ਸ਼੍ਰੀਲੰਕਾ ’ਚ ਹੋਇਆ ਭਾਈ-ਭਾਈ ਰਾਜ

08/09/2020 3:49:42 AM

ਡਾ. ਵੇਦਪ੍ਰਤਾਪ ਵੈਦਿਕ

ਸ਼੍ਰੀਲੰਕਾ ’ਚ ਹੋਈਆਂ ਸੰਸਦੀ ਚੋਣਾਂ ਨੇ ਉਥੇ ਭਾਈ-ਭਾਈ ਰਾਜ ਕਾਇਮ ਕਰ ਦਿੱਤਾ ਹੈ। ਹੁਣ ਉਸ ’ਤੇ ਮੋਹਰ ਲਗਾ ਦਿੱਤੀ ਹੈ। ਵੱਡੇ ਭਰਾ ਮਹਿੰਦ ਰਾਜਪਕਸ਼ੇ ਤਾਂ ਹੋਣਗੇ ਪ੍ਰਧਾਨ ਮੰਤਰੀ ਅਤੇ ਛੋਟੇ ਭਰਾ ਗੋਟਾਬਯਾ ਰਾਜਪਕਸ਼ੇ ਹੋਣਗੇ ਰਾਸ਼ਟਰਪਤੀ! ਇਨ੍ਹਾਂ ਦੀ ਪਾਰਟੀ ਦਾ ਨਾਂ ਹੈ-‘‘ਸ਼੍ਰੀਲੰਕਾ ਪੋਦੂਜਨ ਪਿਰਾਮੋਨ। ਇਹ ਨਵੀਂ ਪਾਰਟੀ ਹੈ। ਜਿਨ੍ਹਾਂ ਦੋ ਵੱਡੀਆਂ ਪਾਰਟੀਆਂ ਦੇ ਨਾਂ ਅਸੀਂ ਦਹਾਕਿਆਂ ਤੋਂ ਸੁਣਦੇ ਆ ਰਹੇ ਸੀ-ਸ਼੍ਰੀਲੰਕਾ ਫਰੀਡਮ ਪਾਰਟੀ ਅਤੇ ਯੂਨਾਈਟਿਡ ਨੈਸ਼ਨਲ ਪਾਰਟੀ-ਉਹ ਲਗਭਗ ਜ਼ੀਰੋ ਹੋ ਗਈਆਂ ਹਨ। ਇਨ੍ਹਾਂ ਪਾਰਟੀਆਂ ਦੇ ਨੇਤਾਵਾਂ ਸ਼੍ਰੀਮਾਵੋ ਭੰਡਾਰਨਾਇਕ, ਚੰਦਰਿਕਾ ਕੁਮਾਰਤੁੰਗ, ਜਯਾਵਰਧਨ, ਪ੍ਰੇਮ ਦਾਸ ਆਦਿ ਨਾਲ ਮੈਂ ਕਈ ਵਾਰ ਮਿਲਦਾ ਰਿਹਾ ਹਾਂ, ਉਨ੍ਹਾਂ ਨਾਲ ਯਾਤਰਾਵਾਂ ਅਤੇ ਪ੍ਰੀਤੀ-ਭੋਜ ਵੀ ਹੁੰਦੇ ਰਹੇ ਹਨ। ਇਨ੍ਹਾਂ ’ਚੋਂ ਵਧੇਰੇ ਸਵਰਗਵਾਸ ਹੋ ਗਏ ਹਨ। ਜੋ ਬਚੇ ਹਨ ਉਨ੍ਹਾਂ ਨੂੰ ਸ਼੍ਰੀਲੰਕਾ ਦੇ ਲੋਕਾਂ ਨੇ ਘਰ ਬਿਠਾ ਦਿੱਤਾ ਹੈ।

ਪਿਛਲੀ ਸਰਕਾਰ ’ਚ ਰਾਸ਼ਟਰਪਤੀ ਸਨ ਮੈਤਰੀਪਾਲ ਸ਼੍ਰੀਸੇਨ ਅਤੇ ਪ੍ਰਧਾਨ ਮੰਤਰੀ ਸਨ ਰਨਿਲ ਵਿਕਰਮਸਿੰਘਾ। ਇਨ੍ਹਾਂ ਦੋਵਾਂ ਨੇ ਗੱਠਜੋੜ ਕਰ ਕੇ ਸਰਕਾਰ ਬਣਾਈ ਸੀ ਪਰ ਦੋਵਾਂ ਦੀ ਆਪਸੀ ਖਿੱਚੋਤਾਣ ਅਤੇ ਭ੍ਰਿਸ਼ਟਾਚਾਰ ਨੇ ਇਨ੍ਹਾਂ ਨੂੰ ਸੱਤਾ ਤੋਂ ਹੱਥ ਧੋਣ ਲਈ ਮਜਬੂਰ ਕਰ ਿਦੱਤਾ। 2 ਸਾਲ ਪਹਿਲਾਂ ਸ਼੍ਰੀਲੰਕਾ ਦੇ ਇਕ ਗਿਰਜਾਘਰ ’ਤੇ ਹੋਏ ਅੱਤਵਾਦੀ ਹਮਲੇ ’ਚ 250 ਤੋਂ ਵੱਧ ਲੋਕ ਮਾਰੇ ਗਏ ਸਨ। ਉਸ ਘਟਨਾ ਨੇ ਇਸ ਸਰਕਾਰ ਦੀ ਖੁਫੀਆ ਵਿਵਸਥਾ ਅਤੇ ਲਾਪ੍ਰਵਾਹੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ। ਇਸ ਲਈ ਇਸ ਸੰਸਦੀ ਚੋਣ ’ਚ ਰਾਜਪਕਸ਼ੇ ਦੀ ਪਾਰਟੀ ਨੂੰ 60 ਫੀਸਦੀ ਤੋਂ ਵੱਧ ਵੋਟਾਂ ਮਿਲੀਆਂ ਅਤੇ 225 ਮੈਂਬਰਾਂ ਦੀ ਸੰਸਦ ’ਚ 145 ਸੀਟਾਂ ਮਿਲੀਆਂ।

