ਛੱਠ ਪੂਜਾ ਅਤੇ ਭਾਰਤੀ ਸੱਭਿਆਚਾਰ
Friday, Oct 28, 2022 - 10:52 AM (IST)
‘ਭਾਰਤ ਕੋਈ ਜ਼ਮੀਨ ਦਾ ਟੁਕੜਾ ਨਹੀਂ, ਇਹ ਜਿਊਂਦਾ-ਜਾਗਦਾ ਰਾਸ਼ਟਰਪੁਰਸ਼ ਹੈ। ਇਹ ਵੰਦਨ ਦੀ ਧਰਤੀ ਹੈ, ਇਹ ਅਭਿਨੰਦਨ ਦੀ ਭੂਮੀ ਹੈ। ਇਹ ਅਰਪਣ ਦੀ ਭੂਮੀ ਹੈ, ਇਹ ਤਰਪਣ ਦੀ ਭੂਮੀ ਹੈ। ਇਸ ਦੀ ਨਦੀ-ਨਦੀ ਸਾਡੇ ਲਈ ਗੰਗਾ ਹੈ, ਇਸ ਦਾ ਕੰਕਰ-ਕੰਕਰ ਸਾਡੇ ਲਈ ਸ਼ੰਕਰ ਹੈ।’ ਪਰਮ ਸਤਿਕਾਰਯੋਗ ਸਵ. ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਦੀਆਂ ਇਹ ਸਤਰਾਂ ਅਮਰ ਹਨ।
ਇਹ ਮਾਤਰ ਸਤਰਾਂ ਹੀ ਨਹੀਂ ਸਗੋਂ ਭਾਰਤ ਦੇ ਹਰੇਕ ਨਾਗਰਿਕ ਦੇ ਦਿਲ ਦਾ ਪ੍ਰਗਟਾਵਾ ਹੈ। ਸਨਾਤਨ ਸੱਭਿਆਚਾਰ ਦਾ ਇਹ ਦੇਸ਼ ਆਦਿਕਾਲ ਤੋਂ ਰਾਸ਼ਟਰਭੂਮੀ ਲਈ ਸਭ ਕੁਝ ਵਾਰ ਦੇਣ ਵਾਲਿਆਂ ਦੀ ਧਰਤੀ ਰਿਹਾ ਹੈ। ਸਾਡੇ ਸੱਭਿਆਚਾਰ ਨੇ ਸਾਨੂੰ ਇਨਸਾਨ ਦੇ ਨਾਲ ਜੀਵ-ਜੰਤੂਆਂ, ਪੇੜ-ਪੌਦਿਆਂ, ਸੂਰਜ-ਚੰਦਰਮਾ, ਧਰਤੀ ਅਤੇ ਆਕਾਸ਼ ਸਾਰਿਆਂ ਦੀ ਪੂਜਾ ਕਰਨੀ ਸਿਖਾਈ ਹੈ। ਅਸੀਂ ਧਰਤੀ ਨੂੰ ਮਾਂ ਮੰਨਦੇ ਹਾਂ ਅਤੇ ਕੁਦਰਤ ਨੂੰ ਮਾਤਾ ਧਰਤੀ ਦਾ ਸ਼ਿੰਗਾਰ। ਇਸੇ ਮਹਾਨ ਕੁਦਰਤ ਦੀ ਉਪਾਸਨਾ ਦਾ ਤਿਉਹਾਰ ਹੈ ਮਹਾਪੁਰਬ ਛੱਠ।
ਸੂਰਜ ਉਪਾਸਨਾ ਤੇ ਲੋਕ ਆਸਥਾ ਦੇ ਮਹਾਪੁਰਬ ਛੱਠ ਨੂੰ ਅਸੀਂ ਸਿਰਫ ਤਿਉਹਾਰ ਨਹੀਂ ਸਗੋਂ ਆਪਣਾ ਸੰਸਕਾਰ ਮੰਨਦੇ ਹਾਂ। 