ਖੁਸ਼ਹਾਲੀ ਲਈ ਕਿਸਾਨ ਨੂੰ ਉੱਦਮੀ ਬਣਨਾ ਹੋਵੇਗਾ

4/16/2021 3:53:18 AM

ਜੈਪ੍ਰਕਾਸ਼ ਦਲਾਲ
ਖੇਤ ਤੋਂ ਖਾਣੇ ਦੀ ਥਾਲੀ ਤੱਕ ਇਕ ਕਿਸਾਨ ਅਤੇ ਆਖਰੀ ਖਪਤਕਾਰ ਦਰਮਿਆਨ ਖਾਦ, ਬੀਜ, ਕੀਟਨਾਸ਼ਕ, ਖੇਤੀ ਯੰਤਰ ਕੰਪਨੀਆਂ ਸਮੇਤ ਪ੍ਰੋਸੈੱਸਰ, ਪੈਕੇਜਿੰਗ, ਟਰਾਂਸਪੋਰਟਰਸ, ਹੋਲਸੇਲਰਜ਼, ਰਿਟੇਲਰਜ਼ ਅਤੇ ਰੇਹੜੀ-ਫੜ੍ਹੀ ਵਾਲੇ ਮਿਲਾ ਕੇ ਕਰੋੜਾਂ ਉੱਦਮੀ ਅੱਗੇ ਵਧ ਰਹੇ ਹਨ ਪਰ ਧਰਤੀ ਪੁੱਤਰ ਕਿਸਾਨ ਅੱਗੇ ਕਿਉਂ ਨਹੀਂ ਵਧ ਸਕਦਾ। ਉਪਜ ਦੇ ਬਦਲੇ ’ਚ ਕਿਸਾਨ ਨੂੰ ਲਾਗਤ ’ਤੇ ਕੁਝ ਕਮਾਈ ਹੁੰਦੀ ਹੈ ਪਰ ਪ੍ਰੋਸੈਸਿੰਗ ਕੰਪਨੀਆਂ ਅਤੇ ਡੀਲਰਜ਼ ਆਖਿਰ ਖਪਤਕਾਰ ਨੂੰ ਵੇਚ ਵੱਧ ਮੁਨਾਫੇ ’ਚ ਹਨ।

ਆਲੂ, ਟਮਾਟਰ, ਮੱਕਾ ਤੋਂ ਕਿਸਾਨ ਨੂੰ ਲਾਗਤ ’ਤੇ 30 ਫੀਸਦੀ ਤੱਕ ਕਮਾਈ ਹੋ ਸਕਦੀ ਹੈ ਜਦਕਿ ਇਨ੍ਹਾਂ ਉਪਜਾਂ ਦੀ ਚਿਪਸ, ਚਟਨੀ ਅਤੇ ਪਾਪਕਾਰਨ ਦੇ ਰੂਪ ’ਚ ਪ੍ਰੋਸੈਸਿੰਗ ਕਰਨ ਵਾਲੇ ਉੱਦਮੀਆਂ ਨੂੰ ਮੁਨਾਫਾ 300 ਫੀਸਦੀ ਤੱਕ ਹੈ। ਕਿਸਾਨਾਂ ਕੋਲੋਂ 10 ਰੁਪਏ ਕਿਲੋ ਖਰੀਦਿਆ ਗਿਆ ਆਲੂ ਚਿਪਸ ਬਣ ਕੇ ਆਖਰੀ ਖਪਤਕਾਰ ਤੱਕ 300 ਰੁਪਏ ਕਿਲੋ ਵਿਕ ਰਿਹਾ ਹੈ।

