ਭਾਰਤ ਮਾਤਾ : ਹਰ ਇਕ ਭਾਰਤੀ ਦੀ ਆਵਾਜ਼

08/15/2023 12:49:30 PM

‘‘ਜਿਹੜੀ ਗੱਲ ਦਿਲ ’ਚੋਂ ਨਿਕਲਦੀ ਹੈ ਉਹ ਦਿਲ ’ਚ ਉਤਰਦੀ ਹੈ’’

ਪਿਛਲੇ ਸਾਲ ਆਪਣੇ ਘਰ, ਭਾਵ ਭਾਰਤ ਮਾਤਾ ਦੇ ਵਿਹੜੇ ’ਚ, ਮੈਂ 145 ਦਿਨਾਂ ਤਕ ਪੈਦਲ ਚੱਲਿਆ। ਸਮੁੰਦਰ ਤਟ ਤੋਂ ਮੈਂ ਸ਼ੁਰੂਆਤ ਕੀਤੀ ਅਤੇ ਧੂੜ, ਧੁੱਪ, ਮੀਂਹ ’ਚੋਂ ਗੁਜ਼ਰਿਆ। ਜੰਗਲਾਂ, ਚਰਾਂਦਾਂ, ਸ਼ਹਿਰਾਂ, ਖੇਤਾਂ, ਪਿੰਡਾਂ, ਨਦੀਆਂ ਅਤੇ ਪਹਾੜਾਂ ’ਚੋਂ ਹੁੰਦਾ ਹੋਇਆ ਮੈਂ ਮਹਿਬੂਬ ਕਸ਼ਮੀਰ ਦੀ ਨਰਮ ਬਰਫ ਤੱਕ ਪੁੱਜਾ।

ਰਾਹ ’ਚ ਅਣਗਿਣਤ ਲੋਕਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਇਹ ਕਿਉਂ ਕਰ ਰਹੇ ਹੋ? ਅੱਜ ਵੀ ਕਈ ਲੋਕ ਮੇਰੇ ਕੋਲੋਂ ਯਾਤਰਾ ਦੇ ਮੰਤਵ ਬਾਰੇ ਪੁੱਛਦੇ ਹਨ। ਤੁਸੀਂ ਕੀ ਖੋਜ ਰਹੇ ਸੀ? ਤੁਹਾਨੂੰ ਕੀ ਮਿਲਿਆ?

ਅਸਲ ’ਚ ਮੈਂ ਉਸ ਚੀਜ਼ ਨੂੰ ਸਮਝਣਾ ਚਾਹੁੰਦਾ ਸੀ ਜੋ ਮੇਰੇ ਦਿਲ ਦੇ ਇੰਨੇ ਕਰੀਬ ਹੈ, ਜਿਸਨੇ ਮੈਨੂੰ ਮੌਤ ਨਾਲ ਅੱਖ ਮਿਲਾਉਣ ਅਤੇ ‘ਚਰੈਵੇਤਿ’ ਦੀ ਪ੍ਰੇਰਣਾ ਦਿੱਤੀ, ਜਿਸਨੇ ਮੈਨੂੰ ਦਰਦ ਅਤੇ ਅਪਮਾਨ ਸਹਿਣ ਦੀ ਸ਼ਕਤੀ ਦਿੱਤੀ ਅਤੇ ਜਿਸ ਲਈ ਮੈਂ ਸਭ ਕੁਝ ਵਾਰ ਸਕਦਾ ਹਾਂ।

