ਕਾਰਪੋਰੇਟਸ ਲੋਕਤੰਤਰ ਨੂੰ ਜਨਤਾ ਨਾਲ ਕੋਈ ਸਰੋਕਾਰ ਨਹੀਂ
Sunday, Feb 11, 2024 - 04:10 PM (IST)
ਅਜੋਕੀ ਵਿਸ਼ਵਵਿਆਪੀ ਲੋਕਤੰਤਰੀ ਵਿਵਸਥਾ ’ਤੇ ਜੇਕਰ ਗਹੁ ਨਾਲ ਝਾਤ ਮਾਰੀ ਜਾਏ, ਇਸ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਜਾਏ ਤਾਂ ਅਜੋਕੇ ਗਲੋਬਲ ਰਾਜਨੀਤਕ ਅਤੇ ਯੁੱਧਨੀਤਕ ਸੰਦਰਭ ਵਿਚ ਇਸ ਦੀ ਪਰਿਭਾਸ਼ਾ ਬਿਲਕੁਲ ਬਦਲ ਗਈ ਵਿਖਾਈ ਦੇ ਰਹੀ ਹੈ। ਅਮਰੀਕੀ ਰਾਸ਼ਟਰਪਤੀ ਅਬ੍ਰਾਹਮ Çਲਿੰਕਨ ਵੱਲੋਂ 19ਵੀਂ ਸਦੀ ਵਿਚ ਘੜੀ ਗਈ ਅਤੇ ਪ੍ਰਚੱਲਿਤ ਪਰਿਭਾਸ਼ਾ ਲੋਕਤੰਤਰ ਲੋਕਾਂ ਲਈ, ਲੋਕਾਂ ਦੀ ਅਤੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਹੁੰਦੀ ਹੈ, ਹੁਣ ਬਿਲਕੁਲ ਬਦਲ ਚੁੱਕੀ ਹੈ। ਅਜੋਕੀ ਪਰਿਭਾਸ਼ਾ ਲੋਕਤੰਤਰ ਕਾਰਪੋਰੇਟਰਾਂ ਲਈ, ਕਾਰਪੋਰੇਟਰਾਂ ਦੀ ਅਤੇ ਕਾਰਪੋਰੇਟਰਾਂ ਦੁਆਰਾ ਚੁਣੀ ਹੋਈ ਸਰਕਾਰ ਸਥਾਪਿਤ ਹੋ ਚੁੱਕੀ ਹੈ।
ਪਿਛੋਕੜ : ਕਾਰਪੋਰੇਟਰ ਲੋਕਤੰਤਰੀ ਵਰਤਾਰਾ ਦੂਸਰੀ ਵਿਸ਼ਵ ਜੰਗ ਤੋਂ ਬਾਅਦ ਸ਼ੁਰੂ ਹੋ ਚੁੱਕਾ ਸੀ। ਸੰਨ 1947 ਵਿਚ ਭਾਰਤ ਦੀ ਆਜ਼ਾਦੀ ਅਤੇ ਇਸ ਦੀ ਭਿਆਨਕ ਮਾਰੂ ਵੰਡ, ਸੰਨ 1948 ਵਿਚ ਅਰਬ ਖੇਤਰ ਅੰਦਰ ਇਜ਼ਰਾਈਲ ਰਾਸ਼ਟਰ ਦੀ ਸਥਾਪਨਾ ਦੀ ਦਾਸਤਾਨ ਪੱਛਮੀ ਅਤੇ ਖਾਸ ਕਰ ਕੇ ਅਮਰੀਕੀ ਕਾਰਪੋਰੇਟਰ ਸ਼ਕਤੀਆਂ ਵੱਲੋਂ ਲਿਖੀ ਗਈ ਸੀ। ਇਨ੍ਹਾਂ ਖਿੱਤਿਆਂ ਵਿਚ ਸਦੀਵੀ ਇਲਾਕਾਈ, ਧਾਰਮਿਕ ਅਤੇ ਘੱਟ-ਗਿਣਤੀਆਂ ਦੇ ਘਾਣ ਸੰਬੰਧੀ ਜੰਗਾਂ ਜਾਰੀ ਰੱਖਣ ਖਾਤਿਰ ਅਜਿਹਾ ਕੀਤਾ ਗਿਆ। ਸੰਨ 1989-91 ਵਿਚ ਸੋਵੀਅਤ ਰੂਸ ਅਤੇ ਉਸ ਦੇ ਸੈਟੇਲਾਈਟ ਰਾਸ਼ਟਰਾਂ ਦਾ ਖਾਤਮਾ, ਚੀਨੀ ਕਮਿਊਨਿਜ਼ਮ ਦਾ ਕਾਰਪੋਰੇਟੀਕਰਨ ਇਸੇ ਦੀ ਦੇਣ ਹਨ।
ਭਾਰਤ ’ਤੇ ਪ੍ਰਭਾਵ : ਭਾਰਤ ਅੰਦਰ ਅਜੋਕੇ ਭਾਜਪਾ-ਆਰ. ਐੱਸ. ਐੱਸ. ਦੀ ਅਗਵਾਈ ਵਾਲਾ ਸ਼੍ਰੀ ਨਰਿੰਦਰ ਮੋਦੀ ਸ਼ਾਸਨ ਨਿਰੋਲ ਕਾਰਪੋਰੇਟ ਲੋਕਤੰਤਰ ਸ਼ਾਸਨ ਸਥਾਪਿਤ ਹੋ ਚੁੱਕਾ ਹੈ। ਭਾਰਤੀ ਸੰਵਿਧਾਨ, ਕਾਰਜਪਾਲਿਕਾ, ਨਿਆਪਾਲਿਕਾ, ਵਿਧਾਨਪਾਲਿਕਾ, ਮੀਡੀਆ, ਬਾਬੂਸ਼ਾਹੀ ਆਦਿ ਦਾ ਲਗਾਤਾਰ ਕਾਰਪੋਰੇਟ ਲੋਕਤੰਤਰੀਕਰਨ ਹੋ ਰਿਹਾ ਹੈ। ਅਜੋਕੀ ਵੱਡੀ ਮਿਸਾਲ ਭਾਰਤੀ ਚੋਣ ਕਮਿਸ਼ਨ ਦਾ ਨਿਯੁਕਤੀਕਰਨ ਅਤੇ ਭਾਰਤੀ ਨਿਆਪਾਲਿਕਾ ਵੱਲੋਂ ਇਸ ਨਾਲ ਸਹਿਮਤੀ ਜਤਾਉਣਾ ਹੈ। ਕਾਂਗਰਸ ਪਾਰਟੀ ਤਾਂ ਸ਼ੁਰੂ ਤੋਂ ਹੀ ਇਸ ਦੀ ਬਾਂਦੀ ਰਹੀ ਹੈ। ਸ਼੍ਰੀ ਰਾਜੀਵ ਗਾਂਧੀ, ਨਰਸਿਮ੍ਹਾ ਰਾਓ ਅਤੇ ਡਾ. ਮਨਮੋਹਨ ਸਿੰਘ ਸਰਕਾਰਾਂ ਤਾਂ ਖੁੱਲ੍ਹ ਕੇ ਇਸ ਦੀਆਂ ਬਾਂਦੀਆਂ ਸਨ। ਭਾਰਤ-ਚੀਨ ਜੰਗ ਅਤੇ ਲਗਾਤਾਰ ਸਰਹੱਦੀ ਖਿੱਚੋਤਾਣ, ਭਾਰਤ-ਪਾਕਿਸਤਾਨ ਜੰਗਾਂ, ਪੰਜਾਬ ਅੰਦਰ ਨੀਲਾ ਤਾਰਾ ਆਪ੍ਰੇਸ਼ਨ, ਨਵੰਬਰ 84 ਸਿੱਖ ਕਤਲ-ਏ-ਆਮ, ਗੁਜਰਾਤ ਅੰਦਰ ਗੋਧਰਾ ਅਤੇ ਉਪਰੰਤ ਤਿੰਨ ਰੋਜ਼ਾ ਫਿਰਕੂ ਘਾਣ ਆਦਿ ਇਸੇ ਕਾਰਪੋਰੇਟਰ ਲੋਕਤੰਤਰੀ ਵਿਵਸਥਾ ਦੇ ਕਾਰਨਾਮੇ ਸਨ ਜਿਨ੍ਹਾਂ ਦੇ ਮੂਹਰੇ ਸ਼੍ਰੀਮਤੀ ਇੰਦਰਾ ਗਾਂਧੀ, ਸ਼੍ਰੀ ਰਾਜੀਵ ਗਾਂਧੀ ਪ੍ਰਧਾਨ ਮੰਤਰੀ ਅਤੇ ਸ਼੍ਰੀ ਨਰਿੰਦਰ ਮੋਦੀ ਮੁੱਖ ਮੰਤਰੀ ਸ਼ਾਸਨ ਬਣੇ।
