ਗੁਰੂ ਨਾਨਕ ਦੇਵ ਯੂਨੀਵਰਸਿਟੀ : ਆਗ਼ਾਜ਼ ਤੋਂ ਤਤਕਾਲ ਤਕ
Sunday, Nov 24, 2019 - 01:47 AM (IST)

ਡਾ. ਦਲਜੀਤ ਸਿੰਘ ਖਹਿਰਾ
(50ਵੇਂ ਗੋਲਡਨ ਜੁਬਲੀ ਸਥਾਪਨਾ ਦਿਵਸ ’ਤੇ ਵਿਸ਼ੇਸ਼)
ਸ੍ਰੀ ਗੁੁਰੂ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ‘ਫੈਲੇ ਵਿੱਦਿਆ ਚਾਨਣ ਹੋਇ’ ਦੀ ਧਾਰਨਾ ਦੇ ਅੰਤਰਗਤ ਸਥਾਪਿਤ ਹੋਈ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਬੁਨਿਆਦ ਤੋਂ ਤਤਕਾਲ ਤਕ ਸਮੇਂ ਦੇ ਪ੍ਰਭਾਵਾਂ ਨੂੰ ਪਛਾਣਦੀ ਅਤੇ ਨਿਵਾਜਦੀ ਅੱਜ ਗੋਲਡਨ ਜੁਬਲੀ ਸਮਾਰੋਹਾਂ ਦੇ ਸਨਮੁੱਖ ਪੂਰਨ ਬਾਕਾਇਦਗੀ ਨਾਲ ਖੜ੍ਹੀ ਹੈ ਪਰ ਇਸ ਦੇ ਸਿਰਜੇ ਵਜ਼ਨਦਾਰ ਅਤੇ ਦਮਦਾਰ ਇਤਿਹਾਸ ਅੱਗੇ ਇਸ ਦੀ ਸਥਾਪਨਾ ਦੇ 50 ਸਾਲ ਵੀ ਬੌਣੇ ਪਏ ਮਹਿਸੂਸ ਹੁੰਦੇ ਹਨ। ਅਕਾਦਮਿਕ, ਸੱਭਿਆਚਾਰਕ ਅਤੇ ਖੇਡ ਖੇਤਰ ਵਿਚ ਇਸ ਦੀ ਉੱਭਰ ਰਹੀ ਜਾਹੋ-ਜਲਾਲਤਾ ਅਤੇ ਭਵਿੱਖਮੁਖੀ ਸਥਾਪਿਤ ਮਾਪਦੰਡਾਂ ਅਤੇ ਵਿਹਾਰਕ ਪ੍ਰਾਪਤੀਆਂ ਨੇ ਇਸ ਨੂੰ ਸੂਬੇ ਦੀਆਂ ਦੂਜੀਆਂ ਯੂਨੀਵਰਸਿਟੀਆਂ ਦੇ ਮੁਕਾਬਲੇ ਕਿਤੇ ਵੱਧ ਕੱਦਾਵਰ ਬਣਾ ਦਿੱਤਾ ਹੈ। ਸਬੰਧਤ ਯੂਨੀਵਰਸਿਟੀ ਨੇ ਜਿਥੇ ਗੁਰੂ ਸਾਹਿਬ ਦੇ ਕਲਿਆਣਕਾਰੀ ਸੰਦੇਸ਼ ਨੂੰ ਆਮ ਲੋਕਾਂ ਤਕ ਪਹੁੰਚਾਉਣ ਦੀ ਨਿਰੰਤਰ ਚਾਰਾਜੋਈ ਕੀਤੀ ਹੈ, ਉਥੇ ਆਰਟਸ ਤੋਂ ਲੈ ਕੇ ਆਧੁਨਿਕ ਵਿਗਿਆਨ, ਤਕਨਾਲੋਜੀ ਅਤੇ ਮੈਨੇਜਮੈਂਟ ਆਦਿ ਖੇਤਰਾਂ ਦੇ ਵਿਸਥਾਰ ਲਈ ਵਿਹਾਰਕ ਅਤੇ ਖੋਜ ਭਰਪੂਰ ਯਤਨ ਕੀਤੇ ਹਨ। ਵਿਭਿੰਨ ਨਾਮਜ਼ਦਗੀਆਂ ਨਾਲ ਲੈਸ ਯੂਨੀਵਰਿਸਟੀ ਨੂੰ ਮਾਣ ਹੈ ਕਿ ਗੋਲਡਨ ਜੁਬਲੀ ਸਮਾਰੋਹਾਂ ਸਮੇਂ ਇਸ ਦੀ ਅਗਵਾਈ ਡਾਕਟਰੀ ਅਤੇ ਖੋਜ ਖੇਤਰ ਦੀ ਵਿਸ਼ਿਸ਼ਟਤਾ ਹਾਸਿਲ ਉੱਘੇ ਸਿੱਖਿਆ ਸ਼ਾਸਤਰੀ ਮਾਣਯੋਗ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਕਰ ਰਹੇ ਹਨ।