ਦਰਅਸਲ ਮੈਂ ਜਾਣਨਾ ਚਾਹੁੰਦਾ ਸੀ ਕਿ ਉਹ ਚੀਜ਼ ਆਖਿਰ ਹੈ ਕੀ, ਜਿਸ ਨੂੰ ਮੈਂ ਇੰਨਾ ਪਿਆਰ ਕਰਦਾ ਹਾਂ? ਇਹ ਧਰਤੀ? ਇਹ ਪਹਾੜ? ਇਹ ਸਾਗਰ? ਕੋਈ ਇਕ ਇਨਸਾਨ? ਇਹ ਲੋਕ ਜਾਂ ਕੋਈ ਵਿਚਾਰਧਾਰਾ? ਸ਼ਾਇਦ ਮੈਂ ਆਪਣੇ ਦਿਲ ਨੂੰ ਹੀ ਸਮਝਣਾ ਚਾਹੁੰਦਾ ਸੀ। ਉਹ ਕੀ ਹੈ ਜਿਸਨੇ ਮੇੇਰੇ ਦਿਲ ਨੂੰ ਇੰਨੀ ਮਜ਼ਬੂਤੀ ਨਾਲ ਫੜਿਆ ਹੋਇਆ ਹੈ? ਸਾਲਾਂ ਤੋਂ ਰੋਜ਼ਾਨਾ ਵਰਜਿਸ਼ ’ਚ ਮੈਂ ਲਗਭਗ ਹਰ ਸ਼ਾਮ 8-10 ਕਿਲੋਮੀਟਰ ਦੌੜ ਲਾਉਂਦਾ ਰਿਹਾ ਹਾਂ। ਮੈਂ ਸੋਚਿਆ ਬਸ 25? ਮੈਂ ਤਾਂ ਆਰਾਮ ਨਾਲ 25 ਕਿਲੋਮੀਟਰ ਚੱਲ ਲਵਾਂਗਾ। ਮੈਨੂੰ ਆਸ ਸੀ ਕਿ ਇਹ ਇਕ ਆਸਾਨ ਪਦ ਯਾਤਰਾ ਹੋਵੇਗੀ।

ਪਰ ਛੇਤੀ ਹੀ ਦਰਦ ਨਾਲ ਮੇਰਾ ਸਾਹਮਣਾ ਹੋਇਆ। ਮੇਰੇ ਗੋਡੇ ਦੀ ਪੁਰਾਣੀ ਸੱਟ, ਜੋ ਲੰਬੇ ਇਲਾਜ ਤੋਂ ਬਾਅਦ ਠੀਕ ਹੋ ਗਈ ਸੀ, ਫਿਰ ਤੋਂ ਹੋਣ ਲੱਗੀ। ਅਗਲੀ ਸਵੇਰ, ਲੋਹੇ ਦੇ ਕੰਟੇਨਰ ਦੇ ਇਕਾਂਤ ’ਚ ਮੇਰੀਆਂ ਅੱਖਾਂ ’ਚ ਹੰਝੂ ਸਨ। ਬਾਕੀ ਬਚੇ 3800 ਕਿਲੋਮੀਟਰ ਕਿਵੇਂ ਚੱਲਾਂਗਾ? ਮੇਰਾ ਹੰਕਾਰ ਚੂਰ-ਚੂਰ ਹੋ ਚੁੱਕਾ ਸੀ।

ਸਵੇਰ ਸਾਰ ਹੀ ਯਾਤਰਾ ਸ਼ੁਰੂ ਹੋ ਜਾਂਦੀ ਸੀ ਅਤੇ ਠੀਕ ਇਸਦੇ ਨਾਲ ਹੀ ਦਰਦ ਵੀ-ਇਕ ਭੁੱਖੇ ਭੇੜੀਏ ਵਾਂਗ ਦਰਦ ਹਰ ਜਗ੍ਹਾ ਮੇਰਾ ਪਿੱਛਾ ਕਰਦੀ ਅਤੇ ਮੇਰੇ ਰੁਕਣ ਦੀ ਉਡੀਕ ਕਰਦੀ। ਕੁਝ ਦਿਨਾਂ ਬਾਅਦ ਮੇਰੇ ਪੁਰਾਣੇ ਡਾਕਟਰ ਮਿੱਤਰ ਆਏ, ਉਨ੍ਹਾਂ ਨੇ ਕੁਝ ਸੁਝਾਅ ਵੀ ਦਿੱਤੇ। ਪਰ ਦਰਦ ਨੂੰ ਕੋਈ ਫਰਕ ਨਾ ਪਿਆ।

