ਕੋਵਿਡ : ਲੋਕ ਸਰਕਾਰ ਨਾਲ ਸਹਿਯੋਗ ਅਤੇ ਨਿਯਮਾਂ ਦਾ ਪਾਲਣ ਕਰਨ

12/21/2021 3:50:34 AM

ਕਲਿਆਣੀ ਸ਼ੰਕਰ
ਇਸ ਗੱਲ ਨੂੰ ਦੋ ਸਾਲ ਹੋ ਗਏ ਹਨ ਜਦੋਂ ਚੀਨ ’ਚ ਕੋਵਿਡ-19 ਉੱਭਰਿਆ ਸੀ ਅਤੇ ਸਮੁੱਚੀ ਦੁਨੀਆ ’ਚ ਫੈਲ ਗਿਆ ਸੀ। ਉਦੋਂ ਤੋਂ ਦੁਨੀਆ ਨੇ ਉਥਲ-ਪੁਥਲ ਦਾ ਸਾਹਮਣਾ ਕੀਤਾ ਹੈ । ਹੁਣ ਜਦੋਂ ਅਸੀਂ 2022 ’ਚ ਦਾਖਲ ਹੋ ਰਹੇ ਹਾਂ ‘ਕ੍ਰਿਸਟਲ ਬਾਲ’ ਕੋਵਿਡ ਸੰਬੰਧੀ ਕੀ ਕਹਿੰਦਾ ਹੈ? ਕੀ ਨਵੇਂ ਸਾਲ ’ਚ ਅਸੀਂ ਮਹਾਮਾਰੀ ਦਾ ਅੰਤ ਦੇਖਾਂਗੇ ਜਾਂ ਇਹ ਸਾਰਾ ਸਾਲ ਜਾਰੀ ਰਹੇਗਾ? ਇਸ ਦਾ ਸੰਖੇਪ ਜਵਾਬ ਇਹ ਹੈ ਕਿ ਕੋਵਿਡ-19 ਮਹਾਮਾਰੀ ਅਜੇ ਖਤਮ ਨਹੀਂ ਹੋਈ ਅਤੇ ਇਸ ਦੇ 2022 ਦੌਰਾਨ ਵੀ ਜਾਰੀ ਰਹਿਣ ਦਾ ਖਦਸ਼ਾ ਹੈ। ਦੁਨੀਆ ’ਚ ਹੈਰਾਨੀਜਨਕ ਢੰਗ ਨਾਲ ਇਸ ਦੇ ਵਾਰ-ਵਾਰ ਉਭਾਰ ਕਾਰਨ ਇਸ ਦੇ ਖਾਤਮੇ ਬਾਰੇ ਭਵਿੱਖਬਾਣੀ ਕਰਨੀ ਔਖੀ ਹੈ।

ਜੇ ਅਸੀਂ ਇਹ ਮੰਨ ਲਈਏ ਕਿ ਸਭ ਮਹਾਮਾਰੀਆਂ ਦਾ ਹਰ ਹਾਲਤ ’ਚ ਖਾਤਮਾ ਹੋਣਾ ਹੈ, ਇਤਿਹਾਸ ’ਚ ਹਰ ਮਹਾਮਾਰੀ ਕਿਸੇ ਨਾ ਕਿਸੇ ਬਿੰਦੂ ’ਤੇ ਮੁਕੰਮਲ ਹੋਈ ਹੈ-ਇਥੋਂ ਤਕ ਕਿ ਵਿਗਿਆਨ ’ਚ ਵਿਕਾਸ ਦੇ ਬਿਨਾਂ ਹੀ ਜੋ ਅੱਜ ਅਸੀਂ ਦੇਖ ਰਹੇ ਹਾਂ। ਬਿਊਬੋਨਿਕ ਪਲੇਗ ਕਦੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਕੀਤਾ ਜਾ ਸਕਦਾ ਅਤੇ ਬੀਤੇ 2000 ਸਾਲਾਂ ਦੌਰਾਨ ਇਸ ਨੇ ਲੱਖਾਂ ਲੋਕਾਂ ਦੀ ਜਾਨ ਲਈ ਹੈ। 1918 ’ਚ ਫੈਲਿਆ ਸਪੈਨਿਸ਼ ਫਲੂ ਲਗਭਗ 2 ਸਾਲਾਂ ਤਕ ਰਿਹਾ ਅਤੇ ਇਸ ਨੇ 50 ਕਰੋੜ ਲੋਕਾਂ ਨੂੰ ਪੀੜਤ ਕੀਤਾ।

