ਸੁੰਗੜ ਰਹੀ ਹੈ ਚੀਨ ਦੀ ਅਰਥਵਿਵਸਥਾ
Wednesday, Aug 23, 2023 - 01:09 PM (IST)

ਚੀਨ ਦੀ ਅਰਥਵਿਵਸਥਾ ਇਸ ਸਮੇਂ ਸੁੰਗੜਨ ਵੱਲ ਵਧ ਚੱਲੀ ਹੈ। ਇਸ ਪਿੱਛੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਬਾਜ਼ਾਰ ’ਚ ਮੰਗ ਨਹੀਂ ਬਚੀ, ਚੀਨੀ ਲੋਕ ਇਸ ਸਮੇਂ ਪੈਸੇ ਖਰਚ ਨਹੀਂ ਕਰਨਾ ਚਾਹੁੰਦੇ। ਪਿਛਲੇ 3 ਸਾਲਾਂ ’ਚ ਚੀਨ ਦੇ ਨਾਗਰਿਕਾਂ ਨੇ ਦੇਖਿਆ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਇਕਦਮ ਸਭ ਕੁਝ ਲੀਹੋਂ ਲੱਥ ਗਿਆ ਅਤੇ ਇਕ ਪਾਸੇ ਕਈ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ ਅਤੇ ਉੱਥੇ ਹੀ ਜਿਹੜੇ ਲੋਕ ਬਚ ਗਏ ਸਨ ਉਨ੍ਹਾਂ ਦੀਆਂ ਨੌਕਰੀਆਂ ਚਲੀਆਂ ਗਈਆਂ, ਉਨ੍ਹਾਂ ਨੂੰ ਲੰਬੇ ਸਮੇਂ ਤੱਕ ਕੁਆਰੰਟੀਨ ਕੀਤਾ ਗਿਆ ਜਿਸ ਨਾਲ ਉਨ੍ਹਾਂ ਦਾ ਜੀਵਨ ਬਹੁਤ ਦੁਸ਼ਵਾਰ ਹੋਣ ਲੱਗਾ ਸੀ।
ਭਵਿੱਖ ਨੂੰ ਦੇਖਦਿਆਂ ਚੀਨੀ ਲੋਕ ਹੁਣ ਆਪਣੇ ਪੈਸੇ ਬਚਾਉਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। ਚੀਨ ਦੇ ਅਰਥਸ਼ਾਸਤਰੀ ਇਸ ਗੱਲ ਤੋਂ ਬਹੁਤ ਘਬਰਾ ਗਏ ਹਨ। ਚੀਨੀ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਭਾਵੇਂ ਹੀ ਚੀਨ ਦੀ ਅਰਥਵਿਵਸਥਾ ਮੰਦੀ ’ਚ ਚਲੀ ਜਾਵੇ, ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗ ਜਾਵੇ ਅਤੇ ਕੋਈ ਹੋਰ ਆਰਥਿਕ ਤੰਗੀ ਆ ਜਾਵੇ, ਉਨ੍ਹਾਂ ਸਭ ’ਚੋਂ ਨਿਕਲਿਆ ਜਾ ਸਕਦਾ ਹੈ ਪਰ ਇਕ ਵਾਰ ਅਰਥਵਿਵਸਥਾ ਸੁੰਗੜਨ ਲੱਗ ਪਵੇ ਤਾਂ ਫਿਰ ਉਸ ’ਚੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੁੰਦਾ ਹੈ। ਆਰਥਿਕ ਸੁੰਗੜਨ ਜਾਂ ਡਿਫਲੇਸ਼ਨ ਤੋਂ ਬਾਹਰ ਨਿਕਲਣ ’ਚ ਘੱਟੋ-ਘੱਟ 10 ਤੋਂ 12 ਸਾਲ ਲੱਗ ਜਾਂਦੇ ਹਨ।
ਚੀਨ ਦੀ ਅਰਥਵਿਵਸਥਾ ਦੇ ਸੁੰਗੜਨ ਦੀ ਹਾਲਤ ’ਚ ਜਾਣ ਦਾ ਐਲਾਨ ਖੁਦ ਚੀਨੀ ਸਰਕਾਰ ਨੇ ਕੀਤਾ ਹੈ। ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਆਰਥਿਕ ਸੁੰਗੜਨ ਹੈ ਕੀ। ਦਰਅਸਲ, ਆਰਥਿਕ ਸੁੰਗੜਨ ਉਹ ਪ੍ਰਕਿਰਿਆ ਹੈ ਜਦ ਲੋਕਾਂ ਕੋਲ ਪੈਸਾ ਤਾਂ ਹੁੰਦਾ ਹੈ ਪਰ ਉਹ ਅਨਿਸ਼ਚਿਤਤਾ ਕਾਰਨ ਪੈਸੇ ਖਰਚ ਨਹੀਂ ਕਰਦੇ, ਅਜਿਹੇ ਸਮੇਂ ਲੋਕ ਸਿਰਫ ਓਨੇ ਹੀ ਪੈਸੇ ਖਰਚਦੇ ਹਨ ਜਿਸ ਨਾਲ ਉਹ ਜੀਅ ਸਕਣ। ਭਾਵ ਕੱਪੜੇ-ਲੀੜੇ, ਜੁੱਤੇ, ਚੱਪਲ, ਰੇਸਤਰਾਂ ਜਾਣਾ, ਫਿਲਮਾਂ ਦੇਖਣਾ, ਬਾਜ਼ਾਰ ਤੋਂ ਖਾਧ ਪਦਾਰਥ ਖਰੀਦਣਾ, ਕਾਸਮੈਟਿਕਸ ਖਰੀਦਣਾ, ਸ਼ਹਿਰ ’ਚ ਘੁੰਮਣਾ ਅਤੇ ਸ਼ਹਿਰ ਤੋਂ ਬਾਹਰ ਘੁੰਮਣਾ, ਕਾਰਾਂ ਖਰੀਦਣਾ, ਘਰ ਖਰੀਦਣਾ ਅਤੇ ਸੈਰ-ਸਪਾਟੇ ਲਈ ਦੂਜੇ ਸ਼ਹਿਰਾਂ ’ਚ ਜਾਣਾ ਅਤੇ ਇਸ ਵਰਗੇ ਹੋਰ ਪਤਾ ਨਹੀਂ ਕਿੰਨੇ ਕੰਮ ਰੋਕ ਦਿੰਦੇ ਹਨ।
ਸਰਕਾਰ ਸੁੰਗੜਨ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਆਪਣੀਆਂ ਬੈਂਕ ਵਿਆਜ ਦਰਾਂ ’ਚ ਕਟੌਤੀ ਕਰਦੀ ਹੈ ਜਿਸ ਨਾਲ ਲੋਕ ਪੈਸੇ ਖਰਚਣਾ ਸ਼ੁਰੂ ਕਰਨ, ਇਸ ਪਿੱਛੋਂ ਜਿੰਨੇ ਵੀ ਵਪਾਰੀ ਹਨ ਉਹ ਆਪਣੇ ਉਤਪਾਦਾਂ ਦੇ ਭਾਅ ਘਟਾਉਣਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਲੋਕ ਵਰਤਮਾਨ ਭਾਅ ’ਤੇ ਉਨ੍ਹਾਂ ਦੇ ਉਤਪਾਦਾਂ ਨੂੰ ਨਹੀਂ ਖਰੀਦਦੇ ਪਰ ਆਰਥਿਕ ਸੁੰਗੜਨ ’ਚ ਸਭ ਤੋਂ ਵੱਡੀ ਪ੍ਰੇਸ਼ਾਨੀ ਹੁੰਦੀ ਹੈ ਬਾਜ਼ਾਰ ’ਚ ਮੰਗ ਪੈਦਾ ਕਰਨਾ। ਚੀਨ ’ਚ ਇਸ ਸਮੇਂ ਸਰਕਾਰ ਦੇ ਕੁਝ ਯਤਨਾਂ ਦੇ ਬਾਵਜੂਦ ਬਾਜ਼ਾਰ ’ਚ ਮੰਗ ਪੈਦਾ ਨਹੀਂ ਹੋ ਸਕੀ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਚੀਨ ’ਚ ਇਸ ਸਮੇਂ 0.2 ਫੀਸਦੀ ਦੀ ਸੁੰਗੜਨ ਉੱਥੋਂ ਦੀ ਅਰਥਵਿਵਸਥਾ ’ਚ ਆ ਚੁੱਕੀ ਹੈ। ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਚੀਨ ’ਚ ਆਰਥਿਕ ਸੁੰਗੜਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਸਮਾਂ ਬੀਤਣ ਨਾਲ ਇਹ ਹੋਰ ਵਧਦੀ ਜਾਵੇਗੀ।
ਹਾਲਾਂਕਿ ਚੀਨ ਦੀ ਸਰਕਾਰ ਆਪਣੇ ਬੁੱਧੀਜੀਵੀਆਂ ਨੂੰ ਮੀਡੀਆ ’ਚ ਜਾ ਕੇ ਚੀਨ ਦੀ ਅਰਥਵਿਵਸਥਾ ਬਾਰੇ ਕੁਝ ਵੀ ਨਾ ਬੋਲਣ ਦੀ ਚਿਤਾਵਨੀ ਦੇ ਰਹੀ ਹੈ, ਨਾਲ ਹੀ ਸੁੰਗੜਨ ਦੇ ਅੰਕੜਿਆਂ ਨੂੰ ਲੁਕਾ ਰਹੀ ਹੈ ਪਰ ਇਸ ਨਾਲ ਵਰਤਮਾਨ ਹਾਲਾਤ ’ਤੇ ਕੋਈ ਅਸਰ ਹੁੰਦਾ ਨਹੀਂ ਦਿਸ ਰਿਹਾ, ਉੱਥੇ ਹੀ ਚੀਨ ’ਚ ਹੁਣ ਵਸਤਾਂ ਦੇ ਭਾਅ ਲਗਾਤਾਰ ਘਟਣੇ ਸ਼ੁਰੂ ਹੋ ਗਏ ਹਨ ਅਤੇ ਇਹ ਸਿਲਸਿਲਾ ਬਿਨਾਂ ਰੁਕੇ ਜਾਰੀ ਰਹੇਗਾ ਕਿਉਂਕਿ ਆਰਥਿਕ ਸੁੰਗੜਨ ਦੀ ਪ੍ਰਕਿਰਿਆ ਡੋਮੀਨੋ ਇਫੈਕਟ ਵਰਗੀ ਹੁੰਦੀ ਹੈ ਜਿੱਥੇ ਇਕ ਨਾਲ ਜੁੜੀ ਦੂਜੀ ਚੀਜ਼ ਖਿਲਰਨਾ ਸ਼ੁਰੂ ਹੋ ਜਾਂਦੀ ਹੈ ਅਤੇ ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ ਜਦ ਤਕ ਕਿ ਪੂਰਾ ਮਾਮਲਾ ਢਹਿ-ਢੇਰੀ ਨਾ ਹੋ ਜਾਵੇ।
