ਅਨੋਖਾ ਹਰਿਆਣਵੀ ਮਿਜਾਜ਼ ਬਣਿਆ ਨਵੀਂ ਸਿਆਸੀ ਪ੍ਰਯੋਗਸ਼ਾਲਾ

Monday, Oct 14, 2024 - 02:44 PM (IST)

ਸੱਚ ਹੈ ਕਿ ਜੰਮੂ-ਕਸ਼ਮੀਰ ’ਚ ਭਾਜਪਾ ਦੀ ਹਾਰ ਦੀ ਚਰਚਾ ਹਰਿਆਣਾ ਦੀ ਜਿੱਤ ਅੱਗੇ ਦੱਬ ਗਈ। ਇਹ ਵੀ ਸਹੀ ਹੈ ਕਿ ਕਾਂਗਰਸ ਦਿਸ ਰਹੀ ਜਿੱਤੀ ਹੋਈ ਬਾਜ਼ੀ ਨੂੰ ਆਪਸੀ ਕਲੇਸ਼, ਧੜੇਬੰਦੀ ਅਤੇ ਸੂਤ ਨਾ ਕਪਾਹ ਜੁਲਾਹੇ ਡਾਂਗੋ-ਡਾਂਗੀ ਕਾਰਨ ਹਾਰ ਗਈ ਪਰ ਹੈਰਾਨੀ ਹੈ ਕਿ ਇਸ ਤਰ੍ਹਾਂ ਕਾਂਗਰਸ ’ਚ ਮੰਥਨ, ਚਿੰਤਨ, ਪੜਚੋਲ ਦੇ ਪਹਿਲੇ ਹੀ ਦੌਰ ’ਚ ਇਕ ਵਾਰ ਫਿਰ ਉਹੀ ਦਿਸਿਆ ਜੋ ਹੁਣ ਤਕ ਹੁੰਦਾ ਰਿਹਾ।

ਕੁਝ ਨੂੰ ਅੱਗੇ ਕਰ ਕੇ ਬਾਕੀਆਂ ਨੂੰ ਸਾਧਨ, ਸਮਝਾਉਣ ਦੀ ਕਵਾਇਦ ’ਚ ਹੀ ਚੋਟੀ ਦੀ ਲੀਡਰਸ਼ਿਪ ਦਾ ਸਾਹ-ਸਤ ਚੋਣਾਂ ਦੌਰਾਨ ਜ਼ਾਇਆ ਹੁੰਦਾ ਰਿਹਾ। ਪਹਿਲੀ ਹੀ ਸਮੀਖਿਆ ਬੈਠਕ ’ਚ ਦਿੱਗਜ਼ਾਂ ਨੂੰ ਨਾ ਬੁਲਾਉਣਾ, ਨੇ ਕੀ ਸੰਦੇਸ਼ ਦਿੱਤਾ, ਸਮਝ ਆਉਂਦਾ ਹੈ। ਇਹ ਲਾਚਾਰੀ ਹੈ ਜਾਂ ਮਜਬੂਰੀ, ਨਹੀਂ ਪਤਾ। ਇਸ ਦਾ ਅਸਰ ਉਨ੍ਹਾਂ ਸੂਬਿਆਂ ਦੇ ਕਾਂਗਰਸ ਦੇ ਦਾਅਵਿਆਂ ’ਤੇ ਜ਼ਰੂਰ ਪਵੇਗਾ, ਜਿਥੇ ਚੋਣਾਂ ਹੋਣੀਆਂ ਹਨ। ਜੇ ਕਾਂਗਰਸ ਸੰਗਠਨ ਨੇ ਇਹੀ ਤੇਵਰ ਚੋਣਾਂ ਦੌਰਾਨ ਦਿਖਾਏ ਹੁੰਦੇ ਤਾਂ ਨਤੀਜੇ ਹੋਰ ਹੁੰਦੇ।