ਮੁੱਢਲੀਆਂ ਉਮੀਦਾਂ ਦੇ ਬਾਵਜੂਦ ਸਿਰਫ 40 ਫੀਸਦੀ ਆਬਾਦੀ ਦਾ ਪੂਰਨ ਟੀਕਾਕਰਨ ਹੋਇਆ ਹੈ ਅਤੇ ਲੱਖਾਂ ਲੋਕ ਆਪਣੀ ਦੂਜੀ ਡੋਜ਼ ਲਗਵਾਉਣ ਤੋਂ ਬਚ ਰਹੇ ਹਨ। ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਕੋਵਿਡ ਕਾਰਨ 27 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਕ ਅਨੁਮਾਨ ਮੁਤਾਬਕ 57 ਫੀਸਦੀ ਕੌਮਾਂਤਰੀ ਆਬਾਦੀ ਨੇ ਟੀਕੇ ਦੀ ਘੱਟ ਤੋਂ ਘੱਟ ਇਕ ਡੋਜ਼ ਲਈ ਹੈ।

ਕੁਝ ਦਿਨ ਪਹਿਲਾਂ ਕੁਝ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਸੀ ਕਿ ਪਿਛਲੇ 2 ਸਾਲਾਂ ’ਚ ਅਲਫਾ, ਬੀਟਾ, ਗਾਮਾ, ਡੈਲਟਾ ਅਤੇ ਹੋਰ ਵੇਰੀਐਂਟਸ ਤੋਂ ਪ੍ਰਭਾਵਿਤ ਹੋਣ ਪਿਛੋਂ ਕਈ ਦੇਸ਼ ਸ਼ਾਇਦ ਕੋਵਿਡ ਮੁਕਤ ਹੋ ਜਾਣਗੇ। ਨਵੰਬਰ ਦੇ ਅੰਤ ’ਚ ਪਛਾਣਿਆ ਗਿਆ ਵੱਡੀ ਤੇਜ਼ੀ ਨਾਲ ਫੈਲਣ ਵਾਲਾ ਬਹੁਤ ਉੱਚੀ ਦਰ ’ਤੇ ਮਿਊਟੇਸ਼ਨ ਕਰਨ ਵਾਲਾ ਓਮੀਕ੍ਰੋਨ ਇਸ ਉਮੀਦ ਨੂੰ ਕਮਜ਼ੋਰ ਕਰਦਾ ਹੈ। ਕੁਝ ਮਾਹਿਰਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਕੁਝ ਨਵੀਆਂ ਮਿਊਟੇਸ਼ਨਜ਼, ਨਵੇਂ ਵੇਰੀਐਂਟ ਸਾਹਮਣੇ ਆਉਣਗੇ ਕਿਉਂ ਕਿ ਫਲੂ ਅਤੇ ਆਮ ਸਰਦੀ ਅਤੇ ਖੰਘ ਵਾਂਗ ਕੋਵਿਡ ਕਈ ਸਾਲਾਂ ਤਕ ਸਾਡੇ ਨਾਲ ਰਹੇਗਾ। ਸਾਡੇ ਕੋਲ ਇਸਦੇ ਨਾਲ ਰਹਿਣਾ ਸਿੱਖਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ। ਮਾਈਕ੍ਰੋਸਾਫਟ ਦੇ ਸਹਿ-ਸੰਸਥਾਪਕ ਬਿਲਗੇਟਸ ਨੇ ਬੀਤੇ ਹਫਤੇ ਭਵਿੱਖਬਾਣੀ ਕੀਤੀ ਸੀ ਕਿ ਓਮੀਕ੍ਰੋਨ ਦੇ ਬਾਵਜੂਦ ਕੋਵਿਡ-19 ਦਾ ਔਖਾ ਦੌਰ 2022 ’ਚ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਸੀ ਕਿ ਮੈਂ ਉਮੀਦ ਕਰਦਾ ਹਾਂ ਕਿ ਆਖਿਰ ਇਸ ਦਾ ਖਾਤਮਾ ਨਜ਼ਰ ਆ ਰਿਹਾ ਹੈ।

