ਤਾਨਾਸ਼ਾਹੀ ਅਤੇ ਸੋਨੀਆ ਗਾਂਧੀ

08/31/2020 2:58:07 AM

ਡਾ. ਵੇਦਪ੍ਰਤਾਪ ਵੈਦਿਕ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹੁਣ ਫਿਰ ਦੇਸ਼ ਨੂੰ ਬਾਸੀ ਕੜ੍ਹੀ ਪਰੋਸ ਦਿੱਤੀ। ਮਾਂ ਨੇ ਪੁੱਤਰ ਨੂੰ ਵੀ ਮਾਤ ਦੇ ਦਿੱਤੀ। ਛੱਤੀਸਗੜ੍ਹ ਵਿਧਾਨ ਸਭਾ ਦੀ ਨਵੀਂ ਇਮਾਰਤ ਦੇ ਭੂਮੀ ਪੂਜਨ ਸਮਾਰੋਹ ’ਚ ਬੋਲਦੇ ਹੋਏ ਉਹ ਕਹਿ ਗਈ ਕਿ ਦੇਸ਼ ’ਚ ‘ਗਰੀਬ-ਵਿਰੋਧੀ’ ਅਤੇ ‘ਦੇਸ਼-ਵਿਰੋਧੀ’ ਸ਼ਕਤੀਆਂ ਦਾ ਬੋਲਬਾਲਾ ਵਧ ਗਿਆ ਹੈ। ਇਹ ਸ਼ਕਤੀਆਂ ਦੇਸ਼ ’ਚ ਤਾਨਾਸ਼ਾਹੀ ਅਤੇ ਨਫਰਤ ਫੈਲਾਅ ਰਹੀਆਂ ਹਨ। ਦੇਸ਼ ’ਚ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਖਤਰੇ ’ਚ ਹੈ।

ਇਹ ਸਭ ਗੱਲਾਂ ਉਹ ਅਤੇ ਉਨ੍ਹਾਂ ਦਾ ਸਪੁੱਤਰ ਕਈ ਵਾਰ ਦੁਹਰਾ ਚੁੱਕੇ ਹਨ ਪਰ ਇਨ੍ਹਾਂ ’ਤੇ ਕੋਈ ਵੀ ਧਿਆਨ ਨਹੀਂ ਦਿੰਦਾ। ਇਥੋਂ ਤੱਕ ਕਿ ਕਾਂਗਰਸੀ ਲੋਕ ਵੀ ਇਨ੍ਹਾਂ ਦਾ ਮਜ਼ਾਕ ਉਡਾਉਂਦੇ ਹਨ। ਉਹ ਛੱਤੀਸਗੜ੍ਹ ਦੇ ਮੁੱਖ ਮੰਤਰੀ ਦੇ ਉੱਤਮ ਕੰਮਾਂ ਤੱਕ ਆਪਣਾ ਭਾਸ਼ਣ ਸੀਮਤ ਰੱਖਦੀ ਤਾਂ ਚੰਗਾ ਹੁੰਦਾ। ਜਿਥੋਂ ਤੱਕ ਕਿ ਤਾਨਾਸ਼ਾਹੀ ਦੀ ਗੱਲ ਹੈ, ਉਹ ਤਾਂ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਵੀ ਸਥਾਪਿਤ ਨਹੀਂ ਕਰ ਸਕੀ ਸੀ ਅਤੇ ਉਨ੍ਹਾਂ ਦੇ ਪੁੱਤਰ ਸੰਜੇ ਗਾਂਧੀ ਨੂੰ ਭਾਰਤੀ ਜਨਤਾ ਨੇ 1977 ਦੀਆਂ ਚੋਣਾਂ ’ਚ ਫੂਕ ਮਾਰ ਕੇ ਸੁੱਕੇ ਪੱਤੇ ਵਾਂਗ ਉਡਾ ਦਿੱਤਾ ਸੀ।