ਚੀਨ ਦੇ ਬਾਜ਼ਾਰਾਂ ’ਚ ਉਤਪਾਦਾਂ ਦੇ ਭਾਅ ਲਗਾਤਾਰ ਘਟਦੇ ਜਾ ਰਹੇ ਹਨ ਬਾਵਜੂਦ ਇਸ ਦੇ ਖਰੀਦਦਾਰ ਨਹੀਂ ਮਿਲ ਰਹੇ। ਚੀਨ ਦੀ ਬਰਾਮਦ ਦੀ ਗੱਲ ਕਰੀਏ ਤਾਂ ਇਹ 14.5 ਫੀਸਦੀ ਸਾਲ ਦੀ ਦਰ ਸਾਲ ਡਿੱਗ ਰਹੀ ਹੈ ਤਾਂ ਉੱਥੇ ਚੀਨ ਦੀ ਦਰਾਮਦ ਵੀ ਘਟੀ ਹੈ, ਚੀਨ ਦੀ ਦਰਾਮਦ 12.4 ਫੀਸਦੀ ਡਿੱਗੀ ਹੈ, ਚੀਨ ਵਰਗੀ ਵੱਡੀ 19 ਖਰਬ ਡਾਲਰ ਦੀ ਅਰਥਵਿਵਸਥਾ ਲਈ 14 ਫੀਸਦੀ ਬਹੁਤ ਵੱਡੀ ਧਨਰਾਸ਼ੀ ਹੁੰਦੀ ਹੈ। ਚੀਨ ਦੀ ਅਰਥਵਿਵਸਥਾ ’ਚ ਇਹ ਗਿਰਾਵਟ ਸਾਲ 2020 ਪਿੱਛੋਂ ਸਭ ਤੋਂ ਵੱਡੀ ਗਿਰਾਵਟ ਹੈ ਅਤੇ ਚੀਨੀ ਇਤਿਹਾਸ ’ਚ ਹੁਣ ਤੱਕ ਅਜਿਹੀ ਗਿਰਾਵਟ ਪਹਿਲਾਂ ਕਦੀ ਨਹੀਂ ਦੇਖੀ ਗਈ।
ਚੀਨ ਦੀ ਬਰਾਮਦ ਘਟਣ ਪਿੱਛੇ ਸਭ ਤੋਂ ਵੱਡਾ ਕਾਰਨ ਵਿਸ਼ਵ ਅਰਥਵਿਵਸਥਾ ਦਾ ਹੁਣ ਤਕ ਕੋਰੋਨਾ ਮਹਾਮਾਰੀ ਦੇ ਅਸਰ ਤੋਂ ਬਾਹਰ ਨਾ ਨਿਕਲ ਸਕਣਾ ਹੈ ਅਤੇ ਯੂਰਪੀਅਨ ਬਾਜ਼ਾਰਾਂ ਦੇ ਨਾਲ ਅਮਰੀਕੀ ਬਾਜ਼ਾਰਾਂ ’ਚ ਵੀ ਚੀਨ ਦੇ ਉਤਪਾਦਾਂ ਦਾ ਬਾਈਕਾਟ ਇਕ ਵੱਡਾ ਕਾਰਨ ਹੈ। ਚੀਨ ਦੀ ਦਰਾਮਦ ਘਟਣ ਪਿੱਛੇ ਕਾਰਨ ਇਹ ਹੈ ਕਿ ਚੀਨ ਦਾ ਬਾਜ਼ਾਰ ਤਾਂ ਬਹੁਤ ਵਿਸ਼ਾਲ ਹੈ ਪਰ ਉੱਥੇ ਲੋਕ ਪੈਸੇ ਖਰਚ ਨਹੀਂ ਕਰ ਰਹੇ। ਇਸ ਕਾਰਨ ਫੈਕਟਰੀਆਂ ਦੇ ਗੋਦਾਮਾਂ ’ਚ ਪਹਿਲਾਂ ਤੋਂ ਤਿਆਰ ਸਾਮਾਨ ਵਿਕ ਨਹੀਂ ਰਿਹਾ ਹੈ। ਅਜਿਹੇ ’ਚ ਨਵਾਂ ਸਾਮਾਨ ਬਣਾਉਣ ਲਈ ਫੈਕਟਰੀ ਮਾਲਕ ਦਰਾਮਦ ਕਿਵੇਂ ਕਰਵਾਉਣਗੇ।
