‘ਮਹਿਲਾਵਾਂ ਵਿਰੁੱਧ ਅਪਰਾਧ’ ਦੁੱਧ ਪੀਂਦੀਆਂ ਬੱਚੀਆਂ ਤੋਂ ਲੈ ਕੇ ਬੁੱਢੀ ਦਾਦੀ ਅੰਮਾ ਤੱਕ ਹੋ ਰਹੀਆਂ ਸ਼ਿਕਾਰ
Sunday, Jan 25, 2026 - 05:45 AM (IST)
ਪ੍ਰਾਚੀਨ ਕਾਲ ਤੋਂ ਨਾਰੀ ਸ਼ਕਤੀ ਪੂਜਕ ਦੇ ਰੂਪ ’ਚ ਪ੍ਰਸਿੱਧ ਸਾਡੇ ਦੇਸ਼ ’ਚ ਹੁਣ ਨਾਰੀ ਜਾਤੀ ’ਤੇ ਅੱਤਿਆਚਾਰ ਅਤੇ ਜਿਨਸੀ ਅਪਰਾਧ ਜ਼ੋਰਾਂ ’ਤੇ ਹਨ। 5 ਸਾਲ ਦੀਆਂ ਦੁੱਧ ਪੀਂਦੀਆਂ ਬੱਚੀਆਂ ਤੋਂ ਲੈ ਕੇ 85 ਸਾਲ ਦੀ ਦਾਦੀ ਅੰਮਾ ਤੱਕ, ਹਰ ਉਮਰ ਵਰਗ ਦੀਆਂ ਔਰਤਾਂ ਇਸ ਬੇਇਨਸਾਫ਼ੀ ਦਾ ਸ਼ਿਕਾਰ ਹੋ ਰਹੀਆਂ ਹਨ, ਜੋ ਪਿਛਲੇ 10 ਦਿਨਾਂ ਵਿਚ ਸਾਹਮਣੇ ਆਈਆਂ ਹੇਠ ਲਿਖੀਆਂ ਕੁਝ ਘਟਨਾਵਾਂ ਤੋਂ ਸਪੱਸ਼ਟ ਹੈ :
* 14 ਜਨਵਰੀ, 2026 ਨੂੰ ‘ਪਲਵਲ’ (ਹਰਿਆਣਾ) ਦੇ ‘ਹਥੀਨ’ ਪਿੰਡ ’ਚ ਆਪਣੇ ਘਰ ਤੋਂ ਬਾਹਰ ਕੂੜਾ ਸੁੱਟਣ ਨਿਕਲੀ ਮੁਟਿਆਰ ਨੂੰ ਉਸੇ ਦੇ ਪਿੰਡ ਦੇ 5 ਵਿਅਕਤੀਆਂ ਨੇ ਅਗਵਾ ਕਰ ਲਿਆ ਅਤੇ ਇਕ ਫਾਰਮ ਹਾਊਸ ਵਿਚ ਲੈ ਜਾ ਕੇ ਉਸ ਨੂੰ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰ ਦਿੱਤਾ।
* 17 ਜਨਵਰੀ ਨੂੰ ‘ਸੋਨੀਪਤ’ (ਹਰਿਆਣਾ) ਦੇ ‘ਬਹਾਲਗੜ੍ਹ’ ’ਚ 3 ਨੌਜਵਾਨ ਘਰ ਜਾਣ ਲਈ ਵਾਹਨ ਦੀ ਉਡੀਕ ਕਰ ਰਹੀ ਇਕ ਮੁਟਿਆਰ ਨੂੰ ਲਿਫਟ ਦੇਣ ਦੇ ਬਹਾਨੇ ਆਪਣੀ ਕਾਰ ’ਚ ਬਿਠਾ ਕੇ ਲੈ ਗਏ ਅਤੇ ਫਿਰ ਚੱਲਦੀ ਕਾਰ ’ਚ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰ ਦਿੱਤਾ। ਇਸ ਸਿਲਸਿਲੇ ’ਚ ਪੁਲਸ ਨੇ ‘ਸੁਮਿਤ’ ਨਾਂ ਦੇ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ 2 ਹੋਰ ਫ਼ਰਾਰ ਹੋ ਗਏ।
* 19 ਜਨਵਰੀ ਨੂੰ ‘ਬੈਂਗਲੁਰੂ’ (ਕਰਨਾਟਕ) ਦੇ ‘ਕੈਂਪੇਗੌੜਾ’ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਹਵਾਈ ਸੇਵਾ ‘ਏਅਰ ਇੰਡੀਆ’ ਦੇ ਕਰਮਚਾਰੀ ‘ਅਫਾਨ ਅਹਿਮਦ’ ਨੂੰ ਇਕ ਦੱਖਣੀ ਕੋਰੀਆਈ ਮਹਿਲਾ ਸੈਲਾਨੀ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੂੰ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ।
