ਬੇਹੱਦ ਗਰੀਬੀ ਕਾਰਣ ਬੱਚੇ ਵੇਚਣ ਅਤੇ ਖ਼ੁਦਕੁਸ਼ੀ ਲਈ ਮਜਬੂਰ ਬਿਹਾਰ ਦੇ ਦਿਹਾਤੀ

08/20/2019 6:10:31 AM

ਐੱਮ. ਚੌਰਸੀਆ
ਜਿੱਥੇ ਦੇਸ਼ ਅਜੇ ਵੀ ਆਜ਼ਾਦੀ ਦਿਹਾੜੇ ਦੀ ਵਰ੍ਹੇਗੰਢ ਦੇ ਜਸ਼ਨਾਂ ’ਚ ਡੁੱਬਿਆ ਹੋਇਆ ਹੈ, ਉਥੇ ਹੀ ਬਿਹਾਰ ਅਤੇ ਝਾਰਖੰਡ ਨੂੰ ਇਕ ਤਲਖ਼ ਹਕੀਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਥੇ ਬੇਹੱਦ ਗਰੀਬੀ, ਭੁੱਖਮਰੀ ਅਤੇ ਕਰਜ਼ਿਆਂ ਕਾਰਣ ਦਿਹਾਤੀ ਆਪਣੇ ਬੱਚਿਆਂ ਨੂੰ ਵੇਚਣ ਅਤੇ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ। ਪਿਛਲੇ ਕੁਝ ਦਿਨਾਂ ਅੰਦਰ ਹੀ ਘੱਟੋ-ਘੱਟ ਅਜਿਹੀਆਂ 3 ਘਟਨਾਵਾਂ ਸਾਹਮਣੇ ਆਈਆਂ ਹਨ।

ਦਿਲ ਨੂੰ ਝੰਜੋੜ ਦੇਣ ਵਾਲਾ ਇਕ ਮਾਮਲਾ ਨਾਲੰਦਾ ਦਾ ਹੈ, ਜੋ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦਾ ਗ੍ਰਹਿ ਜ਼ਿਲਾ ਹੈ। ਉਥੇ ਇਕ ਗਰੀਬ ਔਰਤ ਆਪਣੇ 2 ਛੋਟੇ ਬੱਚਿਆਂ ਨੂੰ ਵੇਚਣ ਦੀ ਕੋਸ਼ਿਸ਼ ਕਰਦੀ ਫੜੀ ਗਈ ਤਾਂ ਕਿ ਉਸ ਦਾ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ। ਮੀਡੀਆ ਕਾਰਣ ਔਰਤ ਨੂੰ ਬੱਚੇ ਵੇਚਣ ਤੋਂ ਬਚਾ ਲਿਆ ਗਿਆ ਅਤੇ ਬਾਅਦ ਵਿਚ ਦੋਹਾਂ ਕੁਪੋਸ਼ਿਤ ਬੱਚਿਆਂ ਨਾਲ ਉਸ ਨੂੰ ਵੀ ਸਥਾਨਕ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਪਟਨਾ ਦੀ ਸੋਨਮ ਦੇਵੀ ਦਾ ਵਿਆਹ ਲੱਗਭਗ 3 ਸਾਲ ਪਹਿਲਾਂ ਨਾਲੰਦਾ ਦੇ ਇਕ ਵਿਅਕਤੀ ਨਾਲ ਹੋਇਆ ਸੀ, ਜਿਸ ਦੀ ਕੁਝ ਸਮੇਂ ਬਾਅਦ ਮੌਤ ਹੋ ਗਈ ਤੇ ਸੋਨਮ ’ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਸ ਨੇ ਨਾਲੰਦਾ ਜ਼ਿਲੇ ਦੇ ਹੀ ਇਕ ਹੋਰ ਵਿਅਕਤੀ ਨਾਲ ਵਿਆਹ ਕਰਵਾ ਲਿਆ ਪਰ ਜਿਵੇਂ ਹੀ ਉਸ ਵਿਅਕਤੀ ਨੂੰ ਪਤਾ ਲੱਗਾ ਕਿ ਉਹ ਤਪਦਿਕ ਰੋਗ ਤੋਂ ਪੀੜਤ ਹੈ, ਉਸ ਨੇ ਸੋਨਮ ਨੂੰ ਛੱਡ ਦਿੱਤਾ। ਉਸ ਤੋਂ ਬਾਅਦ ਉਸ ’ਤੇ ਆਪਣੀ 2 ਸਾਲਾਂ ਦੀ ਧੀ ਤੇ 6 ਮਹੀਨਿਆਂ ਦੇ ਪੁੱਤਰ ਦੀ ਦੇਖਭਾਲ ਦੀ ਜ਼ਿੰਮੇਵਾਰੀ ਪੈ ਗਈ ਪਰ ਉਸ ਨੂੰ ਮਹਿਸੂਸ ਹੋਇਆ ਕਿ ਅੰਤਾਂ ਦੀ ਗਰੀਬੀ ’ਚ ਜੀਵਨ ਦੀ ਗੱਡੀ ਚਲਾਉਣੀ ਬਹੁਤ ਮੁਸ਼ਕਿਲ ਹੈ।

