ਹਰ ਵਰਗ ’ਚ ਵਧਦਾ ਮਾਨਸਿਕ ਡਿਪ੍ਰੈਸ਼ਨ ਖਿੱਚ ਰਿਹਾ ਹੈ ਚਿੰਤਾ ਦੀ ਲਕੀਰ

12/16/2021 3:56:08 AM

ਸੋਨਮ ਲਵਵੰਸ਼ੀ
ਮੌਜੂਦਾ ਦੌਰ ਦੀ ਜੇਕਰ ਕੋਈ ਸਭ ਤੋਂ ਵੱਡੀ ਚੁਣੌਤੀ ਕਿਸੇ ਵੀ ਦੇਸ਼ ਦੇ ਸਾਹਮਣੇ ਹੈ ਤਾਂ ਉਹ ਬਿਨਾਂ ਸ਼ੱਕ ਮਾਨਸਿਕ ਡਿਪ੍ਰੈਸ਼ਨ ਹੀ ਹੈ। ਇਸ ਬੀਮਾਰੀ ਕਾਰਨ ਅੱਜਕਲ ਹਰ ਉਮਰ ਵਰਗ ਦੇ ਲੋਕ ਪੀੜਤ ਹਨ ਪਰ ਭਾਰਤ ’ਚ ਇਸ ਨੂੰ ਸਾਧਾਰਨ ਸਮਝ ਕੇ ਹੀ ਅੱਗੇ ਵਧਿਆ ਜਾਂਦਾ ਹੈ ਜੋ ਸਭ ਤੋਂ ਵੱਡੀ ਮੰਦਭਾਗੀ ਗੱਲ ਹੈ। ‘ਦਿ ਸਟੇਟ ਆਫ ਦਿ ਵਰਲਡ ਚਿਲਡਰਨ-2021 ਆਨ ਮਾਈ ਮਾਈਂਡ’ ਮੁਤਾਬਕ ਭਾਰਤ ’ਚ 15 ਤੋਂ 24 ਸਾਲ ਦੇ 41 ਫੀਸਦੀ ਬੱਚਿਆਂ ਅਤੇ ਅੱਲ੍ਹੜਾਂ ਨੇ ਮਾਨਸਿਕ ਬੀਮਾਰੀ ਲਈ ਮਦਦ ਲੈਣ ਦੀ ਗੱਲ ਕਹੀ ਹੈ। ਹੁਣ ਤੁਸੀਂ ਸੋਚ ਸਕਦੇ ਹੋ ਕਿ ਮਾਨਸਿਕ ਡਿਪ੍ਰੈਸ਼ਨ ਕਿਸ ਪੱਧਰ ’ਤੇ ਅਤੇ ਕਿਥੇ-ਕਿਥੇ ਪਹੁੰਚ ਰਿਹਾ ਹੈ।

ਇਹ ਰਿਪੋਰਟ 21 ਦੇਸ਼ਾਂ ਦੇ ਲਗਭਗ 20 ਹਜ਼ਾਰ ਬੱਚਿਆਂ ’ਤੇ ਹੋਏ ਇਸ ਸਰਵੇਖਣ ਤੋਂ ਬਾਅਦ ਨਿਕਲ ਕੇ ਆਈ ਹੈ। ਜਿਸ ’ਚ ਲਗਭਗ 83 ਫੀਸਦੀ ਬੱਚੇ ਇਸ ਗੱਲ ਨੂੰ ਲੈ ਕੇ ਜਾਗਰੂਕ ਦਿਖੇ ਕਿ ਮਾਨਸਿਕ ਪ੍ਰੇਸ਼ਾਨੀਆਂ ਦੇ ਲਈ ਕਿਸੇ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ।