ਕਈ ਦੇਸ਼ਾਂ ਨੇ ਮਾਸਕ ਪਹਿਨਣਾ, ਸਮਾਜਿਕ ਦੂਰੀ ਬਣਾਈ ਰੱਖਣੀ ਅਤੇ ਵੱਡੇ ਇੱਕਠਾਂ ’ਤੇ ਪਾਬੰਦੀ ਲਾਉਣੀ ਸ਼ੁਰੂ ਕਰ ਦਿੱਤੀ ਹੈ। ਓਮੀਕ੍ਰੋਨ ਤੇਜ਼ੀ ਨਾਲ ਫੈਲ ਰਿਹਾ ਹੈ।

ਅਮਰੀਕਾ ’ਚ ਯੂਨੀਵਰਸਿਟੀ ਆਫ ਵਾਸ਼ਿੰਗਟਨ ਮੈਡੀਸਨ ਦੇ ਇਕ ਨਿਰਪੱਖ ਆਬਾਦੀ ਸਿਹਤ ਖੋਜ ਕੇਂਦਰ ਨੇ ਭਵਿੱਖਬਾਣੀ ਕੀਤੀ ਕਿ 1 ਮਾਰਚ 2022 ਤਕ ਕੁਲ ਮੌਤਾਂ ਦਾ ਅੰਕੜਾ ਲਗਭਗ 29 ਲੱਖ ਹੋਵੇਗਾ।

ਭਾਵੇਂ ਭਾਰਤ ਦੇ ਚੋਟੀ ਦੇ ਵਿਗਿਆਨੀਆਂ ਵਿਚੋਂ ਇਕ ਵਿੱਦਿਆ ਸਾਗਰ ਜੋ ਨੈਸ਼ਨਲ ਕੋਵਿਡ-19 ਸੁਪਰ ਮਾਡਲ ਕਮੇਟੀ ਦੇ ਮੁਖੀ ਹਨ, ਨੇ ਭਵਿੱਖਬਾਣੀ ਕੀਤੀ ਹੈ ਕਿ ਭਾਰਤ ’ਚ ਤੀਜੀ ਲਹਿਰ ਦੇ ਆਉਂਦੇ ਸਾਲ ਦੇ ਸ਼ੁਰੂ ’ਚ ਆਉਣ ਦਾ ਡਰ ਹੈ।

ਹਾਲਾਂਕਿ ਇਸ ਸਾਲ ਦੇ ਸ਼ੁਰੂ ’ਚ ਦੂਜੀ ਲਹਿਰ ਦੌਰਾਨ ਅਨਜਾਣਪੁਣੇ ’ਚ ਸ਼ਿਕਾਰ ਹੋਏ ਭਾਰਤ ’ਚ ਲਗਭਗ 1.2 ਅਰਬ ਵੈਕਸੀਨ ਲਾਈ ਜਾ ਚੁੱਕੀ ਹੈ ਜੋ ਭਾਰਤ ਦੀ ਆਬਾਦੀ ਪੱਖੋਂ ਦੁਨੀਆ ’ਚ ਸਭ ਤੋਂ ਵੱਧ ਹੈ। ਅਜਿਹੀ ਸੰਭਾਵਨਾ ਹੈ ਕਿ ਸਰਕਾਰ ਟੀਕਾਕਰਨ ਦਾ ਆਪਣਾ ਪਹਿਲਾ ਦੌਰ 2022 ’ਚ ਮੁਕੰਮਲ ਕਰ ਲਏਗੀ।