* 19 ਜਨਵਰੀ ਨੂੰ ਹੀ ‘ਗੁਰੂਗ੍ਰਾਮ’ (ਹਰਿਆਣਾ) ’ਚ 29 ਸਾਲਾ ਇਕ ਮੁਟਿਆਰ ਨੂੰ ਭੋਜਨ ’ਚ ਨਸ਼ੀਲਾ ਪਦਾਰਥ ਖੁਆ ਕੇ ਬੇਹੋਸ਼ ਕਰਕੇ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ਵਿਚ ਮੁਟਿਆਰ ਦੇ ਦੋਸਤ ਅਤੇ ਉਸ ਦੇ ਸਾਥੀ ਵਿਰੁੱਧ ਕੇਸ ਦਰਜ ਕੀਤਾ ਗਿਆ।
* 21 ਜਨਵਰੀ ਨੂੰ ‘ਰਾਏਪੁਰ’ (ਛੱਤੀਸਗੜ੍ਹ) ’ਚ 9 ਸਾਲਾ ਹਿੰਦੂ ਬੱਚੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਅਬਦੁਲ ਸੱਜਾਦ ਅੰਸਾਰੀ (65) ਦੇ ਮਕਾਨ ਅਤੇ ਦੁਕਾਨ ’ਤੇ ਬੁਲਡੋਜ਼ਰ ਚਲਾ ਕੇ ਜ਼ਮੀਨਦੋਜ਼ ਕਰ ਦਿੱਤਾ ਗਿਆ, ਜਦਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁਲਸ ਪਹਿਲਾਂ ਹੀ ਜੇਲ ਭੇਜ ਚੁੱਕੀ ਹੈ।
* 21 ਜਨਵਰੀ ਨੂੰ ਹੀ ‘ਜਲੰਧਰ’ (ਪੰਜਾਬ) ’ਚ ਆਪਣੇ ਮਕਾਨ ਦੀ ਛੱਤ ’ਤੇ ਖੇਡ ਰਹੀ ਇਕ 10 ਸਾਲਾ ਬੱਚੀ ਨਾਲ ਕੁੱਟਮਾਰ ਕਰਕੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਇਕ 15 ਸਾਲਾ ਨਾਬਾਲਗ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ।
* 22 ਜਨਵਰੀ ਨੂੰ ‘ਸ਼ਾਹਜਹਾਂਪੁਰ’ (ਉੱਤਰ ਪ੍ਰਦੇਸ਼) ’ਚ ਇਕ 28 ਸਾਲਾ ਵਿਅਕਤੀ ਨੇ ਇਕ 14 ਸਾਲਾ ਨਾਬਾਲਗਾ ਨਾਲ ਜਬਰ-ਜ਼ਨਾਹ ਕਰ ਦਿੱਤਾ। ਲੜਕੀ ਦੀਆਂ ਚੀਕਾਂ ਸੁਣ ਕੇ ਉਸ ਦੇ ਪਰਿਵਾਰਕ ਮੈਂਬਰ ਅਤੇ ਗੁਆਂਢੀ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮੁਲਜ਼ਮ ‘ਆਰਿਫ਼’ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ।