ਇਸ ਤੋਂ ਇਲਾਵਾ ਚੀਨ ਦੀ ਦਰਾਮਦ ਘਟਣ ਦਾ ਇਕ ਵੱਡਾ ਕਾਰਨ ਇਹ ਵੀ ਹੈ ਕਿ ਕੋਰੋਨਾ ਮਹਾਮਾਰੀ ਦੇ ਦੌਰ ’ਚ ਫੈਕਟਰੀ ਮਾਲਕਾਂ ਨੂੰ ਲੱਗਣ ਲੱਗਾ ਸੀ ਕਿ ਜਿਉਂ ਹੀ ਇਹ ਮਹਾਮਾਰੀ ਖਤਮ ਹੋਵੇਗੀ ਚੀਨ ਦੀ ਅਰਥਵਿਵਸਥਾ ਪਹਿਲਾਂ ਵਾਂਗ ਪਟੜੀ ’ਤੇ ਦੌੜਨ ਲੱਗੇਗੀ, ਅਜਿਹੇ ’ਚ ਫੈਕਟਰੀ ਮਾਲਕਾਂ ਨੇ ਪਹਿਲਾਂ ਤੋਂ ਹੀ ਸਾਮਾਨ ਬਣਾ ਕੇ ਆਪਣੇ ਗੋਦਾਮਾਂ ’ਚ ਭਰਨਾ ਸ਼ੁਰੂ ਕਰ ਿਦੱਤਾ ਪਰ ਲਾਕਡਾਊਨ ਖੁੱਲ੍ਹਣ ਪਿੱਛੋਂ ਹੋਇਆ ਇਸ ਦੇ ਉਲਟ, ਬਾਜ਼ਾਰ ’ਚ ਸੁੰਗੜਨ ਆ ਗਈ ਅਤੇ ਉਨ੍ਹਾਂ ਦਾ ਪਹਿਲਾਂ ਤੋਂ ਤਿਆਰ ਮਾਲ ਨਹੀਂ ਵਿਕ ਰਿਹਾ ਹੈ ਕਿਉਂਕਿ ਬਾਜ਼ਾਰ ’ਚ ਉਨ੍ਹਾਂ ਦੇ ਉਤਪਾਦਾਂ ਦੀ ਮੰਗ ਨਹੀਂ ਹੈ। ਇਸ ਕਾਰਨ ਸਰਕਾਰ ਨੇ ਵਿਆਜ ਦਰਾਂ ਘਟਾਈਆਂ ਜਿਸ ਨਾਲ ਲੋਕ ਆਪਣੀ ਲੋੜ ਦਾ ਸਾਰਾ ਸਾਮਾਨ ਖਰੀਦਣ ਪਰ ਲੋਕ ਪੈਸਾ ਹੁੰਦਿਆਂ ਵੀ ਕੋਈ ਸਾਮਾਨ ਨਹੀਂ ਖਰੀਦ ਰਹੇ ਹਨ।
ਜਦ ਸਾਮਾਨ ਨਹੀਂ ਵਿਕ ਰਹੇ ਤਾਂ ਫੈਕਟਰੀਆਂ ਦੇ ਮਾਲਕ ਕੱਚਾ ਮਾਲ ਨਹੀਂ ਖਰੀਦਣਗੇ, ਅਜਿਹੇ ’ਚ ਕੰਮ ਨਹੀਂ ਹੋਵੇਗਾ ਤਾਂ ਮੁਲਾਜ਼ਮਾਂ ਦੀ ਛਾਂਟੀ ਹੋਵੇਗੀ ਜੋ ਇਸ ਸਮੇਂ ਚੀਨ ’ਚ ਹੋ ਰਹੀ ਹੈ, ਲੱਖਾਂ ਲੋਕਾਂ ਦਾ ਰੋਜ਼ਗਾਰ ਖੁੱਸ ਗਿਆ ਹੈ। ਜਦ ਲੋਕਾਂ ਕੋਲ ਨੌਕਰੀਆਂ ਨਹੀਂ ਹੋਣਗੀਆਂ ਤਦ ਉਹ ਪਹਿਲਾਂ ਦੀ ਤੁਲਨਾ ’ਚ ਹੋਰ ਘੱਟ ਖਰਚ ਕਰਨਗੇ। ਇਸ ਤਰ੍ਹਾਂ ਅਰਥਵਿਵਸਥਾ ਪਹਿਲਾਂ ਤੋਂ ਵੀ ਜ਼ਿਆਦਾ ਸੁੰਗੜਨ ’ਚ ਚਲੀ ਜਾਵੇਗੀ।