ਗਲੋਬਲ ਪ੍ਰਭਾਵ : ਅਜੋਕੇ ਵਿਸ਼ਵ ਅੰਦਰ ਕਾਰਪੋਰੇਟ ਲੋਕਤੰਤਰੀ ਵਿਵਸਥਾ ਪੂਰੀ ਤਰ੍ਹਾਂ ਸਥਾਪਿਤ ਨਜ਼ਰ ਆ ਰਹੀ ਹੈ। ਭਾਰਤ ਅੰਦਰ ਇਸ ਸਾਲ ਅਪ੍ਰੈਲ-ਮਈ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਇਸ ਵਿਵਸਥਾ ਵੱਲੋਂ ਖੁੱਲ੍ਹ ਕੇ ਲੜੀਆਂ ਜਾ ਰਹੀਆਂ ਹਨ। ਕਾਰਪੋਰੇਟ ਲੋਕਤੰਤਰ ਦੇ ਪ੍ਰਮੁੱਖ ਫੀਚਰ ਬਦਲ ਚੁੱਕੇ ਹਨ। ਪਬਲਿਕ ਸਬਸਿਡੀਆਂ ਦਾ ਤੜਕਾ, ਨਿੱਜੀ ਮੁਨਾਫਾਖੋਰੀ, ਅਮੀਰਾਂ ਲਈ ਸਮਾਜਵਾਦ ਸਥਾਪਤੀ, ਗਰੀਬਾਂ ਲਈ ਸਰਮਾਏਦਾਰਾਨਾ ਸਥਾਪਤੀ ਅਤੇ ਆਰਥਿਕ ਮਜ਼ਬੂਤੀ ਲਈ ਵਿਸ਼ਵ ਦੇ ਵੱਖ-ਵੱਖ ਖੇਤਰਾਂ ਵਿਚ ਜੰਗਾਂ ਦਾ ਸਥਾਈਤਵੀਕਰਨ ਇਸ ਦੀਆਂ ਪ੍ਰਮੁੱਖ ਜ਼ਰੂਰਤਾਂ ਹਨ। ਇਕ ਪਾਸੇ ਭਾਰਤ ਨੂੰ ਵਿਸ਼ਵ ਦੀ 5ਵੀਂ ਆਰਥਿਕ ਸ਼ਕਤੀ ਗਰਦਾਨਣਾ, ਦੂਸਰੇ ਪਾਸੇ ਪਬਲਿਕ ਸਬਸਿਡੀਆਂ ਦੇ ਤੜਕੇ ਜਾਰੀ ਰੱਖਣਾ, ਮਿਸਾਲ ਵਜੋਂ 82 ਕਰੋੜ ਗੁਰਬੱਤ ਮਾਰੇ ਲੋਕਾਂ ਨੂੰ ਅਗਲੇ 5 ਸਾਲ ਮੁਫ਼ਤ ਅਨਾਜ ਮੁਹੱਈਆ ਕਰਾਉਣਾ, ਜਦਕਿ ਸੱਚਾਈ ਇਹ ਹੈ ਕਿ ਪ੍ਰਤੀ ਜੀਅ ਆਮਦਨ ਪੱਖੋਂ ਇਸ ਵਿਸ਼ਵ ਦੀ 5ਵੀਂ ਅਰਥਵਿਵਸਥਾ 200 ਦੇਸ਼ਾਂ ਵਿਚ 120ਵਾਂ ਸਥਾਨ ਰੱਖਦੀ ਹੈ। ਅਟਲ ਪੈਨਸ਼ਨ ਯੋਜਨਾ, ਸਵੱਛ ਭਾਰਤ ਅਭਿਆਨ, ਆਯੁਸ਼ਮਾਨ ਭਾਰਤ ਯੋਜਨਾ, ਮਤਸਿਆ ਸੰਪਦਾ ਯੋਜਨਾ, ਆਵਾਸ ਯੋਜਨਾ, ਕਿਸਾਨ ਸਨਮਾਨ ਨਿਧੀ, ਗਰੀਬ ਕਲਿਆਣ ਯੋਜਨਾ, ਜਨ ਧਨ ਯੋਜਨਾ, ਉਜਾਲਾ ਯੋਜਨਾ, ਡਿਜੀਟਲ ਇੰਡੀਆ, ਸਮਾਰਟ ਸਿਟੀ ਯੋਜਨਾ, ਸਵਸਥ ਸੁਰੱਖਿਆ ਯੋਜਨਾ, ਸੜਕ ਯੋਜਨਾ ਆਦਿ ਦੀ ਲੰਬੀ ਸੂਚੀ ਹੈ। ਵਿਸ਼ਵ ਦੇ ਦੂਸਰੇ ਦੇਸ਼ਾਂ ਵਿਚ ਵੀ ਐਸੀਆਂ ਯੋਜਨਾਵਾਂ, ਸਕੀਮਾਂ, ਪ੍ਰੋਗਰਾਮਾਂ ਦਾ ਬੋਲਬਾਲਾ ਹੈ।
ਪੱਤਰਕਾਰਿਤਾ ’ਤੇ ਗਲਬਾ : ਲੋਕਤੰਤਰ ਅੰਦਰ ਪੱਤਰਕਾਰਿਤਾ ਨੂੰ ਚੌਥਾ ਵੱਡਾ ਅਤੇ ਤਾਕਤਵਰ ਥੰਮ੍ਹ ਮੰਨਿਆ ਜਾਂਦਾ ਰਿਹਾ ਹੈ। ਪੱਤਰਕਾਰਿਤਾ ਦੀ ਆਜ਼ਾਦੀ ਲੋਕਤੰਤਰ ਦੀ ਪ੍ਰਮੁੱਖ ਵਿਸ਼ੇਸ਼ਤਾ ਹੁੰਦੀ ਸੀ। ਬੇਬਾਕੀ ਨਾਲ ਸਰਕਾਰਾਂ ਅਤੇ ਸਮਾਜ ਨੂੰ ਉਸਦੀਆਂ ਕਮਜ਼ੋਰੀਆਂ ਦਾ ਸ਼ੀਸ਼ਾ ਵਿਖਾਉਣ ਕਰ ਕੇ ਇਹ ਮਸ਼ਹੂਰ ਹੁੰਦੀ ਸੀ। ਸਥਾਨਕ, ਇਲਾਕਾਈ, ਰਾਸ਼ਟਰੀ ਅਤੇ ਗਲੋਬਲ ਪੱਧਰ ’ਤੇ ਖੋਜੀ ਅਤੇ ਸਨਸਨੀਖੇਜ਼ ਮੁਹਾਰਤ ਨਾਲ ਇਹ ਸੱਚਾਈ ਲੱਭ ਲਿਆਉਂਦੀ ਸੀ। ਹਿਟਲਰ, ਮੁਸੋਲਿਨੀ ਵਰਗੇ ਡਿਕਟੇਟਰਾਂ ਦੇ ਝੂਠੇ ਪ੍ਰਾਪੇਗੰਡੇ, ਵਾਟਰਗੇਟ ਰਾਹੀਂ ਅਮਰੀਕੀ ਪ੍ਰਧਾਨ ਨਿਕਸਨ ਵਰਗਿਆਂ ਦੇ ਕਾਰਨਾਮੇ ਬੇਪਰਦਾ ਕਰਨ ਦੀ ਸ਼ਕਤੀ ਰੱਖਦੀ ਸੀ। ਸਿਆਸਤਦਾਨਾਂ, ਸਰਕਾਰਾਂ ਅਤੇ ਬਾਬੂ ਸ਼ਾਹਾਂ ਦੇ ਭ੍ਰਿਸ਼ਟਾਚਾਰ, ਘੱਟਗਿਣਤੀਆਂ ’ਤੇ ਜ਼ੁਲਮ, ਨਸ਼ੀਲੇ ਅਤੇ ਹੋਰ ਕੀਮਤੀ ਪਦਾਰਥਾਂ ਦੀ ਸਮੱਗÇਲਿੰਗ, ਕਾਲ ਗਰਲਜ਼ ਨਾਲ ਲੁਕਵੇਂ ਸੰਬੰਧਾਂ ਦਾ ਪਰਦਾਫਾਸ਼ ਕਰਦੀ ਸੀ ਪਰ ਅਜੋਕੀ ਕਾਰਪੋਰੇਟ ਲੋਕਤੰਤਰੀ ਵਿਵਸਥਾ ਵਿਚ ਮੀਡੀਆ ਸਾਧਨ ਅਤੇ ਪੱਤਰਕਾਰਿਤਾ ਗੁਲਾਮ ਬਣ ਕੇ ਰਹਿ ਗਏ ਹਨ। ਚੰਦ ਛਿੱਲੜਾਂ ਅਤੇ ਰੋਜ਼ੀ-ਰੋਟੀ ਖਾਤਿਰ ਸਵੈਮਾਣਤਾ, ਖੁਦਮੁਖਤਾਰੀ, ਉੱਚ ਕਦਰਾਂ-ਕੀਮਤਾਂ, ਨਿਰਛਲਤਾ, ਨਿਡਰਤਾ ਘੱਟੇ-ਕੌਡੀਆਂ ਰੁਲ ਚੁੱਕੇ ਹਨ। ਸਰਵੋਤਮ ਮੀਡੀਆ ਕੰਪਨੀਆਂ ਜਿਵੇਂ ਇੰਟਰਨੈੱਟ, ਟਵਿੱਟਰ, ਫੇਸਬੁੱਕ, ਗੂਗਲ ਆਦਿ ’ਤੇ ਉੱਤਰੀ ਅਮਰੀਕੀ ਕਾਰਪੋਰੇਟ ਜਗਤ ਦਾ ਕਬਜ਼ਾ ਹੈ।
ਬਦਨਾਮ ਕਾਰਨਾਮੇ : ਵਿਸ਼ਵ ਭਰ ਦੇ ਵੱਖ-ਵੱਖ ਖਿੱਤਿਆਂ ਵਿਚ ਜੰਗਾਂ, ਜੰਗੀ ਸਾਮਾਨ ਦੀ ਜਮ੍ਹਾਖੋਰੀ ਇਸ ਵਿਵਸਥਾ ਦਾ ਵੱਡਾ ਵਪਾਰਕ ਮਾਧਿਅਮ ਬਣਿਆ ਪਿਆ ਹੈ। ਨੌਂ-ਗਿਆਰਾਂ ਤੋਂ ਬਾਅਦ ਜੰਗੀ ਸਨਅਤ ਦੀ ਸਟਾਕ ਮਾਰਕੀਟ ਅਮਰ ਵੇਲ ਵਾਂਗ ਵਧਦੀ ਵੇਖੀ ਗਈ। ਕਾਰਪੋਰੇਟਰਾਂ ਨੇ ਆਪਣੇ ਨਿੱਜੀ ਧਨ ਗੋਦਾਮ ਮਾਲਾਮਾਲ ਕਰਨ ਲਈ ਸਥਾਈ ਜੰਗਾਂ ਦਾ ਮਾਹੌਲ ਸਿਰਜਿਆ। ਅੱਜ ਇਹ ਜੰਗਾਂ ਅਫਗਾਨਿਸਤਾਨ, ਇਰਾਕ, ਲੀਬੀਆ, ਯਮਨ, ਸੂਡਾਨ, ਪਾਕਿਸਤਾਨ, ਫਿਲਸਤੀਨ, ਯੂਕ੍ਰੇਨ ਆਦਿ ਵਿਖੇ ਸਥਾਈਤਵ ਰੂਪ ਧਾਰਨ ਕਰਦੀਆਂ ਨਜ਼ਰ ਆ ਰਹੀਆਂ ਹਨ। ਮੱਧ-ਏਸ਼ੀਆ, ਈਰਾਨ, ਪਾਕਿਸਤਾਨ ਐਸੀਆਂ ਅੰਦਰੂਨੀ-ਬਾਹਰੀ ਜੰਗਾਂ ਵਿਚ ਉਲਝਦੇ ਨਜ਼ਰ ਆ ਰਹੇ ਹਨ।
ਜ਼ਰਾ ਧਿਆਨ ਨਾਲ ਮੁਤਾਲਿਆ ਕੀਤਾ ਜਾਵੇ ਤਾਂ ਸ਼ੈਤਾਨ ਮਹਾਸ਼ਕਤੀ ਅਮਰੀਕਾ ਅੰਦਰ ਕਾਰਪੋਰੇਟ ਲੋਕਤੰਤਰੀ ਵਿਵਸਥਾ ਕੀ ਕਰਦੀ ਆ ਰਹੀ ਹੈ, ਬਿਲਕੁਲ ਹੈਰਾਨਕੁੰਨ ਦ੍ਰਿਸ਼ ਸਾਹਮਣੇ ਨਜ਼ਰ ਆਉਣਗੇ। ਇਸ ਨੇ 50 ਤੋਂ ਵੱਧ ਦੇਸ਼ਾਂ ਅੰਦਰ ਤਖਤੇ ਪਲਟੇ ਜਾਂ ਤਖਤੇ ਪਲਟਣ ਦੀਆਂ ਸਾਜ਼ਿਸ਼ਾਂ ਅੰਜਾਮ ਦਿੱਤੀਆਂ। ਕਰੀਬ 30 ਤੋਂ ਵੱਧ ਦੇਸ਼ਾਂ ਅੰਦਰ ਚੋਣਾਂ ਵੇਲੇ ਦਖ਼ਲ ਦਿੱਤਾ। ਕਰੀਬ 20 ਤੋਂ ਵੱਧ ਦੇਸ਼ਾਂ ਅੰਦਰ ਆਜ਼ਾਦੀ ਦੀਆਂ ਲਹਿਰਾਂ ਕੁਚਲ ਕੇ ਰੱਖ ਦਿੱਤੀਆਂ। ਅਰਬ ਸਪਰਿੰਗ ਦਾ ਗਲਾ ਘੁੱਟ ਕੇ ਰੱਖ ਦਿੱਤਾ। ਕਿਊਬਾ ਅਤੇ ਲਾਤੀਨੀ ਅਮਰੀਕੀ ਦੇਸ਼ਾਂ ਵਿਚ ਸਮਾਜਿਕ, ਰਾਜਨੀਤਕ, ਆਰਥਿਕ ਅਤੇ ਵਿੱਤੀ ਅਸੰਤੋਸ਼ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਕੀਤੀਆਂ ਜੋ ਅੱਗੇ ਵੀ ਜਾਰੀ ਹਨ। ਵਿਸ਼ਵ ਦੇ 50 ਤੋਂ ਵੱਧ ਦੇਸ਼ਾਂ ਦੇ ਪ੍ਰਮੁੱਖਾਂ ਨੂੰ ਮੌਤ ਦੇ ਘਾਟ ਉਤਾਰਨ ਦੀਆਂ ਸਾਜ਼ਿਸ਼ਾਂ ਰਚੀਆਂ। ਨਾਟੋ ਫ਼ੌਜੀ ਸੰਗਠਨ ਵਿਸ਼ਵ ਭਾਈਚਾਰੇ ਲਈ ਡਰ, ਭੈਅ ਅਤੇ ਅੱਤਵਾਦ ਪੈਦਾ ਕਰਨ ਲਈ ਕਾਇਮ ਰੱਖਿਆ ਹੋਇਆ ਹੈ। ਜੂਨ, 2022 ਵਿਚ ਮੈਡ੍ਰਿਡ (ਸਪੇਨ) ਵਿਖੇ ਨਾਟੋ ਮੀਟਿੰਗ ਵਿਚ ਏਜੰਡਾ ਤੈਅ ਕੀਤਾ ਗਿਆ ਕਿ ਕਿਵੇਂ ਰੂਸ ਅਤੇ ਚੀਨ ਨੂੰ ਭਵਿੱਖ ਵਿਚ ਘੇਰਨਾ ਹੈ, ਯੂਰਪ ਖੇਤਰ ਅੰਦਰ ਫੌਜੀਕਰਨ ਮਜ਼ਬੂਤ ਕਰਨਾ ਹੈ, ਕਿਵੇਂ ਭਵਿੱਖ ਵਿਚ ਬਹੁ-ਪੱਖੀ ਜੰਗ ਦੀ ਤਿਆਰੀ ਸ਼ੁਰੂ ਕਰਨੀ ਹੈ।
ਅਮਰੀਕੀ ਤਾਕਤਵਰ ਕਾਰਪੋਰੇਟ ਲੋਕਤੰਤਰ ਦੀ ਵਿਦੇਸ਼ ਨੀਤੀ ਦਾ ਮੁੱਖ ਮੰਤਵ ਦੂਸਰੇ ਰਾਸ਼ਟਰਾਂ ਦੀ ਬਰਬਾਦੀ, ਅੰਦਰੂਨੀ ਖਾਨਾਜੰਗੀ, ਆਪਸੀ ਤਣਾਅ ਪੈਦਾ ਕਰਨਾ, ਆਪਣੇ ਗਲੋਬਲ ਅਤੇ ਨਿੱਜੀ ਹਿੱਤ ਸੁਰੱਖਿਅਤ ਰੱਖਣਾ, ਲੋਕਾਂ ਦੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ, ਆਜ਼ਾਦ ਪ੍ਰੈੱਸ, ਆਜ਼ਾਦੀ ਸੰਘਰਸ਼ਾਂ ਦਾ ਗਲਾ ਘੁੱਟਣਾ ਹੈ। ਕਾਰਪੋਰੇਟ ਲੋਕਤੰਤਰ ਨੂੰ ਪਬਲਿਕ ਨਾਲ ਸਿਰਫ ਏਨਾ ਹੀ ਸਰੋਕਾਰ ਹੈ ਕਿ ਉਹ ਉਸ ਦੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਵਿਨਾਸ਼ਕਾਰੀ ਅੰਜਾਮ ਲਈ ਤੱਤਪਰ ਰਹੇ। ਇਥੋਂ ਤੱਕ ਕਿ ਵਿਸ਼ਵ ਭਰ ਵਿਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਅੱਤਵਾਦੀ ਲਹਿਰਾਂ ਇਸ ਦੇ ਕਾਰਨਾਮੇ ਹਨ।
ਲਿਬੀਆ ਅੰਦਰ ਬੈਂਗਾਜ਼ੀ ਵਿਖੇ ਕੋਈ ਕਤਲ-ਏ-ਆਮ ਨਹੀਂ ਸੀ ਹੋਇਆ ਪਰ ਅਮਰੀਕੀ ਅਤੇ ਪੱਛਮ ਕਾਰਪੋਰੇਟ ਲੋਕਤੰਤਰ ਦੇ ਝੂਠੇ ਗੋਬਲਾਨਾ (ਹਿਟਲਰ ਦੇ ਲੋਕ ਸੰਪਰਕ ਮੰਤਰੀ ਗੋਬਲਜ਼ ਦੀ ਝੂਠੀ ਪ੍ਰਾਪੇਗੰਡਾ ਮਸ਼ੀਨ) ਪ੍ਰਚਾਰ ਨੇ ਉਸ ਨੂੰ ਵਿਸ਼ਵ ਭਾਈਚਾਰੇ ਮੂਹਰੇ ਸੱਚ ਕਰ ਵਿਖਾਇਆ। ਇਵੇਂ ਇਰਾਕ ਦੇ ਸ਼ਾਸਕ ਸੱਦਾਮ ਹੁਸੈਨ ਦਾ ਨੌਂ-ਗਿਆਰਾਂ ਹਮਲੇ ਵਿਚ ਕੋਈ ਰੋਲ ਨਾ ਹੋਣ ਦੇ ਬਾਵਜੂਦ ਇਸ ਲਈ ਉਸ ਨੂੰ ਜ਼ਿੰਮੇਵਾਰ ਠਹਿਰਾ ਕੇ ਉਸ ਨੂੰ ਨਾਟੋ ਹਮਲੇ ਦਾ ਸ਼ਿਕਾਰ ਬਣਾਇਆ ਗਿਆ। ਇਹ ਅਮਰੀਕੀ ਰਾਸ਼ਟਰਪਤੀ ਬੁਸ਼ ਅਤੇ ਕਰੋਨੀ ਕਾਰਪੋਰੇਟਰਾਂ ਦਾ ਬਦਨਾਮ ਕਾਰਨਾਮਾ ਸੀ ਪਰ ਇਹੀ ਕਾਰਪੋਰੇਟ ਲੋਕਤੰਤਰ ਗਾਜ਼ਾ ਅੰਦਰ ਹਮਾਸ ਨਸਲਘਾਤ ਨਕਾਰਦਾ ਹੈ।
ਯੂਕ੍ਰੇਨ ਦੀ ਬਰਬਾਦੀ ਲਈ ਅਮਰੀਕਾ, ਪੱਛਮ ਅਤੇ ਬਦਨਾਮ ਨਾਟੋ ਸੰਗਠਨ ਜ਼ਿੰਮੇਵਾਰ ਹਨ। ਸੌ ਸਾਲ ਮੁੜ ਸਥਾਪਿਤ ਹੋਣ ਦੀ ਸਥਿਤੀ ਵਿਚ ਨਾ ਹੋਣ ਵਾਲੇ ਯੂਕ੍ਰੇਨ ਦੇ ਕਾਮੇਡੀਅਨ ਰਾਸ਼ਟਰਪਤੀ ਵਲਾਦੀਮੀਰ ਜੇਲੈਂਸਕੀ ਨੂੰ ਨਾਟੋ ਦਾ ਚੀਚੀ ਭਰ ਮੈਂਬਰ ਐਸਟੋਨੀਆ ਕਮੀਜ਼ ਭੇਟ ਕਰਨ ਦਾ ਖੇਖਣ ਕਰਦਾ ਹੈ ਜਿਸ ’ਤੇ ਲਿਖਿਆ ਹੈ ‘ਕੈਟਸੈਟੇਹ’ ਭਾਵ ‘ਬਚਾਅ ਲਈ ਇੱਛਾ ਸ਼ਕਤੀ।’
ਰੂਸ ਨਾਲ ਜੰਗ ਜਾਰੀ ਰੱਖਣ ਲਈ 500000 ਨਵੇਂ ਸਿਪਾਹੀਆਂ, ਤੋਪਾਂ, ਟੈਂਕਾਂ, ਡਰੋਨਾਂ, ਹਵਾਈ ਜਹਾਜ਼ਾਂ, ਗੋਲਾ-ਬਾਰੂਦ ਦੀ ਲੋੜ ਹੈ। ਕੀ ਅਮਰੀਕਾ, ਪੱਛਮ ਅਤੇ ਨਾਟੋ ਸੰਗਠਨ ਭੇਜਣਗੇ ਜੋ ਉਸ ਦੇਸ਼ ਦੀ ਬਰਬਾਦੀ ਬਾਅਦ ਪਿੱਠ ਦੇ ਚੁੱਕੇ ਹਨ। ਕਰੀਬ 1500 ਕਿਲੋਮੀਟਰ ਜੰਗੀ ਫਰੰਟ ’ਤੇ ਬਰਬਾਦ ਯੂਕ੍ਰੇਨ ਕਿਵੇਂ ਲੜ ਸਕੇਗਾ? ਯੂਰਪੀਅਨ ਯੂਨੀਅਨ ਉਸ ਨੂੰ ਆਪਣੇ ਵਿਚ ਸ਼ਾਮਲ ਕਰੇ? ਉਸਦੀ ਮੁੜ-ਉਸਾਰੀ ਲਈ ਮਦਦ ਕਰੇ ਅਤੇ ਉਸ ਦੇ ਬਚਾਅ ਲਈ ਫੌਜੀ ਦਸਤੇ ਭੇਜੇ? ਦਰਅਸਲ ਕਾਰਪੋਰੇਟ ਲੋਕਤੰਤਰੀ ਨਿਜ਼ਾਮ ਇਸ ਜੰਗ ਨੂੰ ਜਾਰੀ ਰੱਖਣ ਲਈ ਯੂਕ੍ਰੇਨੀ ਪਬਲਿਕ ਦੀ ਆਖਰੀ ਆਰਥਿਕ ਬੂੰਦ ਚੂਸਣਾ ਚਾਹੁੰਦਾ ਹੈ। ਇਸ ਜੰਗ ਦਾ ਹਮਲਾਵਰ ਪੱਛਮੀ ਅਤੇ ਅਮਰੀਕੀ ਕਾਰਪੋਰੇਟ ਲੋਕਤੰਤਰ ਬੇਨਕਾਬ ਹੋ ਚੁੱਕਾ ਹੈ। ਇਹੀ ਹਾਲ ਬਾਕੀ ਜੰਗੀ ਖੇਤਰਾਂ ਦਾ ਹੈ। ਕਾਰਪੋਰੇਟ ਲੋਕਤੰਤਰ ਨੂੰ ਮਹਾਮਾਰੀਆਂ, ਭੁੱਖਮਰੀਆਂ, ਬਰਬਾਦੀਆਂ ਨਾਲ ਕੋਈ ਸਰੋਕਾਰ ਨਹੀਂ। ਇਸ ਨੂੰ ਸਿਰਫ ਅਤੇ ਸਿਰਫ ਆਪਣਾ ਸਮੁੱਚਾ ਗਲੋਬਲ ਏਕਾਧਿਕਾਰ ਪਿਆਰਾ ਹੈ।