ਉਤਪਾਦਕ (ਕਿਸਾਨ) ਅਤੇ ਖਪਤਕਾਰ ਦਰਮਿਆਨ ਦੀ ਖਾਈ ’ਚ ਜੋ ਮੁਨਾਫਾ ਵਿਚੋਲੇ ਉੱਦਮੀ ਲੈ ਰਹੇ ਹਨ, ਉਹ ਕਿਸਾਨ ਵੀ ਕਮਾ ਸਕਦਾ ਹੈ ਜੇਕਰ ਉਹ ਖੁਦ ਨੂੰ ਪ੍ਰੋਸੈਸਿੰਗ, ਪੈਕੇਜਿੰਗ ਅਤੇ ਮਾਰਕੀਟਿੰਗ ਲਈ ਵੀ ਤਿਆਰ ਕਰ ਲਵੇ। ਅਜਿਹਾ ਕਰ ਕੇ ਕਈ ਨੌਜਵਾਨ ਪ੍ਰਗਤੀਸ਼ੀਲ ਕਿਸਾਨਾਂ ਨੇ ਮਿਸਾਲ ਕਾਇਮ ਕੀਤੀ ਹੈ। ਤਾਜ਼ਾ ਮਿਸਾਲ ਹਰਿਆਣਾ ਦੇ ਯਮੁਨਾਨਗਰ ਦੇ ਸ਼ਹਿਦ ਉਤਪਾਦਕ ਕਿਸਾਨਾਂ ਦੀ ਹੈ।

ਮੈਂ ਵੀ ਇਕ ਕਿਸਾਨ ਹਾਂ, ਵੱਡੇ ਪੱਧਰ ’ਤੇ ਉੱਨਤ ਖੇਤੀ ਉੱਦਮਸ਼ੀਲਤਾ ਨਾਲ ਕਰ ਰਿਹਾ ਹਾਂ। ਆਪਣੇ ਤਜਰਬੇ ਦੇ ਆਧਾਰ ’ਤੇ ਕਿਸਾਨ ਭਰਾਵਾਂ ਨੂੰ ਸਲਾਹ ਹੈ ਕਿ ਆਮਦਨ ਵਧਾਉਣ ਲਈ ਉਨ੍ਹਾਂ ਨੂੰ ਉੱਦਮਸ਼ੀਲਤਾ ਵੱਲ ਵਧਣਾ ਹੀ ਹੋਵੇਗਾ। ਸਮਾਂ ਆ ਗਿਆ ਹੈ ਜਦੋਂ ਕਿਸਾਨ ਉੱਦਮੀ ਬਣ ਕੇ ਆਪਣੀ ਆਮਦਨ ਵਧਾਉਣ। ਕਿਸਾਨ ਦੀ ਉਪਜ ’ਤੇ ਫੈਲੇ ਕਾਰੋਬਾਰ ਤੋਂ ਜਦੋਂ ਸੈਂਕੜੇ ਉੱਦਮੀ ਕਾਫੀ ਮੁਨਾਫਾ ਕਮਾ ਰਹੇ ਹਨ ਤਾਂ ਕਿਸਾਨ ਵੀ ਰਵਾਇਤੀ ਖੇਤੀ ਤੋਂ ਅੱਗੇ ਵਧ ਕੇ ਉੱਦਮੀ ਬਣਨ ਦੀ ਸੋਚੇ।

ਉੱਦਮੀ ਕਿਸਾਨਾਂ ਨੂੰ ਆਸਾਨੀ ਨਾਲ ਬੈਂਕਾਂ ਤੋਂ ਕਰਜ਼ ਦਾ ਮਸਲਾ ਮੈਂ ਸੂਬਾ ਪੱਧਰੀ ਬੈਂਕਰਸ ਕਮੇਟੀ ਦੀ ਮੀਟਿੰਗ ’ਚ ਉਠਾਉਂਦਾ ਰਹਿੰਦਾ ਹਾਂ। ਹਰਿਆਣਾ ਸਰਕਾਰ ਖੇਤੀਬਾੜੀ ਉਤਪਾਦਾਂ ’ਤੇ ਆਧਾਰਿਤ ਦਿਹਾਤੀ ਇਲਾਕਿਆਂ ’ਚ ਗੋਦਾਮ, ਫੂਡ ਪ੍ਰੋਸੈਸਿੰਗ ਅਤੇ ਪੈਕੇਜਿੰਗ ਵਰਗੇ ਉੱਦਮਾਂ ਨੂੰ ਵਿਕਸਿਤ ਕਰਨ ’ਤੇ ਜ਼ੋਰ ਦੇ ਰਹੀ ਹੈ। ਫੂਡ ਪ੍ਰੋਸੈਸਿੰਗ ਦੇ ਟ੍ਰੇਨਿੰਗ ਸੈਂਟਰ ਕੁਰੂਕਸ਼ੇਤਰ, ਜੀਂਦ ਅਤੇ ਸਿਰਸਾ ’ਚ ਸਥਾਪਿਤ ਕੀਤੇ ਗਏ ਹਨ।