ਅਸੀਂ ਦੂਜੀ ਲਹਿਰ ’ਚ ਕੁਝ ਸਬਕ ਸਿੱਖੇ ਹਨ, ਜਦੋਂ ਭਾਰਤ ਸਰਕਾਰ ਨੇ ਇਹ ਸੋਚਿਆ ਕਿ ਅਸੀਂ ਕੋਵਿਡ ’ਤੇ ਲਗਭਗ ਜਿੱਤ ਹਾਸਲ ਕਰ ਲਈ ਹੈ ਅਤੇ ਫਿਰ ਉਸ ਵੇਲੇ ਦੇ ਸਿਹਤ ਮੰਤਰੀ ਹਰਸ਼ਵਰਧਨ ਨੇ ਤਾਂ ਇਥੋਂ ਤਕ ਕਹਿ ਦਿੱਤਾ ਹੈ ਕਿ ਕੋਵਿਡ ਮਰ ਗਿਆ ਹੈ। ਇਸ ਦੇ ਉਲਟ ਦੂਜੀ ਲਹਿਰ ਨੇ ਦੇਸ਼ ’ਤੇ ਤੇਜ਼ੀ ਨਾਲ ਹਮਲਾ ਕੀਤਾ। ਦੂਜੀ ਲਹਿਰ ਦਾ ਮੁੱਖ ਕਾਰਨ ਆਤਮ ਸੰਤੁਸ਼ਟੀ ਸੀ ਕਿ ਸਭ ਕੁਝ ਠੀਕ ਹੋ ਰਿਹਾ ਹੈ। ਲੋਕਾਂ ਨੇ ਸਾਵਧਾਨੀਆਂ ਵਰਤਣੀਆਂ ਛੱਡ ਦਿੱਤੀਆਂ। ਮਾਸਕ ਪਾਏ ਬਿਨਾਂ ਹੀ ਘਰੋਂ ਨਿਕਲ ਪਏ। ਸਮਾਜਿਕ ਦੂਰੀ ਨੂੰ ਵੀ ਛੱਡ ਦਿੱਤਾ। ਲੋਕਾਂ ਨੇ ਮੰਦਿਰਾਂ ਅਤੇ ਪਾਰਕਾਂ ਵਰਗੀਆਂ ਜਨਤਕ ਥਾਵਾਂ ’ਤੇ ਭੀੜ ਬਣਾਉਣੀ ਸ਼ੁਰੂ ਕਰ ਦਿੱਤੀ। ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ ਅਤੇ ਪੁਡੂਚੇਰੀ ਵਰਗੇ ਚੋਣ ਸੂਬਿਆਂ ’ਚ ਆਯੋਜਿਤ ਰੈਲੀਆਂ ਨੇ ਕੋਵਿਡ ਦੇ ਫੈਲਣ ’ਚ ਢੁੱਕਵਾਂ ਯੋਗਦਾਨ ਪਾਇਆ। ਅਸੀਂ ਤੀਜੀ ਲਹਿਰ ਤੋਂ ਬਚ ਸਕਦੇ ਹਾਂ ਜੇ ਸਭ ਲੋਕ ਅਤੇ ਸਾਡੇ ਸਿਆਸਤਦਾਨ ਕੋਵਿਡ ਦੇ ਨਿਯਮਾਂ ’ਚ ਆਪਣੇ ਆਪ ਨੂੰ ਬੰਨ੍ਹ ਕੇ ਰੱਖਣ।

