ਤਮਿਲਨਾਡੂ ਤਕ ਆਪਣੀ ਪਹੁੰਚ ਵਧਾਉਣਾ ਚਾਹੁੰਦੀ ਹੈ ਭਾਜਪਾ

07/29/2023 7:19:14 PM

ਨਵੀਂ ਦਿੱਲੀ ’ਚ ਐੱਨ. ਡੀ. ਏ. ਆਗੂਆਂ ਦੀ ਤਾਜ਼ਾ ਮੀਟਿੰਗ ’ਚ ਅੰਨਾਦ੍ਰਮੁਕ ਜਨਰਲ ਸਕੱਤਰ ਈ. ਕੇ. ਪਲਾਨੀਸਵਾਮੀ ਦੀ ਭਾਈਵਾਲੀ ’ਚ ਉਨ੍ਹਾਂ ਸਾਰੀਆਂ ਅਟਕਲਾਂ ’ਤੇ ਵਿਰਾਮ ਲੱਗਾ ਹੈ ਕਿ ਦ੍ਰਵਿੜ ਸੰਗਠਨ ਅਤੇ ਭਾਜਪਾ ਵੱਖ ਹੋ ਸਕਦੇ ਹਨ। ਇਹ ਪਲਾਨੀਸਵਾਮੀ ਦੀ ਹਾਜ਼ਰੀ ਨਹੀਂ ਸੀ ਸਗੋਂ ਮੀਟਿੰਗ ’ਚ ਭਾਜਪਾ ਵੱਲੋਂ ਉਨ੍ਹਾਂ ਨੂੰ ਦਿੱਤਾ ਗਿਆ ਮਹੱਤਵ ਸੀ ਜਿਸ ਨੇ ਕਈ ਲੋਕਾਂ ਖਾਸ ਕਰ ਕੇ ਉਨ੍ਹਾਂ ਦੇ ਵਿਰੋਧੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ।

ਉਹ ਪ੍ਰੋਗਰਾਮ ਵਾਲੀ ਥਾਂ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਨ ਵਾਲੇ ਕੁਝ ਲੋਕਾਂ ’ਚੋਂ ਇਕ ਸਨ। ਉਹ ਮੋਦੀ ਦੇ ਨਾਲ ਬੈਠੇ। ਉਨ੍ਹਾਂ ਨੇ ਇਕ ਸੰਕਲਪ ਦਾ ਸਮਰਥਨ ਕੀਤਾ ਕਿ ਐੱਨ. ਡੀ. ਏ. ਮੋਦੀ ਦੀ ਲੀਡਰਸ਼ਿਪ ’ਚ 2024 ਦੀਆਂ ਲੋਕ ਸਭਾ ਚੋਣਾਂ ਦਾ ਸਾਹਮਣਾ ਕਰੇਗਾ।

ਪਲਾਨੀਸਵਾਮੀ ਨੂੰ ਖੁਸ਼ ਰੱਖਣ ਦੀ ਭਾਜਪਾ ਦੀ ਉਤਸੁਕਤਾ ਇਸ ਤੱਥ ਤੋਂ ਸਪੱਸ਼ਟ ਸੀ ਕਿ ਅੰਨਾਦ੍ਰਮੁਕ ਦੇ ਆਫਸਾਈਟ ਕੋਆਰਡੀਨੇਟਰ ਓ. ਪੰਨੀਰਸੇਲਵਮ ਅਤੇ ਭਾਜਪਾ ਦੇ ਸੰਭਾਵਤ ਸਹਿਯੋਗੀ ਮੰਨੇ ਜਾਣ ਵਾਲੇ ਏ. ਐੱਮ. ਐੱਮ. ਕੇ. ਜਨਰਲ ਸਕੱਤਰ ਟੀ. ਟੀ. ਵੀ. ਦੀਨਾਕਰਣ ਨੂੰ ਮੀਟਿੰਗ ਦਾ ਸੱਦਾ ਨਹੀਂ ਮਿਲਿਆ। ਬੈਠਕ ’ਚ ਕਈ ਛੋਟੀਆਂ ਪਾਰਟੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਉਨ੍ਹਾਂ ਦੀ ਗੈਰ-ਹਾਜ਼ਰੀ ਵਿਸ਼ੇਸ਼ ਤੌਰ ’ਤੇ ਧਿਆਨ ਦੇਣ ਯੋਗ ਸੀ ਕਿਉਂਕਿ ਭਾਜਪਾ ਹੁਣ ਤਕ ਉਨ੍ਹਾਂ ਦੋਵਾਂ ਨੂੰ ਕਈ ਪ੍ਰੋਗਰਾਮਾਂ ’ਚ ਇਕੱਠੇ ਸੱਦਾ ਦਿੰਦੀ ਆ ਰਹੀ ਸੀ।