ਪਰ ਤਦ ਹੀ ਕੁਝ ਅਨੋਖਾ ਅਨੁਭਵ ਹੋਇਆ। ਇਹ ਇਕ ਨਵੀਂ ਯਾਤਰਾ ਦੀ ਸ਼ੁਰੂਆਤ ਸੀ। ਜਦੋਂ ਵੀ ਮੇਰਾ ਦਿਲ ਡੁੱਬਣ ਲੱਗਦਾ, ਮੈਂ ਸੋਚਦਾ ਕਿ ਹੁਣ ਹੋਰ ਨਹੀਂ ਚੱਲ ਸਕਾਂਗਾ-ਅਚਾਨਕ ਕੋਈ ਆਉਂਦਾ ਅਤੇ ਮੈਨੂੰ ਚੱਲਣ ਦੀ ਸ਼ਕਤੀ ਦੇ ਜਾਂਦਾ। ਕਦੇ ਖੂਬਸੂਰਤ ਲਿਖਾਈ ਵਾਲੀ 8 ਸਾਲ ਦੀ ਇਕ ਪਿਆਰੀ ਬੱਚੀ, ਕਦੇ ਕੇਲੇ ਦੇ ਚਿਪਸ ਨਾਲ ਇਕ ਬਜ਼ੁਰਗ ਔਰਤ, ਕਦੇ ਇਕ ਆਦਮੀ-ਜੋ ਭੀੜ ਨੂੰ ਚੀਰਦੇ ਹੋਏ ਆਏ, ਮੈਨੂੰ ਗੱਲ ਨਾਲ ਲਾਇਆ ਅਤੇ ਗਾਇਬ ਹੋ ਜਾਂਦੇ। ਜਿਵੇਂ ਕੋਈ ਖਾਮੋਸ਼ ਅਤੇ ਅਦ੍ਰਿਸ਼ ਸ਼ਕਤੀ ਮੇਰੀ ਮਦਦ ਕਰ ਰਹੀ ਹੋਵੇ, ਸੰਘਣੇ ਜੰਗਲਾਂ ’ਚ ਜੁਗਨੂੰਆਂ ਵਾਂਗ, ਉਹ ਹਰ ਜਗ੍ਹਾ ਮੌਜੂਦ ਸੀ। ਜਦੋਂ ਮੈਨੂੰ ਵਾਕਈ ਇਸ ਦੀ ਲੋੜ ਸੀ, ਇਹ ਸ਼ਕਤੀ ਮੇਰੀ ਰਾਹ ਨੂੰ ਰੌਸ਼ਨ ਕਰਨ ਅਤੇ ਮਦਦ ਕਰਨ ਲਈ ਉਥੇ ਪਹਿਲਾਂ ਤੋਂ ਸੀ।

ਪਦ ਯਾਤਰਾ ਅੱਗੇ ਵਧਦੀ ਗਈ। ਲੋਕ ਆਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਰਹੇ। ਸ਼ੁਰੂਆਤ ’ਚ ਮੈਂ ਸਾਰਿਆਂ ਨੂੰ ਆਪਣੀ ਗੱਲ ਦੱਸਣੀ ਚਾਹੀ। ਮੈਂ ਉਨ੍ਹਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਮੈਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਅਤੇ ਉਨ੍ਹਾਂ ਦੇ ਹੱਲਾਂ ਬਾਰੇ ਗੱਲਾਂ ਕੀਤੀਆਂ। ਛੇਤੀ ਹੀ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਅਤੇ ਮੇਰੇ ਗੋਡੇ ਦਾ ਦਰਦ ਵੀ ਜਾਰੀ ਰਿਹਾ-ਅਜਿਹੇ ’ਚ ਮੈਂ ਲੋਕਾਂ ਨੂੰ ਮਹਿਜ਼ ਦੇਖਣਾ ਅਤੇ ਸੁਣਨਾ ਸ਼ੁਰੂ ਕਰ ਦਿੱਤਾ।

ਯਾਤਰਾ ’ਚ ਰੌਲਾ ਬਹੁਤ ਪੈਂਦਾ ਸੀ। ਲੋਕ ਨਾਅਰੇ ਲਾਉਂਦੇ, ਤਸਵੀਰਾਂ ਖਿੱਚਦੇ, ਗੱਲਾਂ ਕਰਦੇ ਅਤੇ ਧੱਕੇ ਮਾਰਦੇ ਚੱਲਦੇ।