ਦਰਅਸਲ ਇਕ ਗੱਲ ਤਾਂ ਮੰਨਣੀ ਪਵੇਗੀ ਕਿ ਹੁਣ ਬੇਹੱਦ ਚੌਕਸ ਅਤੇ ਹੁਸ਼ਿਆਰ ਵੋਟਰਾਂ ਨੇ ਵੀ ਸਾਬਤ ਕਰ ਦਿਖਾਇਆ ਹੈ ਕਿ ਜੋ ਦਿਸਦਾ ਹੈ ਉਹ ਹੁੰਦਾ ਨਹੀਂ ਅਤੇ ਜੋ ਹੁੰਦਾ ਹੈ ਉਹ ਦਿਸਦਾ ਨਹੀਂ। ਭਾਵੇਂ ਲੰਘੀਆਂ ਲੋਕ ਸਭਾ ਚੋਣਾਂ ਹੋਣ ਜਾਂ ਹਰਿਆਣਾ ਸੂਬੇ ਦੀਆਂ ਹਾਲੀਆ ਚੋਣਾਂ। ਆਪਣੀਆਂ ਬੇਲਾਗ ਗੱਲਾਂ ਅਤੇ ਖਾਸ ਅੰਦਾਜ਼ ਲਈ ਚਰਚਿਤ ਹਰਿਆਣਾ ਨੇ ਲੋਕਤੰਤਰ ਨੂੰ ਵੱਡਾ ਸੰਦੇਸ਼ ਵੀ ਚਾਹੇ-ਅਣਚਾਹੇ ਦੇ ਦਿੱਤਾ ਕਿ ਵੋਟਰਾਂ ਦੀ ਪਰਪੱਕਤਾ ਅਤੇ ਮਨ-ਦਿਲ ਦੀ ਥਾਹ ਪਾਉਣੀ ਓਨਾ ਵੀ ਸਹਿਜ ਨਹੀਂ ਜਿੰਨਾ ਚੋਣਾਂ ਦੌਰਾਨ ਪਾਰਟੀ, ਉਮੀਦਵਾਰ ਅਤੇ ਸਮੀਖਿਅਕ ਮੰਨ ਲੈਂਦੇ ਹਨ।

ਤਕਰੀਬਨ 14 ਸੀਟਾਂ ’ਤੇ ਆਪਣਿਆਂ ਦੀ ਆਜ਼ਾਦ ਉਮੀਦਵਾਰੀ ਅਤੇ ਕੁਝ ਇਲਾਕਾਈ ਪਾਰਟੀਆਂ ਦੀ ਦਾਅਵੇਦਾਰੀ ਨੇ ਹੀ ਭਾਜਪਾ ਦਾ ਰਾਹ ਸਾਫ ਕੀਤਾ। ‘ਆਪ’ ਨਾਲ ਗੱਠਜੋੜ ਨਾ ਕਰਨਾ ਵੀ ਇਸ ਹਾਰ ਦੇ ਸਾਰੇ ਕਾਰਨਾਂ ’ਚੋਂ ਖਾਸ ਹੈ। ਹਾਂ, ਜਿੱਥੇ ਲੜਾਈ ਕਾਂਗਰਸ-ਭਾਜਪਾ ’ਚ ਆਹਮਣੇ-ਸਾਹਮਣੇ ਦੀ ਸੀ, ਬੇਹੱਦ ਰੋਚਕ-ਰੋਮਾਂਚਿਕ ਸੀ। 36 ਬਰਾਦਰੀਆਂ ਦੀ ਚਰਚਾ ਫਿਰ ਖੂਬ ਹੋਈ ਜਿਸ ਦੀ ਦੋਵਾਂ ਨੂੰ ਹਮਾਇਤ ਮਿਲੀ। ਜਿੱਥੇ ਭਾਜਪਾ ਨੂੰ ਬ੍ਰਾਹਮਣ, ਰਾਜਪੂਤ, ਗੈਰ-ਜਾਟ ਓ. ਬੀ. ਸੀ., ਪੰਜਾਬੀ ਖੱਤਰੀ ਦੀਆਂ ਵੋਟਾਂ ਇਕਮੁਸ਼ਤ ਮਿਲੀਆਂ, ਉਥੇ ਹੀ ਕਾਂਗਰਸ ’ਤੇ ਜਾਟ, ਗੁਰਜਰ, ਜਾਟਵ, ਮੁਸਲਮਾਨਾਂ ਅਤੇ ਸਿੱਖਾਂ ਨੇ ਬਹੁਤ ਭਰੋਸਾ ਜਤਾਇਆ।