ਆਮਦਨ ਵਧਾਉਣ ਲਈ ਕਿਸਾਨਾਂ ਨੂੰ ਵੀ ਉੱਦਮੀ ਬਣ ਕੇ ਅੱਗੇ ਵਧਣ ਦੀ ਸੋਚ ਸਾਕਾਰ ਕਰਨੀ ਹੋਵੇਗੀ, ਤਦ ਹੀ ਆਮਦਨ ’ਚ ਵਾਧਾ ਹੋਵੇਗਾ। ਪੰਜਾਬ ਅਤੇ ਹਰਿਆਣਾ ਦੇ 75 ਫੀਸਦੀ ਕਿਸਾਨਾਂ ਦੇ ਕੋਲ ਪੰਜ ਏਕੜ ਤੋਂ ਘੱਟ ਜ਼ਮੀਨ ਹੈ ਅਤੇ ਉਨ੍ਹਾਂ ’ਚੋਂ ਵੀ 70 ਫੀਸਦੀ ਤੋਂ ਵੱਧ ਕਿਸਾਨ ਕਣਕ ਅਤੇ ਝੋਨੇ ਦੇ ਰਵਾਇਤੀ ਫਸਲੀ ਚੱਕਰ ’ਚ ਫਸੇ ਹਨ।

ਇਸ ਚੱਕਰ ਦੇ ਉਲਟ ਸਬਜ਼ੀਆਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨ ਲਈ ਹਰਿਆਣਾ ਦੀ ਭਾਵਾਂਤਰ ਯੋਜਨਾ ਤਹਿਤ ਸਰਕਾਰ ਕਿਸਾਨਾਂ ਨੂੰ ਸਬਜ਼ੀਆਂ ਦੇ ਭਾਅ ਬਾਜ਼ਾਰ ਨਾਲੋਂ ਘੱਟ ਹੋਣ ’ਤੇ ਭਾਅ ਦੇ ਫਰਕ ਦੀ ਪੂਰਤੀ ਕਰ ਰਹੀ ਹੈ।

ਝੋਨੇ ਵਰਗੀ ਪਾਣੀ ਦੀ ਵੱਧ ਖਪਤ ਵਾਲੀ ਰਵਾਇਤੀ ਫਸਲ ਦੇ ਚੱਕਰ ਤੋਂ ਕਿਸਾਨਾਂ ਨੂੰ ਮੱਕੇ ਵੱਲ ਵਧਾਉਣ ਲਈ 7 ਹਜ਼ਾਰ ਰੁਪਏ ਪ੍ਰਤੀ ਏਕੜ ਉਤਸ਼ਾਹ ਕਰਨ ਵਾਲੀ ਰਕਮ ਦਿੱਤੀ ਜਾ ਰਹੀ ਹੈ।

ਕਿਸਾਨ ਨੂੰ ਸਰਕਾਰ ਅਤੇ ਉਦਯੋਗ ਵਾਂਗ ਹੀ ਆਪਣੀ ਸਮਝ ਅਤੇ ਤਾਕਤ ਨਾਲ ਵੀ ਆਮਦਨ ਵਧਾਉਣ ਦੇ ਤਰੀਕੇ ਲੱਭਣੇ ਪੈਣਗੇ। ਸਰਕਾਰ ਕਿਸਾਨਾਂ ਦੇ ਅਜਿਹੇ ਨਵੇਂ ਪ੍ਰਯੋਗਾਂ ਨੂੰ ਵਧਾਉਣਾ ਚਾਹੁੰਦੀ ਹੈ ਜਿਸ ਨਾਲ ਕਿਸਾਨ ਦੀ ਆਮਦਨ ’ਚ ਵਾਧੇ ਲਈ ਨਵੇਂ ਤਰੀਕੇ ਅਤੇ ਨਵੇਂ ਮਾਡਲ ਵਿਕਸਿਤ ਹੋ ਸਕਣ। ਇਕ ਚੁਣੌਤੀ ਇਹ ਵੀ ਹੈ ਕਿ ਵਧਦੀ ਆਬਾਦੀ ਅਤੇ ਤੇਜ਼ੀ ਨਾਲ ਸ਼ਹਿਰੀਕਰਨ-ਉਦਯੋਗੀਕਰਨ ਦਰਮਿਆਨ ਖੇਤੀ ਦੀ ਜ਼ਮੀਨ ਘਟਦੀ ਜਾ ਰਹੀ ਹੈ।