ਉਨ੍ਹਾਂ ਨੂੰ ਅੱਜ ਨਾਂ ਲੈਣ ’ਚ ਡਰ ਲੱਗਦਾ ਹੈ ਪਰ ਉਹ ਕਹਿਣਾ ਇਹ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਾਨਾਸ਼ਾਹ ਹੈ ਅਤੇ ਭਾਜਪਾ ਹੁਣ ਭਾਰਤੀ ਤਾਨਾਸ਼ਾਹ ਪਾਰਟੀ (ਭਾਤਪਾ) ਬਣ ਗਈ ਹੈ। ਉਨ੍ਹਾਂ ਦਾ ਇਹ ਸੋਚਣਾ ਕੀ ਤੱਥਾਂ ਅਨੁਸਾਰ ਹੈ? ਇਸ ’ਤੇ ਜ਼ਰਾ ਵਿਚਾਰ ਕਰੋ। ਅੱਜ ਵੀ ਦੇਸ਼ ’ਚ ਅਖਬਾਰ ਅਤੇ ਟੀ. ਵੀ. ਚੈਨਲ ਪੂਰੀ ਤਰ੍ਹਾਂ ਆਜ਼ਾਦ ਹਨ। ਜੋ ਜਾਣਬੁੱਝ ਕੇ ਖੁਸ਼ਾਮਦ ਅਤੇ ਚਾਪਲੂਸੀ ਕਰਨਾ ਚਾਹੁਣ, ਸਰਕਾਰ ਉਨ੍ਹਾਂ ਦਾ ਸਵਾਗਤ ਜ਼ਰੂਰ ਕਰੇਗੀ (ਸਾਰੀਆਂ ਸਰਕਾਰਾਂ ਕਰਦੀਆਂ ਹਨ) ਪਰ ਦੇਸ਼ ’ਚ ਮੇਰੇ ਵਰਗੇ ਦਰਜਨਾਂ ਬੁੱਧੀਜੀਵੀ ਅਤੇ ਪੱਤਰਕਾਰ ਹਨ, ਜੋ ਲੋੜ ਹੋਣ ’ਤੇ ਮੋਦੀ ਅਤੇ ਸਰਕਾਰ ਦੀ ਦੋ-ਟੁਕ ਆਲੋਚਨਾ ਕਰਨ ਤੋਂ ਨਹੀਂ ਖੁੰਝਦੇ ਪਰ ਕਿਸੇ ਦੀ ਹਿੰਮਤ ਨਹੀਂ ਹੈ ਕਿ ਉਨ੍ਹਾਂ ਨੂੰ ਕੋਈ ਜ਼ਰਾ ਟੋਕ ਵੀ ਸਕੇ।

ਜਿਥੋਂ ਤੱਕ ਤਾਨਾਸ਼ਾਹ ਦਾ ਸਵਾਲ ਹੈ, ਉਹ ਦੇਸ਼ ’ਚ ਨਹੀਂ ਹੈ, ਪਾਰਟੀਆਂ ’ਚ ਹੈ। ਇਕ-ਅੱਧੀ ਪਾਰਟੀ ਨੂੰ ਛੱਡ ਕੇ ਸਾਰੀਆਂ ਪਾਰਟੀਆਂ ’ਚ ਅੰਦਰੂਨੀ ਲੋਕਤੰਤਰ ਦਾ ਅੰਤ ਹੋ ਚੁੱਕਾ ਹੈ ਪਰ ਸੋਨੀਆ ਜੀ ਜ਼ਰਾ ਪਿੱਛੇ ਮੁੜ ਕੇ ਦੇਖਣ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਉਸਦੀ ਸ਼ੁਰੂਆਤ ਉਨ੍ਹਾਂ ਦੀ ਸੱਸ ਮਾਂ ਇੰਦਰਾ ਜੀ ਨੇ ਹੀ ਕੀਤੀ ਸੀ। ਕਾਂਗਰਸ ਦਾ ਇਹ ‘ਵਾਇਰਸ’ ਭਾਰਤ ਦੀਆਂ ਸਾਰੀਆਂ ਪਾਰਟੀਆਂ ਨੂੰ ਨਿਗਲ ਚੁੱਕਾ ਹੈ। ਕਾਂਗਰਸ ਦੀ ਦੇਖਾ-ਦੇਖੀ ਹਰ ਸੂਬੇ ’ਚ ਪਾਰਟੀਆਂ ਦੇ ਨਾਂ ’ਤੇ ਕਈ ‘ਪ੍ਰਾਈਵੇਟ ਲਿਮਟਿਡ ਕੰਪਨੀਆਂ’ ਖੜ੍ਹੀਆਂ ਹੋ ਗਈਆਂ। ਜੇਕਰ ਸੋਨੀਆ ਗਾਂਧੀ ਕੁਝ ਹਿੰਮਤ ਕਰਨ ਅਤੇ ਕਾਂਗਰਸ ਪਾਰਟੀ ’ਚ ਲੋਕਤੰਤਰ ਲੈ ਆਉਣ ਤਾਂ ਭਾਰਤ ਦੇ ਲੋਕਤੰਤਰ ਦੇ ਹੱਥ ਹੋਰ ਵੀ ਮਜ਼ਬੂਤ ਹੋ ਜਾਣਗੇ ਅਤੇ ਉਨ੍ਹਾਂ ਦਾ ਨਾਂ ਭਾਰਤ ਦੇ ਇਤਿਹਾਸ ’ਚ ਸੁਨਹਿਰੀ ਅੱਖਰਾਂ ’ਚ ਲਿਖਿਆ ਜਾਵੇਗਾ। ਸੋਨੀਆ ਜੀ ਦੀ ਹਿੰਦੀ ਮੈਨੂੰ ਖੁਸ਼ ਕਰਦੀ ਹੈ। ਇਹ ਚੰਗਾ ਹੋਇਆ ਕਿ ਉਨ੍ਹਾਂ ਦੇ ਭਾਸ਼ਣ-ਲੇਖਕ ਨੇ ਸਰਕਾਰ ਲਈ ‘ਗਰੀਬ-ਧ੍ਰੋਹੀ’ ਅਤੇ ‘ਦੇਸ਼-ਧ੍ਰੋਹੀ’ ਸ਼ਬਦ ਦੀ ਵਰਤੋਂ ਨਹੀਂ ਕੀਤੀ।


Bharat Thapa

Content Editor

Related News