ਅੱਜ ਮਨਾਏ ਜਾ ਰਹੇ ‘ਗੋਲਡਨ ਜੁਬਲੀ’ ਮੁੱਖ ਸਮਾਗਮ ’ਚ ਮਾਣਯੋਗ ਸ਼੍ਰੀ ਸ਼੍ਰੀ ਰਵੀਸ਼ੰਕਰ ਜੀ ਅਤੇ ਸ਼੍ਰੀ ਚਿਰੰਜੀਵ ਸਿੰਘ, ਸਾਬਕਾ ਰਾਜਦੂਤ, ਯੂਨੈਸਕੋ, ਪੈਰਿਸ ਦੁਆਰਾ ਕੀਤੇ ਜਾਣ ਵਾਲੇ ਵਿੱਦਿਅਕ ਭਾਸ਼ਣ ਸੋਨ-ਚਿਣਗ ਦੀ ਤਰ੍ਹਾਂ ਰੂਪਮਾਨ ਹੋਣਗੇ। ਯੂਨੀਵਰਸਿਟੀ ਨੇ ਸੁਨਹਿਰੀ ਕਾਲ ਦੀ ਪ੍ਰਵੇਸ਼ਗੀ ਤੋਂ ਪਹਿਲਾਂ ਅਕਾਦਮਿਕ, ਖੋਜ, ਖੇਡ ਅਤੇ ਸੱਭਿਆਚਾਰਕ ਖੇਤਰ ਵਿਚ ਪਾਏਦਾਰ ਹੁਨਰੀ-ਦਸਤਕਾਂ ਸਦਕਾ ਜਿਥੇ ਯੂ. ਜੀ. ਸੀ. ਤੋਂ ਪੋਟੈਂਸ਼ੀਅਲ ਆਫ ਐਕਸੀਲੈਂਸ ਦਾ ਦਰਜਾ ਹਾਸਿਲ ਕਰ ਕੇ ਨਿੱਜ ਨੂੰ ਸਨਮਾਨਿਆ ਹੈ, ਉਥੇ ਹੀ ਕੈਟਾਗਰੀ-1 ਸ਼੍ਰੇਣੀ ਵਿਚ ਜੁੜਨ ਦਾ ਮਾਣ ਵੀ ਹਾਸਿਲ ਕੀਤਾ ਹੈ। ਇਥੇ ਹੀ ਬਸ ਨਹੀਂ, ਯੂਨੀਵਰਸਿਟੀ ਨੇ ਇਲਾਹੀ ਫੁਰਮਾਨ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’ ਦੀ ਪੈਰਵੀ ਅਤੇ ਤਤਕਾਲੀ ਪ੍ਰਸੰਗਾਂ ਦੀ ਅਹਿਸਾਸਗੀ ’ਚ 13 ਇਮਾਰਤਾਂ ਉੱਤੇ ਸੋਲਰ ਊਰਜਾ-ਪਲਾਂਟ ਸਥਾਪਿਤ ਕਰ ਕੇ, ਬਾਹਰੀ ਵਾਹਨਾਂ ਦੀ ਆਮਦ ਘਟਾਉਂਦਿਆਂ ਚਾਰਦੀਵਾਰੀ ਅੰਦਰ ਸਾਈਕਲਿੰਗ ਨੂੰ ਉਤਸ਼ਾਹਿਤ ਕਰ ਕੇ ਅਨੇਕਾਂ ਬਹੁਭਾਂਤੀ ਪੌਦੇ ਲਾ ਕੇ, ਜਾਗ੍ਰਿਤੀ ਚੇਤਨਾ ਤਹਿਤ ਅਨੇਕਾਂ ਤਰ੍ਹਾਂ ਦੇ ਕੈਂਪ ਲਾ ਕੇ ਅਤੇ ਫਲਾਵਰ ਪ੍ਰਦਰਸ਼ਨ ਆਦਿ ਦਾ ਪ੍ਰਬੰਧ ਕਰ ਕੇ ਜ਼ੀਰੋ ਡਿਸਚਾਰਜ ਕੈਂਪਸ ਦਾ ਨਿਰਮਾਣ ਕਰਦਿਆਂ ਵਸੀਹੀ ਪ੍ਰਾਪਤੀਆਂ ਕੀਤੀਆਂ ਹਨ। ਯੂਨੀਵਰਸਿਟੀ ਦੇ ਅਕਾਦਮਿਕ ਸਟਾਫ ਕਾਲਜ ਨੂੰ ਪੂਰੇ ਭਾਰਤ ’ਚੋਂ 12ਵਾਂ ਸਥਾਨ ਪ੍ਰਾਪਤ ਹੋਣ ਦਾ ਮਾਣ ਹਾਸਿਲ ਹੈ।