ਪਰਿਵਾਰਾਂ ’ਚ ਜ਼ਮੀਨਾਂ ਦੀ ਵੰਡ ਨਾਲ ਛੋਟੀ ਜੋਤ ਦੀ ਰਵਾਇਤੀ ਖੇਤੀ ਲਾਭਕਾਰੀ ਨਾ ਰਹਿਣ ਨਾਲ ਦੇਸ਼ ’ਚ ਰੋਜ਼ਾਨਾ 2 ਹਜ਼ਾਰ ਤੋਂ ਵੱਧ ਕਿਸਾਨਾਂ ਦਾ ਖੇਤੀਬਾੜੀ ਤੋਂ ਦੂਰ ਹੋਣਾ ਚਿੰਤਾ ਵਾਲੀ ਗੱਲ ਹੈ। ਰੋਜ਼ਗਾਰ ਦੀ ਭਾਲ ’ਚ ਇਨ੍ਹਾਂ ਦੀ ਨੌਜਵਾਨ ਪੀੜ੍ਹੀ ਸ਼ਹਿਰਾਂ ’ਚ ਛੋਟੀ ਨੌਕਰੀ ਕਰਨ ਲਈ ਮਜਬੂਰ ਹੈ।

ਛੋਟੀ ਜੋਤ ’ਚ ਫਲ-ਫੁੱਲ, ਸਬਜ਼ੀਆਂ ਦੇ ਇਲਾਵਾ ਡੇਅਰੀ, ਮੁਰਗੀ-ਮੱਛੀ ਅਤੇ ਮਧੂਮੱਖੀ ਪਾਲਣ ਦੇ ਰਸਤੇ ਕਿਸਾਨ ਪੀ. ਐੱਮ. ਕਿਸਾਨ ਐੱਫ. ਪੀ. ਓ. (ਕਿਸਾਨ ਉਤਪਾਦਕ ਸੰਗਠਨ) ਦੀ ਮਦਦ ਨਾਲ ਉੱਦਮੀ ਬਣ ਕੇ ਬਾਜ਼ਾਰ, ਮੰਡੀਆਂ ’ਚ ਆਖਰੀ ਖਪਤਕਾਰ ਤੱਕ ਸਿੱਧੇ ਪਹੁੰਚ ਸਕਦੇ ਹਨ।

ਛੋਟੀ ਜੋਤ ਦੇ ਕਿਸਾਨਾਂ ਲਈ ਮਧੂਮੱਖੀ ਪਾਲਣਾ ਵਰਦਾਨ ਹੈ ਕਿਉਂਕਿ ਇਸ ਲਈ ਤਾਂ ਜ਼ਮੀਨ ਦੀ ਵੀ ਲੋੜ ਨਹੀਂ ਹੁੰਦੀ। ਹਰਿਆਣਾ ਕਿਸਾਨ ਕਮਿਸ਼ਨ ਦੀ 2017 ਦੀ ਇਕ ਰਿਪੋਰਟ ਅਨੁਸਾਰ ਸੂਬੇ ਦੇ ਲਗਭਗ 5000 ਪਿੰਡਾਂ ਦੇ ਕਿਸਾਨ ਸਾਲਾਨਾ 4000 ਟਨ ਸ਼ਹਿਦ ਦੀ ਪੈਦਾਵਾਰ ਕਰ ਰਹੇ ਹਨ। ਸਾਲਾਨਾ 50 ਲੱਖ ਰੁਪਏ ਦੇ ਸ਼ਹਿਦ ਦਾ ਕਾਰੋਬਾਰ ਕਰਨ ਵਾਲੇ ਯਮੁਨਾਨਗਰ ਦੇ ਇਕ ਛੋਟੇ ਜਿਹੇ ਕਿਸਾਨ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 28 ਮਾਰਚ ਨੂੰ 75ਵੀਂ ‘ਮਨ ਕੀ ਬਾਤ’ ’ਚ ਜ਼ਿਕਰ ਕਰ ਕੇ ਦੇਸ਼ ਦੇ ਕਿਸਾਨਾਂ ਨੂੰ ਉੱਦਮਸ਼ੀਲਤਾ ਵੱਲ ਵਧਣ ਦਾ ਸੰਦੇਸ਼ ਦਿੱਤਾ।

