ਚੀਨ ਦੀ ਭਾਰਤ ਪ੍ਰਤੀ ਰਣਨੀਤੀ

Sunday, Jul 05, 2020 - 03:32 AM (IST)

ਚੀਨ ਦੀ ਭਾਰਤ ਪ੍ਰਤੀ ਰਣਨੀਤੀ

ਇਹ ਲੇਖ 9 ਮਈ, 2006 ਨੂੰ ‘ਬਿਜ਼ਨੈੱਸ ਸਟੈਂਡਰਡ’ ਵਿਚ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ’ਚ ਦੱਸੀਆਂ ਗਈਆਂ ਭਵਿੱਖਬਾਣੀਆਂ ਸੱਚ ਸਾਬਤ ਹੋਈਆਂ। ਇਹ ਇਕ ਕਾਲਪਨਿਕ ਗੱਲਬਾਤ ’ਤੇ ਆਧਾਰਿਤ ਹੈ, ਜਿਹੜੀ ਕਿ ਚੀਨ ਦੇ ਮਾਸਟਰ ਕੂਟਨੀਤੀਕਾਰ ਦੇ ਨਾਲ ਕੀਤੀ ਗਈ ਸੀ। ‘ਬਿਜ਼ਨੈੱਸ ਸਟੈਂਡਰਡ’ ਨੇ ਇਸ ਲੇਖ ਨੂੰ ਮੁੜ-ਪ੍ਰਕਾਸ਼ਿਤ ਕੀਤਾ ਹੈ।

-ਸ਼ੰਕਰ ਆਚਾਰੀਆ

ਮੈਂ ਚੀਨੀ ਮਾਸਟਰ ਕੂਟਨੀਤਕ ਦਾ ਸਭ ਤੋਂ ਪਹਿਲਾਂ ਧੰਨਵਾਦ ਕੀਤਾ, ਜਿਨ੍ਹਾਂ ਨੇ ਮੇਰੇ ਨਾਲ ਗੱਲ ਕਰਨ ਲਈ ਮੇਰੀ ਬੇਨਤੀ ਪ੍ਰਵਾਨ ਕੀਤੀ। ਹਾਲਾਂਕਿ ਉਨ੍ਹਾਂ ਦੀ ਸਿਹਤ ਲਗਾਤਾਰ ਡਿੱਗ ਰਹੀ ਹੈ। ਸਭ ਤੋਂ ਪਹਿਲਾਂ ਮੈਂ ਉਨ੍ਹਾਂ ਕੋਲੋਂ ਪੁੱਛਿਆ ਕਿ ਪਿਛਲੇ 50 ਸਾਲਾਂ ਤੋਂ ਵੀ ਵੱਧ ਸਮੇਂ ਦੌਰਾਨ ਭਾਰਤ ਪ੍ਰਤੀ ਚੀਨੀ ਲੀਡਰਸ਼ਿਪ ਦੀ ਕੀ ਰਣਨੀਤੀ ਹੈ। ਇਸ ਰਣਨੀਤੀ ’ਤੇ ਤੁਹਾਡਾ ਕੀ ਮੁਲਾਂਕਣ ਹੈ।