4 ਦਿਨਾਂ ਤੱਕ ਚੱਲਣ ਵਾਲੀ ਛੱਠ ਪੂਜਾ ’ਚ ਅਸੀਂ ਸੂਰਜ, ਛਠੀ ਮਈ, ਊਸ਼ਾ, ਸੰਧਿਆ, ਰਾਤਰੀ, ਹਵਾ, ਜਲ ਅਤੇ ਕੁਦਰਤ ਦੀਆਂ ਹੋਰ ਮਹੱਤਵਪੂਰਨ ਚੀਜ਼ਾਂ ਦੀ ਪੂਜਾ ਕਰਦੇ ਹਾਂ। ਕੁਦਰਤ ਨੇ ਸਾਨੂੰ ਜਿਊਣ ਲਈ ਵਾਤਾਵਰਣ ਦੇ ਨਾਲ-ਨਾਲ ਬਹੁਤ ਸਾਰੀਆਂ ਖੂਬਸੂਰਤ ਚੀਜ਼ਾਂ ਮੁਹੱਈਆ ਕੀਤੀਆਂ ਹਨ।
ਛੱਠ ਪੂਜਾ ’ਚ ਜਿੱਥੇ ਇਕ ਪਾਸੇ ਅਸੀਂ ਸ਼ੁੱਧਤਾ ਅਤੇ ਪਵਿੱਤਰਤਾ ਦੀ ਤਿਆਰੀ ਕਰਦੇ ਹਾਂ ਤਾਂ ਉੱਥੇ ਦੂਜੇ ਪਾਸੇ ਏਕਤਾ ਅਤੇ ਅਖੰਡਤਾ ਦਾ ਵੀ ਪੂਰਾ ਖਿਆਲ ਰੱਖਦੇ ਹਾਂ। ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਇਨਸਾਨ ਤੱਕ ਪਹੁੰਚਣ ’ਚ ਕਿਸੇ ਕਿਸਮ ਦਾ ਵਿਤਕਰਾ ਨਹੀਂ ਕਰਦੀਆਂ, ਠੀਕ ਉਸੇ ਤਰ੍ਹਾਂ ਛੱਠ ਵਰਤ ਵੀ ਸਾਨੂੰ ਹਰ ਕਿਸਮ ਦੇ ਵਿਤਕਰੇ ਨੂੰ ਤਿਆਗਣ ਦਾ ਸੰਦੇਸ਼ ਦਿੰਦਾ ਹੈ।
ਛੱਠ ਤਿਉਹਾਰ ਨਾ ਸਿਰਫ ਸਮਾਜ ਨੂੰ ਇਕ ਕਰਦਾ ਹੈ ਸਗੋਂ ਅੱਜ ਦੀ ਇਸ ਦੌੜ-ਭੱਜ ਭਰੀ ਜ਼ਿੰਦਗੀ ’ਚ ਪੂਰੇ ਪਰਿਵਾਰ ਨੂੰ ਵੀ ਇਕੱਠਾ ਕਰਨ ਦਾ ਕੰਮ ਛੱਠ ਮਹਾਪੁਰਬ ਕਰ ਰਿਹਾ ਹੈ। ਅੱਜ ਦੇ ਸਮੇਂ ’ਚ ਨੌਕਰੀ ਤੇ ਰੋਜ਼ਗਾਰ ਦੇ ਕਾਰਨ ਪਰਿਵਾਰ ਦੇ ਵੱਖ-ਵੱਖ ਮੈਂਬਰ ਭਾਰਤ ਅਤੇ ਵਿਸ਼ਵ ਦੇ ਵੱਖ-ਵੱਖ ਸ਼ਹਿਰਾਂ ’ਚ ਜ਼ਿੰਦਗੀ ਦਾ ਗੁਜ਼ਾਰਾ ਕਰ ਰਹੇ ਹਨ ਪਰ ਛੱਠ ਆਉਂਦੇ ਹੀ ਸਾਰੇ ਆਪਣੇ ਘਰ ਵੱਲ ਪਰਤ ਆਉਂਦੇ ਹਨ। ਇਹ ਛੱਠ ਪੂਜਾ ਦੀ ਸ਼ਕਤੀ ਹੈ ਜਿਸ ਨੇ ਸਾਨੂੰ ਇਸ ਸੰਸਕਾਰ ’ਚ ਪਿਰੋਇਆ ਹੋਇਆ ਹੈ।
ਰਾਸ਼ਟਰਵਾਦ ਦੇ ਪੁਨਰ-ਜਾਗਰਣ ਦਾ ਪੁਰਬ ਛੱਠ