ਹਰਿਆਣਾ ’ਚ ਜ਼ਿਆਦਾਤਰ ਇਲਾਕਾਈ ਪਾਰਟੀਆਂ ਦਾ ਸਫਾਇਆ ਹੋਣਾ ਹੀ ਦੱਸਦਾ ਹੈ ਕਿ ਉਨ੍ਹਾਂ ਦਾ ਭਵਿੱਖ ਚਿੰਤਾਜਨਕ ਹੈ! ਕਾਂਗਰਸ ਦੇ ਮੁੱਦੇ ਬਿਨਾਂ ਸ਼ੱਕ ਕਮਜ਼ੋਰ ਨਹੀਂ ਸਨ, ਇਸ ਲਈ ਪਿਛਲੀ ਵਾਰ ਤੋਂ 6 ਸੀਟਾਂ ਵੱਧ ਆਈਆਂ ਪਰ ਤਕਰੀਬਨ 3 ਫੀਸਦੀ ਗੈਰ-ਜਾਟ ਵੋਟਾਂ ਭਾਜਪਾ ਵੱਲ ਮੁੜਨ ਨਾਲ ਮਾਜਰਾ ਬਦਲ ਗਿਆ ਅਤੇ ਫਾਇਦਾ 8 ਸੀਟਾਂ ’ਤੇ ਮਿਲਿਆ।

ਹਰਿਆਣਾ ਦੇ ਨਤੀਜਿਆਂ ਨੇ ਲੋਕ ਸਭਾ ਚੋਣਾਂ ’ਚ ਭਾਜਪਾ ਦੇ ਐਲਾਨੇ ਟੀਚੇ ਪ੍ਰਾਪਤ ਨਾ ਕੀਤੇ ਜਾਣ ਦੇ ਜ਼ਖ਼ਮ ’ਤੇ ਮੱਲ੍ਹਮ ਦਾ ਕੰਮ ਜ਼ਰੂਰ ਕੀਤਾ ਪਰ ਇਸ ਦਾ ਇਹ ਭਾਵ ਨਹੀਂ ਕਿ ਮਹਾਰਾਸ਼ਟਰ-ਝਾਰਖੰਡ ਅਤੇ ਜ਼ਿਮਨੀ ਚੋਣਾਂ ’ਚ ਚੁਣੌਤੀਆਂ ਘਟਣਗੀਆਂ। ਭਾਵੇਂ ਹੀ ਹਰਿਆਣਾ ’ਚ ਕਾਂਗਰਸ ਕਮਜ਼ੋਰ ਹੋਵੇਗੀ ਅਤੇ ਸੰਭਵ ਹੈ ਕਿ ਗੱਠਜੋੜ ’ਚ ਚੁਣੌਤੀਆਂ ਵੀ ਵਧਣਗੀਆਂ ਪਰ ਸੰਗਠਨ ਨੂੰ ਲੈ ਕੇ ਅਤੇ ਗੱਠਜੋੜ ਕਿੰਨਾ ਸੁਚੇਤ ਰਹਿੰਦਾ ਹੈ, ਇਹੀ ਦੇਖਣ ਲਾਇਕ ਹੋਵੇਗਾ। ਇਸ ਦੀ ਸ਼ੁਰੂਆਤ ਹਰਿਆਣਾ ਤੋਂ ਕਰ ਕੇ ਸ਼ਾਇਦ ਕਾਂਗਰਸ ਕੋਈ ਵੱਡਾ ਸੁਨੇਹਾ ਦੇਵੇ?