ਤਾਂ ਉਨ੍ਹਾਂ ਨੇ ਆਖਿਆ ਕਿ ਰਣਨੀਤੀ ਚੰਗੀ ਰਹੀ ਤੇ ਮੇਰੀ ਇੱਛਾ ਨਾਲੋਂ ਵੱਧ ਇਸ ਨੇ ਕੰਮ ਕੀਤਾ। ਇਸ ਦੇ ਲਈ ਮੈਂ ਤੁਹਾਡੇ ਦੇਸ਼ਵਾਸੀਆਂ ਦੀ ਅਣਇੱਛਾਪੂਰਵਕ ਮਦਦ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਵਿਸ਼ੇਸ਼ ਤੌਰ ’ਤੇ ਸਿਆਸੀ/ਪ੍ਰਬੰਧਕੀ ਅਗਵਾਈ ਦਾ। ਜਦੋਂ ਮੈਂ ਉਨ੍ਹਾਂ ਕੋਲੋਂ ਪੁੱਛਿਆ ਕਿ ਇਹ ਰਣਨੀਤੀ ਕੀ ਸੀ ਤੇ ਇਸ ਨੇ ਤੁਹਾਡੀ ਅਣਇੱਛਾਪੂਰਵਕ ਕਿਵੇਂ ਮਦਦ ਕੀਤੀ, ਤਾਂ ਮਾਸਟਰ ਰਣਨੀਤੀਕਾਰ ਨੇ ਕਿਹਾ ਕਿ ਠੀਕ ਹੈ, ਮੈਨੂੰ ਇਸ ਦਾ ਵਖਿਅਾਨ ਕਰਨ ਲਈ ਥੋੜ੍ਹਾ ਸਮਾਂ ਚਾਹੀਦਾ ਹੈ ਅਤੇ ਇਸ ਦੌਰਾਨ ਮੈਨੂੰ ਟੋਕਿਆ ਨਾ ਜਾਵੇ। ਤੁਸੀਂ ਉਸ ਦੀ ਗੱਲਬਾਤ ਨੂੰ ਵਿਚਾਲਿਓਂ ਹੀ ਉਸ ਨੂੰ ਸੁਣੇ ਬਗੈਰ ਟੋਕ ਦਿੰਦੇ ਹੋ। ਇਸ ਨਾਲ ਭਰਮ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਹਾਲਾਂਕਿ ਮੈਨੂੰ ਇਸ ਦੇ ਲਈ ਤੁਹਾਨੂੰ ਉਲਾਂਭਾ ਨਹੀਂ ਦੇਣਾ ਚਾਹੀਦਾ। ਤੁਹਾਡੀ ਭਰਮ ਵਾਲੀ ਰਣਨੀਤੀ ਨੇ ਸਾਨੂੰ ਪਿਛਲੇ 50 ਸਾਲਾਂ ਦੇ ਦੌਰਾਨ ਬਹੁਤ ਜ਼ਿਆਦਾ ਫਾਇਦਾ ਪਹੁੰਚਾਇਆ ਹੈ।

1950 ਦੇ ਦਹਾਕੇ ਦੇ ਮੱਧ ਦੀ ਗੱਲ ਕਰਦੇ ਹਾਂ। ‘ਹਿੰਦੀ ਚੀਨੀ ਭਾਈ-ਭਾਈ’ ਦੇ ਸਮੇਂ ਮੈਂ ਮਾਓ ਅਤੇ ਝਾਓ ਨੂੰ ਇਹ ਸਲਾਹ ਦਿੱਤੀ ਸੀ ਕਿ ਏਸ਼ੀਆ ਜਾਂ ਫਿਰ ਪੂਰੇ ਸੰਸਾਰ ’ਚ ਭਾਰਤ ਚੀਨ ਲਈ ਇਕ ਬੇਹਦ ਗੰਭੀਰ ਸੰਭਾਵਿਤ ਚੁਣੌਤੀ ਹੈ, ਇਸ ਲਈ ਸਾਨੂੰ ਭਾਰਤ ਨੂੰ ਕਮਜ਼ੋਰ ਕਰਨਾ ਹੋਵੇਗਾ। ਮੈਨੂੰ ਉਨ੍ਹਾਂ ਦਾ ਧਿਆਨ ਆਕਰਸ਼ਿਤ ਕਰਨ ’ਚ ਥੋੜ੍ਹੀ ਮੁਸ਼ਕਿਲ ਹੋਈ। ਉਹ ਦੋਵੇਂ ਅਮਰੀਕਾ ਦੀ ਹਮਲਾਵਰ ਰੋਕਥਾਮ ਵਾਲੀ ਨੀਤੀ ਤੇ ਸੋਵੀਅਤ ਯੂਨੀਅਨ ਦੇ ਨਾਲ ਪਹਿਲਾਂ ਦੇ ਟਕਰਾਅ ਵਾਲੀ ਨੀਤੀ ਦੇ ਨਾਲ ਰੁੱਝੇ ਸਨ ਪਰ ਉਨ੍ਹਾਂ ਨੇ ਮੇਰੀ ਗੱਲ ਨੂੰ ਸੁਣਿਆ ਅਤੇ 1950 ਦੇ ਅੰਤ ’ਚ ਇਨ੍ਹਾਂ ਗੱਲਾਂ ਨੂੰ ਸਮਝਿਆ। ਇਸ ਸਮੇਂ ਦੇ ਦੌਰਾਨ ਅਸੀਂ ਆਪਣੀ ਰਣਨੀਤੀ ਸਾਹਮਣੇ ਰੱਖੀ।

ਝਾਓ ਨੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਮਿੱਠੀਆਂ ਗੱਲਾਂ ਕੀਤੀਆਂ। ਅਸੀਂ ਸਾਰੇ ਮੌਸਮਾਂ ਨੂੰ ਝੱਲਣ ਵਾਲੀ ਰਣਨੀਤਕ ਸੜਕ ਨੂੰ ਅਕਸਾਈਚਿਨ ਦੇ ਨਾਲ ਬਣਾਇਆ। ਆਪਣੀਆਂ ਫੌਜਾਂ ਨੂੰ ਤਿੱਬਤ ’ਚ ਵਧਾਇਆ ਅਤੇ ਮੈਕਮੋਹਨ ਲਾਈਨ ਦੇ ਆਲੇ-ਦੁਆਲੇ ਆਪਣੀ ਕਿਲੇਬੰਦੀ ਨੂੰ ਮਜ਼ਬੂਤ ਕੀਤਾ। ਤੁਹਾਡੇ ਪੰਡਿਤ ਨਹਿਰੂ ਇਕ ਭੱਦਰ ਪੁਰਸ਼ ਸਨ ਪਰ ਉਹ ਜ਼ਿਆਦਾ ਨਰਮ ਵੀ ਸਨ ਤੇ ਲੋਕਾਂ ਨੂੰ ਭਾਂਪਣ ’ਚ ਥੋੜ੍ਹਾ ਕਮਜ਼ੋਰ ਸਨ। ਤੁਸੀਂ ਵੇਖੋ ਕਿ ਉਨ੍ਹਾਂ ਨੇ ਕ੍ਰਿਸ਼ਨਾ ਮੈਨਨ ’ਤੇ ਕਿੰਨਾ ਭਰੋਸਾ ਕਰ ਲਿਆ। ਕੁਝ ਵੀ ਹੋਵੇ ਪੰਡਿਤ ਨਹਿਰੂ ਮਾਓ ਤੇ ਝਾਓ ਦੇ ਮੁਕਾਬਲੇ ਕੁਝ ਨਹੀਂ ਸਨ।

ਪਹਿਲੀ ਵਾਰ ਅਸੀਂ ਭਾਰਤ ਦੇ ਨਾਲ ਜੰਗ ਦੀ ਯੋਜਨਾ ਨਹੀਂ ਬਣਾਈ ਪਰ ਮੈਨਨ ਦੀ ਮੂਰਖਤਾਪੂਰਨ ਫਾਰਵਰਡ ਪਾਲਿਸੀ ਨੇ ਸਾਨੂੰ 1962 ’ਚ ਇਕ ਮੌਕਾ ਦਿੱਤਾ। ਇਕ ਛੋਟੇ ਜਿਹੇ ਸਰਹੱਦੀ ਝਗੜੇ ਦੇ ਬਾਅਦ ਅਸੀਂ ਕਈ ਚੀਜ਼ਾਂ ਨੂੰ ਹਾਸਲ ਕੀਤਾ। ਅਸੀਂ ਇਕ ਫੈਸਲਾਕੁੰਨ ਫੌਜੀ ਜਿੱਤ ਹਾਸਲ ਕੀਤੀ ਤੇ ਭਾਰਤੀ ਫੌਜ ਦਾ ਮਨੋਬਲ ਡਿੱਗ ਗਿਆ। ਅਸੀਂ ਏਸ਼ੀਆ ਨੂੰ ਹੀ ਨਹੀਂ, ਪੂਰੇ ਸੰਸਾਰ ਨੂੰ ਵਿਖਾ ਦਿੱਤਾ ਕਿ ਏਸ਼ੀਆ ’ਚ ਅਸਲੀ ਸ਼ਕਤੀ ਕਿਸ ਦੇ ਹੱਥ ’ਚ ਹੈ।

ਅਸੀਂ ਤੁਹਾਡੀ ਤੀਸਰੀ ਪੰਜ ਸਾਲਾ ਯੋਜਨਾ ਨੂੰ ਪਟੜੀ ਤੋਂ ਉਤਾਰ ਦਿੱਤਾ। ਨਾਲ ਹੀ ਤੁਹਾਡੀ ਆਰਥਿਕ ਵਿਕਾਸ ਦੀ ਰਫ਼ਤਾਰ ਨੂੰ ਵੀ ਮੱਧਮ ਕਰ ਦਿੱਤਾ। ਅਸੀਂ ਤਿੱਬਤ ’ਚ ਆਪਣੀ ਘੇਰਾਬੰਦੀ ਨੂੰ ਹੋਰ ਮਜ਼ਬੂਤ ਕੀਤਾ। ਉੱਤਰ ਪੂਰਬ ’ਚ ਸਾਡੇ ਵਿਰੁੱਧ ਗੋਲੀਬੰਦੀ ਅਤੇ ਫੌਜ ਵਾਪਸੀ ਦੇ ਨਾਲ ਅਸੀਂ ਸੰਸਾਰਿਕ ਮਾਮਲਿਆਂ ’ਚ ਆਪਣੀ ਪਰਿਪੱਕਤਾ ਦੀ ਸਰਬੋਤਮ ਉਦਾਹਰਣ ਦਿੱਤੀ।

1950 ਦੇ ਅੰਤ ਤੋਂ ਲੈ ਕੇ ਅਸੀਂ ਪਾਕਿਸਤਾਨ ’ਚ ਆਰਥਿਕ ਅਤੇ ਫੌਜੀ ਸਹਾਇਤਾ ਦੇ ਬੀਜ ਬੀਜੇ। ਇਸ ਨਾਲ ਭਾਰਤ ’ਤੇ ਲਗਾਤਾਰ ਉਸਦੀਆਂ ਪੱਛਮੀ ਸਰਹੱਦਾਂ ’ਤੇ ਦਬਾਅ ਵਧਦਾ ਗਿਆ। ਸਾਡਾ ਟੀਚਾ ਭਾਰਤ ਨੂੰ ਡੇਗਣਾ ਸੀ ਅਤੇ ਉਸ ਨੂੰ ਪਾਕਿਸਤਾਨ ਦੇ ਨਾਲ ਉਲਝਾਈ ਰੱਖਣਾ ਸੀ। ਇਹ ਬੇਹੱਦ ਪ੍ਰਭਾਵਸ਼ਾਲੀ ਰਣਨੀਤੀ ਰਹੀ। ਅਸੀਂ ਸਫਲਤਾਪੂਰਵਕ ਅਮਰੀਕੀਆਂ, ਖਾਸ ਤੌਰ ’ਤੇ ਨਿਕਸਨ ਅਤੇ ਕਿਸਿੰਗਰ ਨੂੰ ਸਹਿਯੋਜਿਤ ਕੀਤਾ।

ਪਰ ਉਸ ਤੋਂ ਬਾਅਦ ਪਾਕਿਸਤਾਨ ਦੇ ਯਹੀਆਖਾਨ ਅਤੇ ਭੁੱਟੋ ਨੇ ਇਕ ਬਹੁਤ ਵੱਡੀ ਭੁੱਲ ਕਰ ਦਿੱਤੀ ਤੇ ਤੁਹਾਡੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਕ ਸੁਨਹਿਰੀ ਮੌਕਾ ਦਿੱਤਾ, ਜਿਨ੍ਹਾਂ ਨੇ ਪਾਕਿਸਤਾਨ ਦੇ ਟੁਕੜੇ ਕਰ ਕੇ ਬੰਗਲਾਦੇਸ਼ ਦੇ ਗਠਨ ਦਾ ਰਾਹ ਪੱਧਰਾ ਕੀਤਾ। ਇੰਦਰਾ ਇਕ ਬੇਹੱਦ ਮਜ਼ਬੂਤ ਔਰਤ ਸੀ। ਉਨ੍ਹਾਂ ਨੂੰ ਦੁਰਲੱਭ ਰਣਨੀਤੀ ਤੇ ਕੂਟਨੀਤਕ ਸਮਝ ਸੀ। ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਹਾਡੀ ਕੈਬਨਿਟ ’ਚ ਸਿਰਫ ਇੰਦਰਾ ਹੀ ਇਕ ‘ਮਰਦ’ ਵਰਗੀ ਸੀ ਪਰ ਉਸ ਨੇ ਵੀ ਇਕ ਬਹੁਤ ਵੱਡੀ ਭੁੱਲ ਕਰ ਦਿੱਤੀ ਕਿਉਂਕਿ ਇੰਦਰਾ ਨੇ ਬਦਲੇ ਵਿਚ ਅੰਤਰਰਾਸ਼ਟਰੀ ਸਰਹੱਦ ਦੇ ਤੌਰ ’ਤੇ ਕਸ਼ਮੀਰ ਜੰਗਬੰਦੀ ’ਤੇ ਅੰਤਿਮ ਸਮਝੌਤੇ ਤੋਂ ਬਿਨਾਂ 90,000 ਪਾਕਿਸਤਾਨੀ ਜੰਗੀ ਕੈਦੀਆਂ ਨੂੰ ਰਿਹਾਅ ਕਰ ਦਿੱਤਾ।

ਇਸ ਨਾਲ ਸਾਨੂੰ ਭਾਰਤ ’ਤੇ ਰੋਕ ਲਗਾਉਣ ਦੇ ਮਾਮਲੇ ’ਚ ‘ਪਾਕਿਸਤਾਨੀ ਕਾਰਡ’ ਖੇਡਣ ’ਚ ਮਦਦ ਮਿਲੀ, ਜਿਸ ’ਚ ਪ੍ਰਮਾਣੂ ਅਤੇ ਮਿਜ਼ਾਈਲ ਤਕਨੀਕ ਦਾ ਸਾਮਾਂਤਰ ਵੀ ਸ਼ਾਮਲ ਸੀ। ਸਾਡੀਆਂ ਆਸਾਂ ਦੇ ਉਲਟ ਪੋਖਰਣ ਇਕ ਦੇ ਨਾਲ ਵੱਡੀ ਤਾਕਤ ਅਤੇ ਯਤਨ ਦਿਖਾਉਣ ਤੋਂ ਬਾਅਦ ਹਥਿਆਰੀਕਰਨ ਦੇ ਮਾਮਲੇ ’ਚ ਉਹ ਅਸਫਲ ਹੋ ਗਈ।

ਸਾਡੇ ਲਈ ਇਹ ਖੁਸ਼ਕਿਸਮਤੀ ਤੇ ਤੁਹਾਡੇ ਲਈ ਬਦਕਿਸਮਤੀ ਦੀ ਗੱਲ ਇਹ ਰਹੀ ਕਿ ਨਾ ਤਾਂ ਕਸ਼ਮੀਰੀ ਪੰਡਿਤਾਂ ਤੇ ਨਾ ਹੀ ਇੰਦਰਾ ਗਾਂਧੀ ਨੇ ਪ੍ਰਸਿੱਧ ਨਾਅਰਿਆਂ ਨੂੰ ਸਮਝਿਆ। ਨਾ ਹੀ ਉਨ੍ਹਾਂ ਨੇ ਭਾਰਤੀ ਉਦਯੋਗ, ਵਪਾਰ ਅਤੇ ਨਿਵੇਸ਼ ਨੂੰ ਸਮਝਿਆ, ਜਿਸ ਨੇ ਕਿ ਤੁਹਾਡੇ ਦੇਸ਼ ਨੂੰ ਕਮਜ਼ੋਰ ਕਰ ਦਿੱਤਾ ਅਤੇ 15 ਸਾਲਾਂ ਤਕ ਤੁਹਾਨੂੰ ਕਮਜ਼ੋਰ ਬਣਾਈ ਰੱਖਿਆ।