ਇਸ ਸਮਾਗਮ ’ਚ ਇਹ ਵੀ ਸਾਹਮਣੇ ਆਇਆ ਕਿ ਅੰਨਾਦ੍ਰਮੁਕ ਅਗਲੇ ਸਾਲ ਦੀਆਂ ਚੋਣਾਂ ਲਈ ਆਪਣੀ ਕਿਸਮਤ ਖੁਦ ਤੈਅ ਕਰੇਗੀ। ਐੱਨ. ਡੀ. ਏ. ਦੀ ਬੈਠਕ ’ਚ ਹਿੱਸਾ ਲੈਣ ਪਿੱਛੋਂ ਪਲਾਨੀਸਵਾਮੀ ਨੇ ਇਹ ਦੁਹਰਾਇਆ ਕਿ ਉਨ੍ਹਾਂ ਦੀ ਪਾਰਟੀ ਤਮਿਲਨਾਡੂ ’ਚ ਭਾਜਪਾ ਨਾਲ ਗੱਠਜੋੜ ’ਚ ਸ਼ਾਮਲ ਹੋਵੇਗੀ।

ਤਮਿਲਨਾਡੂ ਭਾਜਪਾ ਸੂਬਾ ਪ੍ਰਧਾਨ ਦੇ ਅੰਨਾਮਲਈ ਦੀ ਨਿਯੁਕਤੀ ਪਿੱਛੋਂ ਅੰਨਾਦ੍ਰਮੁਕ ਅਤੇ ਭਾਜਪਾ ’ਚ ਕੁਝ ਹੱਦ ਤੱਕ ਰਿਸ਼ਤੇ ਬਦਲ ਗਏ ਸਨ। ਪੁਲਸ ਅਧਿਕਾਰੀ ਤੋਂ ਸਿਆਸੀ ਆਗੂ ਬਣੇ ਅੰਨਾਮਲਈ ਤਮਿਲਨਾਡੂ ਦੀ ਸਿਆਸਤ ’ਚ ਭਾਜਪਾ ਨੂੰ ਹਿੰਸਕ ਤਰੀਕੇ ਨਾਲ ਇਕ ਆਜ਼ਾਦ ਖਿਡਾਰੀ ਦੇ ਤੌਰ ’ਤੇ ਪੇਸ਼ ਕਰ ਰਹੇ ਸਨ। ਪਾਰਟੀ ਦੀ ਅੰਦਰੂਨੀ ਬੈਠਕ ਦੌਰਾਨ ਅੰਨਾਮਲਈ ਨੇ ਆਪਣੇ ਸਹਿਯੋਗੀਆਂ ਨੂੰ ਦੱਸਿਆ ਕਿ ਉਹ ਅੰਨਾਦ੍ਰਮੁਕ ਨਾਲ ਗੱਠਜੋੜ ਦੀ ਬਜਾਏ ਅਸਤੀਫਾ ਦੇਣਾ ਪਸੰਦ ਕਰਨਗੇ।

ਇਕ ਮਹੀਨਾ ਪਹਿਲਾਂ ਅੰਨਾਦ੍ਰਮੁਕ ਦੇ ਜ਼ਿਲਾ ਪੱਧਰੀ ਸਕੱਤਰਾਂ ਦੀ ਬੈਠਕ ’ਚ ਪਾਰਟੀ ਨੇ ਭਾਜਪਾ ਸੂਬਾ ਪ੍ਰਧਾਨ ਅੰਨਾਮਲਈ ਨੂੰ ਸਿਆਸੀ ਤੌਰ ’ਤੇ ਗੈਰ-ਤਜਰਬੇਕਾਰ ਅਤੇ ਅਪਰਿਪੱਕ ਦੱਸਿਆ। ਵਰਨਣਯੋਗ ਹੈ ਕਿ ਅੰਨਾਮਲਈ ਨੇ ਜੈਲਲਿਤਾ ’ਤੇ ਕੁਝ ਟਿੱਪਣੀਆਂ ਕੀਤੀਆਂ ਸਨ।