ਭਾਵੇਂ ਹੀ ਨਤੀਜੇ ਹੈਰਾਨ ਕਰਨ ਵਾਲੇ ਅਖਵਾਉਣ ਪਰ ਅਸਲ ’ਚ ਅਜਿਹਾ ਨਹੀਂ ਹੈ। ਭਾਜਪਾ ਨੂੰ ਖੁਦ ਵੀ ਇੰਨੀ ਆਸ ਨਹੀਂ ਸੀ। ਇਹ ਤਾਂ ਨਤੀਜਿਆਂ ਤੋਂ ਬਾਅਦ ਭਾਜਪਾ ਨੇ ਮੌਕੇ ’ਤੇ ਚੌਕਾ ਮਾਰਿਆ ਅਤੇ ਮਾਈਕ੍ਰੋ ਮੈਨੇਜਮੈਂਟ ਨੂੰ ਸਿਹਰਾ ਦੇ ਕੇ ਦੇਸ਼ ਭਰ ਦੇ ਵਰਕਰਾਂ ’ਚ ਜੋਸ਼ ਭਰਦਿਆਂ ਮੋਦੀ ਮੈਜਿਕ ਨੂੰ ਰਿਫ੍ਰੈੱਸ਼ ਕਰ ਦਿੱਤਾ। ਉਤਸ਼ਾਹ ਦੇ ਲਿਹਾਜ਼ ਨਾਲ ਭਾਜਪਾ ਦਾ ਖੁਸ਼ ਹੋਣਾ ਜਾਇਜ਼ ਹੈ ਪਰ ਅੱਗੇ ਮਹਾਰਾਸ਼ਟਰ, ਝਾਰਖੰਡ ਸਮੇਤ 6 ਸੂਬਿਆਂ ਦੀਆਂ 28 ਸੀਟਾਂ ਜਿਨ੍ਹਾਂ ’ਚ ਉੱਤਰ ਪ੍ਰਦੇਸ਼ ਦੀਆਂ 10, ਰਾਜਸਥਾਨ ਦੀਆਂ 7, ਪੰਜਾਬ ਦੀਆਂ 4, ਬਿਹਾਰ ਦੀਆਂ 14, ਮੱਧ ਪ੍ਰਦੇਸ਼ ਦੀਆਂ 2, ਛੱਤੀਸਗੜ੍ਹ ਦੀ 1 ’ਤੇ ਜ਼ਿਮਨੀ ਚੋਣਾਂ ਹੋਣੀਆਂ ਹਨ।

ਇਸ ਪਿੱਛੋਂ ਨਵੇਂ ਸਾਲ ’ਚ ਦਿੱਲੀ, ਬਿਹਾਰ ਦੀਆਂ ਵਿਧਾਨ ਸਭਾ ਚੋਣਾਂ ਹੋਣਗੀਆਂ। ਜ਼ਿਆਦਾਤਰ ਇਲਾਕਾਈ ਪਾਰਟੀਆਂ ਦੀ ਆਪਣੀ ਤਾਕਤ ਹੈ। ਇਹੀ ਚੁਣੌਤੀ ‘ਇੰਡੀਆ’ ਗੱਠਜੋੜ ਅਤੇ ਐੱਨ. ਡੀ. ਏ. ਨੂੰ ਵੀ ਹੈ ਕਿਉਂਕਿ ਤਦ ਤਕ ਭਾਜਪਾ ’ਚ ਹਰਿਆਣਾ ਦੀ ਮੱਲ੍ਹਮ ਅਤੇ ਕਾਂਗਰਸ ’ਚ ਹਾਰ ਦੇ ਗਮ ਦਾ ਅਸਰ ਘੱਟ ਹੋ ਜਾਵੇਗਾ। ਯਕੀਨਣ ਦੇਸ਼ ਦੀ ਸਿਆਸਤ ਰੋਚਕ ਮੋੜ ’ਤੇ ਹੈ। ਲੈ-ਦੇ ਕੇ ਅਨੋਖਾ ਹਰਿਆਣਵੀ ਮਿਜਾਜ਼ ਦੇਸ਼ ’ਚ ਨਵੀਂ ਸਿਆਸੀ ਪ੍ਰਯੋਗਸ਼ਾਲਾ ਬਣ ਗਿਆ ਹੈ।

-ਰਿਤੂਪਰਣ ਦਵੇ


Tanu

Content Editor

Related News