ਸਾਹਿਤ ਵਿਚ ਕਿਸਾਨ ਦੀ ਮਹਾਨਤਾ ਦਾ ਪ੍ਰਗਟਾਵਾ
Wednesday, Apr 28, 2021 - 03:06 AM (IST)

ਓਮ ਪ੍ਰਕਾਸ਼ ਖੇਮਕਰਨੀ
ਕਿਸਾਨ ਦੀ ਸਲਤਨਤ (ਰਾਜਧਾਨੀ) ਤਾਂ ਉਸ ਦਾ ਖੇਤ ਹੀ ਹੈ ਜਿਸ ’ਚ ਉਹ ਆਪਣੀ ਪਸੰਦ ਦੀ ਫਸਲ ਬੀਜਦਾ ਹੈ। ਫਸਲ ਦੀ ਰਾਖੀ ਲਈ ਵਾੜ ਭਾਵ ਬਾੜ ਲਗਾਉਂਦਾ ਹੈ। ਇੰਝ ਖੇਤੀਬਾੜੀ ਸ਼ਬਦ ਪ੍ਰਚੱਲਿਤ ਹੋ ਗਿਆ। ਜਦ ਅਸੀਂ ਖੇਤ ਦੀ ਗੱਲ ਕਰਦੇ ਹਾਂ ਤਾਂ ਖੇਤ ਦਾ ਖੇਵਟ, ਖਤੌਨੀ ਅਤੇ ਖਸਰਾ ਨੰਬਰ ਆਦਿ ਦਾ ਜ਼ਿਕਰ ਵੀ ਲਾਜ਼ਮੀ ਆਵੇਗਾ ਕਿਉਂਕਿ ਹਰ ਖੇਤ ਦੀ ਨਿਸ਼ਾਨਦੇਹੀ ਉਸੇ ਦੇ ਖਾਸ-ਖਾਸ ਨੰਬਰਾਂ ਨਾਲ ਹੀ ਹੁੰਦੀ ਹੈ। ਦੇਸ਼ ’ਚ ਖੇਤੀਬਾੜੀ ਦੀ ਜ਼ਮੀਨ ਦਾ ਅੱਜ ਵੀ ਉਪਲੱਬਧ ਪੁਰਾਣਾ ਰਿਕਾਰਡ ਰਾਜਾ ਟੋਡਰਮਲ ਦੇ ਸਮੇਂ ਤੋਂ ਸ਼ੁਰੂ ਹੁੰਦਾ ਹੈ ਿਜਨ੍ਹਾਂ ਨੇ ਪਹਿਲੀ ਵਾਰ ਇਸ ਦਾ ਮਾਲਗੁਜ਼ਾਰੀ (ਰੈਵੀਨਿਊ) ਦੇ ਲਿਹਾਜ਼ ਨਾਲ ਰਿਕਾਰਡ ਤਰਤੀਬ ਕੀਤਾ। ਇਹ ਰਾਜਾ ਟੋਡਰਮਲ ਦਾ ਕਿਸਾਨਾਂ ਨੂੰ ਇਕ ਅਮਰ ਤੋਹਫਾ ਹੈ ਜਿਸ ਨਾਲ ਖੇਤੀ ਦੀ ਜ਼ਮੀਨ ਦੀ ਪਛਾਣ ਅਤੇ ਮੁਲਾਂਕਣ ਹੁੰਦਾ ਹੈ। ਰਾਜਾ ਟੋਡਰਮਲ ਬਾਦਸ਼ਾਹ ਅਕਬਰ ਦੇ 9 ਰਤਨਾਂ ’ਚੋਂ ਇਕ ਸਨ। ਹਰਿਆਣਾ ਦੇ ਸਰ ਛੋਟੂ ਰਾਮ ਇਕੋ-ਇਕ ਅਜਿਹੇ ਕਿਸਾਨ ਨੇਤਾ ਸਨ ਜਿਨ੍ਹਾਂ ਨੇ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਪੰਜੇ ਤੋਂ ਮੁਕਤੀ ਦਿਵਾਈ ਅਤੇ ਕਿਸਾਨਾਂ ਦੇ ਹਿੱਤ ’ਚ ਖੇਤੀਬਾੜੀ ਦੇ ਕਾਨੂੰਨ ਸਰਕਾਰ ਤੋਂ ਤਿਆਰ ਕਰਵਾਏ। ਇਸ ਤਰ੍ਹਾਂ ਸਰ ਛੋਟੂ ਰਾਮ ਕਿਸਾਨਾਂ ਦੇ ਸੱਚੇ ਮੁਕਤੀਦਾਤਾ (ਮਸੀਹਾ) ਕਹੇ ਜਾਂਦੇ ਹਨ।
