤਾ ਦਾ ਬੋਲਬਾਲਾ ਬਣਦਾ ਹੈ। ਅਰਾਜਕਤਾ ਦਾ ਮਾਹੌਲ ਦੇਸ਼ ਵਿਚ ਬਣੇ ਤਾਂ ਇਹ ਸਿੱਧਾ ਨਿਆਂਪਾਲਿਕਾ ਦਾ ਮਾਮਲਾ ਹੈ ਕਿਉਂਕਿ ਸੰਵਿਧਾਨ ਰਾਹੀਂ ਦੇਸ਼ ਨੇ ਇਹੀ ਜ਼ਿੰਮੇਵਾਰੀ ਤਾਂ ਉਸ ਨੂੰ ਸੌਂਪੀ ਹੈ। ਨਿਆਂਪਾਲਿਕਾ ਹੋਣ ਦਾ ਇਹੀ ਇਕੋ-ਇਕ ਮਤਲਬ ਹੈ।
ਕੋਲਕਾਤਾ ਦੀ ਘਟਨਾ ਪਿੱਛੋਂ ਜਿਨਸੀ ਹਿੰਸਾ ਦੀਆਂ ਕਿੰਨੀਆਂ ਹੀ ਵਾਰਦਾਤਾਂ ਦੀਆਂ ਖਬਰਾਂ ਦੇਸ਼ ਭਰ ’ਚ ਆਉਣ ਲੱਗੀਆਂ। ਲੱਗਿਆ ਜਿਵੇਂ ਕੋਈ ਬੰਨ੍ਹ ਟੁੱਟਿਆ ਹੋਵੇ। ਪਤਾ ਨਹੀਂ, ਅਜਿਹਾ ਕਹਿਣਾ ਵੀ ਕਿੰਨਾ ਸਹੀ ਹੈ। ਜਦੋਂ ਘਰ-ਘਰ ਵਿਚ ਅਜਿਹੀਆਂ ਵਾਰਦਾਤਾਂ ਹੋ ਰਹੀਆਂ ਹੋਣ, ਜਦੋਂ ਸਭ ਪਾਸੇ ਹਿੰਸਕ ਜਨੂੰਨ ਪੈਦਾ ਕੀਤਾ ਜਾ ਰਿਹਾ ਹੋਵੇ ਤਾਂ ਕੋਈ ਕਿਵੇਂ ਕਹੇ ਕਿ ਇਹ ਜੋ ਸਾਹਮਣੇ ਹੈ, ਇਹ ਪੂਰੀ ਤਸਵੀਰ ਹੈ। ਇਹ ਸਭ ਹੋਇਆ, ਕੀ ਹੋਣਾ ਚਾਹੀਦਾ ਸੀ, ਅੱਗੇ ਵੀ ਹੁੰਦਾ ਰਹੇਗਾ? ਆਰ. ਜੀ. ਕਰ ਹਸਪਤਾਲ ਵਿਚ ਜੋ ਅੱਤਿਆਚਾਰ ਹੋਇਆ, ਉਹ ਡਾਕਟਰ ’ਤੇ ਨਹੀਂ ਹੋਇਆ, ਲੜਕੀ ’ਤੇ ਹੋਇਆ। ਉਹ ਲੜਕੀ ਡਾਕਟਰ ਸੀ ਅਤੇ ਉਹ ਜਗ੍ਹਾ ਹਸਪਤਾਲ ਸੀ, ਇਹ ਸੰਜੋਗ ਹੈ। ਮਹਾਰਾਸ਼ਟਰ ਵਿਚ ਜੋ ਹੋਇਆ, ਉਹ ਸਕੂਲ ਸੀ ਅਤੇ ਜਿਨ੍ਹਾਂ ਦੇ ਨਾਲ ਹੋਇਆ, ਉਹ ਛੋਟੀਆਂ ਬੱਚੀਆਂ ਸਨ ਤਾਂ ਜਿਹੜੀ ਜਿਨਸੀ ਹਿੰਸਾ ਹੋ ਰਹੀ ਹੈ, ਉਸ ਦੇ ਕੇਂਦਰ ਵਿਚ ਲੜਕੀ ਹੈ, ਜਿਸ ਦਾ ਸਥਾਨ, ਜਿਸ ਦੀ ਉਮਰ, ਜਿਸ ਦਾ ਪੇਸ਼ਾ ਆਦਿ ਅਰਥ-ਰਹਿਤ ਹੈ ਤਾਂ ਸਵਾਲ ਉੱਥੇ ਹੀ ਖੜ੍ਹਾ ਹੈ ਕਿ ਲੜਕੀ ਕਿਸ ਨੂੰ ਚਾਹੀਦੀ ਹੈ?
