ਥੋੜ੍ਹਾ ਜਿਹਾ ਬਦਲਾਅ ਵੀ ਚੰਗਾ ਹੈ
Wednesday, May 06, 2026 - 05:05 PM (IST)
ਇਨ੍ਹੀਂ ਦਿਨੀਂ ਆਪਣੇ ਦੇਸ਼ ’ਚ ਵਿਆਹ ਦਾ ਬਾਜ਼ਾਰ ਅਰਬਾਂ ਰੁਪਏ ਦਾ ਹੈ। ਵਿਆਹ ਕਰਨ ਵਾਲੇ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਨ੍ਹਾਂ ਦਾ ਵਿਆਹ ਅਜਿਹਾ ਹੋਵੇ ਕਿ ਹਮੇਸ਼ਾ ਯਾਦ ਰਹੇ। ਇਸ ਦੇ ਲਈ ਉਹ ਚੰਗਾ ਖ਼ਰਚਾ ਕਰਦੇ ਹਨ। ਜੇਬ ’ਚ ਪੈਸੇ ਨਾ ਹੋਣ ਤਾਂ ਕਈ ਵਾਰ ਇੰਨਾ ਕਰਜ਼ਾ ਵੀ ਲੈਂਦੇ ਹਨ ਕਿ ਚੁਕਾਉਂਦੇ ਹੋਏ ਤਨਖ਼ਾਹ ਦਾ ਵੱਡਾ ਹਿੱਸਾ ਅਤੇ ਜੀਵਨ ਦੇ ਕਈ ਦਹਾਕੇ ਨਿਕਲ ਜਾਂਦੇ ਹਨ। ਜਦੋਂ ਤੋਂ ਦੇਸ਼ ’ਚ ਪੇਜ ਥ੍ਰੀ ਸੰਸਕ੍ਰਿਤੀ ਦਾ ਬੋਲਬਾਲਾ ਹੋਇਆ ਹੈ, ਉਦੋਂ ਤੋਂ ਹਰ ਕੋਈ ਅਮੀਰਾਂ ਅਤੇ ਸੈਲੀਬ੍ਰਿਟੀਜ਼ ਦੀ ਨਕਲ ਕਰਨਾ ਚਾਹੁੰਦਾ ਹੈ। ਕਿਸ ਹੀਰੋ, ਹੀਰੋਇਨ ਨੇ ਵਿਆਹ ਦੇ ਮੌਕੇ ’ਤੇ ਕਿਹੜੇ ਕੱਪੜੇ ਪਹਿਨੇ, ਮਹਿੰਦੀ ਕਿੱਥੋਂ ਲਗਵਾਈ, ਫੇਰੇ ਕਿੱਥੇ ਲਏ, ਹਨੀਮੂਨ ਲਈ ਕਿੱਥੇ ਗਏ ਆਦਿ ਗੱਲਾਂ ਬੇਹੱਦ ਆਕਰਸ਼ਿਤ ਕਰਦੀਆਂ ਹਨ। ਨਾ ਹੋਵੇ ਉਨ੍ਹਾਂ ਜਿੰਨਾ ਪੈਸਾ ਪਰ ਜੁਗਾੜ ਕਰ ਕੇ ਕੁਝ ਤਾਂ ਕੀਤਾ ਹੀ ਜਾ ਸਕਦਾ ਹੈ। ਡੈਸਟੀਨੇਸ਼ਨ ਵੈਡਿੰਗ ਵੀ ਅਜਿਹੀ ਹੀ ਇਕ ਕਾਮਨਾ ਹੈ। ਫਿਰ ਵੱਡੇ ਤੋਂ ਵੱਡੇ ਡਿਜ਼ਾਈਨਰਾਂ ਦੇ ਤਿਆਰ ਕੀਤੇ ਹੋਏ ਕੱਪੜੇ ਅਤੇ ਗਹਿਣੇ ਚਾਹੀਦੇ ਹਨ। ਰਹਿਣ ਲਈ ਵੱਡਾ ਘਰ ਅਤੇ ਵੱਡੀ ਲਗਜ਼ਰੀ ਕਾਰ ਵੀ ਹੋਵੇ, ਤਾਂ ਕਹਿਣੇ ਹੀ ਕੀ। ਇਸ ਤੋਂ ਇਲਾਵਾ ਹਨੀਮੂਨ ਲਈ ਆਪਣਾ ਦੇਸ਼ ਨਹੀਂ, ਵਿਦੇਸ਼ ਜਾਣਾ ਜਾਂ ਵਰਲਡ ਟੂਰ ਕਰਨਾ ਵੀ ਇਕ ਸੁਪਨਾ ਹੁੰਦਾ ਹੈ। ਨੌਜਵਾਨਾਂ ਦੀ ਅਜਿਹੀ ਵਿਸ਼ ਲਿਸਟ ਬਹੁਤ ਲੰਬੀ ਹੁੰਦੀ ਹੈ। ਅਜਿਹੇ ਵਿਆਹ ਵੀ ਸੁਰਖੀਆਂ ਬਣੇ ਹੀ ਹਨ, ਜਿੱਥੇ ਪੰਜ ਹਜ਼ਾਰ ਕਰੋੜ ਰੁਪਏ ਤੱਕ ਖ਼ਰਚ ਕੀਤੇ ਗਏ।
ਪਰ ਆਪਣੇ ਹੀ ਦੇਸ਼ ’ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਵਿਆਹ ਦੇ ਮੌਕੇ ’ਤੇ ਅਜਿਹੇ ਕੰਮ ਕਰਦੇ ਹਨ, ਜਿਨ੍ਹਾਂ ਨਾਲ ਸਮਾਜ ਦਾ ਕੁਝ ਭਲਾ ਹੋਵੇ। ਕੁਝ ਸਾਲ ਪਹਿਲਾਂ ਜਦੋਂ ਮਸ਼ਹੂਰ ਉਦਯੋਗਪਤੀ ਗੌਤਮ ਅਡਾਣੀ ਦੇ ਬੇਟੇ ਦਾ ਵਿਆਹ ਹੋਇਆ, ਤਾਂ ਉਨ੍ਹਾਂ ਨੇ ਇਸ ਨੂੰ ਬੇਹੱਦ ਸਾਦਗੀ ਨਾਲ ਕੀਤਾ। ਇਸ ਮੌਕੇ ’ਤੇ ਬੱਚੀਆਂ ਦੀ ਭਲਾਈ ਲਈ 10 ਹਜ਼ਾਰ ਕਰੋੜ ਰੁਪਏ ਵੀ ਦਾਨ ਕੀਤੇ। ਇਸੇ ਤਰ੍ਹਾਂ ਇਕ ਲਾੜੇ ਨੇ ਸ਼ਾਦੀ ’ਚ ਦਿੱਤੇ ਜਾਣ ਵਾਲੇ 15 ਲੱਖ ਰੁਪਏ ਵਾਪਸ ਮੋੜ ਦਿੱਤੇ। ਕਿਹਾ ਕਿ ਮੈਂ ਆਪਣੀ ਪਤਨੀ ਦੇ ਪਿਤਾ ਨੂੰ ਕਰਜ਼ ਦੇ ਭਾਰ ਹੇਠ ਨਹੀਂ ਲੱਦ ਸਕਦਾ। ਉਨ੍ਹਾਂ ਦੀ ਬੇਟੀ ਤੋਂ ਵੱਡਾ ਦਾਜ ਹੋਰ ਕੋਈ ਨਹੀਂ। ਇਕ ਹੋਰ ਘਟਨਾ ’ਚ ਲਾੜੇ ਦੇ ਪਿਤਾ ਨੇ ਕਿਸੇ ਵੀ ਤਰ੍ਹਾਂ ਦਾ ਦਾਜ ਲੈਣ ਤੋਂ ਮਨ੍ਹਾ ਕਰ ਦਿੱਤਾ। ਕਈ ਲੋਕ ਵੱਡੇ ਹੋਟਲਾਂ, ਫਾਰਮ ਹਾਊਸਿਜ਼ ਜਾਂ ਬੈਂਕੁਇਟ ਹਾਲਜ਼ ਦੇ ਮੁਕਾਬਲੇ ਮੰਦਰ ’ਚ ਸ਼ਾਦੀ ਕਰਦੇ ਹਨ। ਇਕ ਪਿਤਾ ਨੇ ਆਪਣੀ ਬੇਟੀ ਦੀ ਸ਼ਾਦੀ ਲਈ ਜੋ ਧਨ ਬਚਾਇਆ ਸੀ, ਉਸ ਨਾਲ ਇਕ ਘਰ ਖ਼ਰੀਦ ਕੇ ਦਿੱਤਾ। ਉਂਝ ਵੀ ਕਿਹਾ ਜਾਂਦਾ ਹੈ ਕਿ ਲੜਕੀਆਂ ਦੇ ਸਿਰ ’ਤੇ ਹਮੇਸ਼ਾ ਇਕ ਛੱਤ ਹੋਣੀ ਚਾਹੀਦੀ ਹੈ, ਜਿਸ ਨਾਲ ਕਿ ਜੇਕਰ ਵਿਆਹ ਨਾ ਵੀ ਚੱਲੇ, ਤਾਂ ਉਨ੍ਹਾਂ ਦੇ ਸਿਰ ’ਤੇ ਛੱਤ ਬਣੀ ਰਹੇ।
ਇਕ ਦੂਜੇ ਨੌਜਵਾਨ ਜੋੜੇ ਨੇ ਵਿਆਹ ’ਤੇ ਇਕ ਪੈਸਾ ਖ਼ਰਚ ਨਾ ਕਰ ਕੇ ਇਕ ਅਨਾਥ ਆਸ਼ਰਮ ਦੇ ਬਹੁਤ ਸਾਰੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਚੁੱਕਣ ਦਾ ਫ਼ੈਸਲਾ ਕੀਤਾ ਸੀ। ਸਮਾਜ ’ਚ ਅਜਿਹੀਆਂ ਉਦਾਹਰਣਾਂ ਬੇਸ਼ੁਮਾਰ ਹਨ, ਜਿੱਥੇ ਲੋਕ ਦਿਖਾਵੇ ਦੇ ਮੁਕਾਬਲੇ ਕੁਝ ਅਜਿਹਾ ਕਰਨਾ ਚਾਹੁੰਦੇ ਹਨ, ਜਿੱਥੇ ਕੋਈ ਸਮਾਜਿਕ ਸਰੋਕਾਰ ਅਤੇ ਸਾਰਥਕ ਕੰਮ ਹੋ ਸਕਣ। ਅਜਿਹੇ ਕੰਮਾਂ ਦੀਆਂ ਖ਼ਬਰਾਂ ਆਉਂਦੀਆਂ ਵੀ ਰਹਿੰਦੀਆਂ ਹਨ। ਬਹੁਤ ਸਾਰੇ ਲੋਕ ਗ਼ਰੀਬ ਲੜਕੀਆਂ ਦੇ ਵਿਆਹ ਜਾਂ ਉਨ੍ਹਾਂ ਦੀ ਪੜ੍ਹਾਈ-ਲਿਖਾਈ ਦਾ ਖ਼ਰਚ ਵੀ ਚੁੱਕਦੇ ਹਨ। ਗੁਜਰਾਤ ਦੇ ਇਕ ਸੱਜਣ ਤਾਂ ਹਰ ਸਾਲ ਬਹੁਤ ਸਾਰੀਆਂ ਅਜਿਹੀਆਂ ਕੰਨਿਆਵਾਂ ਦਾ ਵਿਆਹ ਕਰਾਉਂਦੇ ਹਨ। ਇਕ ਆਈ. ਪੀ. ਐੱਸ. ਜੋੜੇ ਨੇ ਪਿਛਲੇ ਦਿਨੀਂ ਬਿਨਾਂ ਕਿਸੇ ਲੈਣ-ਦੇਣ ਦੇ ਸਾਦਗੀ ਨਾਲ ਵਿਆਹ ਕੀਤਾ। ਇਕ ਹੋਰ ਵਿਆਹ ’ਚ ਵਰ ਧਿਰ ਵੱਲੋਂ ਲਾੜੇ ਸਮੇਤ ਸਿਰਫ਼ 11 ਬਰਾਤੀ ਹੀ ਆਏ। ਬਹੁਤ ਸਾਰੇ ਸਾਧੂ-ਸੰਤ ਵੀ ਆਪਣੇ ਯਤਨਾਂ ਨਾਲ ਅਜਿਹੇ ਵਿਆਹ ਕਰਾਉਂਦੇ ਹਨ, ਜਿਨ੍ਹਾਂ ’ਚ ਕੁਝ ਲੈਣ-ਦੇਣ ਨਹੀਂ ਹੁੰਦਾ। ਸਮਾਜ ’ਚ ਹੋਣ ਵਾਲੀਆਂ ਅਜਿਹੀਆਂ ਘਟਨਾਵਾਂ ਬਹੁਤ ਸੁਖਦਾਈ ਵੀ ਲੱਗਦੀਆਂ ਹਨ। ਇਹ ਵੀ ਮਨ ’ਚ ਆਉਂਦਾ ਹੈ ਕਿ ਸ਼ਾਇਦ ਇਕ ਦਿਨ ਅਜਿਹਾ ਆਏਗਾ, ਜਦੋਂ ਕਿਸੇ ਪਿਤਾ ਨੂੰ ਆਪਣੀ ਬੇਟੀ ਦੇ ਵਿਆਹ ਲਈ ਜੀਵਨ ਭਰ ਦਾ ਕਰਜ਼ ਨਹੀਂ ਲੈਣਾ ਪਵੇਗਾ ਜਾਂ ਫਿਰ ਲੋਕ ਆਪਣੇ ਆਪ ਹੀ ਦਾਜ ਵਰਗੀ ਬੁਰਾਈ ਤੋਂ ਵਿਆਹ ਨੂੰ ਮੁਕਤ ਕਰ ਦੇਣਗੇ। ਇਹ ਘਟਨਾਵਾਂ ਭਾਵੇਂ ਮੁੱਠੀ ਭਰ ਹੀ ਹੋਣ ਪਰ ਬਹੁਤ ਪ੍ਰੇਰਕ ਵੀ ਲੱਗਦੀਆਂ ਹਨ।
ਕਈ ਵਾਰ ਵਿਆਹ ਦੇ ਮੌਕੇ ’ਤੇ ਹਾਸੇ-ਮਜ਼ਾਕ ਦੀਆਂ ਖ਼ਬਰਾਂ ਵੀ ਆਉਂਦੀਆਂ ਹਨ, ਪਰ ਇਨ੍ਹਾਂ ’ਚ ਵੀ ਕੋਈ ਸੰਦੇਸ਼ ਲੁਕਿਆ ਰਹਿੰਦਾ ਹੈ। ਜਦੋਂ ਤੋਂ ਈਰਾਨ, ਅਮਰੀਕਾ, ਇਜ਼ਰਾਈਲ ’ਚ ਯੁੱਧ ਛਿੜਿਆ ਹੈ ਅਤੇ ਹੋਰਮੁਜ਼ ਸਟ੍ਰੇਟ ’ਤੇ ਪਹਿਲਾਂ ਈਰਾਨ ਨੇ ਅਤੇ ਹੁਣ ਅਮਰੀਕਾ ਨੇ ਤੇਲ ਨਾਲ ਲੱਦੇ ਜਹਾਜ਼ਾਂ ਦੀ ਆਵਾਜਾਈ ’ਤੇ ਪਾਬੰਦੀ ਲਗਾਈ ਹੈ, ਉਦੋਂ ਤੋਂ ਪੂਰੇ ਵਿਸ਼ਵ ’ਚ ਤੇਲ ਅਤੇ ਗੈਸ ਦਾ ਸੰਕਟ ਵਧ ਗਿਆ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ’ਚ ਇਸ ਦੇ ਕਾਰਨ ਮਹਿੰਗਾਈ ਵੀ ਬਹੁਤ ਵਧ ਗਈ ਹੈ। ਆਪਣੇ ਦੇਸ਼ ’ਚ ਵੀ ਇਸ ਸੰਕਟ ਦੀਆਂ ਆਹਟਾਂ ਸੁਣਾਈ ਦੇ ਰਹੀਆਂ ਹਨ। ਇਸੇ ਦੌਰਾਨ ਆਪਣੇ ਇੱਥੇ ਇਕ ਵਿਆਹ ਹੋਇਆ। ਜੈਮਾਲਾ ਦੀ ਰਸਮ ਤੋਂ ਬਾਅਦ ਲਾੜੇ ਨੇ ਲਾੜੀ ਨੂੰ ਕਿਹਾ ਕਿ ਉਹ ਵਚਨ ਦੇਵੇ ਕਿ ਜੇਕਰ ਘਰ ’ਚ ਗੈਸ ਨਾ ਹੋਵੇ, ਤਾਂ ਚੁੱਲ੍ਹੇ ’ਤੇ ਖਾਣਾ ਪਕਾ ਦੇਵੇਗੀ।
ਲਾੜੇ ਦੀ ਗੱਲ ਸੁਣ ਕੇ ਲਾੜੀ ਪੱਖ ਦੇ ਲੋਕ ਕੁਝ ਪ੍ਰੇਸ਼ਾਨ ਜਿਹੇ ਹੋਏ। ਗੱਲ ਕੁਝ ਅੱਗੇ ਵਧੇ, ਇਸ ਤੋਂ ਪਹਿਲਾਂ ਹੀ ਲਾੜੀ ਬੋਲੀ ਕਿ ਉਹ ਸਿਰਫ਼ ਚੁੱਲ੍ਹੇ ’ਤੇ ਖਾਣਾ ਹੀ ਨਹੀਂ ਬਣਾਏਗੀ, ਸਗੋਂ ਜੇਕਰ ਜ਼ਰੂਰਤ ਹੋਈ, ਤਾਂ ਖੇਤਾਂ ’ਚ ਵੀ ਕੰਮ ਕਰੇਗੀ। ਉਸ ਦੀ ਗੱਲ ਸੁਣ ਕੇ ਸਭ ਤਾੜੀਆਂ ਵਜਾਉਣ ਲੱਗੇ। ਜਿਸ ਗੱਲ ਨਾਲ ਬਦਮਗਜ਼ੀ ਪੈਦਾ ਹੋ ਰਹੀ ਸੀ, ਉਹ ਖਿੜਖਿੜਾਹਟ ’ਚ ਬਦਲ ਗਈ। ਇਸ ਤੋਂ ਇਹ ਪਤਾ ਲੱਗਦਾ ਹੈ ਕਿ ਆਮ ਲੋਕਾਂ ਦੇ ਦਿਲ ’ਚ ਗੈਸ ਅਤੇ ਤੇਲ ਦੀ ਕਿੱਲਤ ਨੂੰ ਲੈ ਕੇ ਕਿੰਨਾ ਖਦਸ਼ਾ ਹੈ। ਪਿਛਲੇ ਦਿਨੀਂ ਨੋਇਡਾ ਤੋਂ ਖ਼ਬਰ ਆਈ ਸੀ ਕਿ ਉੱਥੇ ਇਕ ਵਿਅਕਤੀ ਦੀ ਬੇਟੀ ਦਾ ਵਿਆਹ ਸੀ। ਉਸ ਨੂੰ ਗੈਸ ਸਿਲੰਡਰ ਨਹੀਂ ਮਿਲ ਪਾ ਰਹੇ ਸਨ। ਉਹ ਉੱਥੇ ਦੀ ਜ਼ਿਲਾ ਮੈਜਿਸਟ੍ਰੇਟ ਮੇਧਾ ਰੂਪਮ ਕੋਲ ਪਹੁੰਚਿਆ। ਰੂਪਮ ਨੇ ਉਸ ਦੀ ਗੱਲ ਸੁਣੀ ਅਤੇ ਫ਼ੌਰਨ ਉਸ ਦੇ ਘਰ 33 ਸਿਲੰਡਰ ਭਿਜਵਾਏ।
—ਸ਼ਮਾ ਸ਼ਰਮਾ