ਕਿਸੇ ਰਾਸ਼ਟਰ ਨੂੰ ਮਜ਼ਬੂਤ ਕਰਨ ’ਚ ਵਿਚਾਰਧਾਰਾ ਦਾ ਅਹਿਮ ਯੋਗਦਾਨ ਹੁੰਦਾ ਹੈ। ਉਂਝ ਤਾਂ ਸਮਾਜ ’ਚ ਕਈ ਵਿਚਾਰਧਾਰਾਵਾਂ ਪੈਦਾ ਹੁੰਦੀਆਂ ਹਨ ਅਤੇ ਖਤਮ ਹੋ ਜਾਂਦੀਆਂ ਹਨ ਪਰ ਰਾਸ਼ਟਰਵਾਦ ਇਕ ਅਜਿਹੀ ਵਿਚਾਰਧਾਰਾ ਹੈ ਜੋ ਯੁਗਾਂ-ਯੁਗਾਂਤਰਾਂ ਤੋਂ ਚਲੀ ਆ ਰਹੀ ਹੈ। ਜਦੋਂ-ਜਦੋਂ ਰਾਸ਼ਟਰਵਾਦ ਕਮਜ਼ੋਰ ਪਿਆ ਹੈ, ਉਦੋਂ-ਉਦੋਂ ਸਾਡਾ ਸਮਾਜ ਖਿਲਰਿਆ ਹੈ ਅਤੇ ਸਮਾਜ ਨੂੰ ਮੁੜ ਜਾਗ੍ਰਿਤ ਕਰਨ ਲਈ ਰਾਸ਼ਟਰਵਾਦ ਨੇ ਅਹਿਮ ਭੂਮਿਕਾ ਨਿਭਾਈ ਹੈ।
ਉਂਝ ਤਾਂ ਰਾਸ਼ਟਰਵਾਦ ਦੀਆਂ ਕਈ ਪਰਿਭਾਸ਼ਾਵਾਂ ਹਨ ਅਤੇ ਵੱਖ-ਵੱਖ ਲੋਕਾਂ ਦੇ ਲਈ ਇਸ ਦੇ ਮਾਇਨੇ ਵੀ ਵੱਖ-ਵੱਖ ਹੋ ਸਕਦੇ ਹਨ ਪਰ ਜੋ ਵਿਚਾਰਧਾਰਾ ਲੋਕਾਂ ਨੂੰ ਸੱਭਿਆਚਾਰ ਅਤੇ ਕੁਦਰਤ ਪ੍ਰਤੀ ਜਾਗਰੂਕ ਅਤੇ ਜ਼ਿੰਮੇਵਾਰ ਬਣਾਵੇ, ਉਸ ਤੋਂ ਵੱਡਾ ਰਾਸ਼ਟਰਵਾਦ ਸ਼ਾਇਦ ਕੁਝ ਹੋਰ ਨਹੀਂ ਹੋ ਸਕਦਾ। ਜੇਕਰ ਅਸੀਂ ਛੱਠ ਪੂਜਾ ਦੇ ਮਹੱਤਵ ਨੂੰ ਸਮਝੀਏ ਤਾਂ ਅਸੀਂ ਪਾਵਾਂਗੇ ਕਿ ਛੱਠ ਪੂਜਾ ਵੀ ਰਾਸ਼ਟਰਵਾਦ ਨੂੰ ਮਜ਼ਬੂਤ ਕਰਨ ਦਾ ਪੁਰਬ ਹੈ। ਛੱਠ ਪੂਜਾ ਲੋਕਾਂ ਦੇ ਅੰਦਰ ਸੰਸਕਾਰ ਅਤੇ ਵਿਚਾਰਾਂ ਦਾ ਸੰਚਾਰ ਕਰਦੀ ਹੈ ਜਿਸ ਨਾਲ ਸਮਾਜ ਮੁੜ ਜਾਗ੍ਰਿਤ ਹੁੰਦਾ ਹੈ। ਛੱਠ ਪੂਜਾ ਸਾਨੂੰ ਪਵਿੱਤਰ, ਸਮਰੱਥ, ਪ੍ਰਤੀਬੱਧ ਅਤੇ ਜ਼ਿੰਮੇਵਾਰ ਬਣਾਉਂਦੀ ਹੈ। ਇਹ ਸਾਰੇ ਪਹਿਲੂ ਰਾਸ਼ਟਰਵਾਦ ਦੇ ਲਈ ਬਹੁਤ ਹੀ ਮਹੱਤਵਪੂਰਨ ਹਨ।
ਸ਼ਿਆਮ ਜਾਜੂ (ਸਾਬਕਾ ਰਾਸ਼ਟਰੀ ਉੱਪ-ਪ੍ਰਧਾਨ ਭਾਜਪਾ)