ਈਸ਼ਵਰ ਤਾਂ ਸਾਰੇ ਪ੍ਰਾਣੀਆਂ ਦੇ ਪ੍ਰਾਣਦਾਤਾ ਹਨ ਉੱਥੇ ਕਿਸਾਨ ਸਾਰਿਆਂ ਦਾ ਅੰਨਦਾਤਾ ਹੈ। ਕਿਸਾਨ ਦੀ ਇਸ ਮਹਾਨ ਭੂਮਿਕਾ ਨੂੰ ਸਮੇਂ-ਸਮੇਂ ’ਤੇ ਸਾਹਿਤ ’ਚ ਬੜੇ ਆਦਰ ਨਾਲ ਪੇਸ਼ ਕੀਤਾ ਗਿਆ ਹੈ।
ਕ੍ਰਾਂਤੀਕਾਰੀ ਨੇਤਾ ਅਤੇ ਉਰਦੂ ਦੇ ਮਹਾਨ ਕਵੀ ਫੈਜ਼ ਅਹਿਮਦ ਫੈਜ਼ ਨੇ ਪੰਜਾਬੀ ਭਾਸ਼ਾ ’ਚ ਆਪਣੇ ਦਿਲ ਦੀਆਂ ਭਾਵਨਾਵਾਂ ਅਤੇ ਸੰਘਰਸ਼ ਦੇ ਸੋਮੇ ਕਿਸਾਨ ਸਬੰਧੀ ਇਹ ਲਿਖਿਆ ਹੈ :-
‘‘ਉੱਠ ਉਤਾਂਹ ਨੂੰ ਜੱਟਾ!
ਮਰਦਾ ਕਿਉਂ ਜਾਏਂ,
ਭੋਲਿਆ! ਤੂੰ ਜੱਗ ਦਾ ਅੰਨਦਾਤਾ
ਤੇਰੀ ਬਾਂਦੀ ਧਰਤੀ ਮਾਤਾ
ਤੂੰ ਜੱਗ ਦਾ ਪਾਲਣਹਾਰ
ਤੇ ਮਰਦਾ ਕਿਉਂ ਜਾਏਂ,
ਜਨਰਲ, ਕਰਨਲ, ਸੂਬੇਦਾਰ
ਡਿਪਟੀ, ਡੀ. ਸੀ., ਥਾਣੇਦਾਰ,
ਸਾਰੇ ਤੇਰਾ ਦਿੱਤਾ ਖਾਵਣ,
ਤੂੰ ਜੇ ਨਾ ਬੀਜੇਂ, ਜੇ ਨਾ ਗਾਹਵੇਂ,
ਭੁੱਖੇ ਭਾਣੇ ਸਭ ਮਰ ਜਾਵਣ,
ਇਹ ਚਾਕਰ ਤੂੰ ਸਰਕਾਰ,
ਮਰਦਾ ਕਿਉਂ ਜਾਏਂ।
ਫੈਜ਼ ਅਹਿਮਦ ਫੈਜ਼ ਨੇ ਪੰਜਾਬੀ ਦੀ ਆਪਣੀ ਇਸ ਅਮਰ ਕਵਿਤਾ ’ਚ ਕਿਸਾਨ ਦੀ ਮਹਾਨਤਾ ਦਾ ਪ੍ਰਗਟਾਵਾ ਜਿਸ ਤਰ੍ਹਾਂ ਕੀਤਾ ਹੈ ਇਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਫੈਜ਼ ਨੇ ਕਿਸਾਨ ਨੂੰ ਮਨਫੀ ਸੋਚ ਛੱਡ ਕੇ ਹਾਂਪੱਖੀ ਸੋਚ ਧਾਰਨ ਕਰਨ ਅਤੇ ਸੰਘਰਸ਼ ਕਰਨ ਦੀ ਪ੍ਰੇਰਣਾ ਇਸ਼ਾਰਿਆਂ-ਇਸ਼ਾਰਿਆਂ ’ਚ ਹੀ ਦਿੱਤੀ ਹੈ।
