ਬਰਸੀ ’ਤੇ ਵਿਸ਼ੇਸ਼ : ਦੇਸ਼ ਤੇ ਕੌਮ ਦਾ ਹਮੇਸ਼ਾ ਭਲਾ ਲੋਚਦੇ ਸਨ ਬਹੁਜਨ ਨਾਇਕ ਸਾਹਿਬ ‘ਸ਼੍ਰੀ ਕਾਂਸ਼ੀ ਰਾਮ’

10/09/2021 12:36:33 PM

ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ. ਅੰਬੇਡਕਰ ਜੀ ਦੇ ਵਾਂਗ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਲਿਤਾੜੇ ਵਰਗ ਨੂੰ ਉੱਚਾ ਚੁੱਕਣ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਉਨ੍ਹਾਂ ਦੀਆਂ ਨਿਭਾਈਆਂ ਜ਼ਿੰਮੇਵਾਰੀਆਂ ਦੇ ਸਦਕਾ ਅੱਜ ਗਰੀਬ ਵਰਗ ਸਿਰ ਉੱਚਾ ਕਰਕੇ ਚੱਲ ਰਿਹਾ ਹੈ। ਉਨ੍ਹਾਂ ਦਾ ਜਨਮ 15 ਮਾਰਚ 1934 ਈ. ਨੂੰ ਪਿੰਡ ਬੁੰਗਾ ਨਾਨਕੇ ਘਰ ਹੋਇਆ। ਕਾਂਸ਼ੀ ਰਾਮ ਜੀ ਦੇ ਪਿਤਾ ਸ. ਹਰੀ ਸਿੰਘ, ਮਾਤਾ ਬਿਸ਼ਨ ਕੌਰ ਜ਼ਿਲ੍ਹਾ ਰੋਪੜ ਵਿੱਚ ਪੈਂਦੇ ਪਿੰਡ ਖੁਵਾਸਪੁਰਾ ਦੇ ਨਿਵਾਸੀ ਸਨ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਮੁੱਢਲੀ ਪੜ੍ਹਾਈ ਮਲਕਪੁਰ ਤੋਂ ਅਤੇ ਮੈਟ੍ਰਿਕ ਡੀ. ਏ. ਵੀ. ਪਬਲਿਕ ਸਕੂਲ ਰੋਪੜ ਤੋਂ ਪਾਸ ਕਰਕੇ ਸੰਨ 1954 ਵਿਚ ਸਰਕਾਰੀ ਕਾਲਜ ਰੋਪੜ ਤੋਂ ਬੀ. ਐੱਮ. ਸੀ. ਦੀ ਡਿਗਰੀ ਲੈ ਕੇ ਆਪਣੇ ਸਮਾਜ ਦਾ ਨਾਂ ਰੌਸ਼ਨ ਕੀਤਾ।

ਸੰਨ 1957 ਵਿਚ ਕਾਂਸ਼ੀ ਰਾਮ ਮਹਾਰਾਸ਼ਟਰ ਦੇ ਪੂਨਾ ਸਥਿਤ ਕੇਂਦਰੀ ਸਰਕਾਰ ਦੇ ‘ਸੈਂਟਰਲ ਇੰਸਟੀਚਿਊਟ ਆਫ਼ ਮਿਲਟਰੀ ਐਕਸਪਲੋਸਿਵ’ ’ਚ ਨੌਕਰੀ ਕਰਨ ਚਲੇ ਗਏ। ਉਥੇ ਦੀਨਾਭਾਨਾ ਨਾਂ ਦੇ ਇਕ ਵਿਅਕਤੀ ਦੀ ਦਲੇਰੀ ਨੇ ਕਾਂਸ਼ੀ ਰਾਮ ਦੀ ਜ਼ਿੰਦਗੀ ਨੂੰ ਨਵਾਂ ਮੋੜ ਦਿੱਤਾ, ਕਿਉਂਕਿ ‘ਸੈਂਟਰਲ ਇੰਸਟੀਚਿਊਟ ਆਫ਼ ਮਿਲਟਰੀ ਐਕਸਪਲੋਸਿਵ’ ਵਿਚ ਹਰ ਸਾਲ ਸਰਕਾਰੀ ਛੁੱਟੀਆਂ ਦੀ ਜਾਰੀ ਕੀਤੀ ਗਈ ਲਿਸਟ ਵਿਚ ਬੁੱਧ ਜਯੰਤੀ ਅਤੇ ਬਾਬਾ ਸਾਹਿਬ ਦੇ ਜਨਮ ਦਿਨ ਦੀ ਛੁੱਟੀ ਨਾ ਹੋਣ ਕਰਕੇ ਦੀਨਾਭਾਨਾ ਨੇ ਉੱਚ ਅਧਿਕਾਰੀਆਂ ਦਾ ਵਿਰੋਧ ਕੀਤਾ।