ਕੋਈ ਮਦਦ ਨਹੀਂ : ਕਿਤਿਓਂ ਕੋਈ ਮਦਦ ਨਾ ਮਿਲਦੀ ਦੇਖ ਕੇ ਅਤੇ ਪਰਿਵਾਰ ਸਾਹਮਣੇ ਭੁੱਖਮਰੀ ਹੋਣ ਕਰਕੇ ਆਖਿਰ ਉਸ ਔਰਤ ਨੇ ਆਪਣੇ ਦੋਹਾਂ ਬੱਚਿਆਂ ਨੂੰ ਵੇਚਣ ਦਾ ਫੈਸਲਾ ਕੀਤਾ। ਸਥਿਤੀ ਨੂੰ ਹੋਰ ਵੀ ਬਦਤਰ ਬਣਾਉਂਦਿਆਂ ਸਥਾਨਕ ਪਿੰਡ ਵਾਸੀਆਂ ਨੇ ਉਸ ਨੂੰ ਪਿੰਡ ’ਚੋਂ ਕੱਢ ਦਿੱਤਾ। ਸਥਾਨਕ ਮੀਡੀਆ ਨੇ ਇਹ ਮਾਮਲਾ ਉਠਾਇਆ, ਜਿਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਵਿਚ ਆਇਆ ਅਤੇ ਸੋਨਮ ਨੂੰ ਉਸ ਦੇ ਬੱਚਿਆਂ ਸਮੇਤ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।

ਬਾਅਦ ਵਿਚ ਸੋਨਮ ਨੇ ਦੱਸਿਆ ਕਿ ਉਸ ਨੇ ਆਪਣੇ ਬੱਚੇ ਵੇਚਣ ਦੀ ਇਸ ਲਈ ਕੋਸ਼ਿਸ਼ ਕੀਤੀ ਤਾਂ ਕਿ ਉਸ ਦੀ ਮੌਤ ਤੋਂ ਬਾਅਦ ਬੱਚੇ ਆਪਣੀ ਜ਼ਿੰਦਗੀ ਜੀਅ ਸਕਣ। ਉਸ ਨੂੰ ਕਿਤਿਓਂ ਕੋਈ ਮਦਦ ਨਹੀਂ ਮਿਲੀ। ਉਸ ਨੂੰ ਇਹ ਵੀ ਨਹੀਂ ਪਤਾ ਸੀ ਕਿ ਉਹ ਕਦੋਂ ਮਰ ਜਾਵੇਗੀ। ਇਸ ਲਈ ਉਹ ਆਪਣੇ ਬੱਚੇ ਕਿਸੇ ਅਜਿਹੇ ਵਿਅਕਤੀ ਨੂੰ ਸੌਂਪਣਾ ਚਾਹੁੰਦੀ ਸੀ, ਜੋ ਉਸ ਨੂੰ ਪੈਸਾ (ਉਸ ਦੇ ਇਲਾਜ ਲਈ) ਦੇ ਸਕੇ।

ਹਾਲ ਹੀ ਦੇ ਮਹੀਨਿਆਂ ’ਚ ਗੁਆਂਢੀ ਸੂਬੇ ਝਾਰਖੰਡ ਤੋਂ ਵੀ ਬੱਚਿਆਂ ਨੂੰ ਵੇਚਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਕ ਹੋਰ ਘਟਨਾ ’ਚ ਗੋਪਾਲਗੰਜ ਜ਼ਿਲੇ ਦੇ ਇਕ ਕਿਸਾਨ ਨੇ ਕੀੜੇਮਾਰ ਦਵਾਈ ਖਾ ਕੇ ਇਸ ਲਈ ਖ਼ੁਦਕੁਸ਼ੀ ਕਰ ਲਈ ਕਿਉਂਕਿ ਉਹ ਬਹੁਤ ਮਾਲੀ ਸੰਕਟ ’ਚ ਘਿਰ ਗਿਆ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 50 ਸਾਲਾ ਮਨੋਜ ਤਿਵਾੜੀ, ਜੋ 8 ਬੱਚਿਆਂ ਦਾ ਪਿਤਾ ਸੀ ਅਤੇ ਉਸ ਦਾ ਪਰਿਵਾਰ ਇੱਟਾਂ ਦੇ ਭੱਠੇ ’ਤੇ ਕੰਮ ਕਰਦਾ ਸੀ। ਬਰਸਾਤ ਦੇ ਮੌਸਮ ਕਾਰਣ ਪਿਛਲੇ ਇਕ ਮਹੀਨੇ ਤੋਂ ਵੱਧ ਸਮੇਂ ਤੋਂ ਕੰਮ ਬੰਦ ਹੋਣ ਕਾਰਣ ਸਾਰਿਆਂ ਨੂੰ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਬਾਅਦ ਮਨੋਜ ਨੇ ਸਥਾਨਕ ਦਿਹਾਤੀਆਂ ਤੋਂ ਕੁਝ ਕਰਜ਼ਾ ਵੀ ਲਿਆ ਹੋਇਆ ਸੀ ਪਰ ਉਹ ਮੋੜਨਾ ਬਹੁਤ ਮੁਸ਼ਕਿਲ ਸੀ, ਇਸ ਲਈ ਆਖਿਰ ਵਿਚ ਉਸ ਨੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਫੈਸਲਾ ਕੀਤਾ।

