ਲਾਕਡਾਊਨ ’ਚ ਇਕਲਾਪੇ ਰਹਿਣ ਵਾਲੇ ਬਜ਼ੁਰਗਾਂ ਦੀ ਦੇਖਭਾਲ

Friday, Apr 03, 2020 - 02:13 AM (IST)

ਲਾਕਡਾਊਨ ’ਚ ਇਕਲਾਪੇ ਰਹਿਣ ਵਾਲੇ ਬਜ਼ੁਰਗਾਂ ਦੀ ਦੇਖਭਾਲ

ਅਵਿਨਾਸ਼ ਰਾਏ ਖੰਨਾ, ਰਾਸ਼ਟਰੀ ਉਪ ਪ੍ਰਧਾਨ ਭਾਜਪਾ

ਕੋਰੋਨਾ ਮਹਾਮਾਰੀ ਦੀ ਰਫਤਾਰ ਬੇਕਾਬੂ ਢੰਗ ਨਾਲ ਬੜੀ ਵਧਦੀ ਜਾ ਰਹੀ ਹੈ। ਸਾਰੇ ਸੰਸਾਰ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 10 ਲੱਖ ਦੇ ਅੰਕੜਿਆਂ ਤਕ ਪਹੁੰਚਣ ਜਾ ਰਹੀ ਹੈ। ਮ੍ਰਿਤਕਾਂ ਦੀ ਗਿਣਤੀ ਵੀ 50,000 ਦੇ ਨੇੜੇ ਪਹੁੰਚ ਰਹੀ ਹੈ। ਸਾਰਾ ਵਿਸ਼ਵ ਜਾਣਦਾ ਹੈ ਕਿ ਅਮਰੀਕਾ ਅਤੇ ਇਟਲੀ ਇਸ ਮਹਾਮਾਰੀ ਦਾ ਸਭ ਤੋਂ ਵੱਧ ਸ਼ਿਕਾਰ ਹੋੋਏ ਹਨ। ਇਟਲੀ ’ਚ 23 ਫੀਸਦੀ ਜਨਸੰਖਿਆ ਸੀਨੀਅਰ ਨਾਗਰਿਕਾਂ ਦੀ ਅਤੇ ਅਮਰੀਕਾ ’ਚ ਸੀਨੀਅਰ ਨਾਗਰਿਕਾਂ ਦੀ ਗਿਣਤੀ ਕੇਵਲ 13 ਫੀਸਦੀ ਜਦਕਿ ਭਾਰਤ ਵਿਚ 2011 ਦੀ ਮਰਦਮਸ਼ੁਮਾਰੀ ਅਨੁਸਾਰ ਸੀਨੀਅਰ ਨਾਗਰਿਕਾਂ ਦੀ ਆਬਾਦੀ 8.60 ਫੀਸਦੀ ਹੈ। ਸ਼ਹਿਰਾਂ ਵਿਚ ਸੀਨੀਅਰ ਨਾਗਰਿਕਾਂ ਨੂੰ ਅਕਸਰ ਅਨੇਕਾਂ ਕਿਸਮਾਂ ਦੇ ਰੋਗਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੋਰੋਨਾ ਤੋਂ ਪੈਦਾ ਹੋਈਆਂ ਹਾਲਤਾਂ ਨੇ ਅਨੇਕਾਂ ਦੇਸ਼ਾਂ ਨੂੰ ਲਾਕਡਾਊਨ ਲਈ ਮਜਬੂਰ ਕਰ ਦਿੱਤਾ ਹੈ। ਕੋਰੋਨਾ ਰੋਗ ਦੀ ਵਧਦੀ ਰਫਤਾਰ ਨੂੰ ਦੇਖਦੇ ਹੋਏ ਇਹ ਕਦਮ ਜ਼ਰੂਰੀ ਵੀ ਹੋ ਗਿਆ ਹੈ। ਇਸ ਲਾਕਡਾਊਨ ਵਿਵਸਥਾ ਦੇ ਨਤੀਜੇ ਵਜੋਂ ਅੱਜ ਦੇਸ਼ ਦਾ ਹਰ ਨਾਗਰਿਕ ਸਿਰਫ ਆਪਣੇ ਘਰ ਵਿਚ ਪਰਿਵਾਰਕ ਮੈਂਬਰਾਂ ਦਰਮਿਆਨ ਬੱਝ ਕੇ ਰਹਿ ਗਿਆ ਹੈ। ਪਰਿਵਾਰਕ ਏਕਤਾ ਦੀ ਦ੍ਰਿਸ਼ਟੀ ਤੋਂ ਇਸ ਵਿਵਸਥਾ ਨੂੰ ਹਾਂ-ਪੱਖੀ ਢੰਗ ਨਾਲ ਦੇਖਣਾ ਚਾਹੀਦਾ ਹੈ। ਇਸ ਲਾਕਡਾਊਨ ਵਿਵਸਥਾ ਵਿਚ ਉਨ੍ਹਾਂ ਸੀਨੀਅਰ ਨਾਗਰਿਕਾਂ (ਬਜ਼ੁਰਗਾਂ) ਦਾ ਕੀ ਹਾਲ-ਚਾਲ ਹੈ, ਜੋ ਪੂਰੀ ਤਰ੍ਹਾਂ ਇਕਲਾਪਾ (ਇਕੱਲਾ) ਜੀਵਨ ਜੀਅ ਰਹੇ ਹਨ। ਧੀਆਂ ਵਿਆਹ ਦੇ ਬਾਅਦ ਆਪਣੇ ਸਹੁਰੇ ਘਰ ਵੱਸ ਜਾਂਦੀਆਂ ਹਨ ਅਤੇ ਪੁੱਤਰ ਕਦੇ ਵਿਦੇਸ਼ਾਂ ਜਾਂ ਹੋਰਨਾਂ ਸੂਬਿਆਂ ’ਚ ਆਪਣੇ ਆਪਣੇ ਕੰਮ ’ਚ ਸੈੱਟ ਹੋ ਜਾਂਦੇ ਹਨ। ਬਿਰਧ ਅਵਸਥਾ ਦੇ ਸਾਥੀ ਦੀ ਮੌਤ ਤੋਂ ਬਾਅਦ ਦੂਸਰਾ ਸਾਥੀ ਪਰਿਵਾਰ ਦੇ ਦਰਮਿਆਨ ਰਹਿੰਦਾ ਹੋਇਆ ਵੀ ਆਪਣੇ ਆਪ ਨੂੰ ਇਕੱਲਾ ਹੀ ਮਹਿਸੂਸ ਕਰਦਾ ਹੈ। ਅਜਿਹੀਆਂ ਹਾਲਤਾਂ ’ਚ ਇਕੱਲੇ ਰਹਿਣ ਵਾਲੇ ਬਜ਼ੁਰਗਾਂ ਦੀਆਂ ਸਮੱਸਿਆਵਾਂ ਤਾਂ ਹੋਰ ਵੀ ਚੁਣੌਤੀ ਭਰੀਆਂ ਹੋ ਜਾਂਦੀਆਂ ਹਨ। ਦਰਅਸਲ ਇਕੱਲੇ ਰਹਿਣ ਵਾਲੇ ਬਜ਼ੁਰਗ ਤਾਂ ਪਹਿਲਾਂ ਤੋਂ ਹੀ ਲਾਕਡਾਊਨ ਵਰਗੀਅ ਾਂ ਹਾਲਤਾਂ ’ਚ ਹੀ ਜ਼ਿੰਦਗੀ ਗੁਜ਼ਾਰ ਰਹੇ ਸਨ ਪਰ ਫਿਰ ਵੀ ਹਿੰਮਤ ਕਰਕੇ ਖੁਦ ਬਾਹਰ ਨਿਕਲ ਕੇ ਸਥਾਨਕ ਬਾਜ਼ਾਰਾਂ ਵਿਚ ਜਾ ਕੇ ਆਪਣੀਆਂ ਵਿਵਸਥਾਵਾਂ ਜੁਟਾਉਣ ’ਚ ਸਮਰੱਥ ਸਨ। ਕਦੇ-ਕਦਾਈਂ ਕਿਸੇ ਗੁਆਂਢੀ ਦੀ ਸਹਾਇਤਾ ਨਾਲ ਜਾਂ ਕਿਸੇ ਸੇਵਕ ਦੀ ਸਹਾਇਤਾ ਨਾਲ ਆਪਣੇ ਕੰਮ ਸੰਪੰਨ ਕਰਵਾ ਲੈਂਦੇ ਸਨ ਪਰ ਮੁਕੰਮਲ ਲਾਕਡਾਊਨ ਦੇ ਬਾਅਦ ਉਨ੍ਹਾਂ ਲਈ ਿਕਸੇ ਕਿਸਮ ਦੀ ਬਾਹਰੀ ਸਹਾਇਤਾ ਲੈਣੀ ਵੀ ਔਖੀ ਹੋ ਗਈ ਹੈ। ‘ਹੈਲਪਏਜ ਇੰਡੀਆ’ ਨਾਂ ਦੇ ਇਕ ਗੈਰ-ਸਰਕਾਰੀ ਸੰਗਠਨ ਵਲੋਂ ਕਰਵਾਏ ਗਏ ਇਕ ਸਰਵੇਖਣ ਅਨੁਸਾਰ ਭਾਰਤ ਦੇ ਬਜ਼ੁਰਗਾਂ ’ਚ 10 ਤੋਂ 20 ਫੀਸਦੀ ਪੂਰਾ ਇਕਲਾਪਾ ਜੀਵਨ ਬਤੀਤ ਕਰ ਰਹੇ ਹਨ। ਕੋਰੋਨਾ ਵਰਗੀ ਛੂਆ-ਛਾਤ ਬੀਮਾਰੀ ਤੋਂ ਬਜ਼ੁਰਗਾਂ ਨੂੰ ਬਚਾਅ ਕੇ ਰੱਖਣਾ ਜ਼ਰੂਰੀ ਹੈ ਕਿਉਂਕਿ ਇਸ ਉਮਰ ਵਿਚ ਸਰੀਰ ਦੀ ਪ੍ਰਤੀ ਰੱਖਿਆ ਸਮਰੱਥਾ ਕਮਜ਼ੋਰ ਹੋ ਜਾਂਦੀ ਹੈ। ਸਰੀਰ ਦੇ ਸਾਰੇ ਤੰਤਰਾਂ ’ਚੋਂ ਸਾਹ ਤੰਤਰ ਤਾਂ ਹੋਰ ਵੀ ਵਧ ਪ੍ਰਭਾਵਿਤ ਰਹਿੰਦਾ ਹੈ। ਕੋਰੋਨਾ ਵਾਇਰਸ ਵੀ ਗਲੇ ਅਤੇ ਸਾਹ ਤੰਤਰ ਨੂੰ ਹੀ ਸਿੱਧਾ ਪ੍ਰਭਾਵਿਤ ਕਰਦਾ ਹੈ। ਇਕ ਪਾਸੇ ਤਾਂ ਬਜ਼ੁਰਗਾਂ ਦੀ ਸੁਰੱਖਿਆ ਇਸੇ ’ਚ ਹੈ ਕਿ ਉਹ ਆਪਣੇ ਘਰ ਤਕ ਸੀਮਤ ਹੀ ਰਹਿਣ ਪਰ ਇਕੱਲੇ ਰਹਿਣ ਵਾਲੇ ਸੀਨੀਅਰ ਨਾਗਰਿਕਾਂ ਦੀਆਂ ਸਮੱਸਿਆਵਾਂ ਹੋਰ ਗੰਭੀਰ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੀਆਂ ਰੋਜ਼ਾਨਾ ਲੋੜਾਂ ਦੀ ਪੂਰਤੀ ਲਈ ਬਦਲ ਵੀ ਰੁਕ ਜਾਂਦੇ ਹਨ। ਇਨ੍ਹਾਂ ਹਾਲਤਾਂ ’ਚ ਸਰਕਾਰਾਂ ਅਤੇ ਖਾਸ ਤੌਰ ’ਤੇ ਸਥਾਨਕ ਪ੍ਰਸ਼ਾਸਨ ਅਤੇ ਗੁਆਂਢੀਆਂ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ ਕਿਉਂਕਿ ਬਜ਼ੁਰਗਾਂ ਦੀਆਂ ਰੋਜ਼ਾਨਾ ਲੋੜਾਂ ਦੇ ਨਾਲ-ਨਾਲ ਉਨ੍ਹਾਂ ਲਈ ਪਹਿਲਾਂ ਤੋਂ ਚੱਲ ਰਹੇ ਇਲਾਜ ਆਦਿ ਦੀ ਵਿਵਸਥਾ ਕਰਨੀ ਵੀ ਜ਼ਰੂਰੀ ਹੁੰਦੀ ਹੈ। ਉਨ੍ਹਾਂ ਲਈ ਰੋਜ਼ਾਨਾ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ- ਨਾਲ ਵੱਖ -ਵੱਖ ਕਿਸਮ ਦੇ ਰੋਗਾਂ ਦੀਆਂ ਦਵਾਈਆਂ ਅਤੇ ਹੋਰ ਇਲਾਜ ਦੇ ਸਾਮਾਨ ਦੀ ਵੀ ਵਿਵਸਥਾ ਕਰਨੀ ਪੈਂਦੀ ਹੈ। ਸ਼ਹਿਰਾਂ ’ਚ ਰਹਿ ਰਹੇ ਇਕਲਾਪੇ ਬਜ਼ੁਰਗਾਂ ਲਈ ਧਨ ਦੀ ਸਹਾਇਤਾ ਦਾ ਕੋਈ ਵਿਸ਼ਾ ਨਹੀਂ, ਸਗੋਂ ਉਨ੍ਹਾਂ ਨੂੰ ਤਾਂ ਸੰਵੇਦਨਸ਼ੀਲ ਸਹਾਇਤਾ ਅਤੇ ਸਮਰਥਨ ਦੀ ਲੋੜ ਹੈ। ਉਨ੍ਹਾਂ ਨੂੰ ਇਕ ਅਜਿਹਾ ਤੰਤਰ ਮੁਹੱਈਆ ਕਰਵਾਇਆ ਜਾਣਾ ਚਾਹੀਦਾ ਹੈ, ਜਿਥੇ ਆਪਣਾ ਅਧਿਕਾਰ ਸਮਝ ਕੇ ਉਹ ਆਪਣੀ ਪਹੁੰਚ ਬਣਾ ਸਕਣ ਅਤੇ ਆਪਣੀ ਲੋੜ ਅਨੁਸਾਰ ਆਪਣੇ ਖਰਚ ’ਤੇ ਵਿਵਸਥਾਵਾਂ ਦੀ ਮੰਗ ਕਰ ਸਕਣ।

ਬਜ਼ੁਰਗਾਂ ਨੂੰ ਨਿਯਮਤ ਵਕਫੇ ਦੇ ਬਾਅਦ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਦਿਲ ਆਦਿ ਦੀ ਜਾਂਚ ਕਰਾਉਣੀ ਪੈਂਦੀ ਹੈ। ਕੁਝ ਲੋਕ ਜੋ ਡਾਇਲਸਿਸ ’ਤੇ ਹਨ ਉਨ੍ਹਾਂ ਨੂੰ ਪ੍ਰਤੀ ਹਫਤਾ ਡਾਇਲਸਿਸ ਲਈ ਹਸਪਤਾਲ ਜਾਣਾ ਪੈਂਦਾ ਹੈ। ਜਿਹੜੇ ਲੋਕਾਂ ਨੂੰ ਦਮਾ ਰੋਗ ਹੈ, ਉਨ੍ਹਾਂ ਲਈ ਨੇਬੋਲਾਈਜ਼ਰ, ਪਫ ਅਤੇ ਦਵਾਈਆਂ ਦੀ ਰੈਗੂਲਰ ਲੋੜ ਹੁੰਦੀ ਹੈ। ਅਜਿਹੀਆਂ ਹਾਲਤਾਂ ’ਚ ਪੁਲਸ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬਜ਼ੁਰਗਾਂ ਦੀ ਸੂਚੀ ’ਚੋਂ ਇਕਲਾਪੇ ਬਜ਼ੁਰਗਾਂ ਦੀ ਸੂਚੀ ਤਿਆਰ ਕਰਨ ਅਤੇ ਉਨ੍ਹਾਂ ਨੂੰ ਟੈਲੀਫੋਨ ਨੰਬਰ ਮੁਹੱਈਆ ਕਰਵਾਇਆ ਜਾਵੇ, ਜਿਸ ’ਤੇ ਉਹ ਕਦੀ ਵੀ ਸਹਾਇਤਾ ਲਈ ਫੋਨ ਕਰ ਸਕਣ। ਭਾਰਤ ਦੀ ਸੰਸਦ ਨੇ ਸਾਲ 2007 ਵਿਚ ਬਜ਼ੁਰਗਾਂ ਦੀ ਭਲਾਈ ਨੂੰ ਧਿਆਨ ’ਚ ਰੱਖਦੇ ਹੋਏ ਇਕ ਕਾਨੂੰਨ ਵੀ ਪਾਸ ਕੀਤਾ ਸੀ। ਇਸ ਕਾਨੂੰਨ ਵਿਚ ਪਰਿਵਾਰਕ ਅਵਿਵਸਥਾਵਾਂ ਅਤੇ ਔਕੜਾਂ ਤੋਂ ਮੁਕਤੀ ਦਿਵਾਉਣ ਲਈ ਿਜਥੇ ਇਕ ਪਾਸੇ ਵਿਸ਼ੇਸ਼ ਅਥਾਰਿਟੀ ਦਾ ਗਠਨ ਕਰਨ ਦੀ ਤਜਵੀਜ਼ ਸੀ ਤਾਂ ਦੂਸਰੇ ਪਾਸੇ ਸੂਬਾ ਸਰਕਾਰਾਂ ਨੂੰ ਬਿਰਧ ਆਸ਼ਰਮ ਖੋਲ੍ਹਣ ਅਤੇ ਹਸਪਤਾਲਾਂ ’ਚ ਬਜ਼ੁਰਗਾਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਦੀ ਵਿਵਸਥਾ ਵੀ ਸ਼ਾਮਲ ਕੀਤੀ ਗਈ ਸੀ। ਸੀਨੀਅਰ ਨਾਗਰਿਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੁਲਸ ਅਤੇ ਸਥਾਨਕ ਪ੍ਰਸ਼ਾਸਨ ਨੂੰ ਖਾਸ ਤੌਰ ’ਤੇ ਸੰਵੇਦਨਸ਼ੀਲ ਬਣਾਉਣ ਦੀ ਵੀ ਗੱਲ ਕਹੀ ਗਈ ਹੈ। ਭਾਰਤ ਸਰਕਾਰ ਦਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲਾ ਬਜ਼ੁਰਗਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੱਖ-ਵੱਖ ਸਮੇਂ ’ਤੇ ਕਈ ਮਹੱਤਵਪੂਰਨ ਕਦਮ ਚੁੱਕਦਾ ਹੈ। ਕੋਰੋਨਾ ਵਾਇਰਸ ਕਾਰਣ ਮੇਰੇ ਸਾਹਮਣੇ ਵੀ ਅਜਿਹੇ ਇਕਲਾਪੇ ਬਜ਼ੁਰਗਾਂ ਦੀਆਂ ਕੁਝ ਸਮੱਸਿਆਵਾਂ ਆਈਆਂ। ਲਾਕਡਾਊਨ ਦੌਰਾਨ ਕਿਸੇ ਸਮੱਸਿਆ ਦੇ ਪਤਾ ਲੱਗਣ ’ਤੇ ਮੈਂ ਕਿਸੇ ਬਜ਼ੁਰਗ ਦੀ ਸੇਵਾ ਵਿਚ ਹਾਜ਼ਰ ਨਹੀਂ ਹੋ ਸਕਦਾ ਸੀ, ਟੈਲੀਫੋਨ ’ਤੇ ਹੀ ਮੈਂ ਸਥਾਨਕ ਪ੍ਰਸ਼ਾਸਨ ਅਤੇ ਪੁਲਸ ਦੀ ਮਦਦ ਅਜਿਹੇ ਲੋਕਾਂ ਤਕ ਪਹੁੰਚਾਉਣ ਲਈ ਕਈ ਯਤਨ ਕੀਤੇ ਹਨ। ਮੇਰੀ ਸੂਬਾ ਸਰਕਾਰਾਂ ਨੂੰ ਵਿਸ਼ੇਸ਼ ਬੇਨਤੀ ਹੈ ਕਿ ਹਰੇਕ ਜ਼ਿਲੇ ਵਿਚ ਬਜ਼ੁਰਗਾਂ ਨੂੰ ਕਿਸੇ ਕਿਸਮ ਦੀ ਸਹਾਇਤਾ ਲਈ ਇਕ ਟੋਲ ਫ੍ਰੀ ਨੰਬਰ ਸਥਾਪਿਤ ਕਰਨਾ ਚਾਹੀਦਾ ਹੈ ਅਤੇ ਪੁਲਸ ਰਾਹੀਂ ਇਨ੍ਹਾਂ ਨੂੰ ਨਿੱਜੀ ਤੌਰ ’ਤੇ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ ਕਿ ਕਿਸੇ ਵੀ ਸਹਾਇਤਾ ਲਈ ਉਹ ਇਸ ਨੰਬਰ ’ਤੇ ਬਿਨਾਂ ਸੰਕੋਚ ਸੰਪਰਕ ਕਰ ਸਕਦੇ ਹਨ। ਪੁਲਸ ਅਤੇ ਪ੍ਰਸ਼ਾਸਨ ਨੂੰ ਜਦੋਂ ਕਦੀ ਵੀ ਕਿਸੇ ਬਜ਼ੁਰਗ ਦੇ ਸਾਹਮਣੇ ਆ ਰਹੀਆਂ ਔਕੜਾਂ ਦਾ ਪਤਾ ਲੱਗੇ ਤਾਂ ਉਨ੍ਹਾਂ ਨੂੰ ਪੂਰੀ ਹਮਦਰਦੀ ਦਾ ਸਬੂਤ ਦਿੰਦਿਆਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ।


author

Bharat Thapa

Content Editor

Related News