ਇਹ ਹੱਕ ਦੀ ਲੜਾਈ ਜਿੱਤਣ ਲਈ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੀਨਾਭਾਨਾ ਨੂੰ ਨਾਲ ਲੈ ਕੇ ਇਕ ਵਕੀਲ ਕੋਲ ਗਏ। ਇਹ ਕੇਸ ਰੱਖਿਆ ਮੰਤਰਾਲੇ ਤੱਕ ਪਹੁੰਚਣ ਮਗਰੋਂ ਬੁੱਧ ਜਯੰਤੀ, ਡਾ. ਬੀ. ਆਰ. ਅੰਬੇਡਕਰ ਜਨਮ ਦਿਨ ਦੀਆਂ ਦੋਨੋਂ ਛੁੱਟੀਆਂ ਬਹਾਲ ਕਰਵਾਉਣ ਵਿਚ ਕਾਮਯਾਬ ਹੋ ਗਏ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦੇ ਦਿਮਾਗ ਵਿਚ ਇਹ ਗੱਲ ਵਾਰ-ਵਾਰ ਘੁੰਮ ਰਹੀ ਸੀ ਕਿ ਡਾ. ਅੰਬੇਡਕਰ ਕੌਣ ਹੋ ਸਕਦਾ ਹੈ, ਜਿਸ ਲਈ ਆਪਣੀ ਨੌਕਰੀ ਦੀ ਪ੍ਰਵਾਹ ਨਾ ਕਰਦਾ ਹੋਇਆ ਦੀਨਾਭਾਨਾ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਸ ਨੂੰ ਪਿਆਰ ਕਰਦਾ ਹੈ। ਆਖਿਰ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ‘ਜਾਤ-ਪਾਤ ਦਾ ਬੀਜਨਾਸ਼’ ਪੁਸਤਕ ਨੂੰ ਇਕੋ ਰਾਤ ਤਿੰਨ ਵਾਰ ਪੜ੍ਹੀ। ਬਾਬਾ ਸਾਹਿਬ ਦੀ ਤਰ੍ਹਾਂ ਕਾਂਸ਼ੀ ਰਾਮ ਦੇ ਹਿਰਦੇ ਅੰਦਰ ਗਰੀਬਾਂ ਪ੍ਰਤੀ ਕੁਝ ਕਰਨ ਦੀ ਤੜਫ ਉੱਠੀ, ਉਸੇ ਦਿਨ ਤੋਂ ਬਾਬਾ ਸਾਹਿਬ ਦੇ ਮਿਸ਼ਨ ਨੂੰ ਸਮਰਪਿਤ ਹੋ ਗਏ ਅਤੇ ਘਰ ਖ਼ਤ ਭੇਜ ਦਿੱਤਾ ਕਿ ਮੇਰਾ ਸਮਾਜ ਹੀ ਮੇਰਾ ਪਰਿਵਾਰ ਹੈ। ਮੈਂ ਹੁਣ ਸ਼ਾਦੀ ਨਹੀਂ ਕਰਾਵਾਂਗਾ। ਪਰਿਵਾਰ ਵਿਚ ਜਾਂ ਰਿਸ਼ਤੇਦਾਰੀ ਵਿਚ ਕਿਧਰੇ ਖੁਸ਼ੀ-ਗ਼ਮੀ ਹੋਵੇ, ਮੈਂ ਸ਼ਾਮਲ ਨਹੀਂ ਹੋਵਾਂਗਾ।