ਇੰਦਰਾ ਦੀਆਂ ਨੀਤੀਆਂ ਨੇ ਤੁਹਾਡੇ ਕੱਪੜਾ ਉਦਯੋਗ ਤੇ ਕਿਰਤੀਆਂ ਦੀ ਵਰਤੋਂ ਕਰਨ ਵਾਲੇ ਉਦਯੋਗਾਂ ਦੀ ਕਮਰ ਤੋਡ਼ ਦਿੱਤੀ। ਇਸ ਨੇ ਵੱਡੇ ਪੱਧਰ ’ਤੇ ਸਿੱਖਿਆ ਤੇ ਸਿਹਤ ਸੇਵਾਵਾਂ ਨੂੰ ਮੁਹੱਈਆ ਨਹੀਂ ਕਰਵਾਇਆ। ਇਨ੍ਹਾਂ ਵਿਸ਼ਿਆਂ ’ਤੇ ਮਾਓ ਨੇ ਚੀਨ ’ਚ ਬਹੁਤ ਵੱਡੀ ਸਫਲਤਾ ਹਾਸਲ ਕੀਤੀ। 1970 ਤਕ ਸਾਡੇ ਨੇਤਾ ਉਦਯੋਗ ਅਤੇ ਬਾਜ਼ਾਰ ਦੀਆਂ ਸ਼ਕਤੀਆਂ ਨੂੰ ਪਛਾਣ ਸਕੇ ਅਤੇ ਤੁਹਾਡੇ ਨੇਤਾ ਇੰਨੇ ਦਰਜਨਾਂ ਭਰ ਸਾਲਾਂ ਤੋਂ ਬਾਅਦ ਵੀ ਕੁਝ ਨਹੀਂ ਸਮਝੇ।

ਅਸੀਂ ਤੁਹਾਨੂੰ ਬਹੁਤ ਪਿੱਛੇ ਛੱਡ ਦਿੱਤਾ। ਇਥੋਂ ਤਕ ਕਿ 1990 ਦੇ ਦਹਾਕੇ ’ਚ ਵਿਸ਼ਵ ਵਪਾਰ ਅਤੇ ਨਿਵੇਸ਼ ਦੇ ਮਾਮਲੇ ’ਚ ਤੁਹਾਡੀ ਸੋਚ ਬੇਹੱਦ ਸੌੜੀ ਸੀ। ਸੱਚਾਈ ਇਹ ਹੈ ਕਿ ਪਿਛਲੇ 15 ਸਾਲਾਂ ਦੇ ਦੌਰਾਨ ਸਾਡੀ ਪ੍ਰਤੀ ਵਿਅਕਤੀ ਵਿਕਾਸ ਦਰ ਤੁਹਾਡੇ ਤੋਂ ਕਰੀਬ ਦੁੱਗਣੀ ਹੋ ਗਈ। ਸਾਡੀ ਬਰਾਮਦ ਵੀ ਤੁਹਾਡੇ ਨਾਲੋਂ ਜ਼ਿਆਦਾ ਵਧ ਗਈ। ਭਾਰਤ ਦੇ ਲਗਭਗ ਅੱਧੇ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਜੋ ਕਿ ਚੀਨ ’ਚ ਸਿਰਫ 10 ਹੈ। ਅਜਿਹੀਆਂ ਗੱਲਾਂ ਨੂੰ ਦੇਖਦੇ ਹੋਏ ਭਾਰਤ ਚੀਨ ਨੂੰ ਟੱਕਰ ਕਿਵੇਂ ਦੇ ਸਕਦਾ ਹੈ।