ਰੋਜ਼ ਦਾ ਇਹੀ ਕੰਮ ਸੀ। ਰੋਜ਼ਾਨਾ 8-10 ਘੰਟੇ ਮੈਂ ਸਿਰਫ ਲੋਕਾਂ ਦੀਆਂ ਗੱਲਾਂ ਸੁਣਦਾ ਅਤੇ ਗੋਡੇ ਦੇ ਦਰਦ ਨੂੰ ਨਜ਼ਰਅੰਦਾਜ਼ ਕਰਨ ਦੀ ਕੋਸ਼ਿਸ਼ ਕਰਦਾ।

ਫਿਰ ਇਕ ਦਿਨ ਮੈਂ ਇਕਦਮ ਅਨਜਾਣੇ ਅਤੇ ਅਣਕਿਆਸੇ ਮੌਨ ਦਾ ਅਨੁਭਵ ਕੀਤਾ। ਸਿਵਾਏ ਉਸ ਵਿਅਕਤੀ ਦੀ ਆਵਾਜ਼ ਦੇ-ਜੋ ਮੇਰਾ ਹੱਥ ਫੜੀ ਮੇਰੇ ਨਾਲ ਗੱਲਾਂ ਕਰ ਰਿਹਾ ਸੀ-ਮੈਨੂੰ ਹੋਰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਮੇਰੇ ਅੰਦਰ ਦੀ ਆਵਾਜ਼, ਜੋ ਬਚਪਨ ਤੋਂ ਮੈਨੂੰ ਕੁਝ ਕਹਿੰਦੀ-ਸੁਣਦੀ ਆ ਰਹੀ ਸੀ-ਖਾਮੋਸ਼ ਹੋਣ ਲੱਗੀ। ਅਜਿਹਾ ਲੱਗਾ ਜਿਵੇਂ ਕੋਈ ਚੀਜ਼ ਹਮੇਸ਼ਾ ਲਈ ਛੁੱਟ ਰਹੀ ਹੋਵੇ।

ਉਹ ਇਕ ਕਿਸਾਨ ਸੀ ਅਤੇ ਮੈਨੂੰ ਆਪਣੀ ਫਸਲ ਬਾਰੇ ਦੱਸ ਰਿਹਾ ਸੀ। ਉਸਨੇ ਰੋਂਦੇ ਹੋਏ ਕਪਾਹ ਦੀਆਂ ਸੜੀਆਂ ਹੋਈਆਂ ਲੜੀਆਂ ਦਿਖਾਈਆਂ, ਮੈਨੂੰ ਉਸਦੇ ਹੱਥਾਂ ’ਚੋਂ ਸਾਲਾਂ ਦੀ ਪੀੜ ਦਿਖਾਈ ਦਿੱਤੀ। ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਉਸ ਦਾ ਦਰਦ ਮਹਿਸੂਸ ਕੀਤਾ। ਉਸ ਦੀਆਂ ਅੱਖਾਂ ਦੇ ਕਟੋਰੇ ਸਾਰੀਆਂ ਭੁੱਖੀਆਂ ਕੱਟੀਆਂ ਰਾਤਾਂ ਦਾ ਹਾਲ ਦੱਸਦੇ ਸਨ।

ਉਸਨੇ ਕਿਹਾ ਕਿ ਆਪਣੇ ਮਰਨ ਕੰਢੇ ਪਿਤਾ ਲਈ ਉਹ ਕੁਝ ਵੀ ਨਹੀਂ ਕਰ ਸਕਿਆ। ਉਸਨੇ ਕਿਹਾ ਕਿ ਕਦੀ-ਕਦੀ ਆਪਣੀ ਪਤਨੀ ਨੂੰ ਦੇਣ ਲਈ ਉਸਦੇ ਹੱਥ ’ਚ ਇਕ ਕੌਡੀ ਵੀ ਨਹੀਂ ਹੁੰਦੀ। ਸ਼ਰਮਿੰਦਗੀ ਦੇ ਉਹ ਪਲ ਜੋ ਉਸਨੇ ਆਪਣੇ ਜੀਵਨ ਸਾਥੀ ਸਾਹਮਣੇ ਮਹਿਸੂਸ ਕੀਤੇ, ਮੰਨੋ ਮੇਰੇ ਦਿਲ ’ਚੋਂ ਬਿਜਲੀ ਵਾਂਗ ਲੰਘ ਗਏ। ਮੈਂ ਕੁਝ ਬੋਲ ਨਹੀਂ ਸਕਿਆ। ਬੇਵੱਸ ਹੋ ਕੇ ਮੈਂ ਰੁਕਿਆ ਅਤੇ ਉਸ ਕਿਸਾਨ ਨੂੰ ਬਾਹਾਂ ’ਚ ਲੈ ਲਿਆ।