ਉੱਥੇ ਪੰਜਾਬੀ ਦੇ ਇਕ ਕਵੀ ਨੇ ਕਿਸਾਨ ਦੇ ਜਜ਼ਬੇ ਅਤੇ ਉਮੰਗਾਂ ਨੂੰ ਕੁਝ ਇਸ ਤਰ੍ਹਾਂ ਰੂਪ ਦਿੱਤਾ ਹੈ :-
‘‘ਤੂੜੀ ਤੰਦ ਸਾਂਭ, ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ
ਕੱਛੇ ਮਾਰ ਵੰਝਲੀ ਆਨੰਦ ਛਾ ਗਿਆ
ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’’
ਇਨ੍ਹਾਂ ਸਤਰਾਂ ’ਚ ਕਿਸਾਨ ਆਪਣੀ ਫਸਲ ਨੂੰ ਵੇਚ ਕੇ, ਸਰਕਾਰੀ ਅਦਾਇਗੀ ਅਤੇ ਸ਼ਾਹੂਕਾਰਾਂ ਨਾਲ ਲੈਣ-ਦੇਣ ਮੁਕਾ ਕੇ ਫਿਰ ਖੁਸ਼ੀ ’ਚ ਝੂਮਦਾ ਹੋਇਆ ਮੇਲਾ ਵੇਖਣ ਆ ਜਾਂਦਾ ਹੈ।
ਖੇਤੀਬਾੜੀ ਦੇ ਸਬੰਧ ’ਚ ਦੇਸ਼ ’ਚ ਪ੍ਰਚੱਲਿਤ ਇਕ ਅਖਾਣ ਇਹ ਵੀ ਹੈ।
ਉੱਤਮ ਖੇਤੀ, ਮੱਧਮ ਵਪਾਰ
ਨੀਚ ਚਾਕਰੀ, ਭੀਖ ਦਵਾਰ।
ਇਸ ਵਿਚਾਰਧਾਰਾ ’ਚ ਖੇਤੀ ਨੂੰ ਉੱਚਾ ਅਤੇ ਵਧੀਆ ਕਿੱਤਾ ਦੱਸਿਆ ਗਿਆ ਹੈ।
ਅੱਜ ਤੋਂ ਲਗਭਗ 115 ਸਾਲ ਪਹਿਲਾਂ ਜੱਟਾਂ ਬਾਰੇ ਇਕ ਗੀਤ ਬਾਂਕੇ ਦਿਆਲ ਨੇ ਲਿਖਿਆ ਸੀ ਜਿਸ ਦੇ ਬੋਲ ਸਨ- ‘‘ਪੱਗੜੀ ਸੰਭਾਲ ਓ ਜੱਟਾ, ਪੱਗੜੀ ਸੰਭਾਲ ਓਏ।’’ ਬਾਂਕੇ ਦਿਆਲ ‘‘ਝੰਗ ਸਿਆਲ’ ਦੇ ਐਡੀਟਰ ਸਨ ਅਤੇ ਨਾਲ ਹੀ ਕਵੀ ਵੀ। ਅੰਗਰੇਜ਼ਾਂ ਦੀ ਹਕੂਮਤ ਵੇਲੇ 22 ਮਾਰਚ 1907 ਨੂੰ ਲਾਇਲਪੁਰ (ਜਿਹੜਾ ਅੱਜਕਲ ਪਾਕਿਸਤਾਨ ’ਚ ਹੈ ਅਤੇ ਜਿਸ ਨੂੰ ਹੁਣ ਫੈਸਲਾਬਾਦ ਕਿਹਾ ਜਾਂਦਾ ਹੈ) ’ਚ ਕਿਸਾਨਾਂ ਦੀ ਵੱਡੀ ਰੈਲੀ ’ਚ ਇਹ ਗੀਤ ਗਾਇਆ ਤਾਂ ਕਿਸਾਨਾਂ ਨੇ ਇਸ ’ਤੇ ਜ਼ੋਰਦਾਰ ਤਾੜੀਆਂ ਵਜਾਈਆਂ। ਇਸ ਤਰ੍ਹਾਂ ਪੱਗੜੀ ਸੰਭਾਲ ਜੱਟਾ ਦਾ ਗੀਤ ਕਿਸਾਨਾਂ ਦੀਆਂ ਭਾਵਨਾਵਾਂ ਦਾ ਵਧੀਆ ਪ੍ਰਗਟਾਵਾ ਕਰਨ ਵਾਲਾ ਮੰਨਿਆ ਗਿਆ। ਇਸ ਗੀਤ ਨੂੰ ਸੁਣਦਿਆਂ ਹੀ ਕਿਸਾਨਾਂ ਨੇ ਬਾਂਕੇ ਦਿਆਲ ਨੂੰ ਆਪਣੇ ਮੋਢਿਆਂ ’ਤੇ ਚੁੱਕ ਲਿਆ ਸੀ। ਇਥੇ ਪੱਗੜੀ ਸੰਭਾਲ ਦਾ ਮਤਲਬ ਇਹ ਸੀ ਕਿ ਕਿਸਾਨ ਆਪਣੇ ਵੱਕਾਰ, ਮਾਣ ਅਤੇ ਸ਼ਾਨ ਨੂੰ ਸੰਭਾਲੇ। ਅੰਗਰੇਜ਼ੀ ਹਕੂਮਤ ਸਮੇਂ ਲਾਇਲਪੁਰ ’ਚ ਹੋਈ ਇਸ ਰੈਲੀ ਦਾ ਪ੍ਰਬੰਧ ਸ਼ਹੀਦ ਭਗਤ ਸਿੰਘ ਦੇ ਪਿਤਾ ਅਤੇ ਚਾਚਾ ਕਿਸ਼ਨ ਸਿੰਘ ਅਤੇ ਅਜੀਤ ਸਿੰਘ ਨੇ ਕੀਤਾ ਸੀ।
ਖੇਤੀਬਾੜੀ-ਕਿਸਾਨੀ ਦਾ ਧੰਦਾ ਕਰਨ ਵਾਲੇ ਵਰਗ ਨੂੰ ਹੀ ਆਮ ਤੌਰ ’ਤੇ ਕਿਸਾਨ ਕਿਹਾ ਜਾਂਦਾ ਹੈ। ਦੂਸਰੇ ਸ਼ਬਦਾਂ ’ਚ ਜੱਟ ਸ਼ਬਦ ਕਿਸਾਨ ਦਾ ਸਮਾਨਾਰਥਕ ਹੈ।
ਦਿੱਲੀ ’ਚ ਕਿਸੇ ਸਮੇਂ ਜੱਟ ਨੇਤਾ ਚੌਧਰੀ ਸੂਰਜਮਲ ਦੀ ਹਕੂਮਤ ਰਹੀ ਹੈ ਅਤੇ ਉਸ ਦਾ ਬੁੱਤ ਦਿੱਲੀ ’ਚ ਇਕ ਥਾਂ ’ਤੇ ਲੱਗਾ ਹੋਇਆ ਹੈ। ਹਰਿਆਣਾ ’ਚ ਕਿਸਾਨਾਂ ਨੂੰ ਜਾਟ ਅਤ ਪੰਜਾਬ ’ਚ ਜੱਟ ਕਿਹਾ ਜਾਂਦਾ ਹੈ।
ਜਿਸ ਸਮੇਂ ਪੰਜਾਬ ’ਚ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਸੀ, ਤਾਂ ਅਕਾਲੀ ਦਲ ਦੇ ਉਸ ਸਮੇਂ ਦੇ ਬੇਤਾਜ ਬਾਦਸ਼ਾਹ ਕਹੇ ਜਾਂਦੇ ਨੇਤਾ ਸਨ ਮਾਸਟਰ ਤਾਰਾ ਸਿੰਘ। ਹੋਇਆ ਇੰਝ ਕਿ ਸ. ਪ੍ਰਤਾਪ ਸਿੰਘ ਕੈਰੋਂ ਦੇ ਹੁਕਮ ’ਤੇ ਚੋਣ ਜ਼ਾਬਤੇ ਦੀ ਆੜ ’ਚ ਇਕ ਵਾਰੀ ਮਾਸਟਰ ਤਾਰਾ ਸਿੰਘ ਦੀ ਨਿੱਜੀ ਜੀਪ ਸਰਕਾਰੀ ਅਧਿਕਾਰੀ ਨੇ ਜ਼ਬਤ ਕਰ ਲਈ ਅਤੇ ਮਾਸਟਰ ਜੀ ਨੂੰ ਜੀਪ ਤੋਂ ਥੱਲੇ ਲਾਹ ਦਿੱਤਾ। ਫਿਰ ਮਾਸਟਰ ਜੀ ਨੂੰ ਕਈ ਵਾਰੀ ਰੋਸ ਰੈਲੀਆਂ ਕਰਨ ਤੋਂ ਵੀ ਰੋਕ ਦਿੱਤਾ। ਅਖੀਰ ਮਾਸਟਰ ਜੀ ਨੇ ਹਰਿਆਣਾ ਦੇ ਜਾਟ ਲੀਡਰ ਚੌਧਰੀ ਦੇਵੀ ਲਾਲ ਨੂੰ ਆਪਣੀ ਮਦਦ ਲਈ ਸੱਦਿਆ। ਤਰਨਤਾਰਨ ’ਚ ਸਰਕਾਰੀ ਬੰਦਿਸ਼ਾਂ ਨੂੰ ਤੋੜ ਕੇ ਬਹੁਤ ਭਾਰੀ ਰੈਲੀ ਕੀਤੀ ਗਈ। ਇਸ ਰੈਲੀ ’ਚ ਚੌਧਰੀ ਦੇਵੀ ਲਾਲ ਨੇ ਆਪਣੇ ਖਾਸ ਅੰਦਾਜ਼ ’ਚ ਕਿਹਾ- ‘‘ਸ. ਪ੍ਰਤਾਪ ਸਿੰਘ, ਤੁਸੀਂ ਜੱਟ ਹੋ ਅਤੇ ਮੈਂ ਜਾਟ ਹੂੰ। ਤੁਹਾਡੇ ਨਾਲੋਂ ਇਕ ਡੰਡਾ (ਅ ਦੀ ਮਾਤਰਾ।) ਮੇਰਾ ਜ਼ਿਆਦਾ ਹੈ।’’ ਇੰਨਾ ਕਹਿ ਕੇ ਉਨ੍ਹਾਂ ਇਕ ਡਾਂਗ ਹਵਾ ’ਚ ਲਹਿਰਾਈ। ਚੌਧਰੀ ਦੇਵੀ ਲਾਲ ਨੇ ਆਪਣੇ ਖਾਸ ਅੰਦਾਜ਼ ’ਚ ਇਸ ਤਰ੍ਹਾਂ ਕੈਰੋਂ ਨੂੰ ਸੰਦੇਸ਼ ਦਿੱਤਾ ਸੀ।
ਮਾਝੇ ਦੇ ਇਕ ਪ੍ਰਮੁੱਖ ਵਿੱਦਿਆ ਸ਼ਾਸਤਰੀ ਸ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਸਾਨ ਦੇ ਯੋਗਦਾਨ ਨੂੰ ਬਹੁਤ ਹੀ ਵਧੀਆ ਢੰਗ ਨਾਲ ਇੰਝ ਬਿਆਨ ਕੀਤਾ ਹੈ :-
‘‘ਕੇਵਲ ਖੇਤੀਬਾੜੀ ਤੱਕ ਹੀ ਸੀਮਤ ਨਹੀਂ ਹੈ ਕਿਸਾਨ। ਕਿਸਾਨ ਤਾਂ ਦੇਸ਼ ਦੀ ਆਰਥਿਕਤਾ ਅਤੇ ਰਾਜਨੀਤੀ ਦੀ ਵੀ ਧੁਰੀ ਹੈ।’’
omparkashkhemkarni77@gmail.com\\\