ਪੰਜਾਬ ’ਚ ਦਿਨ-ਦਿਹਾੜੇ ਹੋ ਰਹੀਆਂ ਬੈਂਕ ਲੁੱਟਣ ਦੀਆਂ ਘਟਨਾਵਾਂ ਸੁਰੱਖਿਆ ਪ੍ਰਬੰਧਾਂ ’ਤੇ ਭਾਰੀ ਸਵਾਲੀਆ ਨਿਸ਼ਾਨ

05/08/2022 2:39:04 AM

-ਵਿਜੇ ਕੁਮਾਰ
ਅੱਤਵਾਦ ਦੇ ਦਿਨਾਂ ’ਚ 1987 ’ਚ ਲੁਧਿਆਣਾ ਦੀ ਇਕ ਬੈਂਕ ਡਕੈਤੀ ਬਾਰੇ ਸਾਡੇ ਇਕ ਪਾਠਕ ਨੇ ਦੱਸਿਆ ਕਿ ਉਸ ਦਿਨ ਬੈਂਕ ਖੁੱਲ੍ਹਣ ਦੇ ਕੁਝ ਹੀ ਸਮੇਂ ਦੇ ਅੰਦਰ ਲੁਟੇਰਿਆਂ ਨੇ ਹੱਲਾ ਬੋਲ ਕੇ ਤਿਜੌਰੀ ਦੀਆਂ ਚਾਬੀਆਂ ਖੋਹੀਆਂ ਅਤੇ ਥੋੜ੍ਹੀ ਦੇਰ ’ਚ 5.7 ਕਰੋੜ ਰੁਪਏ ਦੀ ਭਾਰੀ-ਭਰਕਮ ਰਾਸ਼ੀ ਲੁੱਟ ਕੇ ਲੈ ਗਏ ਸਨ।
ਪੰਜਾਬ ’ਚ ਬੈਂਕ ਲੁੱਟਣ ਦੀਆਂ ਹਾਲੀਆ ਘਟਨਾਵਾਂ ਨੂੰ ਦੇਖਦੇ ਹੋਏ ਮਨ ’ਚ ਖਦਸ਼ਾ ਪੈਦਾ ਹੁੰਦਾ ਹੈ ਕਿ ਕਿਤੇ ਇਹ ਉਨ੍ਹਾਂ ਹੀ ਦਿਨਾਂ ਦੀ ਵਾਪਸੀ ਦੀ ਆਹਟ ਤਾਂ ਨਹੀਂ ਹਨ :
* 22 ਦਸੰਬਰ, 2021 ਨੂੰ ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਕੇ ਜਲੰਧਰ ’ਚ ਗ੍ਰੀਨ ਮਾਡਲ ਟਾਊਨ ਸਥਿਤ ਇਕ ਬੈਂਕ ਦੀ ਸ਼ਾਖਾ ’ਚੋਂ 16 ਲੱਖ ਰੁਪਏ ਲੁੱਟ ਲਏ।
* 19 ਫਰਵਰੀ, 2022 ਨੂੰ ਤਰਨਤਾਰਨ ਜ਼ਿਲੇ ਦੇ ਨੌਸ਼ਹਿਰਾ ਪਨੂੰਆਂ ਪਿੰਡ ’ਚ ਸਥਿਤ ਇਕ ਬੈਂਕ ’ਚੋਂ 3 ਹਥਿਆਰਬੰਦ ਲੁਟੇਰੇ 37.72 ਲੱਖ ਰੁਪਏ ਲੁੱਟ ਕੇ ਲੈ ਗਏ।
* 25 ਫਰਵਰੀ ਨੂੰ ਹਥਿਆਰਬੰਦ ਲੁਟੇਰਿਆਂ ਨੇ ਬਾਬਾ ਬਕਾਲਾ ਸਥਿਤ ਇਕ ਬੈਂਕ ’ਚ ਲੁੱਟ ਦੀ ਕੋਸ਼ਿਸ਼ ਕੀਤੀ ਜਿਸ ਨੂੰ ਬੈਂਕ ਦੇ ਕੈਸ਼ੀਅਰ ਨੇ ਅਸਫਲ ਕਰ ਦਿੱਤਾ।
* ਅਤੇ ਹੁਣ 6 ਮਈ ਨੂੰ ਅੰਮ੍ਰਿਤਸਰ ’ਚ ਸੈਂਟਰਲ ਬੈਂਕ ਆਫ ਇੰਡੀਆ ਦੀ ਜੀ. ਟੀ. ਰੋਡ ਸ਼ਾਖਾ ’ਚੋਂ ਦਿਨ-ਦਿਹਾੜੇ 4 ਨਕਾਬਪੋਸ਼ ਨੌਜਵਾਨ ਬੈਂਕ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ ਕੈਸ਼ੀਅਰ ਦੇ ਕਾਊਂਟਰ ’ਤੇ ਰੱਖੇ ਹੋਏ ਪੌਣੇ 6 ਲੱਖ ਰੁਪਏ ਲੁੱਟ ਕੇ ਬੈਂਕ ਤੋਂ ਕੁਝ ਹੀ ਦੂਰ ਖੜ੍ਹੀ ਸਫੈਦ ਰੰਗ ਦੀ ਕਾਰ ’ਚ ਸਵਾਰ ਹੋ ਕੇ ਫਰਾਰ ਹੋ ਗਏ।
ਇਕ ਲੁਟੇਰਾ ਗਾਹਕ ਬਣ ਕੇ ਬੈਂਕ ਦੇ ਅੰਦਰ ਦਾਖਲ ਹੋਇਆ ਅਤੇ ਫਿਰ ਕੁਝ ਹੀ ਸਮੇਂ ਬਾਅਦ 3 ਹੋਰ ਨੌਜਵਾਨ ਅੰਦਰ ਆ ਵੜੇ। ਇਹ ਘਟਨਾ ਦੁਪਹਿਰ ਦੇ ਸਮੇਂ ਉਸ ਸਮੇਂ ਹੋਈ ਜਦੋਂ ਬੈਂਕ ਦੇ ਕਰਮਚਾਰੀ ਆਪਣੇ ਕੰਮ ’ਚ ਰੁੱਝੇ ਸਨ।
ਕਈ ਬੈਂਕ ਸ਼ਾਖਾਵਾਂ ’ਤੇ ਕੋਈ ਸੁਰੱਖਿਆਗਾਰਡ ਨਾ ਹੋਣ ਅਤੇ ਸੁਰੱਖਿਆ ਮੁਲਾਜ਼ਮਾਂ ਦੀ ਲਾਪ੍ਰਵਾਹੀ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਹਨ। ਕਈ ਮਾਮਲਿਆਂ ’ਚ ਅਪਰਾਧੀ ਬੈਂਕਾਂ ਅਤੇ ਏ. ਟੀ. ਐੱਮ. ਬੂਥਾਂ ਆਦਿ ’ਚ ਲਗਾਏ ਗਏ ਸੀ. ਸੀ. ਟੀ. ਵੀ. ਕੈਮਰਿਆਂ ਦੇ ਸਹੀ ਢੰਗ ਨਾਲ ਕੰਮ ਨਾ ਕਰਨ ਦੇ ਕਾਰਨ ਬਚ ਨਿਕਲਦੇ ਹਨ। ਕਈ ਥਾਂ ਕੈਮਰੇ ਦੇ ਲੈਂਜ਼ ’ਤੇ ਰੰਗ ਛਿੜਕ ਕੇ ਉਨ੍ਹਾਂ ਨੂੰ ਨਾਕਾਰਾ ਕਰ ਦੇਣ ਜਾਂ ਡਿਜੀਟਲ ਵੀਡੀਓ ਰਿਕਾਰਡਰ (ਡੀ. ਵੀ. ਆਰ.) ਨਾਲ ਲਿਜਾਣ ਦੇ ਕਾਰਨ ਵੀ ਉਹ ਪਕੜ ’ਚ ਨਹੀਂ ਆਉਂਦੇ। ਇਸ ਲਈ ਬੈਂਕ ਮੈਨੇਜਮੈਂਟ ਵੱਲੋਂ ਸਾਰੇ ਬੈਂਕਾਂ ਅਤੇ ਏ. ਟੀ. ਐੱਮ. ਬੂਥਾਂ ’ਤੇ ਸੁਰੱਖਿਆ ਗਾਰਡ ਤਾਇਨਾਤ ਕਰਕੇ ਅਤੇ ਹੋਰਨਾਂ ਉਪਾਵਾਂ ਨਾਲ ਇਨ੍ਹਾਂ ਦੀ ਸੁਰੱਖਿਆ ਮਜ਼ਬੂਤ ਬਣਾਉਣ ਦੀ ਲੋੜ ਹੈ। ਇਸ ਦੇ ਲਈ ਬੈਂਕਾਂ ਦੀ ਸੁਰੱਖਿਆ ਵਿਵਸਥਾ ਦਾ ਆਡਿਟ ਕਰਨਾ ਵੀ ਜ਼ਰੂਰੀ ਹੈ।


Gurdeep Singh

Content Editor

Related News