ਇਕੋ ਪਰਿਵਾਰ ਦੇ 4 ਮੈਂਬਰਾਂ ਵਲੋਂ ਖ਼ੁਦਕੁਸ਼ੀ : ਇਸ ਤੋਂ ਵੀ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਘਟਨਾ ਝਾਰਖੰਡ ਦੇ ਗੜ੍ਹਵਾ ਜ਼ਿਲੇ ਦੀ ਹੈ, ਜਿਥੇ ਬੇਹੱਦ ਗਰੀਬੀ ਕਾਰਣ ਇਕੋ ਪਰਿਵਾਰ ਦੇ 4 ਮੈਂਬਰਾਂ ਨੇ ਖ਼ੁਦਕੁਸ਼ੀ ਕਰ ਲਈ। ਪੁਲਸ ਮੁਤਾਬਿਕ ਸ਼ਿਵ ਕੁਮਾਰ ਰਜਕ ਨਾਮੀ ਵਿਅਕਤੀ ਨੇ ਆਪਣੀ ਪਤਨੀ ਤੇ 2 ਧੀਆਂ ਦੀ ਉਨ੍ਹਾਂ ਦੀ ਸਹਿਮਤੀ ਨਾਲ ਹੱਤਿਆ ਕਰਨ ਤੋਂ ਬਾਅਦ ਖ਼ੁਦ ਇਕ ਦਰੱਖਤ ਨਾਲ ਫਾਹ ਲੈ ਕੇ ਖ਼ੁਦਕੁਸ਼ੀ ਕਰ ਲਈ।

ਸੂਤਰਾਂ ਮੁਤਾਬਿਕ ਪੀੜਤ ਪਰਿਵਾਰ ਨੇ ਬੈਂਕਾਂ ਅਤੇ ਪਿੰਡ ਦੇ ਕੁਝ ਲੋਕਾਂ ਤੋਂ ਖੇਤੀ ਲਈ ਕਰਜ਼ੇ ਲਏ ਹੋਏ ਸਨ ਪਰ ਫਸਲ ਖਰਾਬ ਹੋਣ ਤੋਂ ਬਾਅਦ ਇਹ ਪਰਿਵਾਰ ਭਾਰੀ ਕਰਜ਼ੇ ਦੇ ਬੋਝ ਹੇਠਾਂ ਦੱਬਿਆ ਹੋਇਆ ਸੀ।

ਇਸੇ ਤਰ੍ਹਾਂ ਪਿਛਲੇ ਹਫਤੇ 20 ਸਾਲਾਂ ਦੇ ਇਕ ਨੌਜਵਾਨ ਨੇ ਉਦੋਂ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ, ਜਦੋਂ ਉਸ ਦੀ ਕੰਪਨੀ ਨੇ ਉਸ ਨੂੰ ਦਫਤਰ ਆਉਣ ਤੋਂ ਮਨ੍ਹਾ ਕਰ ਦਿੱਤਾ। ਜਮਸ਼ੇਦਪੁਰ ’ਚ ਸਥਿਤ ਟਾਟਾ ਮੋਟਰਜ਼ ਨੂੰ ਕਲਪੁਰਜ਼ਿਆਂ ਦੀ ਸਪਲਾਈ ਕਰਨ ਵਾਲੀ ਇਕ ਆਟੋ ਮੋਬਾਇਲ ਕੰਪਨੀ ’ਚ ਕੰਮ ਕਰਨ ਵਾਲੇ ਪੀੜਤ ਨੌਜਵਾਨ ਨੂੰ ਲੱਗਭਗ ਇਕ ਮਹੀਨਾ ਪਹਿਲਾਂ ਕੁਝ ਹੋਰਨਾਂ ਮੁਲਾਜ਼ਮਾਂ ਨਾਲ ਕੰਮ ਤੋਂ ਹਟਾ ਦਿੱਤਾ ਗਿਆ ਸੀ।
 


Bharat Thapa

Content Editor

Related News