ਇਨ੍ਹਾਂ ਸਾਰੀਆਂ ਗੱਲਾਂ ਨੂੰ ਸੁਣਨ ਤੋਂ ਬਾਅਦ ਮੈਂ ਚੀਨੀ ਮਾਸਟਰ ਰਣਨੀਤੀਕਾਰ ਤੋਂ ਪੁੱਛਿਆ ਕਿ ਤੁਸੀ ਇਨ੍ਹਾਂ ਅਸਮਾਨਤਾਵਾਂ ਨੂੰ ਜ਼ਿਆਦਾ ਵਧਾ-ਚੜ੍ਹਾਅ ਕੇ ਕਿਉਂ ਕਹਿ ਰਹੇ ਹੋ? ਪਿਛਲੇ 3 ਸਾਲਾਂ ਦੇ ਦੌਰਾਨ ਸਾਡੀ 8 ਫ਼ੀਸਦੀ ਵਾਧਾ ਦਰ ਦੇ ਬਾਰੇ ’ਚ ਤੁਹਾਡਾ ਕੀ ਕਹਿਣਾ ਹੈ? ਸੂਚਨਾ ਤਕਨਾਲੋਜੀ ਤੇ ਫਾਰਮਾ ’ਚ ਸਾਡੀ ਤਰੱਕੀ ਬਾਰੇ ਤੁਹਾਡਾ ਕੀ ਵਿਚਾਰ ਹੈ? ਤੇਜ਼ੀ ਨਾਲ ਵਧਦੇ ਸਾਡੇ ਕਿਰਤ ਬਲ ਬਾਰੇ ਤੁਹਾਡਾ ਕੀ ਵਿਚਾਰ ਹੈ। ਸੰਸਾਰ ਦੇ ਸਾਰੇ ਲੋਕ ਭਾਰਤ ਦੀ ਬੜੀ ਵਧੀਆ ਮਰਦਮਸ਼ੁਮਾਰੀ ਬਾਰੇ ਗੱਲਾਂ ਕਰਦੇ ਹਨ। ਇਨ੍ਹਾਂ ਗੱਲਾਂ ਨੂੰ ਸੁਣ ਕੇ ਉਨ੍ਹਾਂ ਨੇ ਸੋਚ-ਸਮਝਣ ਤੋਂ ਬਾਅਦ ਮੈਨੂੰ ਕਿਹਾ ਕਿ ਇਹ ਸਭ ਦਿਲਚਸਪ ਹੈ।