ਸਾਹਿਬ ਕਾਂਸ਼ੀ ਰਾਮ ਜੀ ਨੇ ਸਭ ਤੋਂ ਪਹਿਲਾਂ ਲਤਾੜੇ ਜਾਂਦੇ ਪੜ੍ਹੇ-ਲਿਖੇ ਵਰਗ ਨੂੰ ਇਕੱਠਿਆਂ ਕਰਨਾ ਸ਼ੁਰੂ ਕੀਤਾ ਅਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਨਾਲ ਲੈ ਕੇ 6 ਦਸੰਬਰ, 1978 ਨੂੰ ਬਾਮਸੇਫ ਅਤੇ 6 ਦਸੰਬਰ 1981 ’ਚ ਡੀ. ਐੱਸ. 4 ਦੇ ਨਾਂ ’ਤੇ ਦੋ ਸੰਗਠਨ ਬਣਾ ਕੇ ਸੁੱਤੇ ਲੋਕਾਂ ਨੂੰ ਜਗਾਉਣਾ ਸ਼ੁਰੂ ਕੀਤਾ। 14 ਅਪ੍ਰੈਲ, 1984 ਨੂੰ ਆਪ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਨਾਂ ’ਤੇ ਸਿਆਸੀ ਪਾਰਟੀ ਦੀ ਹਾਥੀ ਦੇ ਨਿਸ਼ਾਨ ਹੇਠ ਸਥਾਪਨਾ ਕੀਤੀ ਗਈ। ਹੱਥਾਂ ਵਿਚ ਨੀਲੇ ਝੰਡੇ ਫੜ ਕੇ ਭਾਰਤ ਦੇ ਕੋਨੇ-ਕੋਨੇ ਵਿਚ ਸਾਈਕਲ ਰੈਲੀਆਂ ਦੁਆਰਾ 6000 ਜਾਤਾਂ ਵਿਚ ਵੰਡੇ ਭਾਰਤੀ ਸਮਾਜ ਨੂੰ ਇਕੱਠਿਆਂ ਕਰਨ ਦੇ ਉਪਰਾਲੇ ਕੀਤੇ ਗਏ ਅਤੇ ਪਹਿਲੀ ਵਾਰ ਸੰਨ 1992 ਵਿਚ ਇਟਾਵਾ (ਉੱਤਰ ਪ੍ਰਦੇਸ਼) ਹਲਕੇ ਤੋਂ ਲੋਕ ਸਭਾ ਚੋਣ ਜਿੱਤ ਕੇ ਜਾਤ ਅਭਿਮਾਨੀਆਂ ਦੀ ਨੀਂਦ ਹਰਾਮ ਕਰ ਦਿੱਤੀ। ਦੂਸਰੀ ਵਾਰ ਪੰਜਾਬ ਤੋਂ ਹੁਸ਼ਿਆਰਪੁਰ ਵਿਚ 1996 ਵਿਚ ਚੋਣਾਂ ਦੇ ਮੈਦਾਨ ਵਿਚ ਜਿੱਤ ਕੇ ਸਿੱਧ ਕਰ ਦਿੱਤਾ ਕਿ ਸਾਡੀ ਵੋਟ ਤਾਕਤ ਸਮੇਂ ਦੀਆਂ ਸਰਕਾਰਾਂ ਨੂੰ ਜਦ ਚਾਹੇ ਹਿਲਾ ਸਕਦੀ ਹੈ।