ਹੁਣ ਵਾਰ-ਵਾਰ ਇਹੀ ਹੋਣ ਲੱਗਾ। ਮੁਸਕਰਾਉਂਦੇ ਬੱਚੇ ਆਏ, ਮਾਵਾਂ ਆਈਆਂ, ਵਿਦਿਆਰਥੀ ਆਏ-ਸਭ ਨੂੰ ਮਿਲ ਕੇ ਇਹੀ ਭਾਵ ਵਾਰ-ਵਾਰ ਮੇਰੇ ਤੱਕ ਆਇਆ।

ਅਜਿਹਾ ਹੀ ਅਨੁਭਵ ਦੁਕਾਨਦਾਰਾਂ, ਤਰਖਾਣਾਂ, ਮੋਚੀਆਂ, ਨਾਈਆਂ, ਕਾਰੀਗਰਾਂ ਅਤੇ ਮਜ਼ਦੂਰਾਂ ਨਾਲ ਵੀ ਹੋਇਆ। ਫੌਜੀਆਂ ਨਾਲ ਵੀ ਇਹੀ ਮਹਿਸੂਸ ਹੋਇਆ। ਹੁਣ ਮੈਂ ਭੀੜ ਨੂੰ, ਰੌਲੇ ਨੂੰ ਅਤੇ ਖੁਦ ਨੂੰ ਸੁਣ ਹੀ ਨਹੀਂ ਰਿਹਾ ਸੀ। ਮੇਰਾ ਧਿਆਨ ਉਸ ਵਿਅਕਤੀ ਤੋਂ ਹਟਦਾ ਹੀ ਨਹੀਂ ਸੀ ਜੋ ਮੇਰੇ ਕੰਨ ’ਚ ਕੁਝ ਕਹਿ ਰਿਹਾ ਹੁੰਦਾ।

ਆਸ-ਪਾਸ ਦਾ ਰੌਲਾ-ਗੌਲਾ ਅਤੇ ਮੇਰੇ ਅੰਦਰ ਛਿਪਿਆ ਹੋਇਆ ਅਹਰਨਿਸ਼, ਮੇਰੇ ਬਾਰੇ ਫੈਸਲਾ ਦੇਣ ਵਾਲਾ ਆਦਮੀ-ਪਤਾ ਨਹੀਂ ਕਿਥੇ ਗੁੰਮ ਹੋ ਚੁੱਕਾ ਸੀ। ਜਦੋਂ ਕੋਈ ਵਿਦਿਆਰਥੀ ਕਹਿੰਦਾ ਕਿ ਉਸ ਨੂੰ ਫੇਲ ਹੋਣ ਦਾ ਡਰ ਸਤਾ ਰਿਹਾ ਹੈ, ਮੈਨੂੰ ਉਸਦਾ ਡਰ ਮਹਿਸੂਸ ਹੁੰਦਾ। ਚੱਲਦੇ-ਚੱਲਦੇ ਇਕ ਦਿਨ ਸੜਕ ’ਤੇ ਭੀਖ ਮੰਗਣ ਨੂੰ ਮਜਬੂਰ ਬੱਚਿਆਂ ਦਾ ਇਕ ਝੁੰਡ ਮੇਰੇ ਸਾਹਮਣੇ ਆਇਆ। ਉਹ ਬੱਚੇ ਠੰਡ ਨਾਲ ਕੰਬ ਰਹੇ ਸਨ। ਉਨ੍ਹਾਂ ਨੂੰ ਦੇਖ ਕੇ ਮੈਂ ਤੈਅ ਕੀਤਾ ਕਿ ਜਦ ਤੱਕ ਠੰਡ ਸਹਿ ਸਕਾਂਗਾ, ਇਹੀ ਟੀ-ਸ਼ਰਟ ਪਹਿਨਾਂਗਾ।

