ਤਿਕੋਣੀ ਚੋਣ ਜੰਗ ਵੱਲ ਵਧ ਰਹੀਆਂ ਦਿੱਲੀ ਵਿਧਾਨ ਸਭਾ ਚੋਣਾਂ
Saturday, Feb 01, 2025 - 02:11 PM (IST)
ਦਿੱਲੀ ਵਿਧਾਨ ਸਭਾ ਚੋਣਾਂ ਇਕ ਤਿਕੋਣੀ ਚੋਣ ਜੰਗ ਵੱਲ ਵਧ ਰਹੀਆਂ ਹਨ, ਅਜਿਹੀ ਸਥਿਤੀ ਵਿਚ ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ‘ਆਪ’ ਆਹਮੋ-ਸਾਹਮਣੇ ਹਨ। ‘ਆਪ’ ਅਤੇ ਕਾਂਗਰਸ ਵਿਚਕਾਰ ਜੰਗ ਹੋਰ ਤੇਜ਼ ਹੁੰਦੀ ਜਾ ਰਹੀ ਹੈ। ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ 28 ਜਨਵਰੀ ਨੂੰ ਵਾਲਮੀਕਿ ਮੰਦਰ ਵਿਚ ਪ੍ਰਾਰਥਨਾ ਕੀਤੀ ਅਤੇ ਹਲਕੇ ਦੀ ਇਕ ਦਲਿਤ ਬਸਤੀ ਦੇ ਵਸਨੀਕਾਂ ਨਾਲ ਗੱਲਬਾਤ ਕੀਤੀ।
ਸਤਿਕਾਰ ਵਜੋਂ, ਸਥਾਨਕ ਲੋਕਾਂ ਨੇ ਕਾਂਗਰਸੀ ਨੇਤਾ ਨੂੰ ਪੱਗ ਭੇਟ ਕੀਤੀ। ਦੂਜੇ ਪਾਸੇ, ‘ਵੰਚਿਤ ਸਮਾਜ : ਦਸ਼ਾ ਔਰ ਦਿਸ਼ਾ’ ਪ੍ਰੋਗਰਾਮ ਵਿਚ ਦਲਿਤ ਪ੍ਰਭਾਵਸ਼ਾਲੀ ਲੋਕਾਂ ਨਾਲ ਗੱਲਬਾਤ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਵੀਕਾਰ ਕਰਨ ਵਿਚ ਕੋਈ ਝਿਜਕ ਨਹੀਂ ਹੈ ਕਿ ਕਾਂਗਰਸ ਪਾਰਟੀ ਨੇ ਦਲਿਤਾਂ ਅਤੇ ਪੱਛੜੇ ਵਰਗਾਂ ਦੇ ਹਿੱਤਾਂ ਦੀ 1990 ਦੇ ਦਹਾਕੇ ਦੌਰਾਨ ਉਸ ਤਰ੍ਹਾਂ ਸੁਰੱਖਿਆ ਨਹੀਂ ਕੀਤੀ ਜਿਵੇਂ ਇਸ ਨੂੰ ਕਰਨੀ ਚਾਹੀਦੀ ਸੀ।
1990 ਦੇ ਦਹਾਕੇ ਦੀ ਤੁਲਨਾ ਇੰਦਰਾ ਗਾਂਧੀ ਦੀ ਅਗਵਾਈ ਵਾਲੇ ਦੌਰ ਨਾਲ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ ਕਿ ਦਲਿਤਾਂ, ਆਦਿਵਾਸੀਆਂ, ਘੱਟਗਿਣਤੀਆਂ ਅਤੇ ਪੱਛੜੇ ਵਰਗਾਂ ਨੂੰ ਇੰਦਰਾ ਗਾਂਧੀ ਦੀ ਅਗਵਾਈ ਵਿਚ ਪੂਰਾ ਵਿਸ਼ਵਾਸ ਸੀ। ਉਨ੍ਹਾਂ ਇਹ ਵੀ ਕਿਹਾ ਕਿ ਇਕ ਵਾਰ ਜਦੋਂ ਕਾਂਗਰਸ ਪਾਰਟੀ ਦਾ ਮੂਲ ਆਧਾਰ ਵਾਪਸ ਆ ਜਾਂਦਾ ਹੈ, ਤਾਂ ਭਾਜਪਾ ਅਤੇ ਆਰ. ਐੱਸ. ਐੱਸ. ਨੂੰ ਭੱਜਣਾ ਪਵੇਗਾ।