ਮੇਰੇ ਪੋਲਿਟ ਬਿਊਰੋ ਪਿਛਲੇ ਕਈ ਸਾਲਾਂ ਦੇ ਦੌਰਾਨ ਅਜਿਹੇ ਸਵਾਲਾਂ ਨੂੰ ਮੇਰੇ ਤੋਂ ਪੁੱਛਦੇ ਹਨ ਪਰ ਮੈਂ ਉਨ੍ਹਾਂ ਨੂੰ ਕਿਹਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ। ਮੈਂ ਉਨ੍ਹਾਂ ਨੂੰ ਚਾਰ ਕਾਰਣ ਦੱਸੇ ਕਿ ਭਾਰਤ ਚੀਨ ਨਾਲ ਮੁਕਾਬਲੇਬਾਜ਼ੀ ਕਿਉਂ ਨਹੀਂ ਰੱਖ ਸਕਦਾ? ਪਹਿਲਾ ਇਹ ਕਿ ਸੂਚਨਾ ਤਕਨਾਲੋਜੀ ਕੇਵਲ ਤਮਾਸ਼ਾ ਹੈ। ਇਸ ਦੇ ਚੀਨ ’ਚ ਬਹੁਤ ਵੱਡੇ ਮੌਕੇ ਹਨ। ਇਸ ਖੇਤਰ ’ਚ ਭਾਰਤ ਦੀ ਅਗਵਾਈ ਅਸਥਾਈ ਹੈ। ਤੁਸੀਂ ਚਾਹੋ ਤਾਂ ਪਿਛਲੇ 5 ਸਾਲਾਂ ਦੀ ਚੀਨ ਨਾਲ ਤੁਲਨਾ ਕਰ ਲਓ। ਦੂਸਰਾ ਇਹ ਕਿ ਬੜੀ ਵਧੀਆ ਮਰਦਮਸ਼ੁਮਾਰੀ ਦਾ ਤਰਕ ਦੇਣਾ ਬੇਵਕੂਫੀ ਹੈ। ਇਸ ਨਾਲ ਭਾਰਤ ’ਚ ਨੌਕਰੀਆਂ ਪੈਦਾ ਕਰਨ ’ਚ ਅਸਫਲਤਾ ਦੇਖੀ ਗਈ ਹੈ। ਸਾਰੇ ਲੱਖਾਂ ਨਵੇਂ ਕਰਮਚਾਰੀ ਅਸਲੀ ਨੌਕਰੀਆਂ ਨਹੀਂ ਹਾਸਲ ਕਰ ਸਕੇ। ਭਾਰਤ ਆਰਥਿਕ ਮਾਮਲਿਆਂ ’ਚ ਅਣਸਿੱਖਿਅਤ ਹੈ। ਅਗਲੇ ਕਈ ਸਾਲਾਂ ਤਕ ਖੱਬੇਪੱਖੀ ਕਿਰਤ ਸੁਧਾਰਾਂ ਨੂੰ ਨਹੀਂ ਹੋਣ ਦੇਣਗੇ। ਤੀਸਰਾ ਇਹ ਭਾਰਤ ਸ੍ਰੋਤ ਨਹੀਂ ਲੱਭ ਸਕਦਾ ਅਤੇ ਨਾ ਹੀ ਵੱਡੇ ਪੱਧਰ ’ਤੇ ਚੰਗੀ ਗੁਣਵੱਤਾ ਵਾਲੇ ਮੁੱਢਲੇ ਢਾਂਚਿਆਂ ਦਾ ਨਿਰਮਾਣ ਕਰ ਸਕਦਾ ਹੈ। ਤੁਹਾਡੇ ਸਿਆਸੀ ਆਗੂ, ਬਾਬੂੂ ਤੇ ਤਨਖਾਹ ਕਮਿਸ਼ਨ ਹਮੇਸ਼ਾ ਲੋਕਾਂ ਦੇ ਪੈਸਿਆਂ ਦਾ ਇਕ ਬਹੁਤ ਵੱਡਾ ਹਿੱਸਾ ਆਪਣੇ ਲੋਕਾਂ ਦੇ ਤਨਖਾਹ ਵਾਧੇ ’ਤੇ ਖਰਚ ਕਰਦੇ ਰਹਿਣਗੇ। ਆਖਰੀ ਗੱਲ ਇਹ ਹੈ ਕਿ ਕੋਟਾ-ਰਾਖਵਾਂਕਰਨ ਬਹਿਸ ’ਤੇ ਨੀਤੀਆਂ ਉਜਾਗਰ ਹੋਣਗੀਆਂ। ਭਾਰਤ ’ਚ ਪੱਛੜੇਪਨ ’ਚ ਨਾਬਰਾਬਰੀ ਦੀਆਂ ਪਰੇਸ਼ਾਨੀਆਂ ਫੈਲੀਆਂ ਰਹਿਣਗੀਆਂ । ਸ਼ਾਇਦ ਇਹ ਪ੍ਰਾਈਵੇਟ ਸੈਕਟਰ ’ਚ ਵੀ ਕਾਇਮ ਰਹਿਣਗੀਆਂ। 8 ਫ਼ੀਸਦੀ ਵਾਧਾ ਦਰ ਸਿਰਫ ਆਰਜ਼ੀ ਉਛਾਲ ਹੈ। ਚੀਨ ਨੂੰ ਮੁੜ ਸਥਾਪਤ ਹੋਣ ਬਾਰੇ ਭਾਰਤ ਪ੍ਰਤੀ ਚਿੰਤਾ ਕਰਨ ਦੀ ਲੋੜ ਨਹੀਂ।

(ਲੇਖਕ ਆਈ. ਸੀ. ਆਰ. ਆਈ. ਈ. ਆਰ. ’ਚ ਆਨਰੇਰੀ ਪ੍ਰੋਫੈਸਰ ਹਨ ਅਤੇ ਭਾਰਤ ਸਰਕਾਰ ਦੇ ਸਾਬਕਾ ਪ੍ਰਮੁੱਖ ਆਰਥਿਕ ਸਲਾਹਕਾਰ ਹਨ। ਇਹ ਉਨ੍ਹਾਂ ਦੇ ਨਿੱਜੀ ਵਿਚਾਰ ਹਨ।)


author

Bharat Thapa

Content Editor

Related News