ਕਿਸਾਨਾਂ ਨੂੰ ਸ਼ਹਿਦ ਉਤਪਾਦਨ, ਪ੍ਰੋਸੈਸਿੰਗ, ਪੈਕੇਜਿੰਗ ਅਤੇ ਮਾਰਕੀਟਿੰਗ ਦੀ ਟੇਨਿੰਗ ਅਤੇ ਯੰਤਰਾਂ ਦੀ ਖਰੀਦ ਲਈ 50 ਫੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। ਹਰਿਆਣਾ ਸਰਕਾਰ ਯਮੁਨਾਨਗਰ ’ਚ ਜਲਦ ਹੀ ਸ਼ਹਿਦ ਦੀ ਮੰਡੀ ਵੀ ਸ਼ੁਰੂ ਕਰੇਗੀ।

ਖੇਤੀਬਾੜੀ ਖੇਤਰ ’ਚ ਅਜਿਹੇ ਵੀ ਕਈ ਮੌਕੇ ਹਨ ਜਿੱਥੇ ਕਿਸਾਨ ਵੱਧ ਆਮਦਨ ਅਤੇ ਦੂਸਰਿਆਂ ਦੇ ਲਈ ਰੋਜ਼ਗਾਰ ਪੈਦਾ ਕਰ ਸਕਦੇ ਹਨ। ਇਹ ਇਕ ਹੱਥ ਨਾਲ ਖੇਤੀਬਾੜੀ ਦੇ ਵਿਵਧੀਕਰਨ, ਕਾਰੋਬਾਰੀਕਰਨ ਅਤੇ ਦੂਸਰੇ ਹੱਥ ਦਿਹਾਤੀ ਗੈਰ-ਖੇਤੀਬਾੜੀ ਖੇਤਰ ’ਚ ਉੱਦਮਸ਼ੀਲਤਾ ਮੌਕਿਆਂ ਦੇ ਰਾਹੀਂ ਸੰਭਵ ਹੈ।

ਖੇਤੀਬਾੜੀ ਦੇ ਇਲਾਵਾ ਨੌਜਵਾਨ ਕਿਸਾਨ ਦਿਹਾਤੀ ਇਲਾਕਿਆਂ ’ਚ ਡੇਅਰੀ, ਮਧੂਮੱਖੀ ਤੇ ਮੱਛੀ ਪਾਲਣ, ਗੋਦਾਮ, ਪੈਕੇਜਿੰਗ, ਪ੍ਰੋਸੈਸਿੰਗ ਵਰਗੇ ਮੁੱਲ ਵਧਾਊ ਕੰਮਾਂ ਨੂੰ ਆਮਦਨ ਵਧਾਉਣ ਦੇ ਇਕ ਵਾਧੂ ਮੌਕੇ ਦੇ ਰੂਪ ’ਚ ਲੈਣ।

ਪਿੰਡਾਂ ’ਚ ਹੀ ਨੌਜਵਾਨਾਂ ਲਈ ਰੋਜ਼ਗਾਰ ਪੈਦਾ ਕਰ ਕੇ ਉਨ੍ਹਾਂ ਦੀ ਸ਼ਹਿਰਾਂ ਵੱਲ ਹੋ ਰਹੀ ਹਿਜਰਤ ਰੋਕੀ ਜਾ ਸਕਦੀ ਹੈ। ਖੁਸ਼ਹਾਲੀ ਲਈ ਕਿਸਾਨ ਨੂੰ ਆਤਮਨਿਰਭਰ ਉੱਦਮੀ ਬਣਨਾ ਪਵੇਗਾ ਜਿਸ ਨਾਲ ਇਨ੍ਹਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਖੇਤੀਬਾੜੀ ਮੁਖੀ ਹੋਣਗੀਆਂ ਅਤੇ ਦੇਸ਼ ਵੀ ਆਤਮਨਿਰਭਰਤਾ ਦੀ ਰਾਹ ’ਤੇ ਅੱਗੇ ਵਧੇਗਾ।

(ਲੇਖਕ ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਵਿਭਾਗ ਦੇ ਮੰਤਰੀ ਹਨ)


Bharat Thapa

Content Editor Bharat Thapa