ਇਹ ਬਿਆਨ ਰਾਹੁਲ ਗਾਂਧੀ ਦੀ ਦਲਿਤਾਂ ਅਤੇ ਓ. ਬੀ. ਸੀ. ਤੱਕ ਵਿਆਪਕ ਪਹੁੰਚ ਦੇ ਅਨੁਕੂਲ ਹੈ, ਜਦੋਂ ਕਿ ਰਾਹੁਲ ਪਿਛਲੇ ਕੁਝ ਸਮੇਂ ਤੋਂ ਮੁਸਲਿਮ-ਦਲਿਤ-ਪੱਛੜੇ ਲੋਕਾਂ ਦਾ ਸਮਰਥਨ ਆਧਾਰ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੇ ਹਨ। ਮੁਹੱਬਤ ਦੀ ਦੁਕਾਨ, ਜਾਤੀ ਜਨਗਣਨਾ ਅਤੇ ਰਾਖਵੇਂਕਰਨ ’ਤੇ 50 ਫੀਸਦੀ ਦੀ ਸੀਮਾ ਨੂੰ ਹਟਾਉਣ ਦੀ ਮੰਗ ਰਾਹੀਂ ਨਫ਼ਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਵਿਰੁੱਧ ਉਨ੍ਹਾਂ ਦਾ ਸਟੈਂਡ, ਇਹ ਸਭ ਇਸ ਕੋਸ਼ਿਸ਼ ਨਾਲ ਜੁੜੇ ਹੋਏ ਹਨ।
ਊਧਵ ਠਾਕਰੇ ਦੀ ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਸੁਲ੍ਹਾ ਹੋਣ ਦੀ ਸੰਭਾਵਨਾ
ਮਹਾਰਾਸ਼ਟਰ ਦੇ ਰਾਜਨੀਤਿਕ ਹਲਕਿਆਂ ਵਿਚ ਚਰਚਾ ਹੈ ਕਿ ਊਧਵ ਠਾਕਰੇ ਦੀ ਸ਼ਿਵ ਸੈਨਾ ਅਤੇ ਭਾਜਪਾ ਵਿਚਕਾਰ ਸੁਲ੍ਹਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਸ਼ਿਰਡੀ ਵਿਚ ਇਕ ਵਰਕਰ ਸੰਮੇਲਨ ਦੌਰਾਨ ਭਾਜਪਾ ਨੇਤਾ ਅਮਿਤ ਸ਼ਾਹ ਨੇ ਊਧਵ ਠਾਕਰੇ ਨਾਲ ਦੁਬਾਰਾ ਹੱਥ ਮਿਲਾਉਣ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ, ਜਦੋਂ ਕਿ ਸ਼ਿਵ ਸੈਨਾ (ਯੂ. ਬੀ. ਟੀ.) ਦੇ ਨੇਤਾ ਸੰਜੇ ਰਾਊਤ ਨੇ ਦਾਅਵਾ ਕੀਤਾ ਕਿ ਕੁਝ ਭਾਜਪਾ ਨੇਤਾ ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨਾਲ ਗੱਠਜੋੜ ਬਣਾਉਣਾ ਚਾਹੁੰਦੇ ਹਨ, ਜਿਸ ਦਾਅਵੇ ਨੂੰ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਿਰੇ ਤੋਂ ਰੱਦ ਕਰ ਦਿੱਤਾ।
ਰਾਊਤ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਕੁਝ ਮੈਂਬਰ ਵੀ ਇਸ ਭਾਵਨਾ ਨੂੰ ਸਾਂਝਾ ਕਰ ਸਕਦੇ ਹਨ। ਹਾਲਾਂਕਿ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸ਼ਿਵ ਸੈਨਾ (ਯੂ. ਬੀ. ਟੀ.) ਦੇ ਅੰਦਰ ਅਜਿਹੀ ਕੋਈ ਚਰਚਾ ਨਹੀਂ ਹੋਈ ਹੈ।
ਨਿਤੀਸ਼ ਦੇ ਪੁੱਤਰ ਨਿਸ਼ਾਂਤ ਛੇਤੀ ਹੀ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨਗੇ :
ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਕਿਆਸ ਲਗਾਏ ਜਾ ਰਹੇ ਹਨ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਪੁੱਤਰ ਨਿਸ਼ਾਂਤ ਕੁਮਾਰ ਜਨਤਾ ਦਲ (ਯੂ) ਵਿਚ ਸ਼ਾਮਲ ਹੋ ਸਕਦੇ ਹਨ। ਆਗੂਆਂ ਅਤੇ ਵਰਕਰਾਂ ਦੇ ਭਾਰੀ ਦਬਾਅ ਕਾਰਨ, ਉਹ ਜਲਦੀ ਹੀ ਆਪਣੀ ਰਾਜਨੀਤਿਕ ਪਾਰੀ ਸ਼ੁਰੂ ਕਰਨ ਲਈ ਤਿਆਰ ਹਨ। ਪਾਰਟੀ ਦੇ ਇਕ ਸੂਤਰ ਨੇ ਕਿਹਾ ਕਿ ਨਿਸ਼ਾਂਤ ਰਾਜਨੀਤੀ ਵਿਚ ਆਉਣ ਲਈ ਤਿਆਰ ਹਨ ਪਰ ਸੀ. ਐੱਮ. ਦੀ ਹਰੀ ਝੰਡੀ ਦੀ ਉਡੀਕ ਕਰ ਰਹੇ ਹਨ।
8 ਜਨਵਰੀ ਨੂੰ ਨਿਸ਼ਾਂਤ ਨੇ ਆਪਣੇ ਜੱਦੀ ਸ਼ਹਿਰ ਬਖਤਿਆਰਪੁਰ ਵਿਚ ਨਿਤੀਸ਼ ਕੁਮਾਰ ਨਾਲ ਇਕ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ ਅਤੇ ਆਜ਼ਾਦੀ ਘੁਲਾਟੀਆਂ ਦੇ ਬੁੱਤਾਂ ਦਾ ਉਦਘਾਟਨ ਕੀਤਾ, ਜਿੱਥੇ ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਅਤੇ ਕਿਹਾ ਕਿ ਜੇਕਰ ਸੰਭਵ ਹੋਵੇ ਤਾਂ ਕਿਰਪਾ ਕਰ ਕੇ ਜਨਤਾ ਦਲ (ਯੂ) ਅਤੇ ਮੇਰੇ ਪਿਤਾ ਜੀ ਨੂੰ ਵੋਟ ਪਾਓ ਅਤੇ ਉਨ੍ਹਾਂ ਨੂੰ ਵਾਪਸ ਲਿਆਓ। ਹਾਲਾਂਕਿ, ਨਿਤੀਸ਼ ਕੁਮਾਰ ਨੇ ਆਖਰਕਾਰ ਆਪਣੀ ਰਾਜਨੀਤੀ ਨੂੰ ਮੁੜ ਸੁਰਜੀਤ ਕਰਨ ਲਈ ਆਪਣੇ ਪੱਤਿਆਂ ’ਚੋਂ ਯੱਕਾ ਕੱਢਿਆ ਹੈ-ਪੁੱਤਰ ਕਾਰਡ।
49 ਸਾਲਾ ਨਿਸ਼ਾਂਤ ਕੁਮਾਰ ਆਪਣੇ ਪਿਤਾ ਵਾਂਗ ਇਕ ਇੰਜੀਨੀਅਰ ਹਨ ਅਤੇ ਹੁਣ ਤੱਕ ਬਿਹਾਰ ਦੇ ਰਾਜਵੰਸ਼ਾਂ, ਜਿਵੇਂ ਕਿ ਲਾਲੂ ਯਾਦਵ ਦੇ ਪੁੱਤਰ ਤੇਜਸਵੀ ਅਤੇ ਤੇਜ ਪ੍ਰਤਾਪ ਯਾਦਵ ਅਤੇ ਸਵਰਗੀ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ, ਵਿਚ ਸਭ ਤੋਂ ਘੱਟ ਪ੍ਰੋਫਾਈਲ ’ਚ ਰਹੇ ਹਨ।
ਅਖਿਲੇਸ਼ ਯਾਦਵ ਦੀ ‘ਆਪ’ ਨੂੰ ਜ਼ੋਰਦਾਰ ਹਮਾਇਤ
ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਦਿੱਲੀ ਵਿਚ ‘ਆਪ’ ਨੂੰ ਮਜ਼ਬੂਤ ਹਮਾਇਤ ਦਿੱਤੀ ਅਤੇ ਰਾਸ਼ਟਰੀ ਰਾਜਧਾਨੀ ਵਿਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਰੋਡ ਸ਼ੋਅ ਵਿਚ ਸ਼ਾਮਲ ਹੋਏ। ਕੇਜਰੀਵਾਲ ਨੇ ਬਦਲੇ ਵਿਚ ਆਪਣੇ ‘ਸਭ ਤੋਂ ਚੰਗੇ ਦੋਸਤ’ ਅਖਿਲੇਸ਼ ਯਾਦਵ ਦਾ ਧੰਨਵਾਦ ਕੀਤਾ ਜੋ ਉੱਤਰ ਪ੍ਰਦੇਸ਼ ਤੋਂ ਆਏ ਸਨ, ਜਦੋਂ ਕਿ ਅਖਿਲੇਸ਼ ਨੇ ਕਾਂਗਰਸ ਅਤੇ ਭਾਜਪਾ ਦੋਵਾਂ ’ਤੇ ਹਮਲਾ ਬੋਲਦੇ ਹੋਏ ਦਾਅਵਾ ਕੀਤਾ ਕਿ ਦੋਵੇਂ ਪਾਰਟੀਆਂ ਵਿਧਾਨ ਸਭਾ ਚੋਣਾਂ ਇਕੱਠੇ ਲੜ ਰਹੀਆਂ ਸਨ ਅਤੇ ਉਨ੍ਹਾਂ ਵਿਚਕਾਰ ‘ਈਲੂ-ਈਲੂ’ (ਇਕ ਹਿੰਦੀ ਫਿਲਮ ਦਾ ਗੀਤ ਜੋ ਇਕ ਰੋਮਾਂਟਿਕ ਰਿਸ਼ਤੇ ਨੂੰ ਦਰਸਾਉਂਦਾ ਹੈ) ਚੱਲ ਰਿਹਾ ਹੈ।
ਸਪਾ ਮੁਖੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਪਾਰਟੀ ਵੱਲੋਂ ਸਿਹਤ ਸੰਭਾਲ, ਸਿੱਖਿਆ, ਮੁਫ਼ਤ ਬਿਜਲੀ ਅਤੇ ਪਾਣੀ ਵਰਗੇ ਸਾਰੇ ਖੇਤਰਾਂ ਵਿਚ ਕੀਤਾ ਗਿਆ ਕੰਮ ਲੋਕਾਂ ਪ੍ਰਤੀ ‘ਆਪ’ ਦੇ ਸਮਰਪਣ ਦਾ ਸਬੂਤ ਹੈ।
ਕਾਂਗਰਸ ਵੋਟਰਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ : ਕਾਂਗਰਸ ਇਕ ਵਾਰ ਫਿਰ ਭਲਾਈ ਵਾਅਦਿਆਂ ਅਤੇ ‘ਆਪ’ ਦੇ ਸ਼ਾਸਨ ਦੀ ਆਲੋਚਨਾ ਰਾਹੀਂ ਵੋਟਰਾਂ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੀ ਗਾਰੰਟੀ ਮੁਹਿੰਮ ਵਿਚ ‘ਪਿਆਰੀ ਦੀਦੀ ਯੋਜਨਾ’ ਦੀ ਸ਼ੁਰੂਆਤ ਸ਼ਾਮਲ ਹੈ, ਜਿਸ ਤਹਿਤ ਦਿੱਲੀ ਵਿਚ ਯੋਗ ਔਰਤਾਂ ਨੂੰ 2,500 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਕਾਂਗਰਸ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ ਹੈ, ਜਿਸ ਵਿਚ ਰੁਜ਼ਗਾਰ ਪੈਦਾ ਕਰਨ, ਸਮਾਜਿਕ ਨਿਆਂ ਅਤੇ ਜਨ ਭਲਾਈ ਦੇ ਕਈ ਵਾਅਦੇ ਕੀਤੇ ਗਏ ਹਨ। ਪਾਰਟੀ ਨੇ ਖਾਲੀ ਸਰਕਾਰੀ ਅਸਾਮੀਆਂ ਭਰਨ, ਠੇਕੇ ’ਤੇ ਭਰਤੀ ਖਤਮ ਕਰਨ, ਜਾਤੀ ਸਰਵੇਖਣ ਕਰਵਾਉਣ ਅਤੇ ਔਰਤਾਂ ਲਈ 33 ਫੀਸਦੀ ਨੌਕਰੀ ਰਾਖਵਾਂਕਰਨ ਲਾਗੂ ਕਰਨ ਦਾ ਵਾਅਦਾ ਕੀਤਾ।
–ਰਾਹਿਲ ਨੋਰਾ ਚੋਪੜਾ