ਜਵਾਬ ਇਹ ਹੈ ਕਿ ਹਰ ਕਿਸੇ ਨੂੰ ਲੜਕੀ ਚਾਹੀਦੀ ਹੈ। ਸ਼ਖਸੀਅਤ ਰਹਿਤ ਲੜਕੀ, ਸਰੀਰ ਚਾਹੀਦਾ ਹੈ। ਇਹ ਔਰਤ-ਮਰਦ ਵਿਚਾਲੇ ਜੋ ਕੁਦਰਤੀ ਖਿੱਚ ਹੈ, ਉਸ ਰਸਤੇ ਮਿਲੇ ਕਿ ਪਿਆਰ ਨਾਂ ਦੀ ਜੋ ਸਭ ਤੋਂ ਅਣਜਾਣ-ਅਦ੍ਰਿਸ਼ ਭਾਵਨਾ ਹੈ, ਉਸ ਰਸਤੇ ਮਿਲੇ ਜਾਂ ਡਰਾ-ਧਮਕਾ, ਖੋਹ ਕੇ, ਕੁੱਟਮਾਰ ਕਰ ਕੇ ਮਿਲੇ। ਉਹ ਮਿਲ ਜਾਵੇ, ਇਹ ਹਵਸ ਹੈ, ਮਿਲ ਜਾਣ ਤੋਂ ਬਾਅਦ ਸਾਡੇ ਮਨ ਵਿਚ ਉਸ ਦਾ ਵੱਕਾਰ ਨਹੀਂ ਮਿਲਦਾ। ਇਸ ਲਈ ਘਰ ਜੋ ਲੜਕੀ ਤੋਂ ਬਿਨਾਂ ਨਾ ਬਣਦਾ ਹੈ, ਨਾ ਚੱਲਦਾ ਹੈ, ਲੜਕੀ ਲਈ ਸਭ ਤੋਂ ਭਿਆਨਕ ਜਗ੍ਹਾ ਬਣ ਜਾਂਦਾ ਹੈ। ਜਿੱਥੇ ਉਸ ਦੀ ਹਸਤੀ ਦੀ ਮਜ਼ਾਰ ਬਣਦੀ ਹੈ, ਹਰ ਘਰ ਵਿਚ ਲੜਕੀ ਹੁੰਦੀ ਹੈ ਪਰ ਮਿਲਦੀ ਕਿਸੇ ਘਰ ਵਿਚ ਨਹੀਂ। ਇਸ ਦਾ ਅਪਵਾਦ ਲੜਕੀਆਂ ਵੀ ਹੋਣਗੀਆਂ ਪਰ ਉਹ ਨਿਯਮ ਨੂੰ ਸਾਬਤ ਹੀ ਕਰਦੀਆਂ ਹਨ।
ਇਸ ਲਈ ਸਮੱਸਿਆ ਨੂੰ ਇਸ ਸਿਰੇ ਤੋਂ ਵੇਖਣ ਤੇ ਸਮਝਣ ਦੀ ਲੋੜ ਹੈ। ਅੰਨ੍ਹੀ ਸੱਭਿਅਤਾ ਦੀਆਂ ਨਵੀਆਂ-ਨਵੀਆਂ ਸਿਖਰਾਂ ਛੂੰਹਦੀ ਸਿਆਸਤ ਅਤੇ ਜਾਤੀ, ਧਰਮ, ਮਰਦਾਨਗੀ ਵਰਗੇ ਸ਼ਕਤੀ ਸੰਤੁਲਨ ਦਾ ਮਾਮਲਾ ਜੇ ਨਾ ਹੋਵੇ ਤਾਂ ਵੀ ਔਰਤ ਦੇ ਨਾਲ ਅਣਮਨੁੱਖੀ ਵਤੀਰਾ ਹੁੰਦਾ ਹੈ। ਅਜਿਹੀ ਹਰ ਅਣਮਨੁੱਖੀ ਘਟਨਾ ਸਾਨੂੰ ਬਹੁਤ ਪ੍ਰੇਸ਼ਾਨ ਕਰ ਜਾਂਦੀ ਹੈ। ਦਿੱਲੀ ਦੇ ਨਿਰਭਯਾ ਕਾਂਡ ਤੋਂ ਬਾਅਦ ਅਸੀਂ ਵੇਖ ਰਹੇ ਹਾਂ ਕਿ ਅਜਿਹੀ ਪ੍ਰੇਸ਼ਾਨੀ ਵਧਦੀ ਜਾ ਰਹੀ ਹੈ। ਇਹ ਸ਼ੁੱਭ ਹੈ ਪਰ ਇਹ ਭੀੜ ਦੀ ਨਹੀਂ, ਮਨ ਦੀ ਪ੍ਰੇਸ਼ਾਨੀ ਵੀ ਬਣੇ ਤਾਂ ਗੱਲ ਬਣੇ।