ਭਾਰਤ ਸਰਕਾਰ ਕਿਸੇ ਵੀ ਅਨਹੋਣੀ ਨਾਲ ਨਜਿੱਠਣ ਲਈ ਤਿਆਰ ਹੋ ਰਹੀ ਹੈ। ਉਸ ਨੇ ਵੈਕਸੀਨ ਦੀ ਸਪਲਾਈ ਨੂੰ ਵਧਾ ਦਿੱਤਾ ਹੈ। ਉੱਤਰ ਪ੍ਰਦੇਸ਼, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮਣੀਪੁਰ, ਗੋਆ ਅਤੇ ਗੁਜਰਾਤ ’ਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਭਾਜਪਾ ਅਤੇ ਕਾਂਗਰਸ ਲਈ ਅਤਿਅੰਤ ਅਹਿਮ ਹਨ। ਸਿਆਸੀ ਪਾਰਟੀਆਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਸਿਰਫ ਵਰਚੁਅਲ ਰੈਲੀਆਂ ਨੂੰ ਸੰਬੋਧਿਤ ਕਰਨ ਅਤੇ ਆਪਣੇ ਚੋਣ ਏਜੰਡੇ ਦੇ ਪ੍ਰਚਾਰ ਡਿਜੀਟਲ ਮੋਡ ਰਾਹੀਂ ਕਰਨ।

ਭਵਿੱਖ ਬਾਰੇ ਕੁਝ ਨਹੀਂ ਪਤਾ। ਚੰਗੀ ਖਬਰ ਇਹ ਹੈ ਕਿ ਭਾਰਤ ਦੋ ਸਾਲ ਪਹਿਲਾਂ ਦੇ ਮੁਕਾਬਲੇ ਕੋਵਿਡ ਨਾਲ ਨਜਿੱਠਣ ਲਈ ਵਧੀਆ ਢੰਗ ਨਾਲ ਤਿਆਰ ਹੈ ਕਿਉਂਕਿ ਵੈਕਸੀਨ ਦੀ ਸਪਲਾਈ ਵਧਾ ਦਿੱਤੀ ਗਈ ਹੈ। ਖਰਾਬ ਗੱਲ ਇਹ ਹੈ ਕਿ ਜੇ ਕੌਮਾਂਤਰੀ ਭਾਈਚਾਰਾ ਸਾਂਝੇ ਤੌਰ ’ਤੇ ਵੈਕਸੀਨ ਤੱਕ ਆਸਮਾਨ ’ਤੇ ਪਹੁੰਚ ਚੁੱਕੀ ਸਮੱਸਿਆ ਦਾ ਹੱਲ ਨਹੀਂ ਕਰਦਾ ਤਾਂ ਫਿਰ ਇਸ ਨੂੰ ਕਿਵੇਂ ਖਤਮ ਕੀਤਾ ਜਾ ਸਕੇਗਾ। ਵਾਇਰਸ ਸਾਡੇ ਜੀਵਨ ਅਤੇ ਰੋਜ਼ੀ ਰੋਟੀ ਨੂੰ ਪ੍ਰਭਾਵਿਤ ਕਰਦਾ ਰਹੇਗਾ। ਇਸ ਦੇ ਨਾਲ ਹੀ ਸਰਕਾਰਾਂ ਨੂੰ ਜੰਗੀ ਤੌਰ ’ਤੇ ਤਿਆਰੀ, ਬਚਾਅ ਅਤੇ ਸਿਹਤ ਦੇਖਭਾਲ ਵੱਲ ਧਿਆਨ ਦੇਣਾ ਹੋਵੇਗਾ। ਲੋਕਾਂ ਦਾ ਵੀ ਇਹ ਫਰਜ਼ ਹੈ ਕਿ ਉਹ ਸਰਕਾਰ ਨਾਲ ਸਹਿਯੋਗ ਕਰਨ ਅਤੇ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਨਵਾਂ ਵੇਰੀਐਂਟ ਤੇਜ਼ੀ ਨਾਲ ਨਾ ਫੈਲ ਸਕੇ।


Bharat Thapa

Content Editor

Related News