ਕਾਂਸ਼ੀ ਰਾਮਜੀ ਦੀ ਅਣਥੱਕ ਮਿਹਨਤ ਦੇ ਸਦਕਾ ਹੀ ਸੰਨ 1995 ਵਿਚ ਕੁਮਾਰੀ ਮਾਇਆਵਤੀ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਬਣੀ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਰੈਲੀਆਂ ਦੌਰਾਨ ਭਾਸ਼ਣ ਦਿੰਦੇ ਹੋਏ ਕਿਹਾ ਕਰਦੇ ਕਿ ਅਸੀਂ ਸਮਾਨਤਾ ਅਤੇ ਸਵੈਮਾਣ ਲਈ ਲੜਾਈ ਲੜ ਰਹੇ ਹਾਂ। ਜਦ ਵੀ ਸਮਾਂ ਆਇਆ ਅਸੀਂ ਸੱਤਾ ਪ੍ਰਾਪਤ ਕਰ ਲਈ, ਅਸੀਂ ਹਰੇਕ ਭਾਰਤ ਵਾਸੀ ਨੂੰ ਬਣਦਾ ਸਨਮਾਨ ਇਕ ਬਰਾਬਰ ਦੇਵਾਂਗੇ। ਸਾਡੀ ਕਿਸੇ ਨਾਲ ਜ਼ਾਤੀ ਦੁਸ਼ਮਣੀ ਨਹੀਂ। ਸਾਡੀ ਲੜਾਈ ਕੇਵਲ ਤੇ ਕੇਵਲ ਜਾਤੀ ਵਿਵਸਥਾ ਦੇ ਖਿਲਾਫ਼ ਹੈ, ਜਿਸ ਜਾਤੀ ਵਿਵਸਥਾ ਦੇ ਕਾਰਨ ਅਸੀਂ ਸਦੀਆਂ ਤੋਂ ਪਿਛੜੇ ਹੋਏ ਹਾਂ, ਮੇਰੇ ਤੋਂ ਪਹਿਲਾਂ ਇਹ ਲੜਾਈ ਸਤਿਗੁਰੂ ਰਵਿਦਾਸ, ਗੁਰੂ ਕਬੀਰ, ਗੁਰੂ ਨਾਨਕ ਦੇਵ, ਗੁਰੂ ਗੋਬਿੰਦ ਸਿੰਘ, ਮਹਾਤਮਾ ਬੁੱਧ, ਸ਼ਾਹੂ ਜੀ ਮਹਾਰਾਜ, ਜੋਤੀ ਰਾਓ ਫੂਲੇ, ਛਤਰਪਤੀ ਸ਼ਾਹੂ ਜੀ ਅਤੇ ਡਾ. ਅੰਬੇਡਕਰ ਲੜ ਚੁੱਕੇ ਹਨ। ਅੱਜ ਸਾਨੂੰ ਗੁਰੂ ਸਾਹਿਬਾਨ ਦੀ ਸੋਚ ’ਤੇ ਪਹਿਰਾ ਦੇਣਾ ਪਏਗਾ। ਗੁਰੂ ਸਾਹਿਬਾਨ ਦੀ ਸੋਚ ਨੂੰ ਸਮਰਪਿਤ ਹੋ ਕੇ ਦੇਸ਼ ਤੇ ਕੌਮ ਦਾ ਹਮੇਸ਼ਾ ਭਲਾ ਲੋਚਣ ਵਾਲੇ 9 ਅਕਤੂਬਰ, 2006 ਨੂੰ ਸਾਹਿਬ ਸ਼੍ਰੀ ਕਾਂਸ਼ੀ ਰਾਮ ਸਾਨੂੰ ਸਦਾ ਲਈ ਵਿਛੋੜਾ ਦੇ ਗਏ।

ਮਹਿੰਦਰ ਸੰਧੂ ‘ਮਹੇੜੂ’


rajwinder kaur

Content Editor

Related News