ਇਹ ਗੱਲ ਦੱਸਣਯੋਗ ਹੈ ਕਿ ਅੱਜ ਹਰ ਵਰਗ ਦੇ ਲੋਕ ਇਸ ਭਿਆਨਕ ਬੀਮਾਰੀ ਤੋਂ ਪੀੜਤ ਹੋ ਰਹੇ ਹਨ। ਪਲ-ਪਲ ਵਧਦੀ ਟੈਨਸ਼ਨ ਨਾ ਸਿਰਫ ਮਾਨਸਿਕ ਸਿਹਤ ’ਤੇ ਅਸਰ ਪਾ ਰਹੀ ਹੈ ਸਗੋਂ ਇਹ ਸਾਡੇ ਜੀਵਨ ਲਈ ਵੀ ਸੰਕਟ ਪੈਦਾ ਕਰ ਰਹੀ ਹੈ। ਅਕਸਰ ਹੀ ਲੱਖਾਂ ਲੋਕ ਮਾਨਸਿਕ ਡਿਪ੍ਰੈਸ਼ਨ ਕਾਰਨ ਆਤਮਹੱਤਿਆ ਕਰ ਲੈਂਦੇ ਹਨ ਪਰ ਅਫਸੋਸ ਇਸ ਗੱਲ ਦਾ ਹੈ ਕਿ ਇਸ ਗੰਭੀਰ ਬੀਮਾਰੀ ਪ੍ਰਤੀ ਅਸੀਂ ਚੌਕਸ ਨਹੀਂ ਹੋ ਰਹੇ।

ਇਹੀ ਗੱਲ ਜੇ ਔਰਤਾਂ ਦੀ ਕਰੀਏ ਤਾਂ ਸਮਾਜ ’ਚ ਸਭ ਤੋਂ ਵੱਧ ਮਾਨਸਿਕ ਡਿਪ੍ਰੈਸ਼ਨ ਦਾ ਸ਼ਿਕਾਰ ਔਰਤਾਂ ਹੀ ਹਨ। ਇਸ ਦੇ ਕੁਝ ਕਾਰਨ ਵੀ ਹਨ। ਉਹ ਵੀ ਖਾਸ ਤੌਰ ’ਤੇ ਔਰਤਾਂ ਦਾ ਭਾਵਨਾਤਮਕ ਪੱਖੋਂ ਸ਼ੋਸ਼ਣ ਕੀਤਾ ਜਾਣਾ ਹੈ। ਅੱਜ ਔਰਤਾਂ ਬੇਸ਼ੱਕ ਦੇਸ਼ ਦੀ ਅੱਧੀ ਆਬਾਦੀ ਦੀ ਪ੍ਰਤੀਨਿਧਤਾ ਕਰ ਰਹੀਆਂ ਹਨ ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਵੀ ਸਮਾਜ ’ਚ ਔਰਤਾਂ ਦਾ ਸ਼ੋਸ਼ਣ ਹੋ ਰਿਹਾ ਹੈ। ਪਿਤਾ ਪੱਖੀ ਸਮਾਜ ਅੱਜ ਵੀ ਔਰਤਾਂ ਨਾਲ ਦੂਜੇ ਦਰਜੇ ਦਾ ਰਵੱਈਆ ਅਪਣਾ ਰਿਹਾ ਹੈ। ਅੱਜ ਵੀ ਸਮਾਜ ’ਚ ਮਰਦ ਵਰਗ ਔਰਤਾਂ ਦੇ ਜੀਵਨ ’ਤੇ ਮਲਕੀਅਤ ਹਾਸਲ ਕਰਨ ਦਾ ਯਤਨ ਕਰ ਰਿਹਾ ਹੈ।

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਇਕ ਵਾਰ ਕਿਹਾ ਸੀ ਕਿ ਭਾਰਤ ਇਕ ਸੰਭਾਵਿਤ ਮਾਨਸਿਕ ਸਿਹਤ ਦੀ ਮਹਾਮਾਰੀ ਦਾ ਸਾਹਮਣਾ ਕਰ ਰਿਹਾ ਹੈ। ਅਜਿਹੀ ਸਥਿਤੀ ’ਚ ਇਹ ਕੋਈ ਅਤਿ-ਕਥਨੀ ਨਹੀਂ ਹੈ। ਰਾਸ਼ਟਰਪਤੀ ਦੀ ਗੱਲ 16 ਆਨੇ ਸੱਚ ਹੈ। ਅੱਜ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਵੀ ਇਸ ਡਿਪ੍ਰੈਸ਼ਨ ਦਾ ਸ਼ਿਕਾਰ ਹੈ। ਹਰ ਰੋਜ਼ ਮਾਨਸਿਕ ਡਿਪ੍ਰੈਸ਼ਨ ਕਾਰਨ ਨੌਜਵਾਨ ਆਪਣੀ ਜਾਨ ਤਕ ਲੈ ਲੈਂਦੇ ਹਨ ਪਰ ਅਫਸੋਸ ਇਹ ਹੈ ਕਿ ਇਸ ਬੀਮਾਰੀ ਪ੍ਰਤੀ ਨਾ ਤਾਂ ਸਾਡੀ ਸਰਕਾਰ ਗੰਭੀਰ ਹੈ ਅਤੇ ਨਾ ਹੀ ਸਮਾਜ। ਵਿਸ਼ਵ ਸਿਹਤ ਸੰਗਠਨ ਦੀ ਮੰਨੀਏ ਤਾਂ ਲਗਭਗ ਹਰ ਉਮਰ ਦੇ 28 ਕਰੋੜ ਤੋਂ ਵੀ ਵੱਧ ਲੋਕ ਮਾਨਸਿਕ ਡਿਪ੍ਰੈਸ਼ਨ ਦਾ ਸ਼ਿਕਾਰ ਹਨ।

ਇੰਨਾ ਹੀ ਨਹੀਂ ਅਸੀਂ ਤਾਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਆਮ ਬੋਲਚਾਲ ਦੀ ਭਾਸ਼ਾ ’ਚ ਚਿੰਤਾ ਨੂੰ ਚਿਤਾ ਬਰਾਬਰ ਮੰਨਿਆ ਗਿਆ ਹੈ। ਫਿਰ ਵੀ ਅਜੇ ਤਕ ਮਾਨਸਿਕ ਡਿਪ੍ਰੈਸ਼ਨ ਨੂੰ ਲੈ ਕੇ ਕੋਈ ਵੀ ਗੰਭੀਰਤਾ ਕਿਸੇ ਵੀ ਪੱਧਰ ’ਤੇ ਦੇਖਣ ਨੂੰ ਨਹੀਂ ਮਿਲਦੀ। ਸਮੇਂ-ਸਮੇਂ ’ਤੇ ਵੱਖ-ਵੱਖ ਸੰਸਥਾਵਾਂ ਵਲੋਂ ਜਾਰੀ ਰਿਪੋਰਟ ਵੀ ਇਹ ਦੱਸਣ ਲਈ ਕਾਫੀ ਹੈ ਕਿ ਕਿਸ ਗੰਭੀਰ ਬੀਮਾਰੀ ਪ੍ਰਤੀ ਅਸੀਂ ਅਜੇ ਵੀ ਜਾਗਰੂਕ ਨਹੀਂ ਹੋ ਰਹੇ। ਸਾਡਾ ਦੇਸ਼ ਮਾਨਸਿਕ ਡਿਪ੍ਰੈਸ਼ਨ ਦੇ ਮਰੀਜ਼ਾਂ ਦੀ ਸ਼੍ਰੇਣੀ ’ਚ ਅਗਾਂਹਵਧੂ ਦੇਸ਼ਾਂ ’ਚ ਸ਼ਾਮਲ ਹੈ। ਅਸੀਂ ਇਸ ਗੰਭੀਰ ਵਿਸ਼ੇ ਨੂੰ ਨਜ਼ਰਅੰਦਾਜ਼ ਕਰਦੇ ਆ ਰਹੇ ਹਾਂ। ਡਿਪ੍ਰੈਸ਼ਨ ਨੂੰ ਅਸੀਂ ਆਮ ਮਾਨਸਿਕ ਬੀਮਾਰੀ ਵਜੋਂ ਵੇਖਦੇ ਹਾਂ। ਇਹੀ ਕਾਰਨ ਹੈ ਕਿ ਦੇਸ਼ ’ਚ 45.7 ਮਿਲੀਅਨ ਲੋਕ ਇਸ ਦਾ ਸ਼ਿਕਾਰ ਹਨ। ਸਮਾਜਿਕ ਆਬਾਦੀ ਬਾਰੇ ਸੂਚਕ ਅੰਕ (ਐੱਸ.ਡੀ.ਆਈ.) ਸੂਬਾਈ ਗਰੁੱਪ ’ਚ ਤਮਿਲਨਾਡੂ, ਕੇਰਲ, ਗੋਆ ਅਤੇ ਤੇਲੰਗਾਨਾ ਡਿਪ੍ਰੈਸ਼ਨ ਪੀੜਤ ਸੂਬਿਆਂ ’ਚ ਸਭ ਤੋਂ ਅੱਗੇ ਹਨ। ਇਹੀ ਉਹ ਸੂਬੇ ਹਨ ਜੋ ਕਿਤੇ ਨਾ ਕਿਤੇ ਸਿੱਖਿਆ ਦੇ ਮਾਮਲੇ ’ਚ ਦੇਸ਼ ’ਚ ਬਿਹਤਰ ਹਨ। ਇਸ ਲਈ ਅਸੀਂ ਇਹ ਸਮਝ ਸਕਦੇ ਹਾਂ ਕਿ ਪੜ੍ਹਿਆ-ਲਿਖਿਆ ਹੋਣਾ ਵੀ ਇਸ ਤੋਂ ਬਚਣ ਦਾ ਆਧਾਰ ਨਹੀਂ ਹੈ।

ਓਧਰ ਮਰਦਾਂ ਦੇ ਮੁਕਾਬਲੇ ਔਰਤਾਂ ’ਚ ਡਿਪ੍ਰੈਸ਼ਨ ਦੀ ਸੰਭਾਵਨਾ 3.9 ਫੀਸਦੀ ਵਧ ਰਹਿੰਦੀ ਹੈ। ਕੋਵਿਡ ਮਹਾਮਾਰੀ ’ਚ ਮਾਨਸਿਕ ਸਿਹਤ ਦੀ ਸਮੱਸਿਆ ਹੋਰ ਵੀ ਕਈ ਗੁਣਾ ਵਧ ਗਈ ਹੈ। ਇਸ ਦੇ ਬਾਵਜੂਦ ਸਾਡੀ ਸਿਹਤ ਵਿਵਸਥਾ ’ਚ ਮਾਨਸਿਕ ਡਿਪ੍ਰੈਸ਼ਨ ਨੂੰ ਲੈ ਕੇ ਕੋਈ ਵਿਵਸਥਾ ਨਹੀਂ ਕੀਤੀ ਗਈ। ਸਾਡੇ ਦੇਸ਼ ਦੇ ਸੰਵਿਧਾਨ ਦਾ ਆਰਟੀਕਲ ਇਕਸਾਰ ਜ਼ਿੰਦਗੀ ਬਿਤਾਉਣ ਦੀ ਆਜ਼ਾਦੀ ਪ੍ਰਦਾਨ ਕਰਦਾ ਹੈ। ਸਿਹਤ ਦੇ ਖੇਤਰ ’ਚ ਮੰਦਹਾਲੀ ਜ਼ਿੰਦਗੀ ਜਿਊਣ ਦੇ ਅਧਿਕਾਰ ’ਚ ਵਿਘਨ ਪਾ ਰਹੀ ਹੈ। ਸਿਹਤ ਪ੍ਰਤੀ ਸਰਕਾਰ ਦੀ ਬੇਰੁਖੀ ਇਹ ਦੱਸਣ ਲਈ ਕਾਫੀ ਹੈ ਕਿ ਅਸੀਂ ਸਿਹਤ ਵਰਗੀ ਮੂਲ ਲੋੜ ਨੂੰ ਇਸ ਹੱਦ ਤਕ ਨਜ਼ਰਅੰਦਾਜ਼ ਕਰ ਰਹੇ ਹਾਂ।

ਅਜਿਹੀ ਸਥਿਤੀ ’ਚ ਸਿਹਤ ਦਾ ਮੁੱਦਾ ਨਾ ਸਾਡੀ ਸਰਕਾਰ ਲਈ ਪਹਿਲ ਦਾ ਵਿਸ਼ਾ ਹੈ ਅਤੇ ਨਾ ਹੀ ਸਾਡਾ ਸਮਾਜ ਇਸ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਇਕ ਬੀਮਾਰ ਦੇਸ਼ ਬਣਦਾ ਜਾ ਰਿਹਾ ਹੈ। ਅਜਿਹੇ ਹਾਲਾਤ ’ਚ ਸਥਿਤੀ ਭਿਆਨਕ ਹੁੰਦੀ ਨਜ਼ਰ ਆ ਰਹੀ ਹੈ। ਸਾਡਾ ਦੇਸ਼ ਜਿੰਨੀ ਜਲਦੀ ਸਮਝ ਕੇ ਇਸ ਨੂੰ ਅੱਗੇ ਵਧਣ ਤੋਂ ਰੋਕੇਗਾ, ਓਨਾ ਹੀ ਚੰਗਾ ਹੋਵੇਗਾ।


Bharat Thapa

Content Editor

Related News