ਔਰਤ-ਮਰਦ ਦੇ ਵਿਚਕਾਰ ਦੀ ਕੁਦਰਤੀ ਖਿੱਚ ਅਤੇ ਉਸ ਵਿਚੋਂ ਪੈਦਾ ਹੋਣ ਵਾਲੀ ਪਿਆਰ ਦੀ ਡੂੰਘੀ ਤੇ ਮਜ਼ਬੂਤ ਭਾਵਨਾ ਸਾਡੀ ਹੋਂਦ ਦਾ ਆਧਾਰ ਹੈ। ਉਹ ਬਹੁਤ ਪਵਿੱਤਰ ਹੈ, ਬਹੁਤ ਕੋਮਲ ਹੈ, ਬਹੁਤ ਸਿਰਜਕ ਹੈ ਪਰ ਇਸ ਦੇ ਜਨੂੰਨ ਵਿਚ ਬਦਲ ਜਾਣ ਦਾ ਖਤਰਾ ਹਮੇਸ਼ਾ ਬਣਿਆ ਰਹਿੰਦਾ ਹੈ। ਇਹ ਨਦੀ ਦੇ ਹੜ੍ਹ ਵਾਂਗ ਹੈ, ਨਦੀ ਵੀ ਚਾਹੀਦੀ ਹੈ, ਉਸ ਵਿਚ ਵਗਦਾ-ਛਲਕਦਾ ਪਾਣੀ ਵੀ ਚਾਹੀਦਾ ਹੈ। ਮੀਂਹ ਵੀ ਚਾਹੀਦਾ ਹੈ, ਉਹ ਧੂੰਆਂਧਾਰ ਵੀ ਚਾਹੀਦਾ ਹੈ ਪਰ ਹੜ੍ਹ ਨਹੀਂ ਚਾਹੀਦਾ। ਤਾਂ ਬੰਨ੍ਹ ਮਜ਼ਬੂਤ ਚਾਹੀਦਾ ਹੈ।
ਕਈ ਬੰਨ੍ਹ ਕੁਦਰਤ ਨੇ ਬਣਾਏ ਹੋਏ ਹਨ। ਦੂਜੇ ਕਈ ਸੱਭਿਆਚਾਰਕ ਬੰਨ੍ਹ ਸਮਾਜ ਨੂੰ ਵਿਕਸਤ ਕਰਨੇ ਪੈਂਦੇ ਹਨ। ਸਮਾਜ ਸਜੀਵ ਹੋਵੇ, ਗਿਆਨਵਾਨ ਹੋਵੇ ਅਤੇ ਗਤੀਸ਼ੀਲ ਭਾਈਵਾਲੀ ਤੋਂ ਪ੍ਰੇਰਿਤ ਹੋਵੇ ਤਾਂ ਉਹ ਆਪਣੇ ਬੰਨ੍ਹ ਬਣਾਉਂਦਾ ਰਹਿੰਦਾ ਹੈ। ਪਰਿਵਾਰ ਵਿਚ ਔਰਤ ਦਾ ਬਰਾਬਰ ਦਾ ਸਨਮਾਨ, ਸਥਾਨ, ਪਰਿਵਾਰ ਦੇ ਮਰਦ ਨੂੰ ਸੱਭਿਆਚਾਰਕ ਅਨੁਸ਼ਾਸਨ ਦੀ ਪਾਲਣਾ ਦੀ ਸਾਵਧਾਨ ਹਦਾਇਤ, ਸਮਾਜ ਵਿਚ ਜਿਨਸੀ ਵਿਵਹਾਰ ਦੀ ਸਖਤ ਰੋਕ, ਕਾਨੂੰਨ ਦਾ ਸਪਸ਼ਟ ਨਿਰਦੇਸ਼ ਅਤੇ ਉਸ ਦੀ ਸਖਤ ਪਾਲਣਾ ਨਾਲ ਅਜਿਹਾ ਬੰਨ੍ਹ ਬਣਦਾ ਹੈ ਜਿਸ ਨੂੰ ਤੋੜਨਾ ਆਸਾਨ ਨਹੀਂ ਹੋਵੇਗਾ।