ਯੂਨੀਵਰਸਿਟੀ ਨੇ ਖੋਜ ਖੇਤਰ ’ਚ ਅੰਤਰਰਾਸ਼ਟਰੀ Peer-Reviewed ਖੋਜ ਜਰਨਲਾਂ ’ਚ ਆਪਣੇ ਖੋਜ ਪੱਤਰ ਛਪਵਾ ਕੇ ਨਿੱਜੀ h-index 98 ਕਰ ਲਿਆ ਹੈ। ਇੰਡੀਆ ਟੂਡੇ ਦੇ ਇਕ ਸਰਵੇਖਣ ਮੁਤਾਬਿਕ ਗੁਰੂ ਨਾਨਕ ਦੇਵ ਯੂਨੀਵਰਿਸਟੀ ਸਭ ਤੋਂ ਵੱਧ ਪੇਟੈਂਟ ਆਪਣੇ ਨਾਂ ਕਰਵਾਉਣ ਵਾਲੀ ਦੂਜੀ ਯੂਨੀਵਰਸਿਟੀ ਹੈ। 2018 ’ਚ ਯੂਨੀਵਰਸਿਟੀ ਨੇ 9 ਪੇਟੈਂਟ ਆਪਣੇ ਨਾਂ ਦਰਜ ਕਰਵਾ ਕੇ ਇਹ ਮਾਣ ਹਾਾਸਿਲ ਕੀਤਾ।
ਵੱਖ-ਵੱਖ ਵਿਭਾਗਾਂ ਅਤੇ ਕਾਲਜਾਂ ’ਚ ਤਕਰੀਬਨ 20,000 ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਵਾਲੀ ਇਹ ਯੂਨੀਵਰਸਿਟੀ ਇਲਾਕੇ ਦੀ ਪਹਿਲੀ ਅਜਿਹੀ ਯੂਨੀਵਰਸਿਟੀ ਹੈ, ਜਿਸ ਨੇ ਆਨਲਾਈਨ ਦਾਖਲੇ, ਸਟੇਟ ਪੱਧਰੀ ਦਾਖਲੇ ਦੀ ਆਨਲਾਈਨ ਕਾਊਂਸਲਿੰਗ ਅਤੇ ਕ੍ਰੈਡਿਟ ਆਧਾਰਿਤ ਮੁਲਾਂਕਣ ਸਿਸਟਮ ਚਾਲੂ ਕਰ ਕੇ ਸਮੇਂ ਦੀ ਨਬਜ਼ ਨੂੰ ਪਛਾਣਿਆ ਹੈ।
ਅੰਤਰਰਾਸ਼ਟਰੀ ਪੱਧਰ ’ਤੇ ਵਿੱਦਿਅਕ ਸਾਂਝ ਸਥਾਪਿਤ ਕਰਨ ਲਈ ਯੂਨੀਵਰਸਿਟੀ ਨੇ ਯੂ. ਐੱਸ. ਏ., ਜਾਪਾਨ ਅਤੇ ਯੂ. ਕੇ. ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨਾਲ ਤਾਲਮੇਲ ਸਥਾਪਿਤ ਕੀਤਾ ਹੈ। ਰਾਸ਼ਟਰੀ ਪੱਧਰ ’ਤੇ 27 ਨਾਮਜ਼ਦ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਨਾਲ ਸਾਂਝ ਸਥਾਪਿਤ ਕਰਦਿਆਂ ਆਪਣੇ ਘੇਰੇ ਨੂੰ ਵਧੇਰੇ ਵਿਸਤਾਰ ਪ੍ਰਦਾਨ ਕੀਤਾ ਹੈ। ਚਾਲੂ ਸੈਸ਼ਨ ਦੌਰਾਨ ਖੇਤੀ ਵਿਭਾਗ, ਮਾਸ ਕਮਿਊਨੀਕੇਸ਼ਨ ਵਿਭਾਗ, ਟੂਰਿਜ਼ਮ ਅਤੇ ਹਾਸਪਿਟੈਲਿਟੀ ਅਤੇ ਫਿਜ਼ੀਓਥੈਰੇਪੀ ਨਾਲ ਸਬੰਧਤ ਚਾਰ ਨਵੇਂ ਵਿਭਾਗ ਅਤੇ ਆਧੁਨਿਕ ਪ੍ਰਸੰਗ ’ਚ 8 ਨਵੇਂ ਕੋਰਸ ਸ਼ੁਰੂ ਕੀਤੇ ਹਨ ਅਤੇ ਡਿਸਟੈਂਸ ਐਜੂਕੇਸ਼ਨ, ਆਨਲਾਈਨ ਐਜੂਕੇਸ਼ਨ ਅਤੇ ਈਵਨਿੰਗ ਸਟੱਡੀਜ਼ ਦੇ 3 ਡਾਇਰੈਕਟੋਰੇਟ ਹੋਂਦ ’ਚ ਲਿਆਂਦੇ ਹਨ।
ਖੇਡ ਖੇਤਰ ਵਿਚ ਜਿਥੇ ਯੂਨੀਵਰਸਿਟੀ ਨੇ 610 ਵਾਰ ਯੂਨੀਵਰਸਿਟੀ, 1400 ਵਾਰ ਰਾਸ਼ਟਰੀ, 17 ਵਾਰ ਅੰਤਰਰਾਸ਼ਟਰੀ ਪੱਧਰ ਦੇ ਮੈਡਲ ਅਤੇ ਐਵਾਰਡ ਹਾਸਿਲ ਕੀਤੇ, ਉਥੇ ਹੀ 23ਵੀਂ ਵਾਰ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤ ਕੇ ਗੋਲਡਨ ਜੁਬਲੀ ਸਮਾਰੋਹਾਂ ਦੀ ਸ਼ਾਨ ਨੂੰ ਹੋਰ ਬੁਲੰਦ ਕੀਤਾ ਹੈ। ਅੰਤਰ-ਯੂਨੀਵਰਸਿਟੀ ਜੂਡੋ ਚੈਂਪੀਅਨਸ਼ਿਪ 2018-19 ਪ੍ਰਾਪਤ ਕਰਨਾ ਵੀ ਖੇਡ ਖੇਤਰ ਦਾ ਵਿਸ਼ੇਸ਼ ਪੰਨਾ ਹੈ।
ਯੁਵਕ ਮੇਲਿਆਂ ਦੇ ਪਰਿਪੇਖ ਵਿਚ ਯੂਨੀਵਰਸਿਟੀ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਕਲਚਰਲ ਚੈਂਪੀਅਨਸ਼ਿਪ ਦੀ ਵਿਜੇਤਾ ਰਹਿਣ ਦੇ ਨਾਲ-ਨਾਲ 34ਵੇਂ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਯੂਥ ਫੈਸਟੀਵਲ ’ਚੋਂ ਰਨਰਅੱਪ ਰਹਿਣ ਦਾ ਮਾਣ ਵੀ ਲੈ ਚੁੱਕੀ ਹੈ।
1969 ’ਚ ਅੰਮ੍ਰਿਤਸਰ ਦੀ ਪੱਛਮੀ ਕੁੁੱਖ ਵਿਚ ਸਵੈ-ਹੋਂਦ ਨਾਲ ਸ਼ੁਰੂ ਹੋਈ ਯੂਨੀਵਰਸਿਟੀ ਅੱਜ 40 ਅਕਾਦਮਿਕ ਵਿਭਾਗਾਂ, 4 ਰਿਜਨਲ ਸੈਂਟਰਾਂ, 15 ਕਾਂਸਟੀਚੂਐਂਟ ਕਾਲਜਾਂ, 148 ਐਫੀਲਿਏਟਿਡ ਅਤੇ 71 ਐਸੋਸੀਏਟਿਡ ਕਾਲਜਾਂ ਨਾਲ ਲੈਸ ਹੋ ਕੇ ਨਿੱਤ-ਨਵੇਂ ਦਿਸਹੱਦੇ ਸਥਾਪਿਤ ਕਰ ਰਹੀ ਹੈ।