ਚੀਨ ਦੀ 2 ਬੱਚਿਆਂ ਦੀ ਨੀਤੀ ਬੁਰੀ ਤਰ੍ਹਾਂ ਨਾਕਾਮ

10/21/2023 1:05:36 PM

ਚੀਨ ਦੀ ਵਧਦੀ ਆਬਾਦੀ ਦੇ ਮੱਦੇਨਜ਼ਰ ਕਮਿਊਨਿਸਟ ਸ਼ਾਸਨ ਨੇ ਇਸ ’ਤੇ ਕੰਟ੍ਰੋਲ ਕਰਨ ਲਈ ਕਦਮ ਉਠਾਉਣ ਦੀ ਸੋਚੀ ਪਰ ਅੱਧੀ-ਅਧੂਰੀ ਤਿਆਰੀ ਨਾਲ ਚੀਨੀ ਹੁਕਮਰਾਨਾਂ ਨੇ ਅਜਿਹਾ ਕੀਤਾ। ਚੀਨ ’ਚ ਕਮਿਊਨਿਸਟ ਸ਼ਾਸਨ ਤੋਂ ਪਹਿਲਾਂ ਔਰਤਾਂ ਦੀ ਸਥਿਤੀ ਆਮ ਏਸ਼ੀਆਈ ਦੇਸ਼ਾਂ ਵਰਗੀ ਹੀ ਸੀ, ਔਰਤਾਂ ਦੇ ਪੈਰ ਬੰਨ੍ਹਣ ਦੀ ਕੁਰੀਤੀ ਸਮਾਜ ’ਚ ਫੈਲੀ ਹੋਈ ਸੀ, ਉਨ੍ਹਾਂ ਨੂੰ ਘਰ ’ਚੋਂ ਬਾਹਰ ਨਿਕਲਣ ਦੀ ਆਜ਼ਾਦੀ ਨਹੀਂ ਸੀ। ਨਾਲ ਹੀ ਚੀਨੀ ਲੋਕ ਕੰਨਿਆ ਦੀ ਥਾਂ ਬਾਲਕਾਂ ਦੀ ਪੈਦਾਇਸ਼ ਚਾਹੁੰਦੇ ਸਨ ਕਿਉਂਕਿ ਚੀਨ ਵੀ ਬਾਕੀ ਏਸ਼ੀਆਈ ਦੇਸ਼ਾਂ ਵਾਂਗ ਮਰਦ ਪ੍ਰਧਾਨ ਦੇਸ਼ ਸੀ।