5 ਸੀਟਾਂ ਵਾਲੀਆਂ ਕੁਝ ਪਾਰਟੀਆਂ ਨੂੰ ਮਿਲਾ ਕੇ 150 ਸੀਟਾਂ ਦਾ ਦੋ-ਤਿਹਾਈ ਬਹੁਮਤ ਬਣ ਜਾਵੇਗਾ। ਇਸ ਭਾਰੀ ਬਹੁਮਤ ਦਾ ਲਾਭ ਉਠਾ ਕੇ ਦੋਵੇਂ ਭਰਾ ਚਾਹੁੰਦੇ ਹਨ, ਜਿਵੇਂ ਕਿ ਤੀਸਰੇ ਭਰਾ ਬਸੀਲ ਰਾਜਪਕਸ਼ੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹੁਣ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਭਾਰਤ ਦੀ ਭਾਰਤੀ ਜਨਤਾ ਪਾਰਟੀ ਵਾਂਗ ਸ਼੍ਰੀਲੰਕਾ ’ਚ ਇਕਹਿਰਾ ਸ਼ਾਸਨ ਕਰੇਗੀ। ਇਸ ਭਾਰੀ ਬਹੁਮਤ ਦੀ ਵਰਤੋਂ ਸ਼੍ਰੀਲੰਕਾ ਦੇ ਸੰਵਿਧਾਨ ’ਚ ਹੋਈਆਂ ਸੋਧਾਂ ਨੂੰ ਪਲਟਣ ਲਈ ਵੀ ਕੀਤੀ ਜਾਵੇਗੀ। 19ਵੀਂ ਸੋਧ ਰਾਹੀਂ ਰਾਸ਼ਟਰਪਤੀ ਦੀ ਮਿਆਦ ਅਤੇ ਸ਼ਕਤੀਆਂ ’ਚ ਜੋ ਕਟੌਤੀਆਂ ਕੀਤੀਆਂ ਗਈਆਂ ਸਨ, ਉਨ੍ਹਾਂ ਦੀ ਵਾਪਸੀ ਕੀਤੀ ਜਾਵੇਗੀ।

13ਵੀਂ ਸੋਧ ਭਾਰਤ-ਸ਼੍ਰੀਲੰਕਾ ਸਮਝੌਤੇ ਤੋਂ ਬਾਅਦ ਕੀਤੀ ਗਈ ਸੀ। ਉਸ ’ਚ ਸ਼੍ਰੀਲੰਕਾ ਦੇ ਤਮਿਲਾਂ ਨੂੰ ਸੰਘਵਾਦੀ ਛੋਟਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ਨੂੰ ਵੀ ਠੀਕ ਕੀਤਾ ਜਾਵੇਗਾ। ਉਂਝ ਵੀ ਇਸ ਚੋਣ ’ਚ ਤਮਿਲ ਖੁਦਮੁਖਤਿਆਰੀ ਲਈ ਲੜਨ ਵਾਲੇ ‘ਤਮਿਲ ਨੈਸ਼ਨਲ ਅਲਾਇੰਸ’ ਦੀਆਂ ਸੀਟਾਂ 16 ਤੋਂ ਘਟ ਕੇ 10 ਰਹਿ ਗਈਆਂ ਹਨ। ਦੂਸਰੇ ਸ਼ਬਦਾਂ ’ਚ ਸ਼੍ਰੀਲੰਕਾ ਦੇ ਤਮਿਲਾਂ ਦਾ ਜਿਊਣਾ ਹੁਣ ਮੁਹਾਲ ਹੋ ਸਕਦਾ ਹੈ। ਭਾਰਤ ਦੇ ਨਾਲ ਸ਼੍ਰੀਲੰਕਾ ਦੇ ਸੰਬੰਧਾਂ ’ਚ ਹੁਣ ਤਣਾਅ ਵਧਣ ਦਾ ਪੂਰਾ ਖਦਸ਼ਾ ਹੈ। ਰਾਜਪਕਸ਼ੇ ਭਰਾਵਾਂ ਦਾ ਚੀਨ-ਪ੍ਰੇਮ ਪਹਿਲਾਂ ਹੀ ਕਾਫੀ ਉਜਾਗਰ ਹੋ ਚੁੱਕਾ ਹੈ। ਡਰ ਇਹੀ ਹੈ ਕਿ ਸ਼੍ਰੀਲੰਕਾ ਦਾ ਇਹ ਭਾਈ-ਭਾਈ ਰਾਜ ਕਿਤੇ ਉਥੋਂ ਦੇ ਲੋਕਤੰਤਰ ਲਈ ਖਤਰਾ ਨਾ ਬਣ ਜਾਵੇ।

(ਲੇਖਕ ਭਾਰਤੀ ਵਿਦੇਸ਼ ਨੀਤੀ ਪ੍ਰੀਸ਼ਦ ਦੇ ਮੁਖੀ ਹਨ)


Bharat Thapa

Content Editor

Related News