ਪਰ ਹੁਣ ਇਹ ਸਭ ਬੀਤੇ ਸਮੇਂ ਦੀਆਂ ਗੱਲਾਂ ਹੋ ਚੁੱਕੀਆਂ ਹਨ। ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਨੇ ਇਹ ਫੈਸਲਾ ਕੀਤਾ ਹੈ ਕਿ ਇਕੱਲਿਆਂ ਚੋਣਾਂ ਲੜਨ ਦੀ ਬਜਾਏ ਅੰਨਾਦ੍ਰਮੁਕ ਨਾਲ ਸਹਿਯੋਗ ਕਰਨਾ ਚੋਣਾਂ ਤੋਂ ਪਹਿਲਾਂ ਇਕ ਚੰਗੀ ਗੱਲ ਹੋਵੇਗੀ। 1989 ਅਤੇ 2019 ਦੇ ਮੱਧ ਦੀਆਂ ਲੋਕ ਸਭਾ ਚੋਣਾਂ ਦਾ ਪਾਰਟੀ ਟ੍ਰੈਕ ਰਿਕਾਰਡ ਦਰਸਾਉਂਦਾ ਹੈ ਕਿ ਅੰਨਾਦ੍ਰਮੁਕ ਨਾਲ 1998 ਦਾ ਗੱਠਜੋੜ ਅਤੇ ਦ੍ਰਮੁਕ ਨਾਲ 1989 ਦਾ ਗੱਠਜੋੜ ਪਾਰਟੀ ਲਈ ਲਾਭਦਾਇਕ ਸਾਬਤ ਹੋਇਆ। 1998 ’ਚ ਭਾਜਪਾ ਨੇ 3 ਸੀਟਾਂ ਜਿੱਤੀਆਂ ਅਤੇ ਅਗਲੇ ਸਾਲ ਉਸ ਨੇ 4 ਸੀਟਾਂ ਜਿੱਤੀਆਂ।

2014 ਦੀਆਂ ਬਹੁਪੱਖੀ ਚੋਣਾਂ ’ਚ ਭਾਜਪਾ ਨੇ ਕੰਨਿਆਕੁਮਾਰੀ ’ਚ ਜਿੱਤ ਹਾਸਲ ਕੀਤੀ ਜਿੱਥੇ ਪਾਰਟੀ ਦਾ ਇਕ ਚੰਗਾ ਆਧਾਰ ਸੀ। ਉੱਥੇ ਹੀ ਹੋਰ ਸਾਰੇ ਮੌਕਿਆਂ ’ਤੇ ਪਾਰਟੀ ਦੀ ਸਥਿਤੀ ਤਰਸਯੋਗ ਸੀ। 20 ਸਾਲਾਂ ਦੇ ਵਕਫੇ ਪਿੱਛੋਂ 2021 ’ਚ ਭਾਜਪਾ ਦੇ 4 ਉਮੀਦਵਾਰ ਸੂਬਾ ਵਿਧਾਨ ਸਭਾ ’ਚ ਚੁਣੇ ਗਏ। ਇਸ ਲਈ ਅੰਨਾਦ੍ਰਮੁਕ ਨੂੰ ਸਿਹਰਾ ਜਾਂਦਾ ਹੈ ਜੋ ਭਾਜਪਾ ਦੀ ਸਹਿਯੋਗੀ ਸੀ। ਤਮਿਲਨਾਡੂ ਨੂੰ ਭਾਜਪਾ ਇਕ ਚੁਣੌਤੀ ਵਜੋਂ ਲੈਂਦੀ ਹੈ। ਪਿਛਲੇ ਕੁਝ ਸਾਲਾਂ ਦੌਰਾਨ ਇਹ ਸਪੱਸ਼ਟ ਹੋਇਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਆਪਣਾ ਧਿਆਨ ਦੱਖਣ ਦੀ ਸਿਆਸਤ ਦੇ ਇਰਦ-ਗਿਰਦ ਕੇਂਦਰਿਤ ਕੀਤਾ ਹੈ।

ਉਨ੍ਹਾਂ ਆਪਣੇ ਭਾਸ਼ਣਾਂ ’ਚ ਸੱਭਿਆਚਾਰਕ ਕੰਮਾਂ ਦੀ ਲਗਾਤਾਰ ਚਰਚਾ ਕੀਤੀ। ਅਕਤੂਬਰ 2019 ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੈਰ-ਰਸਮੀ ਸੰਮੇਲਨ ਲਈ ਉਨ੍ਹਾਂ ਨੇ ਮਾਮਲਾਪੁਰਮ ਥਾਂ ਦੀ ਚੋਣ ਕੀਤੀ। ਨਵੰਬਰ 2022 ’ਚ ਭਾਰਤ ਸਰਕਾਰ ਨੇ ਵਾਰਾਣਸੀ ਦੇ ਕਾਸ਼ੀ ’ਚ ਤਮਿਲ ਸਮਾਗਮ ਆਯੋਜਿਤ ਕੀਤਾ ਜੋ ਕਿ ਪ੍ਰਧਾਨ ਮੰਤਰੀ ਮੋਦੀ ਦਾ ਚੋਣ ਖੇਤਰ ਹੈ।

ਜਦਕਿ ਅਪ੍ਰੈਲ 2023 ’ਚ ਭਾਜਪਾ ਦੀ ਲੀਡਰਸ਼ਿਪ ਵਾਲੀ ਗੁਜਰਾਤ ਸਰਕਾਰ ਨੇ ਸੌਰਾਸ਼ਟਰ, ਤਮਿਲ ਸਮਾਗਮ ਦਾ ਆਯੋਜਨ ਕੀਤਾ। ਮਈ ’ਚ ਨਵੇਂ ਸੰਸਦ ਭਵਨ ’ਚ ਮੋਦੀ ਨੇ ਸੇਂਗੋਲ ਸਥਾਪਿਤ ਕੀਤਾ। ਵੈੱਲੌਰ ’ਚ ਜੂਨ ’ਚ ਇਕ ਬੈਠਕ ਨੂੰ ਸੰਬੋਧਿਤ ਕਰਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਮਿਲਨਾਡੂ ਦੀ ਜਨਤਾ ਨੂੰ ਬੇਨਤੀ ਕੀਤੀ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਐੱਨ. ਡੀ. ਏ. ਦੇ 25 ਤੋਂ ਵੱਧ ਸੰਸਦ ਮੈਂਬਰਾਂ ਨੂੰ ਚੋਣ ਜਿਤਾਓ।

ਸਿਆਸੀ ਗਲਿਆਰਿਆਂ ’ਚ ਅਜਿਹੀਆਂ ਵੀ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਮੋਦੀ ਰਾਮਾਨਾਥਾਪੁਰਮ ਲੋਕ ਸਭਾ ਖੇਤਰ ਤੋਂ ਚੋਣ ਲੜ ਸਕਦੇ ਹਨ। ਇਹ ਇਕ ਸੰਜੋਗ ਹੀ ਹੈ ਕਿ ਅੰਨਾਮਲਈ ਰਮੇਸ਼ਵਰਮ ਤੋਂ 28 ਜੁਲਾਈ ਤੋਂ 120 ਦਿਨਾ ਰਾਜਵਿਆਪੀ ਮਾਰਚ ਸ਼ੁਰੂ ਕਰ ਚੁੱਕੇ ਹਨ। ਇਸ ਮਾਰਚ ਦਾ ਸਿਰਲੇਖ ਹੈ ‘ਮਾਈ ਲੈਂਡ, ਮਾਈ ਪੀਪਲ।’ ਆਪਣੇ ਮਕਸਦ ਦੀ ਪ੍ਰਾਪਤੀ ਲਈ ਭਾਜਪਾ ਨੂੰ ਵਧੇਰੇ ਅੰਨਾਦ੍ਰਮੁਕ ’ਤੇ ਨਿਰਭਰ ਰਹਿਣਾ ਪੈ ਰਿਹਾ ਹੈ ਹਾਲਾਂਕਿ ਅੰਨਾਦ੍ਰਮੁਕ ’ਚ ਹਾਲ ਹੀ ਦੇ ਦਿਨਾਂ ’ਚ ਪਾਰਟੀ ’ਚ ਲੀਡਰਸ਼ਿਪ ਨੂੰ ਲੈ ਕੇ ਅੰਦਰੂਨੀ ਕਲੇਸ਼ ਨਜ਼ਰ ਆਏ ਹਨ।

ਪੀ. ਰਾਮਾਕ੍ਰਿਸ਼ਣਨ


Rakesh

Content Editor

Related News