ਹਾਲਾਂਕਿ ਮਾਓ ਤਸੇ ਤੁੰਗ ਨੇ ਬਹੁਤ ਪਹਿਲਾਂ ਔਰਤਾਂ ਨੂੰ ਬਰਾਬਰੀ ਦਾ ਅਧਿਕਾਰ ਦੇਣ ਲਈ ਨਾਅਰਾ ਦਿੱਤਾ ਸੀ ‘‘ਅੱਧਾ ਆਸਮਾਨ ਔਰਤਾਂ ਦਾ ਹੈ’’ ਪਰ ਇਸ ਵੱਲ ਕੋਈ ਧਿਆਨ ਨਾ ਦਿੰਦਿਆਂ ਥੰਗ ਸ਼ਿਆਓ ਫਿੰਗ ਨੇ ਸਾਲ 1978 ’ਚ ਨਵੀਂ ਆਰਥਿਕ ਨੀਤੀ ਦੇ ਨਾਲ ਹੀ ਹਰ ਇਕ ਚੀਨੀ ਵਿਆਹੁਤਾ ਜੋੜੇ ਨੂੰ ਸਿਰਫ ਇਕ ਬੱਚਾ ਪੈਦਾ ਕਰਨ ਦੀ ਛੋਟ ਦਿੱਤੀ ਪਰ ਬਹੁਤ ਸਾਰੇ ਲੋਕ ਇਹ ਗੱਲ ਨਹੀਂ ਜਾਣਦੇ ਹਨ ਕਿ ਇਸੇ ਨੀਤੀ ਦਾ ਇਕ ਹਿੱਸਾ ਇਹ ਵੀ ਸੀ ਕਿ ਹਰ ਚੀਨੀ ਜੋੜਾ ਜੋ ਪੇਂਡੂ ਇਲਾਕੇ ’ਚ ਰਹਿੰਦਾ ਹੈ, ਉਸ ਨੂੰ ਪਹਿਲਾਂ ਤੋਂ ਹੀ 2 ਬੱਚੇ ਪੈਦਾ ਕਰਨ ਦੀ ਆਗਿਆ ਸੀ ਅਤੇ ਸਰਹੱਦੀ ਸੂਬਿਆਂ ’ਚ ਰਹਿਣ ਵਾਲੇ ਜੋੜਿਆਂ ਨੂੰ 3 ਬੱਚਿਆਂ ਦੀ ਛੋਟ ਸੀ। ਇਸ ਦੇ ਇਲਾਵਾ ਚੀਨ ਦੇ ਦੂਜੇ ਸ਼ਹਿਰਾਂ ਅਤੇ ਵੱਡੇ ਸ਼ਹਿਰਾਂ ’ਚ ਰਹਿਣ ਵਾਲਿਆਂ ਨੂੰ ਸਿਰਫ ਇਕ ਬੱਚਾ ਪੈਦਾ ਕਰਨ ਦੀ ਛੋਟ ਦਿੱਤੀ ਗਈ ਸੀ। ਇਸ ਦੇ ਬੁਰੇ ਨਤੀਜੇ ਆਉਣ ਵਾਲੇ ਦਹਾਕਿਆਂ ’ਚ ਚੀਨ ਨੂੰ ਦੇਖਣੇ ਬਾਕੀ ਸਨ। ਇਸ ਦਾ ਪਹਿਲਾ ਬੁਰਾ ਨਤੀਜਾ ਇਹ ਸੀ ਕਿ ਲੋਕ ਲੜਕੀ ਦੀ ਥਾਂ ਸਿਰਫ ਲੜਕੇ ਦੀ ਇੱਛਾ ਰੱਖਣ ਲੱਗੇ ਅਤੇ ਗਰਭ ’ਚ ਪਲਣ ਵਾਲੀ ਕੰਨਿਆ ਦਾ ਪਹਿਲਾਂ ਹੀ ਗਰਭਪਾਤ ਕਰਵਾ ਦਿੱਤਾ ਜਾਂਦਾ ਸੀ ਜਿਸ ਦੇ ਨਤੀਜੇ ਵਜੋਂ ਲਿੰਗ ਅਨੁਪਾਤ ਦਾ ਸੰਤੁਲਨ ਵਿਗੜਨ ਲੱਗਾ। 

ਹਰ ਸਾਲ ਇਕ ਕਰੋੜ ਵਿਆਹ ਯੋਗ ਮਰਦਾਂ ਲਈ ਲੜਕੀਆਂ ਦਾ ਅਕਾਲ ਪੈਣ ਲੱਗਾ। ਦੂਜਾ ਬੁਰਾ ਨਤੀਜਾ ਇਹ ਹੋਇਆ ਕਿ ਤੇਜ਼ੀ ਨਾਲ ਚੀਨ ਦੀ ਬੁੱਢੀ ਹੁੰਦੀ ਆਬਾਦੀ ਨੂੰ ਸਹਾਰਾ ਦੇਣ ਲਈ ਬਹੁਤ ਘੱਟ ਨੌਜਵਾਨ ਚੀਨੀ ਰਹਿ ਗਏ। ਤੀਜਾ ਬੁਰਾ ਨਤੀਜਾ ਇਹ ਕਿ ਹੁਣ ਚੀਨ ਦੀ ਨੌਜਵਾਨ ਆਬਾਦੀ ਇੰਨੀ ਤੇਜ਼ੀ ਨਾਲ ਘੱਟ ਹੁੰਦੀ ਜਾ ਰਹੀ ਹੈ ਕਿ ਆਉਣ ਵਾਲੇ ਕੁਝ ਸਾਲਾਂ ’ਚ ਚੀਨ ’ਚ ਕੰਮ ਕਰਨ ਵਾਲੇ ਨੌਜਵਾਨ ਨਹੀਂ ਬਚਣਗੇ। ਅਜਿਹੇ ’ਚ ਚੀਨ ਸਰਕਾਰ ਨੇ ਹਫੜਾ-ਦਫੜੀ ’ਚ ਆਪਣੀ ਇਕ ਬੱਚਾ ਨੀਤੀ ’ਚ ਬਦਲਾਅ ਕਰਦਿਆਂ 2016 ’ਚ ਚੀਨੀ ਜੋੜਿਆਂ ਨੂੰ 2 ਬੱਚੇ ਪੈਦਾ ਕਰਨ ਦੀ ਛੋਟ ਦੇ ਦਿੱਤੀ ਪਰ ਤਦ ਤੱਕ ਇੰਨੀ ਦੇਰ ਹੋ ਚੁੱਕੀ ਸੀ ਕਿ ਮਹਿੰਗਾਈ ਕਾਰਨ ਚੀਨੀ ਜੋੜਾ ਦੂਜਾ ਬੱਚਾ ਪੈਦਾ ਨਹੀਂ ਕਰਨਾ ਚਾਹੁੰਦਾ ਸੀ। ਇਸ ਦੇ ਨਾਲ ਹੀ ਕੋਰੋਨਾ ਮਹਾਮਾਰੀ ਪਿੱਛੋਂ ਇਸ ਦੌਰ ’ਚ ਜਦ ਚੀਨ ’ਚ ਆਰਥਿਕ ਤੰਗੀ ਦਾ ਸਮਾਂ ਸ਼ੁਰੂ ਹੋ ਚੁੱਕਾ ਸੀ ਤਾਂ ਚੀਨੀ ਨੌਜਵਾਨਾਂ ਜਿਨ੍ਹਾਂ ਕੋਲ ਨੌਕਰੀ ਨਹੀਂ ਹੈ ਅਤੇ ਨਾ ਹੀ ਯਕੀਨਨ ਭਵਿੱਖ ਹੈ, ਨੇ ਵਿਆਹ ਨਾ ਕਰਨ ਦਾ ਫੈਸਲਾ ਕੀਤਾ। ਜਿਨ੍ਹਾਂ ਚੀਨੀਆਂ ਦਾ ਵਿਆਹ ਹੋ ਗਿਆ ਹੈ, ਉਹ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੇ ਕਿਉਂਕਿ ਇਹ ਚੀਨੀ ਨੌਜਵਾਨ ਹੁਣ ਆਪਣੇ ਬੱਚਿਆਂ ਦੀ ਪੜ੍ਹਾਈ ਅਤੇ ਉਨ੍ਹਾਂ ਦੇ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਚੁੱਕਣ ’ਚ ਅਸਮਰੱਥ ਹਨ।

ਇਸ ਸਾਲ 2023 ’ਚ ਬਹੁਤ ਘੱਟ ਚੀਨੀਆਂ ਨੇ ਦੂਜੀ ਔਲਾਦ ਨੂੰ ਜਨਮ ਦਿੱਤਾ ਹੈ। ਇਸ ਤੋਂ ਇਹ ਸਾਫ ਦਿਖਾਈ ਦੇਣ ਲੱਗਾ ਕਿ ਸਾਲ 2016 ’ਚ ਚੀਨ ਦੀ ਕਮਿਊਨਿਸਟ ਸਰਕਾਰ ਵੱਲੋਂ ਅਪਣਾਈ ਗਈ 2 ਬੱਚਿਆਂ ਦੀ ਨੀਤੀ ਫੇਲ ਹੋ ਚੁੱਕੀ ਹੈ। ਪਿਛਲੇ ਸਾਲ 2022 ’ਚ ਕੁਲ 90 ਲੱਖ 56 ਹਜ਼ਾਰ ਬੱਚਿਆਂ ਨੇ ਚੀਨ ’ਚ ਜਨਮ ਲਿਆ ਸੀ। ਰਾਸ਼ਟਰੀ ਸਿਹਤ ਕਮਿਸ਼ਨ ਵੱਲੋਂ ਜਾਰੀ ਅੰਕੜੇ ਦੱਸਦੇ ਹਨ ਕਿ ਸਾਲ 2021 ’ਚ ਜਨਮ ਲੈਣ ਵਾਲਿਆਂ ਦੀ ਤੁਲਨਾ ’ਚ ਜਨਮ ਦਰ ’ਚ 10 ਫੀਸਦੀ ਗਿਰਾਵਟ ਆਈ ਹੈ।
 


Rakesh

Content Editor

Related News