ਮੇਰੀ ਸ਼ਰਧਾ ਦਾ ਕਾਰਨ ਅਚਾਨਕ ਖੁਦ-ਬ-ਖੁਦ ਮੇਰੇ ’ਤੇ ਪ੍ਰਗਟ ਹੋ ਰਿਹਾ ਸੀ। ਮੇਰੀ ਭਾਰਤ ਮਾਤਾ-ਜ਼ਮੀਨ ਦਾ ਟੁਕੜਾ ਮਾਤਰ ਨਹੀਂ, ਕੁਝ ਧਾਰਨਾਵਾਂ ਦਾ ਗੁੱਛਾ ਭਰ ਵੀ ਨਹੀਂ ਹੈ, ਨਾ ਹੀ ਕਿਸੇ ਇਕ ਧਰਮ, ਸੱਭਿਆਚਾਰ ਜਾਂ ਇਤਿਹਾਸ ਵਿਸ਼ੇਸ਼, ਨਾ ਹੀ ਕੋਈ ਖਾਸ ਜਾਤੀ ਭਰ ਸਗੋਂ ਹਰੇਕ ਭਾਰਤੀ ਦੀ ਪਾਰਾ-ਪਾਰਾ ਆਵਾਜ਼ ਹੈ ਭਾਰਤ ਮਾਤਾ-ਭਾਵੇਂ ਉਹ ਕਮਜ਼ੋਰ ਹੋਵੇ ਜਾਂ ਮਜ਼ਬੂਤ। ਉਨ੍ਹਾਂ ਆਵਾਜ਼ਾਂ ’ਚ ਡੂੰਘੀ ਬੈਠੀ ਜੋ ਖੁਸ਼ੀ ਹੈ ਜੋ ਡਰ ਅਤੇ ਜੋ ਦਰਦ ਹੈ-ਉਹੀ ਹੈ ਭਾਰਤ ਮਾਤਾ।

ਭਾਰਤ ਮਾਤਾ ਦੀ ਆਵਾਜ਼ ਨੂੰ ਸੁਣਨ ਲਈ ਮੇਰੀ ਆਪਣੀ ਆਵਾਜ਼ ਨੂੰ, ਮੇਰੀਆਂ ਇੱਛਾਵਾਂ ਨੂੰ, ਮੇਰੀਆਂ ਆਸਾਂ ਨੂੰ ਚੁੱਪ ਹੋਣਾ ਪਵੇਗਾ। ਸਮੇਂ-ਸਮੇਂ ’ਤੇ ਭਾਰਤ ਮਾਤਾ ਕਿਸੇ ਆਪਣੇ ਦੇ ਹੀ ਕੰਨ ’ਚ ਕੁਝ ਨਾ ਕੁਝ ਕਹੇਗੀ ਪਰ ਤਦ–ਜਦ ਉਸ ਆਪਣੇ ਦੀ ਆਤਮਾ ਪੂਰੀ ਤਰ੍ਹਾਂ ਸ਼ਾਂਤ ਹੋਵੇ, ਜਿਵੇਂ ਇਕ ਧਿਆਨ ’ਚ ਮਗਨ ਮਨੁੱਖ ਦਾ ਮੌਨ।

ਸਭ ਕੁਝ ਕਿੰਨਾ ਸੌਖਾ ਸੀ। ਭਾਰਤ ਮਾਤਾ ਦੀ ਆਤਮਾ ਦਾ ਉਹ ਮੋਤੀ, ਜਿਸ ਨੂੰ ਮੈਂ ਅੰਦਰਲੀ ਨਦੀ ’ਚ ਲੱਭ ਰਿਹਾ ਸੀ, ਸਿਰਫ ਭਾਰਤ ਮਾਤਾ ਦੀਆਂ ਸੰਤਾਨਾਂ ਦੇ ਅਨੰਤ ਸਮੁੰਦਰ ’ਚ ਹੀ ਲੱਭਿਆ ਜਾ ਸਕਦਾ ਸੀ।

ਰਾਹੁਲ ਗਾਂਧੀ


Rakesh

Content Editor

Related News