* 22 ਜਨਵਰੀ ਨੂੰ ਹੀ ‘ਲੁਧਿਆਣਾ’ (ਪੰਜਾਬ) ਦੇ ‘ਦੁਗਰੀ’ ਇਲਾਕੇ ’ਚ ਇਕ ਮਹਿਲਾ ਨੂੰ ਨਸ਼ੀਲਾ ਪਦਾਰਥ ਖੁਆ ਕੇ ਉਸ ਨਾਲ ਸਮੂਹਿਕ ਜਬਰ-ਜ਼ਨਾਹ ਕਰਨ, ਪੀੜਤਾ ਦੀ ਅਸ਼ਲੀਲ ਵੀਡੀਓ ਬਣਾਉਣ ਅਤੇ ਕਾਗਜ਼ਾਂ ’ਤੇ ਦਸਤਖਤ ਕਰਵਾਉਣ ਦੇ ਦੋਸ਼ ’ਚ ਪੁਲਸ ਨੇ 3 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ।
* 22 ਜਨਵਰੀ ਨੂੰ ਹੀ ‘ਦੇਹਰਾਦੂਨ’ (ਉੱਤਰਾਖੰਡ) ਦੀ ਇਕ ਅਦਾਲਤ ਨੇ 5 ਸਾਲਾ ਮਾਸੂਮ ਨੂੰ ਜੰਗਲ ’ਚ ਲੈ ਜਾ ਕੇ ਉਸ ਨਾਲ ਜਬਰ-ਜ਼ਨਾਹ ਕਰਨ ਤੋਂ ਬਾਅਦ ਉਸਦੀ ਹੱਤਿਆ ਕਰ ਦੇਣ ਦੇ ਦੋਸ਼ੀ ਨੂੰ 20 ਸਾਲ ਦੀ ਸਖ਼ਤ ਕੈਦ ਅਤੇ 50,000 ਰੁਪਏ ਦਾ ਜੁਰਮਾਨਾ ਲਗਾਇਆ।
* 22 ਜਨਵਰੀ ਨੂੰ ਹੀ ‘ਸਾਗਰ’ (ਮੱਧ ਪ੍ਰਦੇਸ਼) ’ਚ ਆਪਣੇ ਪ੍ਰੇਮੀ ਨਾਲ ਘੁੰਮਣ ਗਈ ਵਿਦਿਆਰਥਣ ਨੂੰ ਅਗਵਾ ਕਰਕੇ ਉਸ ਨੂੰ ਜੰਗਲ ’ਚ ਲੈ ਜਾ ਕੇ ਉਸ ਦੇ ਨਾਲ ਸਮੂਹਿਕ ਜਬਰ-ਜ਼ਨਾਹ ਕਰਕੇ ਉਸੇ ਹਾਲਤ ਵਿਚ ਛੱਡ ਕੇ ਮੁਲਜ਼ਮ ਨੌਜਵਾਨ ਫ਼ਰਾਰ ਹੋ ਗਏ। ਪੁਲਸ ਨੇ ਇਸ ਸਬੰਧੀ ਕੁਝ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ।
* 23 ਜਨਵਰੀ ਨੂੰ ‘ਭਰਤਪੁਰ’ (ਰਾਜਸਥਾਨ) ’ਚ ਇਕ ਵਿਅਕਤੀ ਨੇ ਜ਼ਬਰਦਸਤੀ ਇਕ ਮਕਾਨ ’ਚ ਵੜ ਕੇ ਇਕ 85 ਸਾਲਾ ਬਜ਼ੁਰਗ ਮਹਿਲਾ ਨਾਲ ਜਬਰ-ਜ਼ਨਾਹ ਕਰ ਦਿੱਤਾ।
* 23 ਜਨਵਰੀ ਨੂੰ ਹੀ ‘ਬਠਿੰਡਾ’ ਦੇ ਪਿੰਡ ‘ਨਥਾਣਾ’ ’ਚ ਜਬਰ-ਜ਼ਨਾਹ ਦੀ ਸ਼ਿਕਾਰ ਇਕ ਨਾਬਾਲਗਾ ਨੇ ਖੁਦਕੁਸ਼ੀ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਰੋਜ਼ਾਨਾ ਹੋ ਰਹੀਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਨੇ ਦੇਸ਼ ਵਿਚ ਨਾਰੀ ਜਾਤੀ ਦੀ ਸੁਰੱਖਿਆ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਲਈ, ਜਬਰ-ਜ਼ਨਾਹ ਦੇ ਮਾਮਲਿਆਂ ਦਾ ਬਿਨਾਂ ਕਿਸੇ ਦੇਰੀ ਦੇ ਜਲਦ ਤੋਂ ਜਲਦ ਫੈਸਲਾ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਲੋੜ ਹੈ, ਤਾਂ ਹੀ ਇਸ ਬੁਰਾਈ ’ਤੇ ਰੋਕ ਲੱਗ ਸਕੇਗੀ।
—ਵਿਜੇ ਕੁਮਾਰ
